ਸ਼ਬਦ ਬਾਰੇ ਅਗਿਆਨੀ, ਡੇਰੇਦਾਰ ਅਤੇ ਸੰਪ੍ਰਦਾਈ ਲੋਕਾਂ ਨੇ ਬਹੁਤ ਭੁਲੇਖੇ ਪਾਏ ਹਨ। ਆਪਾਂ ਸ਼ਬਦ ਲਫਜ਼ ਦੀ ਵਿਸਥਾਰ ਨਾਲ ਵਿਆਖਿਆ ਕਰਾਂਗੇ। ਸ਼ਬਦ ਲਫਜ਼ ਕਈ ਅਰਥਾਂ ਤੇ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਆਉਂਦਾ ਹੈ। ਪ੍ਰਕਰਣ ਅਨੁਸਾਰ ਇਸ ਦੇ ਵੱਖਰੇ ਵੱਖਰੇ ਅਰਥ ਹਨ। ਮੂਲ ਰੂਪ ਵਿੱਚ ਇਹ ਸ਼ੰਸਕ੍ਰਿਤ ਦਾ ਲਫਜ਼ ਤੇ ਅਰਥ-ਧੁਨਿ, ਅਵਾਜ਼, ਸੁਰ, ਪੰਚ ਸ਼ਬਦ, ਪਦ, ਲਫਜ਼, ਗੁਫਤਗੂ, ਗੁਰਉਪਦੇਸ਼, ਬ੍ਰਹਮ, ਕਰਤਾਰ, ਧਰਮ, ਮਜਹਬ, ਪੈਗਾਮ, ਸੁਨੇਹਾ, ਪਦ ਰਚਨਾ ਅਤੇ ਮਕਦਸ ਆਦਿ ਹਨ।
ਪੰਚ ਸ਼ਬਦ ਅਤੇ ਧੁਨਿ-ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥(੭੬੪) ਪੰਚ ਸ਼ਬਦ ਤਾਰ, ਚੰਮ, ਦਾਂਤ, ਘੜੇ ਤੇ ਫੂਕ ਵਾਲੇ ਸਾਜਾਂ ਦੇ, ਅਨਹਦ। ਧੁਨੀ ਅਵਾਜ ਅਤੇ ਅਲਾਪ ਦਾ ਨਾਂ ਹੈ। ਅਵਾਜ ਅਤੇ ਸੁਰ-ਧੁਨਿ, ਸ਼ਬਦ, ਸੱਦ, ਪੁਕਾਰ ਜੋ ਬੋਲ ਕੇ ਸੁਣਾਈ ਜਾਂਦੀ ਹੈ। ਅਵਾਜਾ ਲੈਣਾ ਭਾਵ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਬੋਲ ਕੇ ਉੱਚੀ ਪੜ੍ਹਨਾਂ। ਸੁਰ ਭਾਵ ਨੱਕ ਦੇ ਰਾਹ ਸਵਾਸ ਦਾ ਆਉਣਾ ਜਾਣਾ. ਸੰਗੀਤ ਅਨੁਸਾਰ ਉਹ ਧੁਨਿ ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ, ਇਸ ਦੇ ਸੱਤ ਸੁਰ ਹੁੰਦੇ ਹਨ। ਪਦ ਤੇ ਪਦ ਰਚਨਾ-ਪੈਰ, ਚਰਨ ਅਤੇ ਕਵਿਤਾ ਲੇਖ ਆਦਿ ਦੇ ਪਦ (ਬੰਧ) ਲਫਜ਼-ਸ਼ਬਦ, ਬੋਲ-ਭਿਸਤ ਪੀਰ ਲਫਜ ਕਮਾਇ ਅੰਦਾਜਾ॥ (੧੦੮੪) ਗੁਫਤਗੂ-ਸਬਦੌ ਹੀ ਭਗਤ ਜਾਪਦੇ ਜਿਨ੍ ਕੀ ਬਾਣੀ ਸਚੀ ਹੋਇ॥(੪੩੦) ਗੁਰਉਪਦੇਸ਼-ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰਉਪਦੇਸ ਚਲਾਏ॥ (੪੪੪) ਬ੍ਰਹਮ ਤੇ ਕਰਤਾਰ-ਸ਼ਬਦ ਗੁਰੂ ਸੁਰਤਿ ਧੁਨਿ ਚੇਲਾ॥ (੯੪੩) ਧਰਮ ਤੇ ਮਜਹਬ-ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ (੪੬੯) ਪੈਗਾਮ ਤੇ ਸੁਨੇਹਾ-ਧਨ ਵਾਂਡੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦ ਪਠਾਈਂ॥ (੧੨੭੩) ਮਕਸਦ-ਨ ਸਬਦ ਬੂਝੈ ਨ ਜਾਣੈ ਬਾਣੀ॥ (੬੬੫)
ਸੋ ਮੋਟੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਸ਼ਬਦ ਦੇ ਅਰਥ ਕਰਤਾਰ, ਸਤਿਗੁਰਾਂ ਦੁਵਾਰਾ ਪ੍ਰਾਪਤ ਕਰਤਾਰ ਦਾ ਹੁਕਮ ਬਾਣੀ, ਧਰਮ, ਗੁਰ ਮੰਤ੍ਰ ਅਤੇ ਗੁਰਬਾਣੀ ਹਨ। ਸਾਰਾ ਗੁਰੂ ਗ੍ਰੰਥ ਸਾਹਿਬ ਹੀ ਸ਼ਬਦਾਂ ਦਾ ਸ਼ੰਗ੍ਰਹਿ ਹੈ ਜੋ ਗਿਆਨ ਰੂਪ ਵਿੱਚ ਸ਼ਬਦ ਗੁਰੂ ਹੈ-ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਗਦੈ ਜਗੁ ਬਉਰਾਨੰ॥ (੬੩੫) ਸ਼ਬਦ ਨੂੰ ਸਿੱਖਣ ਅਤੇ ਜਾਨਣ ਵਾਲਾ ਹੀ ਸਿੱਖ ਹੈ-ਸਿਖਹੁ ਸਬਦੁ ਪਿਆਰਿਹੁ ਜਨਮ ਮਰਨ ਕੀ ਟੇਕ॥(੩੨੦) ਸ਼ਬਦੁ ਨ ਜਾਣਹਿ ਸੇ ਅੰਨ੍ਹੇ ਬੋਲੇਸੇ ਕਿਤ ਆਏ ਸ਼ੰਸਾਰਾ॥ (੬੦੧) ਅਜੋਕੇ ਸਾਧਾਂ ਸੰਤਾਂ, ਡੇਰੇਦਾਰ ਸੰਪ੍ਰਦਾਈਆਂ ਨੇ ਸਬਦ (ਗਿਆਨ) ਨੂੰ ਗਿਣਤੀ ਮਿਣਤੀ ਦਾ ਮੰਤ੍ਰ ਬਣਾ ਦਿੱਤਾ ਹੈ। ਸ਼ਰਧਾਲੂਆਂ ਨੂੰ ਗਿਣਤੀ ਦੇ ਸ਼ਬਦ ਬਾਰ ਬਾਰ ਪੜ੍ਹਨ ਦਾ ਉਪਦੇਸ਼ ਦਿੰਦੇ ਹਨ। ਫਲਾਨਾ ਸ਼ਬਦ ੧੧, ੨੧, ੩੧, ਜਾਂ ੪੦ ਵਾਰ ਮੰਤ੍ਰ ਵਾਂਗ ਬਾਰ ਬਾਰ ਪੜ੍ਹੋ ਤਾਂ ਤੁਹਾਡੇ ਦੁੱਖ ਦੂਰ, ਧੰਨ ਪ੍ਰਾਪਤ, ਆਦਮੀ ਨੂੰ ਔਰਤ ਤੇ ਔਰਤ ਨੂੰ ਆਦਮੀ ਮਿਲੇ, ਔਰਤ ਸੱਤ ਵਲ ਪਾ ਕੇ ਵੀ ਤੁਹਾਡੇ ਮਗਰ ਲੱਗੇ, ਰੋਗ ਦੂਰ ਹੋਵਣ, ਦੁਸ਼ਮਣ ਮਰੇ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਮੰਨੀਆਂ ਗਈਆਂ ਰਿਧੀਆਂ ਸਿਧੀਆਂ ਪ੍ਰਾਪਤ ਹੋਵਣ। ਸ਼ਬਦ ਦਾ ਜਾਪ ਕਰਕੇ ਟੂਣਾ ਕਰੋ ਦੂਸਰੇ ਦਾ ਨੁਕਸਾਨ ਹੋਵੇ। ਸ਼ਬਦ ਨੂੰ ਮਾਲਾ ਨਾਲ ਜੋੜ ਕੇ ਰਪੀਟ ਕਰਨ ਦਾ ਵੀ ਮੰਤ੍ਰ ਜਾਪ ਇਨ੍ਹਾਂ ਭਦਰਪੁਰਸ਼ਾ ਦੀ ਹੀ ਦੇਣ ਹੈ। ਸ਼ਬਦ ਨੂੰ ਦੇਹਾਂ ਵਾਂਗ ਪੂਜਣਾ ਵੀ ਇਨ੍ਹਾਂ ਦਾ ਅੰਦਵਿਸ਼ਵਾਸ਼ੀ ਸਟੰਟ ਹੈ।
ਹੋਰ ਤਾਂ ਹੋਰ ਇਹ ਲੋਕ ਗੈਬੀ ਸ਼ਬਦ ਦਾ ਪ੍ਰਚਾਰ ਕਰਦੇ ਹਨ ਕਿ ਅਸਲੀ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਵਿਖੇ ਵੀ ਨਹੀਂ ਉਹ ਕੇਵਲ ਸੰਤਾਂ ਮਹਾਂਪੁਰਖਾਂ ਅਤੇ ਅਖੌਤੀ ਬ੍ਰਹਮਗਿਆਨੀਆਂ ਕੋਲੋਂ ਹੀ ਮਿਲਦਾ ਹੈ। ਦੇਹਧਾਰੀ ਗੁਰੂ ਬਣ ਕੇ ਗੁਪਤ ਮੰਤ੍ਰ ਦੇਣ ਦੀ ਰੀਤ ਵੀ ਇਨ੍ਹਾਂ ਧਰਮ ਠੱਗਾਂ ਦੀ ਹੀ ਦੇਣ ਹੈ। ਸੋ ਸਾਨੂੰ ਇਨ੍ਹਾਂ ਵਹਿਮਾਂ ਭਰਮਾਂ ਅਤੇ ਅਖੌਤੀ ਸਾਧਾਂ ਸੰਤਾਂ ਸੰਪ੍ਰਦਾਈਆਂ ਤੋਂ ਦੂਰ ਰਹਿ ਕੇ, ਆਪ ਸਿੱਧੇ ਸ਼ਬਦ ਗੁਰੂ ਨਾਲ ਜੁੜਨ ਦੀ ਲੋੜ ਹੈ ਵਰਨਾ ਆਪਣਾ ਕੀਮਤੀ ਮਨੁੱਖਾ ਜਨਮ ਦਾ ਸਮਾ, ਧੰਨ ਦੌਲਤ, ਇਜ਼ਤ ਆਬਰੂ ਅਤੇ ਉੱਚਾ ਸੁੱਚਾ ਜੀਵਨ ਬਰਬਾਦ ਕਰ ਲਵਾਂਗੇ। ਪੰਜਾਬੀ ਦੀ ਵੀ ਕਹਾਵਤ ਹੈ ਕਿ “ਸ਼ਬਦ ਨਾ ਸ਼ਲੋਕ ਬਾਬਾ ਟਿੱਕੀਆਂ ਦਾ ਠੋਕ” ਸੋ ਬਹੁਤੇ ਬਾਬੇ ਸਾਡੀ ਅੰਧਵਿਸ਼ਵਾਸ਼ੀ ਲੁੱਟ ਨਾਲ ਅਮੀਰੀ ਠਾਠ ਬਣਾਈ ਫਿਰਦੇ ਹਨ ਪਰ ਉਨ੍ਹਾਂ ਦੇ ਪੱਲੇ ਅਸਲੀ ਗੁਰੂ ਸ਼ਬਦ ਦਾ ਗਿਅਨ ਨਹੀਂ ਹੈ।

LEAVE A REPLY

Please enter your comment!
Please enter your name here