ਦੋਵੇਂ ਭੈਣਾਂ ’ਤੇ ਗੈਂਗਸਟਰ ਨੂੰ ਪਨਾਹ ਦੇਣ ਅਤੇ ਨਸ਼ੀਲੇ ਪਦਾਰਥ ਤੇ ਗੋਲੀ ਸਿੱਕਾ ਆਪਣੇ ਘਰ ਲੁਕਾ ਕੇ ਰੱਖਣ ਦਾ ਦੋਸ਼
ਐਸ.ਏ.ਐਸ. ਨਗਰ (ਮੁਹਾਲੀ),- ਪੰਜਾਬ ਪੁਲੀਸ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਪ੍ਰੇਮਿਕਾ ਰੁਪਿੰਦਰ ਕੌਰ ਵਾਸੀ ਨਵਾਂ ਸ਼ਹਿਰ ਹਾਲ ਵਾਸੀ ਸੈਕਟਰ-38, ਚੰਡੀਗੜ੍ਹ ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਭੈਣਾਂ ’ਤੇ ਗੈਂਗਸਟਰ ਬਾਬਾ ਨੂੰ ਆਪਣੇ ਘਰ ਵਿੱਚ ਪਨਾਹ ਦੇਣ ਅਤੇ ਨਸ਼ੀਲੇ ਪਦਾਰਥ ਤੇ ਅਸਲਾ ਛੁਪਾ ਕੇ ਰੱਖਣ ਦਾ ਦੋਸ਼ ਹੈ।
ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਪੰਜਾਬ ਪੁਲੀਸ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਰੁਪਿੰਦਰ ਕੌਰ ਨੂੰ ਮੁਹਾਲੀ ਦੇ ਸੈਕਟਰ-91 ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਇੱਥੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਆਈ ਸੀ ਜਦੋਂਕਿ ਉਸ ਦੀ ਭੈਣ ਹਰਪ੍ਰੀਤ ਕੌਰ ਨੂੰ ਨਵਾਂ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਬੀਤੇ ਦਿਨੀਂ ਸੈਕਟਰ-43 ਦੇ ਬੱਸ ਅੱਡੇ ਨੇੜਿਓਂ ਪੁਲੀਸ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਸੀ। ਉਹ ਇਸ ਸਮੇਂ ਪੁਲੀਸ ਦੇ ਸਖ਼ਤ ਪਹਿਰੇ ਹੇਠ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ। ਉਸ ਦੇ ਪੱਟ ਵਿੱਚ ਗੋਲੀ ਲੱਗੀ ਹੈ।
ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਪੂਰਥਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਦੌਰਾਨ ਗੈਂਗਸਟਰ ਦਿਲਪ੍ਰੀਤ ਦਾ ਹਰਪ੍ਰੀਤ ਕੌਰ ਨਾਲ ਸੰਪਰਕ ਹੋਇਆ ਸੀ। ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਉਹ ਚੰਗੇ ਦੋਸਤ ਬਣ ਗਏ ਅਤੇ ਹੌਲੀ-ਹੌਲੀ ਉਸ ਦੇ ਗਰੋਹ ਦੇ ਮੈਂਬਰ ਵੀ ਉਨ੍ਹਾਂ ਦੇ ਘਰ ਆਉਣ-ਜਾਣ ਲੱਗ ਪਏ। ਇਸ ਦੌਰਾਨ ਹਰਪ੍ਰੀਤ ਦੀ ਛੋਟੀ ਭੈਣ ਰੁਪਿੰਦਰ ਕੌਰ ਵੀ ਦਿਲਪ੍ਰੀਤ ਦੀ ਦੋਸਤ ਬਣ ਗਈ। ਪੁਲੀਸ ਅਨੁਸਾਰ ਪਿਛਲੇ ਸਾਲ ਨਵੰਬਰ ਵਿੱਚ ਹਰਪ੍ਰੀਤ ਨੇ ਚੰਡੀਗੜ੍ਹ ਦੇ ਸੈਕਟਰ-38ਸੀ ਵਿੱਚ ਕਿਰਾਏ ’ਤੇ ਮਕਾਨ ਲੈ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਦਿਲਪ੍ਰੀਤ ਨੇ ਪੁਲੀਸ ਤੋਂ ਬਚਣ ਲਈ ਆਪਣੀ ਦਾੜ੍ਹੀ, ਮੁੱਛਾਂ ਅਤੇ ਸਿਰ ਦੇ ਵਾਲ ਕੱਟ ਕੇ ਆਪਣਾ ਹੁਲੀਆ ਬਦਲ ਲਿਆ। ਗੈਂਗਸਟਰ ਦਿਲਪ੍ਰੀਤ ਨੇ ਆਪਣਾ ਫਰਜ਼ੀ ਨਾਂ ਗਗਨਦੀਪ ਸਿੰਘ ਰੱਖ ਲਿਆ ਅਤੇ ਚੰਡੀਗੜ੍ਹ ਵਿੱਚ ਉਹ ਹਰਪ੍ਰੀਤ ਦਾ ਪਤੀ ਬਣ ਕੇ ਰਹਿਣ ਲੱਗ ਪਿਆ।
ਏਆਈਜੀ ਨੇ ਦੱਸਿਆ ਕਿ ਦੋਵੇਂ ਭੈਣਾਂ ਤੋਂ ਮੁੱਢਲੀ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਿਲਪ੍ਰੀਤ ਪਹਿਲਾਂ ਅਫੀਮ ਦਾ ਨਸ਼ਾ ਕਰਦਾ ਸੀ ਪ੍ਰੰਤੂ ਇਸ ਸਾਲ ਫਰਵਰੀ ਤੋਂ ਉਸ ਨੇ ਹੈਰੋਇਨ ਦਾ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਸਨੇ ਹੈਰੋਇਨ ਅਤੇ ਹਥਿਆਰ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਮੁਲਜ਼ਮ ਭੈਣਾਂ ਨੇ ਦੱਸਿਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਪੈਸੇ ਇਕੱਠੇ ਕਰਨ ਲਈ ਮਸ਼ਹੂਰ ਕਾਰੋਬਾਰੀਆਂ, ਪ੍ਰਮੁੱਖ ਲੋਕ ਗਾਇਕਾਂ ਅਤੇ ਅਦਾਕਾਰਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਦਾ ਧੰਦਾ ਸ਼ੁਰੂ ਕਰ ਲਿਆ। ਪੁਲੀਸ ਨੇ ਮੁਲਜ਼ਮ ਭੈਣਾਂ ਦੇ ਘਰਾਂ ’ਚੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਅਸਲਾ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ।
ਉਧਰ, ਪੁਲੀਸ ਵੱਲੋਂ ਮੰਗਲਵਾਰ ਦੇਰ ਸ਼ਾਮ ਮੁਲਜ਼ਮ ਭੈਣਾਂ ਰੁਪਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਉਨ੍ਹਾਂ ਦੇ ਘਰ ਪੇਸ਼ ਕੀਤਾ ਗਿਆ ਅਤੇ ਜੱਜ ਉਨ੍ਹਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਨਸ਼ਿਆਂ ਦਾ ਆਦਿ ਸੀ ਬਾਬਾ
ਚੰਡੀਗੜ੍ਹ : ਗੈਂਗਸਟਰ ਦਿਲਪ੍ਰੀਤ ਦੀ ਗਿ੍ਫ਼ਤਾਰੀ ਤੋਂ ਇਕ ਦਿਨ ਬਾਅਦ ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਿਲਪ੍ਰੀਤ ਬਾਬਾ ਨਸ਼ਿਆਂ ਤੇ ਔਰਤਾਂ ਨਾਲ ਸਬੰਧਾਂ ਦਾ ਆਦੀ ਸੀ। ਉਹ ਅਕਸਰ ਲਾਪ੍ਰਵਾਹੀ ਨਾਲ ਘੁੰਮਦਾ ਫਿਰਦਾ ਸੀ ਅਤੇ ਫਿਲਮਾਂ ਆਦਿ ਦੇਖਦਾ ਸੀ। ਉਸ ਨੂੰ ਰਹਿਣ ਲਈ ਸਹਾਰਾ ਦੇਣ ਵਾਲੀਆਂ ਦੋ ਭੈਣਾਂ ਦੀ ਗਿ੍ਫ਼ਤਾਰੀ ਦੀ ਸੂਚਨਾ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਹਰਪ੍ਰੀਤ ਕੌਰ ਵਿਧਵਾ ਅਤੇ ਦੋ ਬੱਚਿਆਂ ਦੀ ਮਾਂ ਹੈ ਅਤੇ ਉਸ ਦੀ ਛੋਟੀ ਭੈਣ ਰੁਪਿੰਦਰ ਕੌਰ, ਜੋ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ, ਗੈਂਗਸਟਰ ਦਿਲਪ੍ਰੀਤ ਦੀਆਂ ਸਾਥਣਾਂ ਸਨ। ਨਾਟਕੀ ਢੰਗ ਨਾਲ ਲੱਭੇ ਜਾਣ ਅਤੇ ਗਿ੍ਫ਼ਤਾਰ ਹੋਣ ਤੋਂ ਇਕ ਹਫ਼ਤਾ ਪਹਿਲਾਂ ਦਿਲਪ੍ਰੀਤ ਸਿੰਘ ਨੇ ਆਪਣੀ ਮਹਿਲਾ ਮਿੱਤਰ ਰੁਪਿੰਦਰ ਕੌਰ ਨਾਲ ਚੰਡੀਗੜ੍ਹ ਦੇ ਇਲਾਂਟੇ ਮਾਲ ਵਿੱਚ ਦੋ ਫਿਲਮਾਂ ਦੇਖੀਆਂ ਸਨ। ਉਸ ਦੇ ਬੈਗ ਵਿੱਚੋਂ 3 ਜੁਲਾਈ ਦੇ 10.15 ਵਜੇ ਦੇ ਫਿਲਮ ‘ਰੇਸ 3’ ਦੇ ਸ਼ੋਅ ਦੀਆਂ ਟਿਕਟਾਂ ਮਿਲੀਆਂ ਹਨ। ਰੁਪਿੰਦਰ ਕੌਰ ਨੇ ਵੀ ਮੰਨਿਆ ਕਿ ਉਸ ਨੇ ਦਿਲਪ੍ਰੀਤ ਨਾਲ ਫਿਲਮ ਦੇਖੀ ਸੀ ਅਤੇ ਇਸ ਤੋਂ ਬਾਅਦ 5 ਜਾਂ 6 ਜੁਲਾਈ ਨੂੰ ਫਿਰ ਫਿਲਮ ‘ਸੰਜੂ’ ਦੇਖੀ ਸੀ। ਪੁਲੀਸ ਦਾ ਕਹਿਣਾ ਹੈ ਕਿ ਦਿਲਪ੍ਰੀਤ ਦੇ ਗੈਂਗ ਵਿੱਚ ਮੁੱਖ ਤੌਰ ’ਤੇ 21 ਮੈਂਬਰ ਹਨ ਜਿਨ੍ਹਾਂ ’ਚੋਂ ਅੱਠ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਨੇੜਲਾ ਸਾਥੀ ਹਰਵਿੰਦਰ ਰਿੰਡਾ ਅਜੇ ਪੁਲੀਸ ਦੀ ਗਿ੍ਫ਼ਤ ਤੋਂ ਬਾਹਰ ਹੈ।

LEAVE A REPLY

Please enter your comment!
Please enter your name here