ਮੰਨਨ ਸੰਸਕ੍ਰਿਤ ਦਾ ਕਿਰਿਆਵਾਚੀ ਸ਼ਬਦ ਤੇ ਅਰਥ-ਚਿੰਤਨ, ਮੰਨਣਾ ਕਿਰਿਆ ਤੇ ਅਰਥ-ਮੰਨਣ ਕਰਨਾ, ਵਿਚਾਰਨਾ, ਅੰਗੀਕਾਰ ਕਰਨਾ, ਮਨਜੂਰ ਕਰਨਾ ਅਤੇ ਮੰਨ ਲੈਣਾ ਹਨ। ਕ੍ਰਮਵਾਰ ਪੜ੍ਹਨਾ, ਬੋਲਣਾ, ਸੁਣਨਾ, ਮੰਨਣਾ ਅਤੇ ਅਮਲ ਕਰਨਾ ਪੰਜ ਪੜਾ ਹਨ। ਪਹਿਲੇ ਆਪਾਂ ਵਿਦਿਆ, ਵਕਤਾ, ਪੜ੍ਹਨ ਅਤੇ ਸੁਣਨ ਬਾਰੇ ਵਿਚਾਰ ਕਰ ਚੁੱਕੇ ਹਾਂ। ਅੱਜ ਮੰਨਨ ਬਾਰੇ ਵਿਚਾਰਾਂਗੇ। ਮੰਨਣ ਦਾ ਮਤਲਵ ਆਗਿਆਕਾਰੀ ਹੋਣਾ ਹੈ। ਜੋ ਸਿਖਿਆ, ਪੜ੍ਹਿਆ ਜਾਂ ਸੁਣਿਆਂ ਉਸ ਨੂੰ ਮਨ ਕਰਕੇ ਮੰਨ ਲੈਣਾ ਅਤੇ ਉਸ ਤੇ ਵਿਚਾਰ ਦੇ ਨਾਲ ਅਮਲ ਕਰਕੇ, ਨਿਤਾਪ੍ਰਤੀ ਜੀਵਨ ਵਿੱਚ ਢਾਲਣਾ। ਵੇਖੋ! ਸਕੂਲ ਦਾ ਵਿਦਿਆਰਥੀ ਜੋ ਅਧਿਆਪਕ ਤੋਂ ਪੜ੍ਹਦਾ, ਉਸ ਦੇ ਬੋਲਾਂ ਨੂੰ ਸੁਣ, ਮੰਨ ਕੇ ਅਮਲ ਕਰਦਾ, ਉਹ ਚੰਗੇ ਨੰਬਰਾਂ ਵਿੱਚ ਪਾਸ ਹੋ ਜਾਂਦਾ ਹੈ। ਇਵੇਂ ਹੀ ਜੋ ਸਿੱਖ ਸਿਖਿਆਰਥੀ ਹੋ ਕੇ, ਸਤਿਗੁਰੂ ਦਾ ਕਹਿਆ ਸੁਣਦਾ, ਮੰਨਦਾ ਅਤੇ ਉਸ ਤੇ ਅਮਲ ਕਰਦਾ ਹੈ, ਉਸ ਦਾ ਜੀਵਨ ਬਦਲ ਜਾਂਦਾ ਹੈ।

ਮੰਨਣ ਬਾਰੇ ਗੁਰਬਾਣੀ ਵਿਚਾਰ-ਮੰਨਣ ਵਾਲੇ ਮਨੁੱਖ ਦੀ ਆਤਮ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਜੇ ਕੋਈ ਆਪਣੀ ਅਲਪ ਬੁੱਧੀ ਨਾਲ ਕਰੇ ਭੀ ਤਾਂ ਪਿਛੋਂ ਪਛਤਾਂਦਾ ਹੈ ਕਿ ਮੈ ਹੋਛਾ ਯਤਨ ਕੀਤਾ ਹੈ-ਮੰਨੇ ਕੀ ਗਤਿ ਕਹੀ ਨ ਜਾਇ॥ ਜੇਕੋ ਕਹੈ ਪਿਛੈ ਪਛੁਤਾਇ॥੧੨॥ (ਜਪੁਜੀ) ਸਤਿਗੁਰੂ ਦਾ ਬਚਨ ਕੀਮਤੀ ਰਤਨ ਹੈ ਜੋ ਮੰਨਦਾ ਹੈ ਅਨੰਦ ਰਸ ਮਾਣਦਾ ਹੈ-ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ॥ (੬੯) ਮੰਨਣ ਵਾਲੇ ਦੀ ਸੁਰਤਿ ਮਨ ਬੁੱਧੀ ਕਰਕੇ ਉੱਚੀ ਹੁੰਦੀ ਅਤੇ ਉਹ ਸਮੁੱਚੀ ਦੁਨੀਆਂ ਬਾਰੇ ਜਾਣ ਜਾਂਦਾ ਹੈ-ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਨ ਕੀ ਸੁਧਿ॥੧੩॥(ਜਪੁਜੀ) ਸਭ ਤੋਂ ਉੱਤਮ ਇਹ ਹੀ ਅਕਲ ਦੀ ਗੱਲ ਹੈ ਕਿ ਸੱਚੇ ਗੁਰੂ ਦੇ ਬਚਨ (ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ) ਕਮਾਏ (ਮੰਨੇ) ਜਾਣ ਭਾਵ ਗੁਰ ਉਪਦੇਸ਼ਾਂ ਅਨੁਸਾਰ ਜੀਵਨ ਦੀ ਘਾੜਤ ਘੜੀ ਜਾਏ-ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ॥(੯੯) ਭਾਈ ਗੁਰਦਾਸ ਜੀ ਵੀ ਦਰਸਾਂਦੇ ਹਨ ਕਿ ਗੁਰਸਿੱਖੀ ਵਿਖੇ ਮੰਨਣ ਦਾ ਮਤਲਵ ਗੁਰ ਬਚਨਾਂ ਦਾ ਹਾਰ ਗਲ ਪਾ ਲੈਣਾ ਭਾਵ ਗੁਰੂ ਦੇ ਬਚਨਾਂ ਨੂੰ ਹਿਰਦੇ ਰੂਪੀ ਧਾਗੇ ਵਿੱਚ ਪਰੋ ਲੈਣਾ-ਗੁਰਸਿੱਖੀ ਦਾ ਮੰਨਣਾ ਗੁਰ ਬਚਨੀ ਗਲਿ ਹਾਰੁ ਪਰੋਵੈ।(ਵਾਰ ੨੮)

ਜਿਵੇਂ ਅਸੀਂ ਮਾਂ ਬਾਪ ਦੀ ਆਗਿਆ ਮੰਨ, ਘਰ ਪ੍ਰਵਾਰ ਵਿੱਚ ਸੁਖ ਅਤੇ ਅਧਿਆਪਕ (ਉਸਤਾਦ) ਦਾ ਕਹਿਆ ਮੰਨ ਗਿਆਨ ਵਿਗਿਆਨ ਖੇਤਰ ਦਾ ਸੁਖ ਮਾਣਦੇ ਹਾਂ ਇਵੇਂ ਹੀ ਗੁਰਮਤਿ ਵਿੱਚ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਰੂਪ ਹੁਕਮਾਂ ਨੂੰ ਮੰਨਦੈ, ਉਹ ਵਹਿਮਾਂ, ਭਰਮਾਂ ਅਤੇ ਥੋਥੇ ਕਰਮਕਾਂਡਾਂ ਦੇ ਭਰਮ ਜਾਲ ਰੂਪ ਦੁੱਖ ਤੋਂ ਮੁਕਤ ਹੋ, ਬੇਕੀਮਤਾ ਮਨੁੱਖਾ ਜਨਮ, ਸਫਲਾ ਕਰ ਲੈਂਦਾ ਹੈ। ਪ੍ਰਮਾਤਮਾਂ ਦੇ ਦਰ ਤੇ ਵੀ ਹੁਕਮ ਮੰਨਣ ਵਾਲਾ ਹੀ ਪ੍ਰਵਾਨ ਹੁੰਦਾ ਅਤੇ ਮਾਲਕ ਦਾ ਘਰ ਲੱਭ ਲੈਂਦਾ ਹੈ-ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥(471) ਅਜੋਕੇ ਬਹੁਤੇ ਸਿੱਖਾਂ ਦੀ ਤਰਾਸਦੀ ਹੈ ਕਿ ਉਹ ਸੱਚੇ ਸ਼ਬਦ-ਗੁਰੂ ਨੂੰ ਛੱਡ ਕੇ, ਕੱਚੇ ਦੇਹਧਾਰੀ ਪਾਖੰਡੀ ਗੁਰੂ ਨੁਮਾ ਸਾਧਾਂ-ਸੰਤਾਂ, ਡੇਰੇਦਾਰਾਂ, ਸੰਪ੍ਰਦਾਈ ਸੰਤਾਂ-ਮਹੰਤਾਂ ਅਤੇ ਅਖੌਤੀ ਪਾਰਟੀਬਾਜ ਜਥੇਦਾਰਾਂ ਦਾ ਹੁਕਮ, ਅੰਨੀ ਸ਼ਰਧਾ ਨਾਲ ਮੰਨਣ ਲੱਗ ਪਏ ਹਨ। ਇਸ ਕਰਕੇ ਸਿੱਖੀ ਵਿੱਚ ਆਪਸੀ ਫੁੱਟ ਤੇ ਨਿਘਾਰਤਾ ਫੈਲ ਚੁੱਕੀ ਹੈ। ਗੁਰਸਿੱਖ ਨੇ ਹੁਕਮ ਗੁਰੂ ਦਾ ਮੰਨਣਾ ਤੇ ਗੁਰੂ ਸਾਡਾ “ਸ਼ਬਦ ਗੁਰੂ ਗ੍ਰੰਥ” ਹੈ ਨਾ ਕਿ ਵੱਖ ਵੱਖ ਰਹਿਤਨਾਮੇ, ਮਰਯਾਦਾਵਾਂ ਅਤੇ ਜਥੇਦਾਰ ਜੋ “ਸ਼ਬਦ ਗੁਰੂ” ਦੇ ਸ਼ਰੀਕ ਬਣਾਏ ਜਾ ਰਹੇ ਹਨ।

ਸੋ ਸੱਚੇ ਗੁਰੂ ਦਾ ਹੁਕਮ ਮੰਨਣ ਵਿੱਚ ਸੁੱਖ ਅਤੇ ਦੇਹਧਾਰੀ ਪਾਖੰਡੀਆਂ ਦਾ ਮੰਨਣ ਵਿੱਚ ਅਨੇਕਾਂ ਦੁੱਖ ਕਲੇਸ਼ ਹਨ। ਗੁਰੂ ਦਾ ਹੁਕਮ ਮੰਨਣ ਵਾਲਾ ਸਮੁੱਚੇ ਸੰਸਾਰ ਦਾ ਪਿਤਾ, ਪ੍ਰਮਾਤਮਾਂ ਨੂੰ ਮੰਨ ਕੇ, ਜਾਤ-ਪਾਤ ਅਤੇ ਛੂਆ-ਛਾਤ ਦੇ ਬੰਧਨਾਂ ਤੋਂ ਮੁਕਤ ਹੋ, ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝਣ ਲੱਗ ਜਾਂਦਾ ਹੈ। ਉਹ ਸੁਖ-ਦੁਖ, ਖੁਸ਼ੀ-ਗਮੀ ਹਰ ਵੇਲੇ ਰੱਬ ਦਾ ਭਾਣਾ ਸਹਿਜ ਅਡੋਲਤਾ ਨਾਲ ਮੰਨ ਕੇ, ਜਿੰਦਗੀ ਖਿੜੇ ਮੱਥੇ, ਹੱਸਦਾ ਵੱਸਦਾ, ਚੜ੍ਹਦੀਆਂ ਕਲਾਂ ਵਿੱਚ ਬਤੀਤ ਕਰ, ਆਖਰ ਆਪਣੇ ਅਸਲੇ ਪ੍ਰਮਾਤਮਾਂ ਰੂਪ ਸਮੁੰਦਰ ਵਿੱਚ ਸਮਾ ਜਾਂਦਾ ਹੈ। ਇਹ ਹੈ ਮੰਨਣ ਦੀ ਮਹਾਨਤਾ ਜੋ ਸੰਖੇਪ ਵਿੱਚ ਲਿਖ ਕੇ ਦਰਸਾਉਣ ਦਾ ਯਤਨ ਕੀਤਾ ਹੈ।

LEAVE A REPLY

Please enter your comment!
Please enter your name here