ਹਰ ਤਰਫ਼ ਹੀ ਮੱਚ ਰਹੀ ਜ਼ੁਲਮਾਂ ਦੀ ਹਾਹਾਕਾਰ ਸੀ ।
ਫੇਰ ਇੱਕ ਦਰਵੇਸ਼ ਨੇ ਹੀ ਚੁੱਕ ਲਈ ਤਲਵਾਰ ਸੀ ।

ਧਰਤ ਉੱਤੋਂ ਲਾਹੁਣ ਆਇਆ ਪਾਪੀਆਂ ਦਾ ਭਾਰ ਸੀ ।
ਸੂਰਿਆਂ ਚੋਂ ਸੂਰਮਾ ਉਹ ਮੁਫ਼ਲਿਸਾਂ ਦਾ ਯਾਰ ਸੀ ।

ਵਾਰੋ ਵਾਰੀ ਜਿਸਮ ਨਾਲੋਂ ਅੰਗ ਸਾਰੇ ਲਹਿ ਗਏ,
ਖੇਰੂੰ ਖੇਰੂੰ ਹੋ ਗਿਆ ਦਸਮੇਸ਼ ਦਾ ਪਰਿਵਾਰ ਸੀ ।

ਓਧਰੋਂ ਹਉਮੈ ਲੜੀ ਤੇ ਏਧਰੋਂ ਜਜ਼ਬੇ ਲੜੇ,
ਕੀੜੀਆਂ ਨੇ ਹਾਥੀਆਂ ਦਾ ਤੋੜਿਆ ਹੰਕਾਰ ਸੀ ।

ਕੰਧ ਸਾਰੀ ਚਿਣ ਕੇ ਜਿਹੜੇ ਖ਼ੁਸ਼ ਹੋਏ ਸਰਹੰਦੀਏ,
ਬੇਖ਼ਬਰ ਨਾ ਜਾਣਦੇ ਕਿ ਜਿੱਤ ਦੇ ਵਿੱਚ ਹਾਰ ਸੀ ।

ਦੂਜਿਆਂ ਲਈ ਜੀ ਲਿਆ ਤੇ ਦੂਜਿਆਂ ਲਈ ਮਰ ਗਏ,
ਖ਼ਾਲਸੇ ਲਈ ਜ਼ਿੰਦਗੀ ਬੱਸ ਮੌਤ ਦਾ ਵਿਸਥਾਰ ਸੀ ।

ਉਸ ਕਿਹਾ ਕਿ ਜਗ ਪਵੋ, ਤਾਂ ਸ਼ਬਦ ਸਾਰੇ ਜਗ ਪਏ,
ਫਿਰ ਉਨ੍ਹਾਂ ਨੇ ਨ੍ਹੇਰਿਆਂ ਦੇ ਲਾਹ ਧਰੇ ਲੰਗਾਰ ਸੀ ।

LEAVE A REPLY

Please enter your comment!
Please enter your name here