ਨਿਊਯਾਰਕ (ਰਾਜ ਗੋਗਨਾ) – ਬੀਤੇ ਦਿਨੀਂ ਪਾਕਿਸਤਾਨ ਸਿੱਖ ਕੌਂਸਲ ਦੇ ਚੀਫ ਪੈਟਰਨ ਰਮੇਸ਼ ਸਿੰਘ ਖਾਲਸਾ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਨਤਮਸਤਕ ਹੋਏ। ਹੈੱਡ ਗ੍ਰੰਥੀ ਵਲੋਂ ਰਮੇਸ਼ ਸਿੰਘ ਖਾਲਸਾ ਦੀਆਂ ਸੇਵਾਵਾਂ ਅਤੇ ਪਾਕਿਸਤਾਨ ਵਿੱਚ ਕੀਤੀਆਂ ਕਾਰਗੁਜ਼ਾਰੀਆਂ ਸਦਕਾ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਸੱਜਣ ਸਿੰਘ ਮੁੱਖ ਸੇਵਾਦਾਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਜਾਵਾਂਗੇ। ਉੱਥੋਂ ਦੇ ਜਥਿਆਂ ਨੂੰ ਸੰਤ ਸਾਗਤ ਗੁਰੂਘਰ ਵਲੋਂ ਨਿਮੰਤ੍ਰਤ ਵੀ ਕੀਤਾ ਜਾਵੇਗਾ। ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਪਾਕਿਸਤਾਨ ਦੀ ਧਰਤੀ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਹੈ, ਜਿੱਥੇ ਸਿੱਖ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਤੋਂ ਵਿਸ਼ੇਸ਼ ਸੁਨੇਹਾ ਲੈ ਕੇ ਆਉਂਦੇ ਹਨ ਤਾਂ ਜੋ ਵਿਦੇਸ਼ਾਂ ਦੀਆਂ ਸੰਗਤਾਂ ਉੱਥੋਂ ਦੇ ਗੁਰੂਘਰਾਂ ਦੇ ਦਰਸ਼ਨ ਕਰਨ ਵਾਸਤੇ ਆਉਣ ਅਤੇ ਜੀਵਨ ਸਫਲਾ ਕਰਨ। ਉਨ੍ਹਾਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਕੀਰਤਨੀਆਂ ਅਤੇ ਪ੍ਰਚਾਰਕਾਂ ਨੂੰ ਵੀ ਪਾਕਿਸਤਾਨ ਤੋਂ ਬੁਲਾਉਣ ਲਈ ਬੇਨਤੀ ਕੀਤੀ ਜੋ ਕਿ ਪ੍ਰਵਾਨ ਕਰ ਲਈ ਗਈ ਹੈ। ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਸਾਡਾ ਇੱਕੋ ਮਿਸ਼ਨ ਹੈ ਕਿ ਸੰਗਤਾਂ ਵੱਧ ਤੋਂ ਵੱਧ ਆਪਣੇ ਵਿਛੜੇ ਗੁਰੂਘਰਾਂ ਦੇ ਦਰਸ਼ਨ ਲਈ ਆਉਣ ਅਸੀਂ ਉਨ੍ਹਾਂ ਲਈ ਹਰ ਪ੍ਰਬੰਧ ਕਰਾਂਗੇ।

NO COMMENTS

LEAVE A REPLY