ਗੌਤਮ ਰਿਸ਼ੀ ਦੇ ਘਰੇ ਜੋ ਚੰਦ ਚਾੜ੍ਹਿਆ,
ਸੁਹਾਗਣਾਂ ਉਹ ਚੰਦ ਵੇਂਹਦੀਆਂ

ਇੱਕ ਅਧਿਆਪਕ ਮਿੱਤਰ ਦਾ ਫੋਨ ਆਇਆ ਕਿ ਅਸੀਂ ਸਕੂਲ ਵੱਲੋਂ
ਬੱਚੀਆਂ ਨੂੰ 26 ਅਕਤੂਬਰ ਨੂੰ ਸਾਇੰਸ ਸਿਟੀ ਕਪੂਰਥਲਾ ਦਿਖਾਉਣ ਲੈ ਕੇ ਜਾਵਾਂਗੇ।

ਇਸ ਦਿਨ ਕਰਵਾ ਚੌਥ ਦੇ ਵਰਤ ਰੱਖੇ ਜਾਣਗੇ। ਸਾਡੇ ਸਾਇੰਸ ਆਧਿਆਪਕਾ (M.Sc.) ਕਹਿੰਦੇ ਮੈਂ ਕਰਵਾ ਚੌਥ ਦਾ ਵਰਤ ਰੱਖਣਾ ਹੈ।
ਅਸੀਂ ਕਿਹਾ ਕਿ ਬੱਚਿਆਂ ਨੂੰ ਸਾਇੰਸ ਸਿਟੀ ਵਿਖੇ ਕੌਣ ਸਮਝਾਵੇਗਾ ਸਾਇੰਸ ਬਾਰੇ…?

ਕੀ ਇਹ ਹਾਲ ਹੈ ਸਾਡੇ ਪੜ੍ਹੀਆਂ ਲਿਖੀਆਂ ਸਾਇੰਸ ਅਧਿਆਪਕ ਬੀਬੀਆਂ ਦਾ…?

ਕਰਵਾਚੌਥ ਦਾ ਤਿਉਹਾਰ ਨਾਲ ਜੁੜੀਆਂ ਕਹਾਣੀਆਂ ਤੋਂ ਲੱਗਦਾ ਹੈ ਇਸ ਦੀ ਸਿਰਜਣਾ ਵੀ ਕਮਾਲ ਦੇ ਮਹਾਨ ਗੱਪ ਛੜੱਪ ਹੀ ਹਨ।

ਜਿਸ ਚੰਦਰਮਾ ਨੂੰ ਔਰਤਾਂ ਸਾਰਾ ਦਿਨ ਵਰਤ ਰੱਖਣ ਤੇ ਦੇਰ ਰਾਤ ਚੜ੍ਹਦੇ ਚੰਦ ਨੂੰ ਮੱਥੇ ਲਾ ਕੇ ਵਰਤ ਤੋੜਦੀਆਂ ਹਨ। ਉਹ ਸਾਡੀ ਧਰਤੀ ਦਾ ਉਪ ਗ੍ਰਹਿ ਹੈ। ਉਸ ਦੀ ਆਪਣੀ ਕੋਈ ਰੌਸ਼ਨੀ ਨਹੀਂ ਹੈ।

ਇੱਕ ਮਿਥਿਹਾਸਕ ਕਥਾ ਅਨੁਸਾਰ ਜਦੋਂ ਇੰਦਰ ਦੇਵਤਾ ਗੌਤਮ ਰਿਸ਼ੀ ਦੀ ਘਰਵਾਲੀ ਅਹੱਲਿਆ ਨਾਂ ਦੀ ਔਰਤ ‘ਤੇ ਮੌਹਤ ਹੋ ਗਿਆ ਸੀ ਤਾਂ
ਇੱਕ ਰਾਤ ਉਹ ਚੰਦਰਮਾ ਨੂੰ ਆਪਣੇ ਨਾਲ ਸਹਿਯੋਗੀ ਬਣਾ ਕੇ ਗੌਤਮ ਰਿਸ਼ੀ ਦੇ ਘਰ ਉਸਦੀ ਪਤਨੀ ਦੀ ਇੱਜਤ ਲੁੱਟਣ ਜਾਂਦਾ ਹੈ।

ਕਥਾ ਅਨੁਸਾਰ ਇੰਦਰ ਦੇਵਤਾ ਚੰਦਰਮਾ ਨੂੰ ਕੁੱਕੜ ਬਣ ਕੇ ਅੱਧੀ ਰਾਤ ਨੂੰ ਬਾਂਗ ਦੇਣ ਲਈ ਕਹਿੰਦਾ ਹੈ ਤੇ ਜਦੋਂ ਕੁੱਕੜ ਨੇ ਬਾਂਗ ਦੇ ਦਿੱਤੀ ਤਾਂ ਗੌਤਮ ਰਿਸ਼ੀ ਗੰਗਾ ਵਿੱਚ ਇਸ਼ਨਾਨ ਕਰਨ ਲਈ ਚੱਲ ਪਿਆ।

ਇੰਦਰ ਗੌਤਮ ਦੇ ਘਰ ਪਾੜ ਲਾਉਣ ਲਗਦਾ ਹੈ। ਉਧਰ ਕਹਿੰਦੇ ਗੰਗਾ ਸੁੱਤੀ ਪਈ ਹੁੰਦੀ ਹੈ। ਉਹ ਅੱਧੀ ਰਾਤ ਨੂੰ ਜਗਾਉਣ ‘ਤੇ ਸਰਾਪ ਦਿੰਦੀ ਹੈ ਕਿ ਜਾਹ ਤੇਰਾ ਘਰ ਪੱਟਿਆ ਗਿਆ ਹੈ। ਉਹ ਭੱਜ ਕੇ ਘਰ ਆਉਦਾ ਹੈ ਚੰਦਰਮਾ ਦੇ ਗਿੱਲੀ ਧੋਤੀ ਮਾਰਦਾ ਹੈ, ਜੋ ਕਿ ਚੰਦਰਮਾ ‘ਤੇ ਦਾਗ ਦਿਖਾਈ ਦਿੰਦਾ ਹੈ।

ਜਿਹੜਾ ਚੰਦਰਮਾ ਕਿਸੇ ਔਰਤ ਦੇ ਸੁਹਾਗ ਉਜਾੜਨ ਵਿੱਚ ਭਾਗੀਦਾਰ ਹੋਵੇ, ਔਰਤਾਂ ਉਸ ਚੰਦਰਮਾ ਨੂੰ ਮੱਥੇ ਲਗਾ ਕੇ ਵਰਤ ਤੋੜਦੀਆਂ ਹਨ। ਆਪਣੇ ਸੁਹਾਗ ਦੀਆਂ ਸ਼ੁੱਭਕਾਮਨਾਵਾਂ ਮੰਗਦੀਆਂ ਹਨ…?

ਗੌਤਮ ਰਿਸ਼ੀ ਦੇ ਘਰੇ ਜੋ ਚੰਦ ਚਾੜ੍ਹਿਆ,
ਸੁਹਾਗਣਾਂ ਉਹ ਚੰਦ ਵੇਂਹਦੀਆਂ

ਕਰਵਾਚੌਥ ਦਾ ਤਿਉਹਾਰ ਔਰਤਾਂ ਦੀ ਮਾਨਸਿਕ ਗੁਲਾਮੀ ਦਾ ਚਿੰਨ ਹੈ ਜੋ ਪੀੜ੍ਹੀ ਦਰ ਪੀੜ੍ਹੀ ਵਿਗਿਆਨ ਦੇ ਯੁੱਗ ਨਾਲ ਫੁੱਲ ਫਲ ਵੀ ਰਿਹਾ ਹੈ।

ਮਿਥਿਹਾਸਕ ਕਹਾਣੀਆਂ ਕਰਮਕਾਂਡ ਵਿੱਚ ਬਦਲ ਗਈਆਂ ਹਨ। ਕਰਮਕਾਂਡ ਨੂੰ ਅਸੀਂ ਭੇਡ ਚਾਲ ਵਿੱਚ ਲਾਗੂ ਕਰਨ ਲਈ ਸਦੀਆਂ ਤੋਂ ਯਤਨਸ਼ੀਲ ਹਾਂ।
ਹਨੇਰਾ ਢੋਅ ਕੇ ਜਿੰਦਗੀ ਜਿਉਣ ਲਈ ਅਸੀਂ ਮਿੱਥਾਂ ਦੀਆਂ ਬੁੱਢੀਆਂ ਪੈਰੀਂ ਪਈਆਂ ਬੇੜੀਆਂ ਨੂੰ ਸਵੀਕਾਰ ਕਰ ਲਿਆ ਹੈ।

ਜਿਵੇਂ ਵੱਡੇ ਵਡੇਰਿਆਂ ਨੇ ਲੀਹ ਤੋਰੀ ਹੈ ਅਸੀਂ ਉਸ ਨੂੰ ਤਬਦੀਲ ਨਹੀਂ ਕੀਤਾ, ਉਵੇਂ ਸਵੀਕਾਰ ਕਰ ਲਿਆ ਹੈ।
ਨਵੀਆਂ ਲੀਹਾਂ ਪਾਉਣ ਵਾਲੇ ਮੁਹਰੈਲ ਨਹੀਂ ਬਣੇ ਸਗੋਂ ਲਕੀਰ ਦੇ ਫ਼ਕੀਰ ਬਣ ਕੇ ਟਾਈਮ ਪਾਸ ਕਰੀ ਜਾਂਦੇ ਹਾਂ।

ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਜਗੀਰੂ ਕਦਰਾਂ ਕੀਮਤਾਂ ਦੇ ਸਾਏ ਹੇਠ ਬਚਪਨ, ਜਵਾਨੀ ‘ਤੇ ਬੁਢਾਪੇ ਨੂੰ ਸਿਰ ਸੁੱਟ ਕੇ ਜਿਉਣ ਦਾ ਕੁੱਢਰ ਢੰਗ ਹੀ ਸਿਖਾਉਂਦਾ ਹੈ।

ਕਰਵਾਚੌਥ ਦਾ ਤਿਉਹਾਰ ਔਰਤਾਂ ਵਲੋਂ ਅਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਤੇ ਸੁਹਾਗ ਵਾਸਤੇ ਇਸ ਵਰਤ ਦੀਆਂ ਪ੍ਰਚਲਤ ਧਾਰਨਾਵਾਂ ਹਨ।
ਕੀ ਕਿਸੇ ਔਰਤ ਦੇ ਇੱਕ ਦਿਨ ਭੁੱਖੇ ਰਹਿਣ ਨਾਲ ਉਸਦੇ ਪਤੀ ਦੀ ਉਮਰ ਲੰਮੀ ਹੋ ਸਕਦੀ ਹੈ? ਬਿਲਕੁਲ ਨਹੀਂ।

ਕਿਸੇ ਕੁਆਰੀ ਕੁੜੀ ਦੇ ਭੁੱਖੇ ਰਹਿਣ ਨਾਲ ਚੰਦ ਵਰਗਾ ਵਰ (ਪਤੀ) ਧਰਿਆ ਪਿਆ ਮਿਲ ਸਕਦਾ ਹੈ?

ਭਾਰਤ ਅੰਦਰ 83 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ।
ਇਹਨਾਂ ਚੋਂ ਕਿੰਨੀਆਂ ਔਰਤਾਂ ਦੇ ਪਤੀ ਲੰਮੀ ਉਮਰ ਮਾਣਦੇ ਹਨ?
ਕੀ ਵਰਤ ਰੱਖਣ ਕਰਕੇ ਉਹਨਾਂ ਲੋਕਾਂ/ ਮੁੰਡਿਆਂ ਦੇ ਮੁੱਖ ‘ਤੇ ਕੀ ਚੰਦ ਵਰਗੀ ਲਾਲੀ ਹੋਵੇਗੀ ਜੋ 20 ਰੁਪੈ ਰੋਜਾਨਾ ਆਮਦਨ ਹੋਣ ਕਰਕੇ ਹਮੇਸ਼ਾ ਹੀ ਵਰਤ ‘ਤੇ ਰਹਿੰਦੇ ਹਨ?

ਪੰਜਾਬ ਅੰਦਰ ਖੁਦਕੁਸ਼ੀਆਂ ਕਰਦੇ ਕਿਸਾਨਾਂ ਦੀਆਂ ਔਰਤਾਂ ਦੇ ਵਰਤ ਰੱਖੇ ਕਿਸ ਕੰਮ ਆਏ..?

ਆਓ ਨਵੇਂ ਸਮਾਜ ਦੀ ਸਿਰਜਣਾ ਲਈ ਇਹਨਾਂ ਮਿਥਿਹਾਸਕ ਕਹਾਣੀਆਂ ਨੂੰ ਕਬਰਾਂ ਵਿੱਚ ਦਫ਼ਨਾਈਏ। ਉਹਨਾਂ ਉਪਰ ਵਿਗਿਆਨਕ ਸੋਚ ਦੇ ਬੂਟੇ ਲਾਈਏ।

ਸਾਡੇ ਘਰਾਂ ਵਿੱਚ, ਸਮਾਜ ਵਿੱਚ ਔਰਤ ਪ੍ਰਤੀ ਰੂੜ੍ਹੀਵਾਦੀ ਧਾਰਨਾਵਾਂ ਨੂੰ ਨੂੰ ਨੰਗਿਆਂ ਕਰੀਏ। ਔਰਤਾਂ ਨੂੰ ਬਰਾਬਰ ਦੇ ਮਨੁੱਖ ਮੰਨੀਏ।

LEAVE A REPLY

Please enter your comment!
Please enter your name here