ਰਮਨ,ਬੇਬੇ ਨੂੰ ਮਿਲਣ ਦੀ ਜਿਦ ਕਰ ਰਿਹਾ ਸੀ।ਉਸਦੀ ਦਾਦੀ 3-4 ਦਿਨਾਂ ਤੋਂ ਸੀ.ਐਮ.ਸੀ.ਹਸਪਤਾਲ ਵਿਖੇ ਦਾਖਲ ਸੀ।ਗੁਰਦੁਆਰੇ ਤੋਂ ਆ ਰਹੀ ਸੀ ਕਿ ਕੋਈ ਮੋਟਰ ਸਾਈਕਲ ਸਵਾਰ ਫੇਟ ਮਾਰ ਗਿਆ ਸੀ । ਸਿਰ ਤੇ ਸੱਟ ਲੱਗੀ ਸੀ,ਖੁਨ ਕਾਫ਼ੀ ਬਹਿ ਗਿਆ ਸੀ।ਬੇਬੇ ਉਸੇ ਦਿਨ ਤੋਂ ਬੇਹੋਸ਼ ਹੀ ਸੀ ਆਈ .ਸੀ.ਯੂ ਵਿੱਚ ਵੈਂਟੀਲੇਟਰ ਤੇ ਸੀ । ਅੱਜ ਰਮਨ ਦੇ ਜਿੱਦ ਪੈਣ ਤੇ ਮਨਦੀਪ ਨੇ ਉਸ ਨੂੰ ਵੀ ਨਾਲ ਲੈ ਲਿਆ । ਉਸ ਦੇ ਮਨ ਚ’ ਆਇਆ,ਕੀ ਪਤਾ ਕਦੋਂ ਸਾਹ ਨਿਕਲ ਜਾਣ,ਹਾਲਤ ਜੋ ਖਰਾਬ ਸੀ । ਸ਼ਾਇਦ ਅੰਤਮ ਦਰਸ਼ਨ ਹੀ ਹੋਣ ।
ਸ਼ਾਮ 7 ਵਜੇ ਮਰੀਜ ਕੋਲ ਜਾਣ ਦੀ ਇਜਾਜਤ ਹੁੰਦੀ ਸੀ । ਮਨਦੀਪ ਨੇ ਰਮਨ ਨੂੰ ਨਾਲ ਲਿਆ ਤੇ ਬੇਬੇ ਕੋਲ ਆ ਗਈ । ਰਮਨ ਦੇਖਦਾ ਹੀ ਰਹਿ ਗਿਆ ।“ਪੁੱਤ, ਬੁਲਾ ਤਾਂ ਬੇਬੇ ਨੂੰ”ਮਨਦੀਪ ਨੇ ਰਮਨ ਨੂੰ ਕਿਹਾ । ਰਮਨ ਜੋ ਖਿੜੂੰ ਖਿੜੂੰ ਕਰਦੀ ਬੇਬੇ ਦੇ ਚਿਹਰੇ ਨੂੰ ਇਸ ਤਰਾਂ ਦੇਖ ਕੇ ਚੁੱਪ ਤੇ ਉਦਾਸ ਸੀ,ਆਪਣੀ ਮੰਮੀ ਦੀ ਗੱਲ ਸੁਣ ਕੇ ਜਰਾ ਹੌਸਲਾ ਕੀਤਾ । ਬੇਬੇ ਦੇ ਕੋਲ ਜਾ ਕੇ ਉਚੀ ਉਚੀ ਆਵਾਜਾਂ ਮਾਰੀਆਂ, “ਬੇਬੇ,ਬੇਬੇ,ਬੇਬੇ …“ਪਰ ਬੇਬੇ ਨੇ ਬਿਲਕੁਲ ਵੀ ਅੱਖ ਨਹੀਂ ਸੀ ਪੁੱਟੀ । ਰਮਨ ਨੇ ਹਿਲਾਇਆ ਵੀ ,ਪਰ ਕੋਈ ਅਸਰ ਨਾ ਹੋਇਆ।ਉਹ ਬਾਹਰ ਆ ਗਏ । ਅਤੇ ਆਪਣੇ ਘਰ ਪਹੁੰਚ ਗਏ ।
ਸ਼ਾਮੀ ਬੇਬੇ ਚੜ੍ਹਾਈ ਕਰ ਗਈ । ਸਭ ਪਾਸੇ ਰੋਣ ਕੁਰਲਾਣ ਸੁਰੂ ਹੋ ਗਿਆ ਸੀ । ਦੂਜੇ ਦਿਨ ਵਰਿੰਦਰ ਸਿੰਘ ਦੇ ਕਾਫ਼ੀ ਯਤਨ ਕਰਨ ਤੇਵੀ ਮ੍ਰਿਤਕ ਦੇਹ ਨੂੰ ਘਰ ਲਿਆਣ ਵਿੱਚ ਤਿੰਨ ਵਜ ਗਏ । ਉਸੇ ਸਮੇਂ ਸੰਸਕਾਰ ਕੀਤਾ ਗਿਆ । ਰਮਨ ਸਾਰਾ ਕੁਝ ਦੇਖਦਾ ਰਿਹਾ । ਉਸ ਨੂੰ ਰੋਣ ਵੀ ਆਇਆ । ਉਹ ਡਰਿਆ ਵੀ । ਅਗਲੇ ਦਿਨ ਫੁੱਲ ਚੁਗੇ ਗਏ ਅਤੇ ਕਟਾਣਾ ਸਾਹਿਬ ਜਾਣ ਦਾ ਫੈਸਲਾ ਹੋਇਆ । ਵਰਿੰਦਰ ਦੀ ਭੂਆ ਨੇ ਉਸ ਨੂੰ ਕਿਹਾ, “ਪੁੱਤ ਤੁਰਨ ਲੱਗੇ ਆਵਾਜ ਮਾਰ ਲਵੀ ਂ। ਇਹ ਜਰੂਰੀ ਹੁੰਦਾ ਏ ।”
ਰਮਨ ਵੀ ਮੰਮੀ ਡੈਡੀ ਦੇ ਨਾਲ ਕਟਾਣਾ ਸਾਹਿਬ ਲਈ ਵੀ ਤਿਆਰ ਹੋ ਗਿਆ । ਉਸ ਦੇ ਮੰਮੀ ਡੈਡੀ ਤੋਂ ਬਿਨਾਂ ਵੀ 3-4 ਰਿਸ਼ਤੇਦਾਰ ਨਾਲ ਜਾਣ ਵਾਲੇ ਸਨ । ਵਰਿੰਦਰ ਨੇ ਗੱਡੀ ਤੋਰਨ ਵੇਲੇ, ਨਾ ਚਾਹੁੰਦੇ ਹੋਏ ਵੀ,ਹੌਲੀ ਜਿਹੀ ਕਿਹਾ, “ਚਲ ਬੇਬੇ ਚਲੀਏ ।”ਅਤੇ ਗੱਡੀ ਤੋਰ ਲਈ । ਰਮਨ ਸੋਚ ਰਿਹਾ ਸੀ ਕਿ ਜਿਸ ਬੇਬੇ ਨੂੰ ਜੀਊਂਦੀ ਨੂੰ ਹਸਪਤਾਲ ਵਿੱਚ ਉਸ ਦੀਆਂ ਉਚੀ ਉਚੀ ਮਾਰੀਆਂ ਆਵਾਜਾਂ ਨਹੀਂ ਸੀ ਸੁਣੀਆਂ,ਕੀ ਉਸ ਨੂੰ ਡੈਡੀ ਦਾ ਹੌਲੀ ਦੇਣੇ ‘ਚਲ ਬੇਬੇ ਚਲੀਏ’ ਕਿਹਾ ਸੁਣ ਗਿਆ ਹੋਵੇਗਾ ?? ਬਾਲ-ਮਨ ਸੋਚੀਂ ਪੈ ਗਿਆ ਸੀ ।
———————–00000——————–
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126

LEAVE A REPLY

Please enter your comment!
Please enter your name here