ਬ੍ਰਹਮ-ਕਰਤਾਰ, ਜਗਤ ਸੁਆਮੀ, ਪ੍ਰਭੂ (ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ) ਸਰਬਵਿਆਪਕ, ਠਾਕੁਰ (ਪੂਜਨ ਚਾਲੀ ਬ੍ਰਹਮ ਠਾਇ) ਗਿਆਨੀ-ਜਾਨਣ ਵਾਲਾ, ਗਿਆਤਾ (ਆਪੁ ਬੀਚਾਰੇ ਸੁ ਗਿਆਨੀ ਹੋਇ) ਨਿਰਭਉ ਤੇ ਨਿਰਵੈਰ (ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ॥) ਉੱਚੀ ਸਮਝ ਵਾਲਾ, ਗਿਆਨਵਾਨ, ਵਿਦਵਾਨ ਅਤੇ ਚੇਤਨ ਪੁਰਸ਼ ਆਦਿਕ। ਬ੍ਰਹਮਗਿਆਨੀ-ਬ੍ਰਹਮ ਗਿਆਤਾ (ਬ੍ਰਹਮਗਿਆਨੀ ਬ੍ਰਹਮ ਕਾ ਬੇਤਾ-੨੭) ਬ੍ਰਹਮ ਤੇ ਗਿਆਨੀ ਦੋ ਸ਼ਬਦਾਂ ਦਾ ਸੁਮੇਲ ਹੈ ਬ੍ਰਹਮਗਿਆਨੀ। ਪ੍ਰਕਰਣ ਅਨੁਸਾਰ ਬ੍ਰਹਮ ਭਾਵ ਕਰਤਾਰ ਅਤੇ ਗਿਆਨੀ ਬ੍ਰਹਮ ਨੂੰ ਜਾਨਣ ਵਾਲਾ। ਯਾਦ ਰਹੇ ਕਿ ਮੋਟੇ ਢਿੱਡ, ਲੰਬੇ ਚੋਲੇ, ਗਲ ਮਾਲਾ, ਤੇੜ ਲੰਗੋਟੀ, ਕੱਛਾ ਜਾਂ ਕਛਹਿਰਾ ਅਤੇ ਅੱਖਾਂ ਮੀਟ ਸਮਾਧੀਆਂ ਲਾਉਣ ਵਾਲੇ ਬ੍ਰਹਮਗਿਆਨੀ ਨਹੀਂ ਹਨ। ਸੁਖਮਨੀ ਦੀ ਇੱਕ ਅਸਟਪਦੀ ਵਿੱਚ ਬ੍ਰਹਮ ਗਿਆਨੀ ਬਾਰੇ ਵਿਸਥਾਰ ਹੈ-
ਸਲੋਕੁ॥ ਮਨਿ ਸਾਚਾ ਮੁਖਿ ਸਾਚਾ ਸੋਇ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ॥ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥੧॥(੨੭੨) ਹੇ ਨਾਨਕ! ਜਿਸ ਮਨੁੱਖ ਦੇ ਮਨ ਵਿੱਚ ਸਦਾ-ਥਿਰ ਰਹਿਣ ਵਾਲਾ ਪ੍ਰਭੂ ਵੱਸਦਾ, ਜੋ ਮੂੰਹੋਂ ਭੀ ਉਸੇ ਪ੍ਰਭੂ ਨੂੰ ਜਪਦਾ ਅਤੇ ਇਕ ਅਕਾਲ ਪੁਰਖ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਵੇਖਦਾ, ਉਹ ਇਨ੍ਹਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ।
ਅਸਟਪਦੀ॥ ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥ ਬ੍ਰਹਮ ਗਿਆਨੀ ਸਦਾ ਨਿਰਦੋਖ॥ ਜੈਸੇ ਸੂਰੁ ਸਰਬ ਕਉ ਸੋਖ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥ ਜੈਸੇ ਰਾਜ ਰੰਕ ਕਉ ਲਾਗੈ ਤਿਲ ਪਵਾਨ॥ ਬ੍ਰਹਮ ਗਿਆਨੀ ਕੈ ਧੀਰਜੁ ਏਕ॥ ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ॥ ਬ੍ਰਹਮ ਗਿਆਨੀ ਕਾ ਇਹੈ ਗੁਨਾਉ॥ ਨਾਨਕ ਜਿਉ ਪਾਵਕ ਕਾ ਸਹਜ ਸੁਭਾਉ॥੧॥
ਬ੍ਰਹਮਗਿਆਨੀ ਮਨੁੱਖ ਵਿਕਾਰਾਂ ਵਲੋਂ ਸਦਾ-ਬੇਦਾਗ਼ ਰਹਿੰਦਾ ਜਿਵੇਂ ਪਾਣੀ ਵਿੱਚ ਉੱਗੇ ਹੋਏ ਕਉਲ ਫੁੱਲ ਚਿੱਕੜ ਤੋਂ ਨਿਰਲੇਪ ਹੁੰਦੇ ਹਨ। ਜਿਵੇਂ ਸੂਰਜ ਸਾਰੇ ਰਸਾਂ ਨੂੰ ਸੁਕਾ ਦੇਂਦਾ ਤਿਵੇਂ ਬ੍ਰਹਮਗਿਆਨੀ ਮਨੁੱਖ ਸਾਰੇ ਪਾਪਾਂ ਨੂੰ ਸਾੜ ਦੇਂਦਾ ਤੇ ਪਾਪਾਂ ਤੋਂ ਬਚਿਆ ਰਹਿੰਦਾ ਹੈ। ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ, ਤਿਵੇਂ ਬ੍ਰਹਮਗਿਆਨੀ ਦੇ ਅੰਦਰ ਸਭ ਵਲ ਇਕੋ ਜਿਹਾ ਤੱਕਣ ਦਾ ਸੁਭਾਉ ਹੁੰਦਾ ਹੈ। ਕੋਈ ਭਲਾ ਕਹੇ ਜਾਂ ਬੁਰਾ ਪਰ ਬ੍ਰਹਮਗਿਆਨੀ ਦੇ ਅੰਦਰ ਇਕ-ਤਾਰ ਹੌਸਲਾ ਕਾਇਮ ਰਹਿੰਦੈ ਜਿਵੇਂ ਧਰਤੀ ਨੂੰ ਕੋਈ ਖੋਤੇ, ਕੋਈ ਚੰਦਨ ਲੇਪ ਕਰੇ, ਉਸ ਨੂੰ ਪ੍ਰਵਾਹ ਨਹੀਂ। ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹਰੇਕ ਚੀਜ਼ ਦੀ ਮੈਲ ਸਾੜ ਦੇਣੀ ਤਿਵੇਂ ਬ੍ਰਹਮਗਿਆਨੀ ਦਾ ਭੀ ਇਹੀ ਗੁਣ ਹੈ।
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ॥ ਜੈਸੇ ਮੈਲੁ ਨ ਲਾਗੈ ਜਲਾ॥ ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ॥ ਜੈਸੇ ਧਰ ਊਪਰਿ ਆਕਾਸੁ॥ ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ॥ ਬ੍ਰਹਮ ਗਿਆਨੀ ਊਚ ਤੇ ਊਚਾ॥ ਮਨਿ ਅਪਨੈ ਹੈ ਸਭ ਤੇ ਨੀਚਾ॥ ਬ੍ਰਹਮ ਗਿਆਨੀ ਸੇ ਜਨ ਭਏ॥ ਨਾਨਕ ਜਿਨ ਪ੍ਰਭੁ ਆਪਿ ਕਰੇਇ॥੨॥
ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼, ਤਿਵੇਂ ਹੀ ਬ੍ਰਹਮਗਿਆਨੀ ਮਨੁੱਖ ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਮਹਾਂ ਨਿਰਮਲ ਹੁੰਦਾ ਹੈ। ਜਿਵੇਂ ਧਰਤੀ ਉੱਤੇ ਆਕਾਸ਼ ਸਭ ਥਾਂ ਵਿਆਪਕ ਹੈ, ਤਿਵੇਂ ਬ੍ਰਹਮਗਿਆਨੀ ਦੇ ਮਨ ਵਿੱਚ ਇਹ ਚਾਨਣ ਹੋ ਜਾਂਦੈ ਕਿ ਪ੍ਰਭੂ ਹਰ ਥਾਂ ਮੌਜੂਦ ਹੈ। ਬ੍ਰਹਮਗਿਆਨੀ ਸੱਜਣ ਤੇ ਵੈਰੀ ਨੂੰ ਇੱਕ ਸਮਾਨ ਸਮਝਦਾ ਅਤੇ ਉਸ ਦੇ ਅੰਦਰ ਹੰਕਾਰ ਨਹੀਂ ਹੁੰਦਾ। ਬ੍ਰਹਮਗਿਆਨੀ ਆਤਮਕ ਅਵਸਥਾ ਵਿੱਚ ਸਭ ਤੋਂ ਉੱਚਾ ਪਰ ਮਨ ਵਿੱਚ ਆਪਣੇ ਆਪ ਨੂੰ ਸਭ ਤੋਂ ਨੀਵਾਂ ਜਾਣਦਾ ਹੈ। ਹੇ ਨਾਨਕ! ਉਹੀ ਮਨੁੱਖ ਬ੍ਰਹਮਗਿਆਨੀ ਨੇ ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ।
ਬ੍ਰਹਮ ਗਿਆਨੀ ਸਗਲ ਕੀ ਰੀਨਾ॥ ਆਤਮ ਰਸੁ ਬ੍ਰਹਮ ਗਿਆਨੀ ਚੀਨਾ॥ ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ॥ ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ॥ ਬ੍ਰਹਮ ਗਿਆਨੀ ਸਦਾ ਸਮਦਰਸੀ॥ ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ॥ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ॥ ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥੩॥
ਬ੍ਰਹਮਗਿਆਨੀ ਸਭ ਦੀ ਚਰਨ ਧੂੜ ਹੁੰਦਾ ਤੇ ਉਹ ਆਤਮਕ ਆਨੰਦ ਨੂੰ ਪਛਾਣਦਾ ਹੈ। ਉਹ ਸਭ ਨਾਲ ਖਿੜੇ-ਮੱਥੇ ਰਹਿੰਦਾ ਅਤੇ ਕੋਈ ਮੰਦਾ ਕੰਮ ਨਹੀਂ ਕਰਦਾ।ਉਹ ਸਮਦਰਸ਼ੀ ਹੁੰਦਾ ਅਤੇ ਉਸ ਦੀ ਅੰਮ੍ਰਿਤਮਈ ਨਜ਼ਰ ਸਭ ਤੇ ਸਮਾਨ ਵਰਖਦੀ ਹੈ। ਬ੍ਰਹਮਗਿਆਨੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੁੰਦੀ ਹੈ। ਹੇ ਨਾਨਕ! ਰੱਬੀ ਗਿਆਨ ਉਸ ਦੀ ਆਤਮ ਖ਼ੁਰਾਕ ਤੇ ਉਸ ਦੀ ਸੁਰਤਿ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ।
ਬ੍ਰਹਮ ਗਿਆਨੀ ਏਕ ਊਪਰਿ ਆਸ॥ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥ ਬ੍ਰਹਮ ਗਿਆਨੀ ਕੈ ਨਾਹੀ ਧੰਧਾ॥ ਬ੍ਰਹਮ ਗਿਆਨੀ ਲੇ ਧਾਵਤੁ ਬੰਧਾ॥ ਬ੍ਰਹਮ ਗਿਆਨੀ ਕੈ ਹੋਇ ਸੁ ਭਲਾ॥ ਬ੍ਰਹਮ ਗਿਆਨੀ ਸੁਫਲ ਫਲਾ॥ ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ॥੪॥(੨੭੩)
ਬ੍ਰਹਮਗਿਆਨੀ ਇੱਕ ਅਕਾਲ ਪੁਰਖ ਉੱਤੇ ਆਸ ਰੱਖਦਾ ਅਤੇ ਉਸ ਦੀ ਉੱਚੀ ਆਤਮ-ਅਵਸਥਾ ਨਾਸ ਨਹੀਂ ਹੁੰਦੀ। ਉਸ ਦੇ ਹਿਰਦੇ ਵਿੱਚ ਗਰੀਬੀ ਟਿਕਦੀ ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਚਾਉ ਚੜ੍ਹਿਆ ਰਹਿੰਦਾ ਹੈ। ਉਸ ਦੇ ਮਨ ਵਿੱਚ ਮਾਇਆ ਦਾ ਜੰਜਾਲ ਨਹੀਂ ਵਿਆਪਦਾ ਕਿਉਂਕਿ ਉਹ ਭਟਕਦੇ ਮਨ ਨੂੰ ਮਾਇਆ ਵਲੋਂ ਰੋਕ ਸਕਦਾ ਹੈ। ਪ੍ਰਭੂ ਦਾ ਭਾਣਾ ਮਨ ਵਿੱਚ ਭਲਾ ਲੱਗਦਾ ਅਤੇ ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ। ਬ੍ਰਹਮਗਿਆਨੀ ਦੀ ਸੰਗਤਿ ਵਿੱਚ ਸਭ ਦਾ ਬੇੜਾ ਪਾਰ ਹੁੰਦੈ ਕਿਉਂਕਿ ਉਸ ਦੀ ਰਾਹੀਂ ਸਾਰਾ ਜਗਤ ਹੀ ਪ੍ਰਭੂ ਦਾ ਨਾਮ ਜਪਣ ਲੱਗ ਪੈਂਦਾ ਹੈ।
ਬ੍ਰਹਮ ਗਿਆਨੀ ਕੈ ਏਕੈ ਰੰਗ॥ ਬ੍ਰਹਮ ਗਿਆਨੀ ਕੈ ਬਸੈ ਪ੍ਰਭੁ ਸੰਗ॥ ਬ੍ਰਹਮ ਗਿਆਨੀ ਕੈ ਨਾਮੁ ਆਧਾਰੁ॥ ਬ੍ਰਹਮ ਗਿਆਨੀ ਕੈ ਨਾਮੁ ਪਰਵਾਰੁ॥ ਬ੍ਰਹਮ ਗਿਆਨੀ ਸਦਾ ਸਦ ਜਾਗਤ॥ ਬ੍ਰਹਮ ਗਿਆਨੀ ਅਹੰਬੁਧਿ ਤਿਆਗਤ॥ ਬ੍ਰਹਮ ਗਿਆਨੀ ਕੈ ਮਨਿ ਪਰਮਾਨੰਦ॥ ਬ੍ਰਹਮ ਗਿਆਨੀ ਕੈ ਘਰਿ ਸਦਾ ਅਨੰਦ॥ ਬ੍ਰਹਮ ਗਿਆਨੀ ਸੁਖ ਸਹਜ ਨਿਵਾਸ॥ ਨਾਨਕ ਬ੍ਰਹਮ ਗਿਆਨੀ ਕਾ ਨਹੀ ਬਿਨਾਸ॥੫॥
ਬ੍ਰਹਮਗਿਆਨੀ ਸਦਾ ਇੱਕ ਦੇ ਰੰਗ ਵਿੱਚ ਰੰਗਿਆ ਹੁੰਦਾ ਅਤੇ ਪ੍ਰਭੂ ਉਸ ਦੇ ਅੰਗ-ਸੰਗ ਬਸਦਾ ਹੈ। ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਹੀ ਟੇਕ ਅਤੇ ਨਾਮ ਹੀ ਉਸ ਦਾ ਪ੍ਰਵਾਰ ਹੁੰਦਾ ਹੈ। ਉਹ ਸਦਾ ਵਿਕਾਰਾਂ ਦੇ ਹਮਲੇ ਵਲੋਂ ਸੁਚੇਤ ਰਹਿੰਦਾ ਅਤੇ ‘ਮੈਂ ਮੈਂ’ ਕਰਨ ਵਾਲੀ ਮੱਤ ਛੱਡ ਦੇਂਦਾ ਹੈ। ਉਸ ਦੇ ਮਨ ਵਿੱਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦੈ ਤੇ ਉਸ ਦੇ ਹਿਰਦੇ ਘਰ ਵਿੱਚ ਸਦਾ ਖਿੜਾਓ ਹੁੰਦਾ ਹੈ। ਹੇ ਨਾਨਕ! ਉਹ ਮਨੁੱਖ ਸੁਖ-ਸ਼ਾਂਤੀ ਵਿੱਚ ਟਿਕਿਆ ਰਹਿੰਦਾ ਤੇ ਉਸ ਦੀ ਇਹ ਉੱਚੀ ਆਤਮਕ ਅਵਸਥਾ ਕਦੇ ਨਾਸ ਨਹੀਂ ਹੁੰਦੀ।
ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ॥ ਬ੍ਰਹਮ ਗਿਆਨੀ ਏਕ ਸੰਗਿ ਹੇਤਾ॥ ਬ੍ਰਹਮ ਗਿਆਨੀ ਕੈ ਹੋਇ ਅਚਿੰਤ॥ ਬ੍ਰਹਮ ਗਿਆਨੀ ਕਾ ਨਿਰਮਲ ਮੰਤ॥ ਬ੍ਰਹਮ ਗਿਆਨੀ ਜਿਸੁ ਕਰੈ ਪ੍ਰਭੁ ਆਪਿ॥ ਬ੍ਰਹਮ ਗਿਆਨੀ ਕਾ ਬਡ ਪਰਤਾਪ॥ ਬ੍ਰਹਮ ਗਿਆਨੀ ਕਾ ਦਰਸੁ ਬਡਭਾਗੀ ਪਾਈਐ॥ ਬ੍ਰਹਮ ਗਿਆਨੀ ਕਉ ਬਲਿ ਬਲਿ ਜਾਈਐ॥ ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥੬॥
ਬ੍ਰਹਮਗਿਆਨੀ ਮਨੁੱਖ ਅਕਾਲ ਪੁਰਖ ਦਾ ਭੇਤੀ ਬਣ ਜਾਂਦਾ ਅਤੇ ਉਹ ਇੱਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ। ਮਨ ਵਿੱਚ ਸਦਾ ਬੇਫ਼ਿਕਰੀ ਰਹਿੰਦੀ ਅਤੇ ਉਸ ਦਾ ਉਪਦੇਸ਼ ਹੋਰਨਾਂ ਨੂੰ ਪਵਿਤ੍ਰ ਕਰਨ ਵਾਲਾ ਹੁੰਦਾ ਹੈ। ਉਸ ਦਾ ਬੜਾ ਨਾਮਣਾ ਹੋ ਜਾਂਦੈ ਪਰ ਉਹੀ ਮਨੁੱਖ ਬ੍ਰਹਮਗਿਆਨੀ ਬਣਦੈ ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ। ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦੈ ਐਸੇ ਮਨੁੱਖ ਤੋਂ ਸਦਾ ਸਦਕੇ ਜਾਈਏ। ਹੇ ਨਾਨਕ! ਮੰਨੇ ਗਏ ਸ਼ਿਵ ਆਦਿਕ ਦੇਵਤੇ ਭੀ ਉਸ ਨੂੰ ਭਾਲਦੇ ਫਿਰਦੇ ਤੇ ਅਕਾਲ ਪੁਰਖ ਆਪ ਉਸ ਦਾ ਰੂਪ ਹੁੰਦਾ ਹੈ।
ਬ੍ਰਹਮ ਗਿਆਨੀ ਕੀ ਕੀਮਤਿ ਨਾਹਿ॥ ਬ੍ਰਹਮ ਗਿਆਨੀ ਕੈ ਸਗਲ ਮਨ ਮਾਹਿ॥ ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ॥ ਬ੍ਰਹਮ ਗਿਆਨੀ ਕਉ ਸਦਾ ਅਦੇਸੁ॥ ਬ੍ਰਹਮ ਗਿਆਨੀ ਕਾ ਕਥਿਆ ਨ ਜਾਇ ਅਧਾਖ੍ਹਰੁ॥ ਬ੍ਰਹਮ ਗਿਆਨੀ ਸਰਬ ਕਾ ਠਾਕੁਰੁ॥ ਬ੍ਰਹਮ ਗਿਆਨੀ ਕੀ ਮਤਿ ਕਉਨੁ ਬਖਾਨੈ॥ ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ॥ ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ॥ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ॥੭॥
ਬ੍ਰਹਮਗਿਆਨੀ ਦੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਸਾਰੇ ਹੀ ਗੁਣ ਉਸ ਅੰਦਰ ਹੁੰਦੇ ਹਨ। ਬ੍ਰਹਮਗਿਆਨੀ ਦੀ ਉੱਚੀ ਜ਼ਿੰਦਗੀ ਦਾ ਭੇਦ ਕੌਣ ਜਾਣ ਸਕਦਾ ਹੈ? ਉਸ ਨੂੰ ਤਾਂ ਹਮੇਸ਼ਾਂ ਆਦੇਸ ਹੀ ਕਰਨਾ ਬਣਦਾ ਹੈ। ਬ੍ਰਹਮਗਿਆਨੀ ਦੇ ਗੁਣਾਂ ਦਾ ਅੱਧਾ ਅੱਖਰ ਵੀ ਕਥਨ ਨਹੀਂ ਕੀਤਾ ਜਾ ਸਕਦਾ, ਉਹ ਸਰਬ ਦਾ ਮਾਲਕ ਹੁੰਦਾ ਹੈ। ਉਸ ਦੀ ਅਵਸਥਾ ਦਾ ਵਖਿਆਨ ਕੌਣ ਕਰ ਸਕਦਾ? ਇਸ ਬਾਰੇ ਉਹ ਆਪ ਹੀ ਜਾਣਦਾ ਹੈ। ਹੇ ਨਾਨਕ! ਉਸ ਦਾ ਕੋਈ ਅੰਤ ਨਹੀਂ ਪਾ ਸਕਦਾ, ਐਸੇ ਬ੍ਰਹਮਗਿਆਨੀ ਨੂੰ ਸਦਾ ਨਮਸਕਾਰ ਹੈ।
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥ ਬ੍ਰਹਮ ਗਿਆਨੀ ਮੁਕਤ ਜੁਗਤਿ ਜੀਅ ਕਾ ਦਾਤਾ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥ ਬ੍ਰਹਮ ਗਿਆਨੀ ਅਨਾਥ ਕਾ ਨਾਥੁ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ॥ ਬ੍ਰਹਮ ਗਿਆਨੀ ਕਾ ਸਗਲ ਅਕਾਰੁ॥ ਬ੍ਰਹਮ ਗਿਆਨੀ ਆਪਿ ਨਰਿੰਕਾਰੁ॥ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥੮॥੮॥(੨੭੩-੨੭੪)
ਬ੍ਰਹਮਗਿਆਨੀ ਸਾਰੇ ਜਗਤ ਦਾ ਰਚੇਤਾ ਅਤੇ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਉਹ ਮੁਕਤੀ ਦਾ ਰਾਹ ਦੱਸਣ ਵਾਲਾ, ਉੱਚੀ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਤੇ ਉਹੀ ਪੂਰਨ ਪੁਰਖ ਕਾਦਰ ਹੈ। ਨਿਖ਼ਸਮਿਆਂ ਦਾ ਖ਼ਸਮ, ਸਭ ਦੀ ਸਹਾਇਤਾ ਕਰਦਾ, ਸਾਰਾ ਦਿੱਸਦਾ ਜਗਤ ਉਸ ਦਾ ਆਪਣਾ, ਉਹ ਤਾਂ ਪ੍ਰਤੱਖ ਆਪ ਹੀ ਰੱਬ ਹੈ। ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਅਤੇ ਉਸ ਦੀ ਮਹਿਮਾ ਕੋਈ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ।
ਉਪ੍ਰੋਕਤ ਗੁਣ ਕੇਵਲ ਕਰਤਾਰ ਵਿੱਚ ਹੀ ਹੋ ਸਕਦੇ ਹਨ। ਉਹ ਕਦੇ ਜੰਮਦਾ-ਮਰਦਾ ਨਹੀਂ ਜਦ ਕਿ ਜੀਵ ਜੰਮਦੇ ਮਰਦੇ ਰਹਿੰਦੇ ਹਨ। ਸਾਰੀ ਸ੍ਰਿਸਟੀ ਦਾ ਕਰਤਾ ਪ੍ਰਮੇਸ਼ਰ ਆਪ ਹੀ ਹੋ ਸਕਦਾ ਹੈ, ਕੋਈ ਮਾਂ ਬਾਪ ਤੋਂ ਜੰਮਿਆ ਤੇ ਸੰਸਾਰ ਤੋਂ ਸਰੀਰ ਕਰਕੇ ਮਰ ਗਿਆ ਵਿਅਕਤੀ ਕਦੇ ਐਸਾ ਨਹੀਂ ਹੋ ਸਕਦਾ। ਇਸ ਲਈ ਕਿਸੇ ਇੱਕ ਡੇਰੇਦਾਰ ਜਾਂ ਸੰਪ੍ਰਦਾਈ ਟਕਸਾਲੀ ਲੰਬੇ ਚੋਲੇ, ਗੋਲ ਪੱਗ, ਹੱਥ ਤੀਰ ਜਾਂ ਮਾਲਾ ਰੱਖਣ ਅਤੇ ਅੱਖਾਂਮੀਟ ਸਮਾਧੀ ਲਾਉਣ ਵਾਲੇ ਨੂੰ ਬ੍ਰਹਮਗਿਆਨੀ ਨਹੀਂ ਕਿਹਾ ਜਾ ਸਕਦਾ, ਉਂਝ ਸਮੁੱਚੇ ਰੂਪ ਵਿੱਚ ਉਹ ਸਾਰੇ ਵਿਅਕਤੀ ਬ੍ਰਹਮ ਗਿਆਨੀ ਨੇ ਜੋ ਬ੍ਰਹਮ ਦਾ ਗਿਆਨ ਰੱਖਦੇ ਹਨ। ਸੋ ਸਾਨੂੰ ਜਣੇ ਖਣੇ ਸਾਧ ਨੂੰ ਬ੍ਰਹਮ ਗਿਆਨੀ ਨਹੀਂ ਕਹਿਣਾ ਚਾਹੀਦਾ ਬਗਲੇ ਤੇ ਹੰਸ ਦਾ ਫਰਕ ਜਰੂਰ ਦੇਖੋ!

LEAVE A REPLY

Please enter your comment!
Please enter your name here