Gossip

ਧਾਰਮਿਕ, ਸਮਾਜਿਕ ਅਤੇ ਸਾਹਿਤਕ  ਖੇਤਰ ਵਿੱਚ ਚੁਗਲਖੋਰੀ ਅਤੇ ਚੁਗਲਖੋਰ ਨੂੰ ਮਾੜਾ ਇਨਸਾਨ ਮੰਨਿਆ  ਜਾਂਦਾ ਹੈ। ਪਿੱਠ ਪਿੱਛੇ ਨਿੰਦਾ ਕਰਨ ਨੂੰ ਚੁਗਲਖੋਰੀ ਦਾ ਨਾਂ ਦਿੱਤਾ ਜਾਂਦਾ ਹੈ। ਇਹ ਨੌਬਤ ਉਦੋਂ ਆਉਂਦੀ ਹੈ ਜਦੋਂ ਚੁਗਲੀ ਕਰਨ ਵਾਲਾ ਚੁਗਲੀ ਕਰਨ ਵਾਲੇ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਰੱਖਦਾ। ਇਸ ਲਈ ਆਪਣੀ ਭੜਾਸ ਕੱਢਣ ਲਈ ਚੁਗਲੀ  ਦੀ ਆਦਤ ਪਾਉਂਦਾ ਹੈ। ਚੰਗਾ ਤਾਂ ਹੋਵੇ ਜੇ ਮੁਕਾਬਲਾ ਕੀਤਾ ਜਾਵੇ,  ਪਰ ਚੁਗਲੀ ਕਰਕੇ ਹੀ ਬੁੱਤਾ ਸਾਰ ਲਿਆ ਜਾਂਦਾ ਹੈ।
ਨਮੋਸ਼ੀ ਤੋਂ ਬਚਣ ਲਈ  ਚੁਗਲਖੋਰ, ਚੁਗਲਖੋਰੀ ਨੂੰ ਇਹ ਕਹਿ ਕੇ ਹੱਲਾਸ਼ੇਰੀ ਦਿੰਦਾ ਹੈ ਕਿ ਹੋਈ ਗੱਲ ਕਰਨੀ ਚੁਗਲੀ ਨਹੀਂ ਹੁੰਦੀ। ਜਿਵੇਂ ਬੰਦੇ ਦੇ ਆਚਾਰ ਵਿਵਹਾਰ ਨਾਲ ਸ਼ਖ਼ਸੀਅਤ ਨਿੱਖਰਦੀ ਹੈ, ਉਸੇ ਤਰ੍ਹਾਂ ਚੁਗਲਖੋਰੀ ਦੀ ਆਦਤ ਬੰਦੇ ਦੀ ਸ਼ਖ਼ਸੀਅਤ ਨੂੰ ਨਿਘਾਰਦੀ ਹੈ। ਇਸ ਲਈ ਚੁਗਲੀ ਕਰਨ ਦੀ ਆਦਤ ਨੂੰ ਸਮਾਜ ਵਿੱਚ ਬੁਰਾ ਮੰਨਿਆ ਜਾਂਦਾ ਹੈ।
ਵਿਅੰਗਆਤਮਕ ਤੌਰ ’ਤੇ ਔਰਤ ਨੂੰ ਆਦਮੀ ਨਾਲੋਂ ਚੁਗਲਖੋਰੀ ਦੀ ਆਦਤ ਵਿੱਚ ਨਿਖੇੜਨ ਦੀ ਗਵਾਹੀ  ਇਸ ਤਰ੍ਹਾਂ ਦਿੱਤੀ ਜਾਂਦੀ ਹੈ ‘ਭੈਣੇ ਤੈਨੂੰ ਦੱਸੀ ਹੋਰ ਕਿਸੇ ਨੂੰ ਦੱਸੀਂ ਨਾ’। ਪਰ ਹਕੀਕਤ ਇਸਤੋਂ ਵੱਖਰੀ ਹੈ। ਇਸ  ਵਿਅੰਗ  ਦੀ ਗੁਰਦਾਸ ਮਾਨ ਨੇ ਪ੍ਰੋੜਤਾ ਇਸ ਤਰ੍ਹਾਂ ਕੀਤੀ ਹੈ:
ਮੈਨੂੰ ਤਾਂ ਚੁਗਲੀ ਦੀ ਭੈਣੇ ਆਦਤ ਨਹੀਂ,
ਪਰ ਸੱਚ ਦੇਖ ਕੇ ਹੁੰਦਾ ਵੀ ਬਰਦਾਸ਼ਤ ਨਹੀਂ।   
ਇੱਕ ਹੋਰ ਪ੍ਰੋੜਤਾ ਰੂਪੀ ਦੰਦ ਕਥਾ ਹੈ ਕਿ ਸਭ ਤੋਂ ਵੱਡਾ ਝੂਠ ਬੋਲ ਕੇ ਦੱਸੋ ਤਾਂ ਉੱਤਰ ਮਿਲਿਆ ‘ਰੇਲ ਦਾ ਡੱਬਾ ਔਰਤਾਂ ਨਾਲ ਭਰਿਆ ਪਿਆ ਸੀ, ਪਰ ਸਭ ਚੁੱਪ ਸਨ।’ ਇਨ੍ਹਾਂ ਰਾਹੀਂ ਸੰਕੇਤ ਇਹ ਦਿੱਤੇ ਗਏ ਹਨ ਕਿ ਔਰਤ ਚੁੱਪ ਅਤੇ ਚੁਗਲੀ ਬਿਨਾਂ ਨਹੀਂ ਰਹਿ ਸਕਦੀ, ਪਰ ਹਕੀਕਤ ਔਰਤ ਦਾ  ਨਿਰਾਦਰ ਹੈ। ਹਕੀਕੀ ਤੌਰ ’ਤੇ ਚੁਗਲੀ ਦੀ ਬੁਰੀ ਆਦਤ ਨੂੰ ਕਿਸੇ ਲਿੰਗ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਬੁਰੀ ਆਦਤ ਸੋਝੀ ਅਤੇ ਪਰਿਵਾਰਕ ਹਾਲਾਤ ’ਤੇ ਨਿਰਭਰ ਕਰਦੀ ਹੈ। ਪਿੰਡਾਂ ਵਿੱਚ ਚੁਗਲਖੋਰੀ ਦੀ ਬੁਰੀ ਆਦਤ  ਵਾਲੇ ਨੂੰ ਚੁਗਲਖੋਰ ਦਾ ਖਿਤਾਬ ਵੀ ਮਿਲ ਜਾਂਦਾ ਹੈ। ਸਮਾਜ ਵਿੱਚ ਚਲਾਕ ਕਿਸਮ ਦੇ ਲੋਕ ਆਪਣੀ ਗੱਲ ਕਿਸੇ ਹੋਰ ਤਕ ਅਸਿੱਧੇ ਤੌਰ ’ਤੇ ਪਹੁੰਚਾਉਣੀ ਚਾਹੁੰਦੇ ਹਨ  ਤਾਂ ਉਹ ਜਾਣਬੁੱਝ ਕੇ ਚੁਗਲਖੋਰ ਕੋਲ ਕਰ ਦਿੰਦੇ ਹਨ।
ਚੁਗਲਖੋਰੀ ਨਾਲ ਸਮਾਜ ਵਿੱਚ ਝਗੜੇ ਪੈਦਾ ਹੁੰਦੇ ਹਨ ਜੋ ਭਾਈਚਾਰਕ ਏਕਤਾ ਨੂੰ ਢਾਅ ਲਾਉਂਦੇ ਹਨ। ਖੁੰਡ ਚਰਚਾ ਸਮੇਂ ਚੁਗਲਖੋਰੀ ਭਾਰੂ ਰਹਿੰਦੀ ਹੈ। ਇਹ ਵੀ ਪਰਿਵਾਰਕ ਸਮਾਜੀਕਰਨ ’ਤੇ ਨਿਰਭਰ ਹੈ ਕਿ ਜੋ ਸਿੱਖਿਆ ਉਹੀ ਬੋਲਿਆ ਜਾਂਦਾ ਹੈ। ਮਾਂ ਦੇ ਪੇਟ ਵਿੱਚੋਂ ਕੋਈ ਵੀ ਸਿੱਖ ਕੇ ਨਹੀਂ ਆਉਂਦਾ ਬਲਕਿ ਪੈਦਾ ਹੋਣ ਤੋਂ ਬਾਅਦ  ਹੀ ਹੌਲੀ ਹੌਲੀ  ਸਿੱਖਦਾ  ਹੈ। ਇਹ ਸਿੱਖਿਆ ਅਤੇ ਪਰਿਵਾਰਕ ਹਾਲਾਤ ’ਤੇ ਨਿਰਭਰ ਹੈ ਕਿ ਸਿੱਖਿਆ ਬੁਰੀ ਆਦਤ ਦੀ ਮਿਲਦੀ ਹੈ ਜਾਂ ਚੰਗੀ ਆਦਤ ਦੀ। ਅੱਜ ਸਮਾਜਿਕ ਤਰੱਕੀ ਦੇ ਦੌਰ ਵਿੱਚ ਚੁਗਲਖੋਰ ਨੂੰ ਜ਼ਿਆਦਾ ਲੋਕਾਂ ਵੱਲੋਂ ਮੂੰਹ ਨਹੀਂ ਲਾਇਆ ਜਾਂਦਾ। ਹਰ ਕੋਈ ਉਸਤੋਂ ਖਹਿੜਾ ਛੁਡਾਉਣ ਨੂੰ ਤਿਆਰ ਰਹਿੰਦਾ ਹੈ। ਪਰ ਦੂਜੀ ਤਰਫ਼ ਚੁਗਲੀ ਕਰਨਾ ਚੁਗਲਖੋਰ ਦੀ ਮਜਬੂਰੀ ਹੈ। ਜਦੋਂ ਤਕ ਉਹ ਆਪਣੇ ਢਿੱਡ ਦੀ ਗੱਲ ਬਾਹਰ ਨਾ ਕੱਢ ਦੇਵੇ ਤਾਂ ਉਸਦੇ ਢਿੱਡ ਪੀੜ ਹੁੰਦੀ ਰਹਿੰਦੀ ਹੈ। ਇਸੇ ਲਈ ਤਾਂ ਗੁਰਦਾਸ ਮਾਨ ਨੇ ਗਾਇਆ ਹੈ:
ਚੁਗਲੀ ਕਰਨਾ ਚੁਗਲਖੋਰ ਦੀ ਡਿਊਟੀ ਹੈ
ਫੈਸ਼ਨ ਵਾਂਗੂ ਚੁਗਲੀ ਵੀ ਇੱਕ ਬਿਊਟੀ ਹੈ।

ਸੰਪਰਕ : 98781-11445

Comments Off on ਚੁਗਲੀ ਵੀ ਇੱਕ ਡਿਊਟੀ ਹੈ…

LEAVE A REPLY

Please enter your comment!
Please enter your name here