ਪਿਛਲੇ ਸਮਿਆਂ ਵਿੱਚ ਕਿਸੇ ਵੀ ਧੀ-ਭੈਣ ਦੇ ਸੁਚੱਜੀ ਹੋਣ ਦਾ ਅੰਦਾਜ਼ਾ ਉਸਦੇ ਰੀਝਾਂ ਨਾਲ ਹੱਥੀ ਤਿਆਰ ਕੀਤੇ ਦਾਜ ਵਾਲੇ ਸਾਮਾਨ ਤੋਂ ਲਾਇਆ ਜਾਂਦਾ ਸੀ। ਉਦੋਂ ਅੱਜ ਵਾਂਗ ਮਹਿੰਗੇ ਸਾਮਾਨ ਨਹੀਂ ਦਿੱਤੇ ਜਾਂਦੇ ਸਨ। ਇਸ ਵਿੱਚ ਕੁੜੀਆਂ ਦਾ ਮਾਵਾਂ ਭੈਣਾਂ, ਸਖੀਆਂ ਜਾਂ ਭਾਬੀਆਂ ਨਾਲ ਰਲ-ਮਿਲ ਕੇ ਹੱਥੀਂ ਬਣਾਇਆ ਸਾਮਾਨ ਹੀ ਹੁੰਦਾ। ਦਾਜ ਵਿੱਚ ਦਸੂਤੀ ਤੇ ਕੇਸਮਿੰਟ ਦੀਆਂ ਚਾਦਰਾਂ, ਸਿਰਹਾਣੇ, ਮੇਜ਼-ਪੋਸ਼, ਝੋਲੇ, ਦਰੀਆਂ, ਪੱਖੀਆਂ ਤੇ ਨਾਲੇ  ਸ਼ਾਮਲ ਹੁੰਦੇ। ਚਿੱਟੀ ਦਸੂਤੀ ਜਾਂ ਕੇਸਮਿੰਟ ਉੱਤੇ ਦਸੂਤੀ ਟਾਂਕੇ, ਮੱਖੀ ਟਾਂਕੇ ਜਾਂ ਚੋਪ ਦੀ ਕਢਾਈ ਕੀਤੀ ਜਾਂਦੀ। ਧੀ-ਭੈਣ ਨੂੰ ਘਰ ਦੀ ਨਿੰਮ ਦਾ ਬਣਿਆ ਸੰਦੂਕ ਜਾਂ ਪੇਟੀ ਦਿੱਤੀ ਜਾਂਦੀ ਤਾਂ ਹੀ ਕਿਹਾ ਜਾਂਦਾ ਹੈ:

ਨਿੰਮ ਦੇ ਸੰਦੂਕ ਵਾਲੀਏ ਕਿਹੜੇ ਪਿੰਡ ਮੁਕਲਾਵੇ ਜਾਣਾ….।
ਕੋਈ ਲੋਹੇ ਦੀ ਪੇਟੀ ਵੀ ਦੇ ਦਿੰਦਾ ਸੀ। ਇਸ ਦਾਜ ਦੇ ਸਾਮਾਨ ਵਿੱਚ ‘ਨਾਲੇ’ ਬਹੁਤ ਅਹਿਮੀਅਤ ਰੱਖਦੇ ਸਨ। ਵਿਆਹੀ ਆਈ ਕੁੜੀ ਸਹੁਰੇ ਜਾ ਕੇ ਇਹ ਨਾਲੇ-ਪੱਖੀਆਂ  ਆਪਣੀ ਸਹੁਰੇ ਜਾਂਦੀ ਨਣਦ ਨੂੰ ਤੋਹਫ਼ੇ ਵੱਜੋਂ ਵੀ ਦੇ ਦਿੰਦੀ। ਨਾਲੇ ਆਮ ਤੌਰ ’ਤੇ ਸ਼ਹਿਰੋਂ ਮੰਗਵਾਈ ਟਸਰ ਜਾਂ ਸੂਤੀ ਅੱਟੀਆਂ ਦੇ ਬੁਣੇ ਜਾਂਦੇ ਸਨ। ਇਹ ਇੱਕ ਰੰਗ ਦੇ, ਕਾਲੇ-ਲਾਲ ਤੇ ਚਿੱਟੇ-ਕਾਲੇ ਵੀ ਬੁਣੇ ਜਾਂਦੇ ਸਨ। ਇਸ ਨਿੱਕੇ ਮੋਟੇ ਸਾਮਾਨ ਦਾ ਮਾਪਿਆਂ ਉੱਤੇ ਬੋਝ ਵੀ ਨਾ ਪੈਂਦਾ। ਧੀਆਂ-ਭੈਣਾਂ ਘਰ ਦੇ ਕੰਮਾਂ ਤੋਂ ਵਿਹਲੀਆਂ ਹੋ ਕੇ ਇਸ ਆਹਰੇ ਲੱਗ ਜਾਂਦੀਆਂ। ਉਦੋਂ ਪੜ੍ਹਾਈਆਂ ਦਾ ਜ਼ਮਾਨਾ ਨਹੀਂ ਸੀ। ਕੁੜੀਆਂ ਪੰਜ-ਸੱਤ ਜਮਾਤਾਂ ਹੀ ਪੜ੍ਹਦੀਆਂ ਸਨ। ਇਸ ਮਿਹਨਤ ਦਾ ਉਂਜ ਕੋਈ ਮੁੱਲ ਨਾ ਪਾਉਂਦਾ, ਪਰ ਜਦੋਂ ਸਹੁਰੇ ਘਰ ਦਿਖਾਵਾ ਦਿਖਾਇਆ ਜਾਂਦਾ ਤਾਂ ਦੇਖਕੇ ਕੁੜੀਆਂ-ਬੁੜ੍ਹੀਆਂ ਮੂੰਹ ਵਿੱਚ ਉਂਗਲਾਂ ਪਾਉਂਦੀਆਂ ਤੇ ਧੀ-ਭੈਣ ਨੂੰ ਆਪਣੀ ਮਿਹਨਤ ਫਲ਼ ਗਈ ਜਾਪਦੀ। ਜਦੋਂ ਕੋਈ ਵੱਡੀ-ਵਡੇਰੀ ਔਰਤ ਕਹਿੰਦੀ ‘ਕੁੜੇ ਬਾਹਲੀਓ ਸਹੁੰਨਰੀ ਐ ਬਹੂ ਤਾਂ, ਇਹ ਤਾਂ ਭਾਗ ਲਾ ਦਊ ਇਨ੍ਹਾਂ ਦੇ ਘਰ ਨੂੰ’ ਤਾਂ ਨੂੰਹ-ਧੀ ਹੱਥੀਂ ਕੀਤੇ ਕੰਮਾਂ ਨਾਲ ਇੱਕ ਮਾਣ ਜਿਹਾ ਮਹਿਸੂਸ ਕਰਦੀ।
ਇਨ੍ਹਾਂ ਕਸੀਦਾਕਾਰੀਆਂ ਵਿੱਚ ਨਾਲੇ ਅਹਿਮ ਸਥਾਨ ਰੱਖਦੇ ਤੇ ਇਹ ਹੱਥੀਂ ਬੁਣਨੇ ਬਹੁਤੇ ਔਖੇ ਵੀ ਨਹੀਂ ਸਨ ਹੁੰਦੇ। ਬਹੁਤੇ ਸਾਮਾਨ ਦੀ ਲੋੜ ਵੀ ਨਹੀਂ ਸੀ। ਨਾਲੇ ਬੁਣਨ ਵਾਲੇ ਅੱਡੇ ਘਰਾਂ ਵਿੱਚ ਆਮ ਹੀ ਹੁੰਦੇ ਸਨ। ਇਹ ਇੱਕ ਲੰਮੇ ਦਾਅ ਵਾਲਾ ਚੌਖਟਾ ਜਿਹਾ ਹੁੰਦਾ। ਆਲੇ-ਦੁਆਲੇ ਦੀਆਂ ਫੱਟੀਆਂ ਡੇਢ ਕੁ ਮੀਟਰ ਲੰਮੀਆਂ ਹੁੰਦੀਆਂ ਤੇ ਇਸ ਦੀ ਚੌੜਾਈ ਤਿੰਨ-ਚਾਰ ਗਿੱਠ ਦੇ ਕਰੀਬ ਹੁੰਦੀ। ਚਾਰ ਕੁ ਉਂਗਲਾਂ ਥੱਲਿਓਂ ਛੱਡ ਕੇ ਇਨ੍ਹਾਂ ਲੰਮੇ ਦਾਅ ਵਾਲੀਆਂ ਫੱਟੀਆਂ ਨੂੰ ਇੱਕ ਫੱਟੀ ਨਾਲ ਜੋੜਿਆ ਜਾਂਦਾ ਹੈ ਜੋ ਢਾਈ ਕੁ ਇੰਚ ਚੌੜੀ ਹੁੰਦੀ। ਉਹ ਖੜ੍ਹਵੀਆਂ ਫੱਟੀਆਂ ਨੂੰ ਢਾਈ ਕੁ ਇੰਚ ਛੱਡ ਕੇ ਜੋੜੀ ਜਾਂਦੀ। ਛੱਡੀ ਹੋਈ ਵਾਧੂ ਫੱਟੀ ਨੂੰ ਅੱਡੇ ਦੇ ਪੈਰ ਕਿਹਾ ਜਾਂਦਾ। ਇੱਕ ਫੱਟੀ ਕੁਝ ਉੱਪਰ ਜਾ ਕੇ ਲੰਮੀਆਂ ਫੱਟੀਆਂ ਉੱਪਰਲਾ ਤੀਜਾ ਕੁ ਹਿੱਸਾ ਛੱਡ ਕੇ ਜੋੜੀ ਹੁੰਦੀ। ਉਸ ਤੋਂ ਉੱਪਰ ਖੜਵੀਂ ਫੱਟੀ ਵਿੱਚ ਦੋਂਵੇ ਪਾਸੇ ਸਾਰ-ਪਾਰ ਥੋੜ੍ਹੀ ਜਿਹੀ ਦੂਰੀ ਉੱਤੇ ਦੋ ਜਾਂ ਤਿੰਨ ਮੋਰੀਆਂ ਹੁੰਦੀਆਂ ਜਿਨ੍ਹਾਂ ਵਿੱਚ ਮੇਖਾਂ ਜਾਂ ਵੱਡੇ ਕਿੱਲ ਪਾਏ ਹੁੰਦੇ। ਇੱਕ ਤੀਜੀ ਫੱਟੀ ਅਲੱਗ ਹੁੰਦੀ ਉਸ ਦੇ ਦੋਵੇਂ ਪਾਸੇ ਮੋਰੀਆਂ ਹੁੰਦੀਆਂ, ਉਸਨੂੰ ਖੜ੍ਹਵੀਆਂ ਫੱਟੀਆਂ ਵਿੱਚ ਪਾ ਦਿੱਤਾ ਜਾਂਦਾ। ਉਹ ਫੱਟੀ ਕਿੱਲਾਂ ਦੇ ਸਹਾਰੇ ਖੜ੍ਹਦੀ ਜੋ ਦੋਵੇਂ ਪਾਸੇ ਵਧਵੀਂ ਹੁੰਦੀ।
12906cd _paramjeet kaur sirhindਅੱਡੇ ਦੇ ਪੈਰਾਂ ਵਾਲੇ ਪਾਸਿਓਂ ਨਾਲਾ ਤਣਨਾ ਸ਼ੁਰੂ ਕੀਤਾ ਜਾਂਦਾ ਜਿਸ ਲਈ ਖੜ੍ਹਵੀਂ ਫੱਟੀ ਵਿੱਚ ਇੱਕ ਪਾਸੇ ਤਿੰਨ ਮੋਰੀਆਂ ਹੁੰਦੀਆਂ। ਸਰਕੜੇ ਦੇ ਡੇਢ ਕੁ ਗਿੱਠ ਲੰਮੇ ਕਾਨੇ ਛਿੱਲ-ਸੁਆਰ ਕੇ ਉਨ੍ਹਾਂ ਵਿੱਚ ਪਾਏ ਜਾਂਦੇ। ਜੇ ਨਾਲਾ ਇੱਕ ਰੰਗ ਦਾ ਬੁਣਨਾ ਹੁੰਦਾ ਤਾਂ ਇੱਕ ਰੰਗ ਦੀ ਅੱਟੀ ਜਾਂ ਟਸਰ ਦਾ ਧਾਗਾ ਵਰਤਿਆ ਜਾਂਦਾ। ਜੇ ਦੋ ਰੰਗਾਂ ਦਾ ਬੁਣਨਾ ਹੁੰਦਾ ਤਾਂ ਦੋ ਰੰਗ ਪਾਏ ਜਾਂਦੇ। ਚਾਰ ਰੰਗਾਂ ਦਾ ਨਾਲਾ ਵੀ ਬੁਣਿਆ ਜਾਂਦਾ। ਧਾਗੇ ਨੂੰ ਥੱਲੇ ਵਾਲੀ ਫੱਟੀ ਨਾਅ ਬੰਨ੍ਹ ਲਿਆ ਜਾਂਦਾ। ਉਹ ਧਾਗਾ ਇੱਕ ਕਾਨੇ ਦੇ ਉੱਪਰੋਂ ਦੂਜੇ ਦੇ ਥੱਲਿਓਂ ਤੇ ਤੀਜੇ ਦੇ ਫਿਰ ਉੱਪਰੋਂ ਲੰਘਾਇਆ ਜਾਂਦਾ, ਉਸ ਨੂੰ ਕਿੱਲਾਂ ਸਹਾਰੇ ਟੰਗੀ ਫੱਟੀ ਤੋਂ ਪਿੱਛੋਂ ਸਿੱਧਾ ਹੀ ਘੁੰਮਾ ਕੇ ਲਿਆਂਦਾ ਜਾਂਦਾ। ਨਮੂਨੇ ਮੁਤਾਬਿਕ ਤਾਣਾ ਤਣ ਲਿਆ ਜਾਂਦਾ ਤੇ ਉਨ੍ਹਾਂ ਧਾਗਿਆਂ ਵਿੱਚ ਇੱਕ ਵਲੇਵੀਂ ਪੈ ਜਾਂਦੀ। ਧਾਗੇ ਉੱਪਰ-ਥੱਲੇ ਪਲਟਾ ਖਾ ਜਾਂਦੇ ਫਿਰ ਸੱਜੇ ਹੱਥ ਨਾਲ ਉੱਪਰਲਾ ਧਾਗਾ ਥੱਲੇ ਤੇ ਥੱਲੇ ਵਾਲਾ ਉੱਪਰ ਚੁੱਕਿਆ ਜਾਂਦਾ। ਇਸ ਤਰ੍ਹਾਂ ਧਾਗੇ ਫਿਰ ਵਲ਼ ਖਾ ਜਾਂਦੇ। ਉਪਰਲੇ ਕਾਨੇ ਨਾਲ ਉਹ ਵਲ਼ ਥੱਲੇ ਕਰਕੇ ਠੋਕ ਦਿੱਤੇ ਜਾਂਦੇ ਤੇ ਨਾਲਾ ਬਣਨਾ ਸ਼ੁਰੂ ਹੋ ਜਾਂਦਾ। ਵਲ਼ ਠੋਕ ਕੇ ਵਲ਼ਾਂ ਵਿੱਚੋਂ ਕਾਨਾ ਕੱਢ ਲਿਆ ਜਾਂਦਾ ਤੇ ਫਿਰ ਉੱਪਰ ਪਾ ਲਿਆ ਜਾਂਦਾ ਤੇ ਵਾਰ-ਵਾਰ ਇਹੋ ਕਰਮ ਦੁਹਰਾਇਆ ਜਾਂਦਾ। ਅਖੀਰ ਜਿਹੇ ਆ ਕੇ ਤਾਣੇ ਵਾਲੇ ਧਾਗੇ ਬਹੁਤ ਕਸੇ ਜਾਂਦੇ ਤੇ ਉਂਗਲਾਂ ਨਾਲ ਧਾਗਾ ਚੁੱਕਣਾ-ਦੱਬਣਾ ਔਖਾ ਹੋ ਜਾਂਦਾ। ਇਸ ਲਈ ਉੱਪਰ ਵਾਲੀਆਂ ਕਿੱਲਾਂ ਉੱਤੇ ਟਿਕਾਈ ਫੱਟੀ ਨੂੰ ਨੀਵੀਂ ਕੀਤਾ ਜਾਂਦਾ ਤੇ ਕਿੱਲ ਥੱਲੇ ਵਾਲੀਆਂ ਮੋਰੀਆਂ ਵਿੱਚ ਪਾ ਲਏ ਜਾਂਦੇ। ਇਸ ਤਰ੍ਹਾਂ ਤਾਣਾ ਢਿੱਲਾ ਹੋ ਜਾਂਦਾ। ਪਿਛਲੇ ਪਾਸੇ ਵਾਲਾ ਤਾਣਾ ਸਰਕਾ ਕੇ ਅੱਗੇ ਕਰ ਲਿਆ ਜਾਂਦਾ ਤੇ ਨਾਲਾ ਬੁਣ ਹੋਈ ਜਾਂਦਾ।
ਨਮੂਨੇ ਵਾਲੇ ਨਾਲੇ ਵੀ ਬੁਣੇ ਜਾਂਦੇ ਸਨ। ਉਨ੍ਹਾਂ ਲਈ ਤਾਣੇ ਵਿੱਚ ਪਹਿਲਾਂ ਕੁਝ ਧਾਗੇ ਕਾਲੇ, ਲਾਲ ਤੇ ਚਿੱਟੇ ਫਿਰ ਲਾਲ, ਚਿੱਟੇ, ਲਾਲ ਤੇ ਕਾਲੇ ਧਾਗੇ ਪਾਏ ਜਾਂਦੇ। ਚਿੱਟੇ ਧਾਗੇ ਘੱਟ ਪਾਏ ਜਾਂਦੇ। ਇਹ ਨਾਲਾ ਸਾਦੇ ਨਾਲੇ ਵਾਂਗ ਇਕੱਲੇ ਸੱਜੇ ਹੱਥ ਨਾਲ ਨਹੀਂ ਬਲਕਿ ਸੱਜੇ ਤੇ ਖੱਬੇ ਦੋਵੇਂ ਹੱਥਾਂ ਨਾਲ ਬੁਣਿਆ ਜਾਂਦਾ। ਇੱਕ ਵਾਰ ਸੱਜਿਓਂ ਖੱਬੇ ਤੇ ਦੂਜੀ ਵਾਰ ਖੱਬਿਓਂ ਸੱਜੇ ਵੱਲ ਬੁਣਿਆ ਜਾਂਦਾ। ਇਸ ਨੂੰ ‘ਕਿਲੇਬੰਦੀ’ ਦਾ ਨਮੂਨਾ ਕਿਹਾ ਜਾਂਦਾ। ਇਸੇ ਤਰ੍ਹਾਂ ‘ਮੁਰੱਬੇਬੰਦੀ’  ਦੇ ਨਮੂਨੇ ਵਾਲਾ ਨਾਲਾ ਵੀ ਬੁਣਿਆ ਜਾਂਦਾ। ਇਸ ਵਿੱਚ ਤਾਣਾ ਲਾਲ, ਕਾਲਾ, ਲਾਲ, ਚਿੱਟਾ ਤੇ ਲਾਲ, ਕਾਲਾ ਤੇ ਲਾਲ ਤਾਣਾ ਹੁੰਦਾ। ਇਹ ਵੀ ਦੋਵੇਂ ਹੱਥਾਂ ਨਾਲ ਉਸੇ ਤਰ੍ਹਾਂ ਬੁਣਿਆ ਜਾਂਦਾ। ਇਸ ਵਿੱਚ ਵੀ ਡੱਬੇ ਜਿਹੇ ਬਣ ਜਾਂਦੇ ਜਿਸ ਕਾਰਨ ਇਸਨੂੰ ਮੁਰੱਬੇਬੰਦੀ ਦਾ ਨਾਂ ਦਿੱਤਾ ਜਾਂਦਾ। ਲਹਿਰੀਏ ਵਾਲਾ ਦੋ ਰੰਗਾਂ ਦਾ ਨਾਲਾ ਵੀ ਬੁਣਿਆ ਜਾਂਦਾ, ਇਹ ਵੀ ਦੋਵੇਂ ਹੱਥਾਂ ਨਾਲ ਬੁਣਿਆ ਜਾਂਦਾ। ਹੋਰ ਨਮੂਨਿਆਂ ਦੇ ਨਾਲੇ ਵੀ ਬੁਣੇ ਜਾਂਦੇ। ਨਾਲਾ ਬੁਣਨ ਸਮੇਂ ਜਦੋਂ ਦੋ ਕੁ ਗਿੱਠ ਤਾਣਾ ਰਹਿ ਜਾਂਦਾ ਤਾਂ ਬਚੇ ਹੋਏ ਸਾਦੇ ਧਾਗੇ ਨੂੰ ਅੱਧ ਵਿੱਚੋਂ ਕੱਟ ਦਿੱਤਾ ਜਾਂਦਾ। ਦੋਵੇਂ ਪਾਸੇ ਬਚੇ ਇਨ੍ਹਾਂ ਧਾਗਿਆਂ ਨੂੰ ਵਲਦਾਰ ਗੰਢਾਂ ਦੇ ਕੇ ‘ਹਰੜਾਂ’ ਬਣਾਈਆਂ ਜਾਂਦੀਆਂ ਜਿਸ ਨੂੰ ‘ਹਰੜਾਂ ਬੰਨ੍ਹਣਾ’ ਕਿਹਾ ਜਾਂਦਾ। ਇਹ ਸੋਹਣੇ ਮਜ਼ਬੂਤ ਨਾਲੇ ਕੁੜੀਆਂ ਘਰੇ ਬਣਾ ਲੈਂਦੀਆਂ। ਕੋਈ ਮਜਾਜਾਂ ਪੱਟੀ ਨਾਰ ਹੀ ਆਪਣੇ ਸ਼ਹਿਰ ਜਾਂਦੇ ਗੱਭਰੂ ਨੂੰ ਕਹਿੰਦੀ:
ਜਿੰਦ ਮਾਹੀ ਜੇ ਚੱਲਿਓਂ ਪਟਿਆਲੇ,
ਉੱਥੋਂ ਲਿਆਵੀ ਰੇਸ਼ਮੀ ਨਾਲੇ,
ਅੱਧੇ ਚਿੱਟੇ ਅੱਧੇ ਕਾਲੇ।
ਸੰਪਰਕ: 98728-98599 

LEAVE A REPLY

Please enter your comment!
Please enter your name here