ਚੰਡੀਗੜ੍ਹ! ਤੂੰ ਮਹਿਕਾਂ ਭਰਿਆ

ਚੰਡੀਗੜ੍ਹ!! ਤੂੰ ਕਿਤਨਾ ਸੁੰਦਰ

ਤੇਰੀ ਭਵਨ-ਕਲਾ ਦਿਲ ਅੰਦਰ ਧੂਹ ਪਾਉਂਦੀ ਹੈ

ਤੇਰੇ ਦਿਲਕਸ਼ ਬਾਗਾਂ ਦੇ ਵਿਚ

ਭਾਂਤ ਭਾਂਤ ਦੇ ਫੁੱਲ ਖਿੜਦੇ ਹਨ

ਤੇਰੀਆਂ ਸਾਫ਼ ਤੇ ਖੁੱਲ੍ਹੀਆਂ ਸੜਕਾਂ

ਪਛਮੀ ਦੇਸਾਂ ਵਰਗਾ ਨਕਸ਼ਾ ਸਿਰਜਦੀਆਂ ਹਨ

 

ਗਾਜਰ ਵਰਗੀਆਂ,

ਤੇਰੀਆਂ ਲੁਛ ਲੁਛ ਕਰਦੀਆਂ ਕੁੜੀਆਂ

ਪਛਮੀ ਦੁਨੀਆਂ ਦੀ ਸੱਭਿਯਤਾ ਤੋਂ

ਪੂਜਾ ਦੀ ਹੱਦ ਤਕ ਜਾਪਣ ਪ੍ਰਭਾਵਤ ਹੋਈਆਂ

 

ਗੰਨਿਆਂ ਵਰਗੇ ਤੇਰੇ ਮੁੰਡੇ

ਕਦਰਾਂ ਦੀ ਟੁੱਟ-ਭੱਜ ਦੇ ਕਾਰਨ

ਨਾ ਪਛਮ ਦੇ, ਨਾ ਉਹ ਭਾਰਤ ਦੇ ਲਗਦੇ ਹਨ

 

ਚੰਡੀਗੜ੍ਹ! ਤੂੰ ਜਿਸ ਦਿਨ ਵਸਿਆ

ਮੇਰੇ ਦੇਸ ਪੰਜਾਬ ਦੇ ਸੋਹਣੇ,

ਘੁੱਗ ਵਸਦੇ ਕਈ ਪਿੰਡ ਉਜੜੇ ਸਨ

ਝੀਲ ਜਿਹੀਆਂ ਅੱਖਾਂ ਵਿਚ

ਤਾਰੇ ਡੁੱਬ ਮੋਏ ਸਨ

 

ਤੇਰੀ ਸੁਖਨਾ ਝੀਲ ਤਾਂ ਕਿਤਨੀ ਕੋਮਲ ਹੈ!

ਦੁਨੀਆਂ ਉੱਤੇ ਸੁਹਜ-ਕਲਾ ਦਾ ਇਕ ਨਮੂਨਾ

ਐਪਰ ਔਹ! ਜੋ ਦਿਸਦੈ ਸਾਹਵੇਂ

ਇਸ ਵਿਚ ਭਰਿਆ ਨੀਰ ਨਹੀਂ ਹੈ

ਇਹ ਤਾਂ ਰੱਤ ਦੇ ਨਾਲ ਭਰੀ ਹੈ

ਮੇਰੇ ਦੇਸ ਪੰਜਾਬ ਦੇ ਗੋਰੇ, ਜ਼ਖਮੀ ਤਨ ਚੋਂ

ਨੁੱਚੜ ਕੇ ਸੱਭ ਲਹੂ ਦੇ ਕਤਰੇ

ਰਹਿਣ ਸਦਾ ਇਸ ਝੀਲ ‘ਚ ਰਲਦੇ

 

ਤੇਰੇ ਰੰਗ-ਬਰੰਗੇ ਰਹਿਬਰ

ਬਿਨਾਂ ਝਿਜਕ ਦੇ ਇਸ ਝੀਲ ‘ਚੋਂ

ਲਹੂ ‘ਚ ਡੁੱਬੀਆਂ ਮੱਛੀਆਂ ਪਕੜਨ,

ਤੜਪਦੀਆਂ ਮੱਛੀਆਂ ਜਦ ਕੰਢੇ ਉੱਤੇ ਆਵਣ

ਤਿੜਕੇ, ਟੁੱਟੇ, ਚਾਤਰ ਹੱਥ ਵੀ ਉਨ੍ਹਾਂ ਵਿਚੋਂ

ਆਪਣਾ ਬਣਦਾ ਹਿੱਸਾ ਮੰਗਣ

ਰਤਾ ਨਾ ਸੰਗਣ ।

ਚੰਡੀਗੜ੍ਹ ਤੂੰ ਕਿਤਨਾ ਸੁੰਦਰ !

ਚੰਡੀਗੜ੍ਹ ਤੂੰ ਕਿਤਨਾ ਸੁੰਦਰ !!

…………………………………………………………………

LEAVE A REPLY

Please enter your comment!
Please enter your name here