ਇੱਕ ਓ ਂਕਾਰ ਤੋਂ ਤੁਰਿਆ ਕਾਫ਼ਲਾ
ਪੈਂਤੀ ਅੱਖਰਾਂ ਵਿੱਚ ਦੀ ਹੋ ਕੇ
ਸੰਗਤ ਦੇ ਵਿੱਚ ਪੰਗਤ ਲਾ ਕੇ
ਜਦ ਬਹਿੰਦਾ ਸੀ।
ਮੇਰਾ ਗੁਰ ਉਪਦੇਸ਼ ਦੇਂਦਿਆਂ
ਕੋਠੇ ਚੜ੍ਹ ਕੇ
ਇਹ ਕਹਿੰਦਾ ਸੀ।
ਸ਼ਬਦ ਨਿਰੰਤਰ ਜਗਦੇ ਰੱਖਣਾ।
ਸੋਚ ਅੰਗੀਠੀ ਮਘਦੇ ਰੱਖਣਾ।

ਰਾਮ ਦਾਸ ਗੁਰ ਚੌਥੀ ਪੀੜ੍ਹੀ।
ਸ਼ਬਦ ਗੁਰੂ ਲਈ ਥਾਨ ਸੁਹਾਵਾ।
ਪੰਜਵੇਂ ਗੁਰ ਪਰਮੇਸ਼ਰ ਪੋਥੀ
ਏਸ ਬਿਨਾ ਹਰ ਗੱਲ ਹੈ ਥੋਥੀ।
ਧਰਮ ਸਥਾਨ ਚ ਦੀਪ ਬਾਲਿਆ।

ਹਨ੍ਹੇਰ ਦੀ ਚਾਦਰ ਲੀਰਾਂ ਲੀਰਾਂ।
ਸੰਗਤ ਆਈ ਘੱਤ ਵਹੀਰਾਂ।
ਸ਼ਬਦ ਗੁਰੂ ਪ੍ਰਕਾਸ਼ ਜਵਾਲਾ।
ਤਵੀਆਂ ਤੇ ਧਰ ਦਿੱਤੀ ਮਾਲਾ।

ਕੁਫ਼ਰ ਕਹਿਰ ਜਰਵਾਣੇ ਤੜਫ਼ੇ।
ਸ਼ਬਦ ਗੁਰੂ ਸਿਰ ਤਪਦੀ ਰੇਤਾ।
ਰਾਵੀ ਤਾਂ ਖ਼ੁਦ ਆਪ ਗਵਾਹ ਹੈ।

ਸ਼ਬਦ ਵਿਧਾਨ ਤੇ ਧਰਮ ਸਥਾਨ।
ਤੀਜਾ ਰਲਿਆ ਨਾਲ ਨਿਸ਼ਾਨ।
ਤਿੰਨੇ ਰਲ ਕੇ ਤਖ਼ਤ ਹਿਲਾਉਂਦੇ।
ਹਾਕਮ ਨੂੰ ਤਿੰਨੇ ਨਾ ਭਾਉਂਦੇ।

ਸ਼ਬਦ ਜਦੋਂ ਸੀ ਗਰੰਥ ਬਣ ਗਿਆ।
ਇਹ ਹੀ ਗੁਰ ਦਾ ਪੰਥ ਬਣ ਗਿਆ।
ਪੰਜਵੇਂ ਗੁਰ ਦਾ ਪਰਉਪਕਾਰ।
ਚੇਤੇ ਕਰਦਾ ਕੁੱਲ ਸੰਸਾਰ।

ਸ਼ੱਕਰਗੰਜ ਫ਼ਰੀਦ ਕਬੀਰਾ।
ਕਹੁ ਰਵੀਦਾਸ ਇਹ ਖ਼ਾਕ ਸਰੀਰਾ।
ਭੱਟ ਭਗਤ ਗੁਰੂਦੇਵ ਸਮਾਏ।
ਇੱਕੋ ਮਾਲਾ ਵਿੱਚ ਹਮਸਾਏ।

ਛੇਵੇਂ ਗੁਰ ਨੇ ਮੀਰੀ ਪੀਰੀ।
ਕਹਿ ਦਿੱਤੀ ਇਹ ਬਾਤ ਅਖ਼ੀਰੀ।
ਪੀਰੀ ਦੀ ਰਖਵਾਲੀ ਮੀਰੀ।

ਕੋਮਲ ਪੱਤੀਆਂ ਜੀਵਨ ਧਾਰਾ।
ਹਰਿ ਰਾਏ ਜੀ ਬਚਨ ਉਚਾਰਾ।

ਗਿਆਨ ਦਾ ਸੋਮਾ ਹਰ ਥਾਂ ਹਾਜ਼ਰ।
ਅਠਵੇਂ ਗੁਰ ਨੇ ਕੀਤਾ ਨਾਜ਼ਰ।

ਨੌਵੇਂ ਗੁਰ ਦੀ ਬਾਤ ਨਿਆਰੀ।
ਸਤਿਗੁਰ ਜਿਸ ਦੀ ਪੈਜ ਸੰਵਾਰੀ।

ਨਾ ਭੈ ਦੇਣਾ ਨਾ ਭੈ ਮੰਨਣਾ।
ਇਸ ਆਖੇ ਨੂੰ ਸਭ ਨੇ ਮੰਨਣਾ।

ਦੀਨ ਦੁਖੀ ਦੀ ਰਾਖੀ ਖ਼ਾਤਰ।
ਲੋੜ ਪਵੇ ਤਾਂ ਸਿਰ ਦਾ ਠੀਕਰ,
ਦਿੱਲੀ ਤਖ਼ਤ ਦੇ ਸਾਹਵੇਂ ਭੰਨਣਾ।
ਤੇਗ ਬਹਾਦਰ ਹਿੰਦ ਦੀ ਚਾਦਰ।
ਸਰਬ ਧਰਮ ਦਾ ਕਰਦੇ ਆਦਰ।
ਇਹ ਲਿਖ ਕੇ ਉਪਦੇਸ ਪੜ੍ਹਾਇਆ।
ਧਰਤੀ ਅੰਬਰ ਦੋਵੇਂ ਕੰਬ ਗਏ।
ਜਦ ਮੇਰੇ ਗੁਰ ਸੀਸ ਕਟਾਇਆ।

ਫੁੱਲ ਡੋਡੀ ਦੀ ਉਮਰੇ ਵੇਖੋ,
ਮੇਰੇ ਗੁਰ ਦਸਮੇਸ਼ ਪਿਤਾ ਨੇ,
ਧਰਮ ਕਰਮ ਦੀ ਰਾਖੀ ਖਾਤਰ
ਸੰਤ ਸਿਪਾਹੀ ਬਾਤ ਇਲਾਹੀ
ਸ਼ਬਦ ਕਹੇ ਤੇ ਕਲਮਾਂ ਉੱਗੀਆਂ।

ਜੋ ਜੋ ਮੂੰਹੋਂ ਆਖ ਸੁਣਾਇਆ।
ਓਹੀ ਰਣ ਵਿੱਚ ਕਰਤ ਵਿਖਾਇਆ।
ਆਨੰਦਪੁਰ ਤੋਂ ਤੁਰਿਆ ਸੂਰਜ
ਜਿੱਥੇ ਜਿੱਥੇ ਤੁਰਿਆ ਪੁੱਜਾ।
ਸਭ ਕੁਝ ਪਰਗਟ ਕੁਝ ਨਹੀਂ ਗੁੱਝਾ।

ਕੱਚੀ ਗੜ੍ਹੀ ਧਰਤ ਚਮਕੌਰ।
ਵਾਰੇ ਵੱਡੇ ਪੁੱਤਰ ਭੌਰ।

ਅਜੀਤ ਜੁਝਾਰ ਤੇ ਮਗਰੇ ਨਿੱਕੇ।
ਜ਼ੋਰਾਵਰ ਫ਼ਤਹਿ ਸਿੰਘ ਬਣ ਗਏ
ਸ਼ਬਦ ਗੁਰੂ ਟਕਸਾਲ ਦੇ ਸਿੱਕੇ।
ਸਰਹੰਦ ਵਿੱਚ ਵਿਸ਼ਵਾਸ ਦੇ ਰਾਖੇ
ਮੰਨਿਆ ਨਾ ਜੋ ਸੂਬਾ ਆਖੇ

ਗੁਰ ਮੇਰੇ ਨੇ ਪੰਧ ਮੁਕਾਇਆ।
ਸ਼ਬਦ ਗੁਰੂ ਸਾਨੂੰ ਲੜ ਲਾਇਆ
ਕੁੱਲ ਦੁਨੀਆਂ ਤੋਂ ਵੱਖਰਾ
ਸਾਨੂੰ ਸਬਕ ਪੜਾਇਆ ।
ਜਿਸ ਨੇ ਸਾਡਾ ਰਾਹ ਰੁਸ਼ਨਾਇਆ ।
ਜੇਕਰ ਅੱਜ ਹਨ੍ਹੇਰਾ ਗੂੜ੍ਹਾ ।
ਹੱਲੇ ਕਰ ਕਰ ਆਵੇ ਕੂੜਾ ।
ਇਸ ਵਿੱਚ ਸਾਡਾ ਏਹੀ ਬਣਦਾ
ਬਾਣੀ ਦੇ ਚਾਨਣ ਵਿੱਚ ਤੁਰਨਾ।
ਅੱਗੇ ਵਧਣਾ ਕਦੇ ਨਾ ਝੁਰਨਾ
ਇਹ ਹੀ ਦੱਸਿਆ ਗਾਡੀਰਾਹ।
ਦੀਨ ਦੁਖੀ ਦੇ ਬੇਪਰਵਾਹ।
🌺🌼🌺🌼🍀🌺🌼🍀🌺🌼
ਸੰਪਰਕ: 98726 31199

LEAVE A REPLY

Please enter your comment!
Please enter your name here