ਉਸ ਰਾਤ ਚੰਦ ਗ੍ਰਹਿਣ ਲੱਗਿਆ ਸੀ। ਪਿੰਡ ਦੇ ਲੋਕ ਨਦੀ ’ਚ ਇਸ਼ਨਾਨ ਕਰ ਰਹੇ ਸਨ। ਉਧਰ ਖੱਟਰ ਚਾਚਾ ਵਰਾਂਡੇ ’ਚ ਬੈਠੇ ਅੱਗ ਸੇਕ ਰਹੇ ਸਨ। ਮੈਂ ਜਾ ਕੇ ਪੁੱਛਿਆ, ‘‘ਚਾਚਾ, ਗ੍ਰਹਿਣ ਇਸ਼ਨਾਨ ਕਰਨ ਚੱਲੋਗੇ?’’
ਚਾਚਾ ਬੋਲਿਆ, ‘‘ਓ ਬਈ ਸਰਦੀ ਦਾ ਮੌਸਮ ਹੈ। ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਵੇਲੇ ਅੱਧੀ ਰਾਤ ਨੂੰ ਮੈਂ ਇਸ਼ਨਾਨ ਕਰਨ ਜਾਵਾਂ, ਮੈਨੂੰ ਹਲਕੇ ਕੁੱਤੇ ਨੇ ਵੱਢਿਆ ਹੈ?’’
ਮੈਂ ਕਿਹਾ, ‘‘ਦੇਖੋ ਨਾ ਘਾਟ ’ਤੇ ਲੋਕਾਂ ਦਾ ਹਜੂਮ ਕਿਵੇਂ ਠਾਠਾਂ ਮਾਰ ਰਿਹਾ ਹੈ।’’
ਚਾਚੇ ਨੇ ਕੰਬਦਿਆਂ ਕਿਹਾ, ‘‘ਹੇ ਪਰਮਾਤਮਾ, ਇਹ ਹੱਡਚੀਰਵੀਂ ਹਵਾ ਗਿੱਲੇ ਕੱਪੜਿਆਂ ’ਚੋਂ ਲੰਘਦੀ ਤੀਰ ਵਾਂਗੂੰ ਚੀਰਦੀ ਜਾ ਰਹੀ ਹੈ। ਫਿਰ ਵੀ ਪੁੰਨ ਖੱਟਣ ਦੇ ਲੋਭ ਸਦਕਾ ਕਿਵੇਂ ਘਸਮਾਣ ਮਚਿਆ ਹੈ।’’
‘‘ਤੁਸੀਂ ਸਚਮੁੱਚ ਇਸ਼ਨਾਨ ਨਹੀਂ ਕਰੋਗੇ?’’
‘‘ਓ ਬਈ, ਚੰਨ ’ਤੇ ਜੋ ਧਰਤੀ ਦਾ ਪਰਛਾਵਾਂ ਪੈ ਰਿਹਾ ਹੈ, ਕੁਝ ਹੀ ਦੇਰ ’ਚ ਆਪੇ ਠੀਕ ਹੋ ਜਾਵੇਗਾ। ਫਿਰ ਮੈਂ ਕਿਉਂ ਪਾਣੀ ’ਚ ਡੁੱਬਣ ਜਾਵਾਂ? ਸਾਰੇ ਪਿੰਡ ਨਾਲ ਮੈਂ ਵੀ ਪਾਗਲ ਹੋ ਜਾਵਾਂ?’’
‘‘ਓਧਰ ਪੰਡਤ ਜੀ ਨੂੰ ਦੇਖੋ, ਕਿਸ ਤਰ੍ਹਾਂ ਅੱਖਾਂ ਬੰਦ ਕਰਕੇ ਮੰਤਰ ਜਪ ਰਹੇ ਹਨ। ਉਨ੍ਹਾਂ ਨੂੰ ਇਸ ਵਾਰ ਗ੍ਰਹਿਣ ਦੇਖਣਾ ਮਨ੍ਹਾਂ ਹੈ।’’
‘‘ਦੇਖ ਲਿਆ ਤਾਂ ਕੀ ਹੋਵੇਗਾ?’’
‘‘ਮੌਤ।’’
‘‘ਮੌਤ ਤਾਂ ਇਕ ਦਿਨ ਆਉਣੀ ਹੀ ਹੈ। ਕੀ ਅੱਖਾਂ ਬੰਦ ਕਰਨ ਨਾਲ ਜਾਂ ਮੰਤਰ ਦਾ ਜਾਪ ਕਰਨ ਨਾਲ ਟਲ ਜਾਵੇਗੀ?’’
‘‘ਇਸ ਵਾਰੀ ਉਨ੍ਹਾਂ ਦੀ ਰਾਸ਼ੀ ’ਚ ਮ੍ਰਿਤੂ ਯੋੋਗ ਹੈ।’’
‘‘ਓ ਭਤੀਜ, ਮੈਂ ਬਚਪਨ ਤੋਂ ਹੁਣ ਤਕ ਪਤਾ ਨਹੀਂ ਕਿੰਨੇ ਮ੍ਰਿਤੂ ਯੋੋਗ ਪਾਰ ਕਰ ਚੁੱਕਿਆ ਹਾਂ। ਕਦੇ ਮੰਤਰ ਜਾਪ ਨਹੀਂ ਕੀਤਾ। ਅੱਜ ਤਕ ਮਾਰਕੇਸ਼ ਨੇ ਮੇਰਾ ਇਕ ਵੀ ਕੇਸ (ਵਾਲ) ਵਿੰਗਾ ਨਹੀਂ ਕੀਤਾ। ਜੇ ਗ੍ਰਹਿ ਸ਼ਾਂਤੀ ਨਾ ਕਰਨ ਨਾਲ ਸਚਮੁੱਚ ਮੌਤ ਆਉਣੀ ਹੁੰਦੀ ਤਾਂ ਹੁਣ ਤਕ ਇੰਗਲਿਸਤਾਨ, ਤੁਰਕਿਸਤਾਨ, ਅਫ਼ਗਾਨਿਸਤਾਨ, ਬਲੋਚਿਸਤਾਨ ਆਦਿ ਸਾਰੇ ਦੇਸ਼ ਕਬਰਿਸਤਾਨ ਬਣ ਗਏ ਹੁੰਦੇ। ਸਿਰਫ਼ ਪਾਂਡੇ-ਪੁਜਾਰੀਆਂ ਵਰਗੇ ਕੁਝ ਅਖੌਤੀ ਸਰਬ-ਗਿਆਤਾ, ਬੁੱਧੀਮਾਨ ਜੰਬੂ ਦੀਪ ਦੇ ਇਸ ਭਾਰਤ ਖੰਡ ਦੀ ਸ਼ੋਭਾ ਵਧਾ ਰਹੇ ਹੁੰਦੇ।
‘‘…ਤਾਂ ਰਾਸ਼ੀਫਲ ਤੇ ਗ੍ਰਹਿ ਸ਼ਾਂਤੀ ਮਨਘੜਤ ਗੱਲਾਂ ਹਨ?’’
‘‘ਬਿਲਕੁਲ! ਤੂੰ ਆਪ ਹੀ ਸੋਚ। ਇਸ ਵਾਰ ਤੇਰੀ ਚਾਚੀ ਦਾ ਰਾਸ਼ੀਫਲ ਹੈ ਇਸਤਰੀ ਨਾਸ਼। ਰਾਸ਼ੀਫਲ ਬਣਾਉਣ ਵਾਲਿਆਂ ਨੂੰ ਏਨਾ ਵੀ ਖਿਆਲ ਨਹੀਂ ਕਿ ਔਰਤਾਂ, ਬੱਚਿਆਂ ਤੇ ਕੰਵਾਰਿਆਂ ’ਤੇ ਇਹ ਕਿਵੇਂ ਲਾਗੂ ਹੋਵੇਗਾ। ਜ਼ਿਆਦਾਤਰ ਰਾਸ਼ੀਫਲ ਜਾਣਬੁੱਝ ਕੇ ਖਰਾਬ ਰੱਖੇ ਜਾਂਦੇ ਹਨ ਕਿਉਂਕਿ ਜੇ ਦੁੱਖ ਸੰਤਾਪ, ਚਿੰਤਾ, ਗੰਭੀਰ ਚੋਟ ਲੱਗਣ ਵਰਗਾ ਖ਼ਤਰਨਾਕ ਕੁਝ ਨਾ ਲਿਖਣ ਤਾਂ ਸੰਕਟ ਹਰਨ ਦੇ ਉਪਾਅ ਦੇ ਨਾਂ ’ਤੇ ਉਨ੍ਹਾਂ ਦੀ ਮੁਰਾਦ ਕਿਵੇਂ ਪੂਰੀ ਹੋਵੇ। ਸਮਝੋ, ਇਹ ਗ੍ਰਹਿਣ ਚੰਦਰਮਾ ਨੂੰ ਨਹੀਂ, ਸਾਨੂੰ ਲੱਗਦਾ ਹੈ।’’ ‘‘ਉਹ ਕਿਵੇਂ ਚਾਚਾ ਸਿੰਹਾਂ?’’
‘‘ਦੇਖੋ, ਗ੍ਰਹਿਣ ਲੱਗਦੇ ਹੀ ਸਾਡੇ ਘਰ ’ਚ ਜਿਵੇਂ ਸਭ ਕੁਝ ਅਪਵਿੱਤਰ ਹੋ ਜਾਂਦਾ ਹੈ। ਗ੍ਰਹਿਣ ਤੋਂ ਇਕ ਘੰਟਾ ਪਹਿਲਾਂ ਹੀ ਰਸੋਈ ’ਚ ਰੋਟੀ-ਪਾਣੀ ਬੰਦ। ਮਿੱਟੀ ਦੇ ਭਾਂਡੇ ਬਾਹਰ ਸੁੱਟੋ। ਇਸ਼ਨਾਨ ਕਰੋ, ਜਪ ਕਰੋ, ਸ਼ਾਂਤੀ ਪਾਠ ਕਰਾਓ। ਪੁਰੋਹਿਤਾਂ ਨੂੰ ਦਾਨ-ਪੁੰਨ ਕਰੋ। ਇਨ੍ਹਾਂ ਨੇ ਚੰਨ ਗ੍ਰਹਿਣ ਨੂੰ ਵੀ ਕਮਾਈ ਦਾ ਸਾਧਨ ਬਣਾ ਲਿਆ ਹੈ।
ਇੰਨੇ ’ਚ ਹੀ ਗ੍ਰਹਿਣ ਦਾਨ ਦਾ ਸ਼ੋਰ ਮਚ ਗਿਆ।
ਚਾਚਾ ਬੋਲੇ, ‘‘ਦੇਖੋ ‘ਰਾਹੂ’ ਦੇ ਭਾਈਬੰਦ ‘ਕਰ’ ਵਸੂਲਣ ਲਈ ਕਿਵੇਂ ਹੋ-ਹੱਲਾ ਮਚਾ ਰਹੇ ਨੇ। ਜਦੋਂ ਰਿਸ਼ਵਤ ਮਿਲ ਜਾਵੇਗੀ ਤਾਂ ਸਿਫ਼ਾਰਿਸ਼ ਕਰਕੇ ਰਾਹੂ ਤੋਂ ਚੰਦਰਮਾ ਨੂੰ ਛੁਡਾ ਲੈਣਗੇ। ਤਦ ਤਕ ਇਹ ਦੈਂਤ ਚੰਦਰਮਾ ’ਤੇ ਆਪਣੇ ਦੰਦ ਗੱਡ ਕੇ ਰੱਖੇਗਾ। ਦੇਖਦਾ ਏਂ ਕਿਵੇਂ ਪੈਸਾ ਵਰਸ ਰਿਹਾ ਹੈ? ਵਾਰੇ ਵਾਰੇ ਜਾਈਏ ਇਨ੍ਹਾਂ ਦੀ ਅਕਲ ਦੇ।’’
‘‘ਖੱਟਰ ਚਾਚਾ, ਤੁਹਾਡੇ ਵਿਚਾਰ ’ਚ ਇਹ ਅੰਧ-ਵਿਸ਼ਵਾਸ ਹੈ?’’
‘‘ਤੈਨੂੰ ਕੋਈ ਸ਼ੱਕ ਹੈ ਇਸ ਵਿਚ? ਅੱਜ ਸਾਰੇ ਦੇਸ਼ ਵਿਚ ਥਾਂ-ਥਾਂ ਮੇਲੇ ਲੱਗੇ ਹੋਣਗੇ। ਕਾਸ਼ੀ, ਪਰਿਯਾਗ ’ਚ ਮਨੁੱਖੀ ਸਿਰਾਂ ਦਾ ਸਾਗਰ ਲਹਿਰਾ ਰਿਹਾ ਹੋਵੇਗਾ। ਕਿੰਨੇ ਬੱਚੇ ਗੁੰਮ ਹੋਣਗੇ। ਕਿੰਨੇ ਬਜ਼ੁਰਗ ਮਿੱਧੇ ਜਾਣਗੇ। ਕਿੰਨੀਆਂ ਔਰਤਾਂ ਬਦਮਾਸ਼ਾਂ ਦੀ ਬਦਤਮੀਜ਼ੀ ਦਾ ਸ਼ਿਕਾਰ ਹੋਣਗੀਆਂ, ਇਸ ਦਾ ਕੋਈ ਟਿਕਾਣਾ ਨਹੀਂ। ਧਰਮ ਦੇ ਨਾਂ ’ਤੇ ਅਜਿਹਾ ਧੱਕਮ-ਧੱਕਾ ਤੇ ਰੌਲਾ-ਗੌਲਾ ਹੋਰ ਕਿਧਰੇ ਦੇਖਿਆ-ਸੁਣਿਆ ਹੈ? ਹੋਰ ਕਿਸੇ ਦੇਸ਼ ’ਚ ਇਸ ਮੱਦ ’ਤੇ ਇਕ ਪੈਸਾ ਖਰਚ ਨਹੀਂ ਹੁੰਦਾ। ਸਾਡੇ ਦੇਸ਼ ’ਚ ਅੱਜ ਕਰੋੜਾਂ ਪਾਣੀ ’ਚ ਜਾਣਗੇ। ਇਹੀ ਰੁਪਿਆ ਜਨ ਹਿੱਤ ਦੇ ਕਿਸੇ ਕੰਮ ’ਤੇ ਖਰਚ ਹੁੰਦਾ ਤਾਂ ਕਿੰਨੇ ਦੇਸ਼ ਵਾਸੀਆਂ ਦਾ ਭਲਾ ਹੁੰਦਾ। ਪੇਟ ’ਚ ਅੰਨ ਨਹੀਂ, ਗੰਢ ’ਚ ਪੈਸਾ ਨਹੀਂ। ਫਿਰ ਵੀ ਗੋਤੇ ਲਗਾਉਣ ’ਚ ਸਭ ਤੋਂ ਅੱਗੇ। ਅਸੀਂ ਪ੍ਰਿਥਵੀਂ ਦੇ ਪਰਛਾਵੇਂ ਪਿੱਛੇ ਪੈਸੇ ਲੁਟਾਉਂਦੇ ਰਹਿੰਦੇ ਹਾਂ। ਇਸੇ ਅੰਧ-ਵਿਸ਼ਵਾਸ ਕਾਰਨ ਕਈਆਂ ਨੂੰ ਗੰਗਾ ਇਸ਼ਨਾਨ ਸਮੇਂ ਗੰਗਾ ਲਾਭ ਜੀਵਨ ਤੋਂ ਮੁਕਤੀ ਦੇ ਰੂਪ ਵਿਚ ਮਿਲ ਜਾਂਦਾ ਹੈ।’’
‘‘…ਤਾਂ ਤੁਹਾਡੇ ਵਿਚਾਰ ’ਚ ਇਹ ਪੂਜਾ-ਪਾਠ, ਇਸ਼ਨਾਨ, ਦਾਨ ਸਭ ਪਾਖੰਡ ਹੈ?’’
‘‘ਹੋਰ ਨਹੀਂ ਤਾਂ ਕੀ! ਭਤੀਜ, ਤੂੰ ਆਪ ਹੀ ਸੋਚ ਦੁਨੀਆਂ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ। ਅਮਰੀਕਾ ਵਾਲੇ ਚੰਦ ਦੀ ਧਰਤੀ ’ਤੇ ਜਾ ਆਏ ਹਨ। ਚੰਦ ਦੀ ਉੱਚੀ-ਨੀਵੀਂ ਜ਼ਮੀਨ ਤੇ ਟੋਇਆਂ-ਟਿੱਬਿਆਂ ਦੇ ਨਕਸ਼ੇ ਬਣਾ ਰਹੇ ਹਨ। ਕਿਸੇ ਵੇਲੇ ਚੰਨ ਨੂੰ ਛੂਹਣਾ ਮਹਿਜ਼ ਕਲਪਨਾ ਸੀ। ਅੱਜ ਵਿਗਿਆਪਨ ਨੇ ਇਸ ਨੂੰ ਸੰਭਵ ਬਣਾ ਦਿੱਤਾ ਹੈ। ਸਾਡੇ ਲੋਕ ਹੁਣ ਵੀ ਧਰਤੀ ਤੋਂ ਚੰਦ ਨੂੰ ਦਹੀਂ ਕੇਲੇ ਦਿਖਾ ਕੇ ਪੂਜਾ ਕਰਦੇ ਰਹਿੰਦੇ ਨੇ।’’
‘‘ਚਾਚਾ, ਇਹ ਤਾਂ ਸੱਚਮੁੱਚ ਸ਼ਰਮ ਦੀ ਗੱਲ ਹੈ। ਪਰ ਇਸ ਅਗਿਆਨਤਾ ਦਾ ਕਾਰਨ ਕੀ ਹੈ?’’
‘‘ਲੋਕਾਂ ਦੀ ਅੰਧ-ਸ਼ਰਧਾ ਤੇ ਪੁਜਾਰੀ ਵਰਗ।’’
‘‘ਉਹ ਕਿਵੇਂ ਚਾਚਾ! ਤੂੰ ਤਾਂ ਬੁਝਾਰਤਾਂ ਪਾ ਰਿਹਾ ਹੈਂ। ਇਸ ਅੰਧ-ਵਿਸ਼ਵਾਸ ਦਾ ਕਾਰਨ ਉਹ ਕਿਵੇਂ ਹੋ ਸਕਦੇ ਨੇ?’’
‘‘ਦੇਖ ਇਨ੍ਹਾਂ ਦੇ ਹੱਥ ਇਕ ਵਿੱਦਿਆ ਲੱਗ ਗਈ। ਗ੍ਰਹਿਣ ਦਾ ਗਿਆਨ। ਅੱਜ ਵਿਗਿਆਨ ਦਾ ਇਕ ਸਾਧਾਰਨ ਵਿਦਿਆਰਥੀ ਵੀ ਗਣਿਤ ਦੀ ਸਹਾਇਤਾ ਨਾਲ ਇਹ ਜਾਣ ਸਕਦਾ ਹੈ। ਪੁਰਾਣੇ ਸਮਿਆਂ ’ਚ ਇਹੀ ਵਿੱਦਿਆ ਇਨ੍ਹਾਂ ਲਈ ਵਰਦਾਨ ਬਣ ਗਈ। ਸੂਰਜ-ਚੰਦਰਮਾ ਇਨ੍ਹਾਂ ਲਈ ਸੋਨਾ, ਚਾਂਦੀ ਬਣ ਗਏ। ਲੋਕਮਨਾਂ ’ਚ ਇਨ੍ਹਾਂ ਬਾਰੇ ਅੰਧ-ਵਿਸ਼ਵਾਸ ਫੈਲ ਗਿਆ ਕਿ ਜੇ ਇਹ ਲੋਕ ਗ੍ਰਹਿਆਂ ਦੀਆਂ ਗਤੀਵਿਧੀਆਂ ਤੋਂ ਜਾਣੂ ਹਨ ਤਾਂ ਇਹ ਪ੍ਰਿਥਵੀ ਬਾਰੇ ਵੀ ਸਭ ਕੁਝ ਜਾਣਦੇ ਹੋਣਗੇ। ਪੁਜਾਰੀ ਵਰਗ ਵੀ ਸਰਬ-ਗਿਆਤਾ ਹੋਣ ਦਾ ਢੌਂਗ ਕਰਨ ਲੱਗਾ। ਜਿਨ੍ਹਾਂ ਗ੍ਰਹਿਆਂ ’ਤੇ ਮਨੁੱਖ ਆਪਣੀ ਪੈੜਾਂ ਛੱਡ ਆਇਆ ਹੈ, ਉਨ੍ਹਾਂ ਨੂੰ ਇਹ ਆਪਣੇ ਸਵਾਰਥ ਲਈ ਹਊਆ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਰਹੇ। ਹੌਲੀ ਹੌਲੀ ਉਹ ਸਾਰੇ ਗ੍ਰਹਿਆਂ ਦੇ ਠੇਕੇਦਾਰ ਬਣ ਗਏ। ਉਨ੍ਹਾਂ ਦੇ ਨਾਮ ’ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦਾਨ ਵਜੋਂ ਲੈਣ ਲੱਗੇ। ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ। ਦੇਖੋ ਕਿਵੇਂ ਨਾਟਕੀ ਢੰਗ ਨਾਲ ਦਾਨ ਲੈਂਦੇ ਨੇ। ਚੰਦਰਮਾ ਦੇ ਨਾਮ ’ਤੇ ਸਫ਼ੈਦ ਰੰਗ ਦੇ ਪਦਾਰਥ ਜਿਵੇਂ ਚਾਂਦੀ, ਮੋਤੀ, ਸੰਖ, ਚਾਵਲ, ਦਹੀਂ, ਘੀ, ਕਪੂਰ, ਚੰਦਨ, ਸਫ਼ੈਦ ਕੱਪੜਾ, ਸਫ਼ੈਦ ਬਲਦ ਆਦਿ। ਸ਼ਨੀ ਦੇ ਨਾਂ ’ਤੇ ਕਾਲੇ ਰੰਗ ਦੀਆਂ ਚੀਜ਼ਾਂ ਜਿਵੇਂ ਲੋਹਾ, ਨੀਲਮਣੀ, ਤਿਲ, ਉੜਦ, ਮੱਝ, ਕਾਲੀ ਗਾਂ। ਸੂਰਜ ਦੇ ਨਾਮ ’ਤੇ ਲਾਲ ਰੰਗ ਦੇ ਪਦਾਰਥ ਜਿਵੇਂ ਸੋਨਾ, ਤਾਂਬਾ, ਮਣੀ, ਮੂੰਗਾ, ਕਣਕ, ਕੇਸਰ, ਲਾਲ ਕੱਪੜਾ, ਭੂਰੇ ਰੰਗ ਦਾ ਵੱਛਾ। ਕਿੰਨੀ ਵਧੀਆ ਕਵਿਤਾ ਬਣ ਗਈ। ਜਜਮਾਨਾਂ ਲਈ ਚਾਹੇ ਮਹਿੰਗੀ ਪੈਂਦੀ ਹੋਵੇ, ਪਰ ਲੈਣ ਵਾਲਿਆਂ ਲਈ ਜ਼ਰੂਰ ਲਾਭਕਾਰੀ ਸਿੱਧ ਹੋਈ। ਇਸੇ ਤਰ੍ਹਾਂ ਸਭ ਗ੍ਰਹਿਆਂ ਦੇ ਵਹੀ ਖਾਤੇ ਖੁੱਲ੍ਹੇ ਹੋਏ ਹਨ। ਜਜਮਾਨਾਂ ਦੇ ਘਰ ਚਾਹੇ ਭੰਗ ਭੁੱਜਦੀ ਹੋਵੇ, ਜੋਤਸ਼ੀਆਂ ਦੀਆਂ ਪੰਜੇ ਉਂਗਲੀਆਂ ਘਿਓ ’ਚ ਰਹਿੰਦੀਆਂ ਹਨ।’’
‘‘ਚਾਚਾ ਦੇਖੋ, ਚੌਧਰਾਣੀ ਘੀ ਦਾ ਘੜਾ ਦਾਨ ਕਰ ਰਹੀ ਹੈ।’’ ‘‘ਉਂਜ ਤਾਂ ਸਿੱਧੀ ਉਂਗਲੀ ਨਾਲ ਛਟਾਂਕ ਘੀ ਕਿਸੇ ਨੂੰ ਨਾ ਦੇਵੇ। ਅਗਲਿਆਂ ਨੇ ਅਜਿਹਾ ਪ੍ਰਪੰਚ ਰਚਿਆ ਗਿਆ ਹੈ ਕਿ ਪੂਰਾ ਘੜਾ ਹੀ ਉਠਾ ਲੈ ਗਏ।’’
ਇੰਨੇ ’ਚ ਘਾਟ ’ਤੇ ਸ਼ਹਿਨਾਈ ਵੱਜਣ ਲੱਗੀ।
ਚਾਚਾ ਕਹਿਣ ਲੱਗੇ, ‘‘ਇਸ ਨਗਾਰਖਾਨੇ ’ਚ ਮੇਰੇ ਵਰਗੀ ਤੂਤੀ ਦੀ ਕੌਣ ਸੁਣਦਾ ਏ। ਜਾ, ਤੂੰ ਤਾਂ ਡੁਬਕੀ ਲਗਾ ਤੇ ਪੁੰਨ ਖੱਟ ਨਹੀਂ ਤਾਂ ਫਿਰ ਮੈਨੂੰ ਦੋਸ਼ ਦੇਵੇਂਗਾ।

Comments Off on ਚੰਨ ਗ੍ਰਹਿਣ

LEAVE A REPLY

Please enter your comment!
Please enter your name here