ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥(ਜਪੁਜੀ) ਗੁਰਬਾਣੀ ਦੇ ਚਾਨਣ ਵਿੱਚ “ਕਿਵ ਸਚਿਆਰਾ ਹੋਵੀਐ ਕਿਵ ਕੂੜੈ ਤੁਟੈ ਪਾਲਿ” ਦੀ ਲੜੀ ਵਿੱਚ ਅੱਜ ਚਤੁਰਾਈ ਸਿਆਣਪਾਂ ਦੀ ਗੱਲ ਕਰਦੇ ਹਾਂ ਜੋ ਕੂੜ ਦੀ ਪਾਲ ਵਿੱਚ ਸ਼ਾਮਲ ਹਨ। ਸਹਸ ਸੰਸਕ੍ਰਿਤ ਦਾ ਸ਼ਬਦ ਤੇ ਅਰਥ ਹੈ ਹਜਾਰਾਂ। ਸਿਆਣਪਾਂ-ਮਨ ਦੀਆਂ ਚਤਰਾਈਆਂ। ਭਾਵੈਂ ਹਜਾਰਾਂ ਲੱਖਾਂ ਕਰਮਕਾਂਡੀ ਮਨ ਦੀਆਂ ਚਲਾਕੀਆਂ-ਚਤਰਾਈਆਂ ਹੋਣ ਇੱਕ ਵੀ ਸਚਿਆਰੇ ਜੀਵਨ ਵਾਸਤੇ ਕੰਮ ਨਹੀਂ ਆਉਂਦੀ ਭਾਵ ਜੀਵਨ ਮਨੋਰਥ ਦੀ ਪ੍ਰਾਪਤੀ ਤੋਂ ਬਿਨਾ ਹੀ ਅਨਮੋਲ ਜਿੰਦਗੀ ਵਿਅਰਥ ਚਲੀ ਜਾਂਦੀ ਹੈ। ਨੋਟ-ਇੱਥੇ ਸਿਆਣੇ ਅਤੇ ਗਿਆਨਵਾਨ ਬਣਨ ਦੀ ਵਿਰੋਧਤਾ ਨਹੀਂ ਸਗੋਂ ਵਿਆਰਥ ਚਲਾਕੀਆਂ-ਚਤਰਾਈਆਂ ਦੀ ਨਿਖੇਧੀ ਕੀਤੀ ਗਈ ਹੈ।

ਧਰਮ ਦੇ ਨਾਂ ਤੇ ਕੀਤੀਆਂ ਜਾਂਦੀਆਂ ਹਜਾਰਾਂ ਰੀਤਾਂ ਰਸਮਾਂ ਸਿਆਣਪਾਂ ਵੀ ਰੱਬੀ ਰਾਹ ਵਿੱਚ ਕੰਮ ਨਹੀਂ ਆਉਂਦੀਆਂ-ਸੰਜਮ ਸਹਸ ਸਿਆਣਪਾ ਪਿਆਰੇ ਇੱਕ ਨ ਚਲੀ ਨਾਲਿ॥(੬੪੧) ਇਸ ਕਰਕੇ ਫੋਕੀਆਂ ਕਰਮਕਾਂਡੀ ਰੀਤਾਂ ਰਸਮਾਂ ਵਾਲੀਆ ਸਿਆਣਪਾਂ ਚਲਾਕੀਆਂ ਛੱਡ ਕੇ, ਭਲੇ ਪੁਰਖ ਭਾਵ ਸਾਧ ਗੁਰੂ ਨੂੰ ਮਿਲ ਕੇ ਇਨ੍ਹਾਂ ਫੋਕੀਆਂ ਚਤੁਰਾਈਆਂ ਦਾ ਹੰਕਾਰ ਤਿਆਗ ਦੇ-ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗੀ ਗੁਮਾਨੁ॥(੧੦੦੬) ਕਿਉਂਕਿ ਇਨ੍ਹਾਂ ਨੇ ਸਚਿਆਰੇ ਜੀਵਨ ਵਾਸਤੇ ਕੰਮ ਨਹੀਂ ਆਉਣਾ-ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ॥ (੩੯੬) ਮਨ ਦੀਆਂ ਚਲਾਕੀਆਂ ਹੰਕਾਰ ਦੀ ਅੱਗ ਵਿੱਚ ਸੜ ਜਾਂਦੀਆਂ ਨੇ ਤੇ ਮਨੁੱਖ ਆਪਣੇ ਰੋਣੇ ਰੋਂਦਾ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ-ਜਲੀਆ ਸਭ ਸਿਅਣਪਾ ਉਠੀ ਚਲਿਆ ਰੋਇ॥(੧੭) ਮੇਰਾ ਪ੍ਰਮਾਤਮਾਂ ਸਾਡੇ ਅੰਦਰਲੇ ਬਾਰੇ ਸਭ ਕਿਛ ਜਾਣਦਾ ਹੈ ਪਰ ਦੇਖੋ! ਧਰਮ ਦੇ ਨਾਂ ਤੇ ਕੀਤੇ ਸੰਜਮ ਭਾਵ ਬਾਹਰੀ ਕਰਮਕਾਂਡ, ਰੀਤਾਂ ਰਸਮਾਂ ਵਿਅਰਥ ਰਹੇ ਜਾਂਦੀਆਂ ਹਨ-ਸਭਿ ਸੰਜਮ ਰਹੇ ਸਿਆਵਪਾ॥ ਮੇਰਾ ਪ੍ਰਭੁ ਸਭੁ ਕਿਛੁ ਜਾਣਦਾ॥ (੭੨)

ਸੋ ਅਸਲ ਜੀਵਨ ਮਨੋਰਥ ਨੂੰ ਛੱਡ ਕੇ, ਰੀਤਾਂ, ਰਸਮਾਂ, ਕਰਮਕਾਂਡਾਂ, ਚਲਾਕੀਆਂ, ਚਤੁਰਾਈਆਂ ਦੇ ਹੰਕਾਰ ਵਾਲੀਆਂ ਫੋਕੀਆਂ ਸਿਆਣਪਾਂ ਵੀ ਸਾਡੇ ਤੇ ਪ੍ਰਮਾਤਮਾਂ ਦੇ ਰਾਹ ਵਿੱਚ ਕੂੜ ਦੀ ਪਾਲ ਹੀ ਹਨ ਜੋ ਸਾਨੂੰ ਸਚਿਆਰਾ ਨਹੀਂ ਹੋਣ ਦੇਂਦੀਆਂ।

LEAVE A REPLY

Please enter your comment!
Please enter your name here