ਲੋਕਧਾਰਾ ਅਥਵਾ ਲੋਕਯਾਨ ਅਮੀਰ ਪੰਜਾਬੀ  ਵਿਰਸੇ ਦਾ ਇਕ ਮਹੱਤਵਪੂਰਨ ਅੰਗ ਹੈ ।   ਇਸ ਧਾਰਾ ਦੀ ਰਵਾਇਤ ਅਨੁਸਾਰ ਵਿਆਹ ਦੇ ਅਵਸਰ ਉੱਤੇ , ਲਾੜਾ ਛੰਦ ਪਰਾਗੇ ਦੇ ਸ਼ੀਰਸ਼ਕ ਹੇਠ ਇਸ ਕਾਵਿ-ਰੂਪ ਰਾਹੀਂ ਆਪਣੇ ਸੁਸਰਾਲ ਘਰ ਲਾੜੀ ਦੀਆਂ ਸਖੀਆਂ , ਸਹੇਲੀਆਂ ਅਤੇ ਸਕੇ-ਸੰਬੰਧੀਆਂ ਸਾਹਵੇਂ ਆਪਣੀ ਖੁਸ਼ੀ ਅਤੇ ਹਾਸ-ਵਿਅੰਗ ਦੇ ਰਲ਼ਵੇ-ਮਿਲਵੇਂ ਹਾਵ-ਭਾਵ ਪ੍ਰਗਟ ਕਰਦਾ ਹੈ ਪਰੰਤੂ ਇਹ ਏਥੋਂ ਤਕ ਸੀਮਤ ਨਹੀਂ । ਇਸ ਛੰਦ ਰਾਹੀਂ ਅਵੱਸ਼ ਹੀ ਸਵੱਸ਼, ਖੂਬਸੂਰਤ ,ਨੇਕ, ਲੁੱਟ-ਖਸੁੱਟ ਰਹਿਤ ਅਤੇ ਸੁਹਜਮਈ ਜੀਵਨ ਜਿਉਣ ਦੀ ਰੀਝ ਵੀ ਪ੍ਰਗਟ ਕੀਤੀ ਜਾਂਦੀ ਹੈ । ਇਹ ਸ਼ੁੱਭ ਅਵਸਰ ਵੀ ਸਮਾਜਿਕ ਚੌਗਿਰਦੇ ਅਤੇ ਜਨ-ਜੀਵਨ ਦੀ ਵਾਸਤਵਿਕਤਾ ਵਿਚੋਂ ਹੀ ਆਪਣਾ ਰੂਪ ਗ੍ਰਹਿਣ ਕਰਦਾ ਹੈ ।  ਇਸ ਲਈ  ਸਮਾਜਕ ਯਥਾਰਥ ਦਾ ਬੋਧ ਕਰਨ ਅਤੇ ਸਮਾਜ ਨੂੰ ਚੰਗੇਰਾ ਬਣਾਉਣ ਦੇ ਸੰਗਰਾਮ ਨਾਲ ਜੋੜ ਕੇ ਇਸ ਦਾ ਹੋਰ ਵੀ ਵਿਸਥਾਰ ਕੀਤਾ ਜਾ ਸਕਦਾ ਹੈ ।

ਦੋ ਤੁਕਾਂ ਦੇ ਸੁਮੇਲ ਨਾਲ ਇਹ ਛੰਦ ਸੰਪੂਰਨ ਹੋ ਜਾਂਦਾ ਹੈ । ਇਸ ਵਿਚ ਇਕ ਹੀ ਖਿਆਲ ਅਥਵਾ ਭਾਵ ਨੂੰ ਦੋ ਤੁਕਾਂ ਵਿਚ ਪੇਸ਼ ਕੀਤਾ ਜਾਂਦਾ ਹੈ ।  ਹਰੇਕ ਛੰਦ ਸੁਤੰਤਰ ਇਕਾਈ ਹੁੰਦਾ ਹੈ । ਇਕ ਤੁਕ ਵਿਚ ਮਾਤਰਾਂ ਦੀ ਗਿਣਤੀ 29 ਤੋਂ 32 ਤਕ ਹੋ ਸਕਦੀ ਹੈ । ਉਚਾਰਣ ਲਈ  ਲੱਗੇ ਵਕਤ ਅਤੇ ਲਫ਼ਜ਼ ਦੀ ਹਰਕਤ ਅਨੁਸਾਰ , ਤੋਲ ਨੂੰ ਕਾਇਮ ਰੱਖਦਿਆਂ , ਮਾਤਰਾ ਵਧਾਈ ਜਾਂ ਗਿਰਾਈ ਜਾ ਸਕਦੀ ਹੈ । ਅਗਲਾ ਛੰਦ ਕਿਸੇ ਹੋਰ ਵਿਸ਼ੇ-ਵਸਤੂ ਬਾਰੇ ਹੋ ਸਕਦਾ ਹੈ ।  ਇਸ ਵਿਚ ਵਿਸ਼ੇ-ਵਸਤੂ ਦੀ ਚੋਂਣ ਕਰਨ ਦੀ ਸੰਪੂਰਨ ਸੁਤੰਤਰਤਾ ਹੈ । ਮਨ ਵਿਚ ਇਕਦਮ ਆਮੁਹਾਰੇ ਉਗਮੇਂ ਭਿੰਨ ਭਿੰਨ ਭਾਵ  ਢੁਕਵੇਂ ਸ਼ਬਦਾਂ ਰਾਹੀਂ ਪੇਸ਼ ਕੀਤੇ ਜਾਂਦੇ ਹਨ  । ਖਿਆਲਾਂ ਦੀ ਲੜੀ ਇਕਸਾਰ ਵੀ ਹੋ ਸਕਦੀ ਹੈ ਅਤੇ ਬਿਲਕੁਲ ਵਖਰੀ ਵੀ । ਭਿੰਨ ਭਿੰਨ ਵਿਸ਼ਿਆਂ ਦੀ ਵੰਨਸੁਵੰਨਤਾ ਦੀ ਪੇਸ਼ਕਾਰੀ ਫੁੱਲਾਂ ਦੇ ਗੁਲਦਸਤੇ ਵਾਂਗ ਇਸ ਦੀ ਖੂਬਸੂਰਤੀ ਵਿਚ ਵਾਧਾ ਕਰਦੀ ਹੈ ।

                           ਇਸ ਪ੍ਰਸੰਗ ਵਿਚ ਇਹ ਤੱਥ ਬਿਆਨ ਕਰਨਾ ਬੇਮਾਅਨੇ ਨਹੀਂ ਹੋਵੇ ਗਾ ਕਿ ਅਸਾਡੇ ਕੁੱਝ ਕਵੀ-ਜਨ ਆਪਣੇ ਲੋਕਯਾਨੀ ਵਿਰਸੇ ਵਿਚ ਪ੍ਰਾਪਤ ਛੰਦਾਂ ਦੇ ਭਰਪੂਰ ਖ਼ਜ਼ਾਨੇ ਨੂੰ ਨਵਿਆ ਕੇ ਅਜੋਕੇ ਸਮੇਂ ਦੇ ਹਾਣੀ ਬਣਾਉਣ ਦੀ ਬਜਾਏ , ਵਿਦੇਸ਼ੀ ਛੰਦਾਂ ਦੀ ਹੂ-ਬ-ਹੂ ਨਕਲ ਕਰਦੇ ਹਨ । ਉਦਾਹਰਣ ਵਜੋਂ ਅੱਜ ਕੱਲ੍ਹ ਜਪਾਨੀ ਛੰਦ ਹਾਇਕੂ ਦੀ ਮਾਤਰਾਂ ਦੀ ਗਿਣਤੀ ਤਕ ਨਕਲ ਹੋ ਰਹੀ ਹੈ ਜਦੋਂ ਕਿ ਜਪਾਨੀ ( ਜੈਪਾਨੀਜ ) ਭਾਸ਼ਾ ਦੀ ਰਹਿਤਲ ਅਤੇ ਉਚਾਰਣ ਪੰਜਾਬੀ ਭਾਸ਼ਾ ਨਾਲੋਂ ਭਿੰਨ ਹੈ ।ਅੱਜ ਕੱਲ੍ਹ ਇੰਗਲੈਂਡ ਵਿਚ ਵੀ ਕੁੱਝ ਸ਼ਾਇਰ ਅੰਗਰੇਜ਼ੀ ਕਵਿਤਾ ਦੀ ਡਿਕਸ਼ਨ ( ਸ਼ੈਲੀ ਅਤੇ ਵਾਕ ਸੰਰਚਨਾ ਆਦਿ ) ਦੀ ਪੰਜਾਬੀ ਭਾਸ਼ਾ ਵਿਚ ਨਕਲ ਕਰ ਕਰ ਕੇ ਅਤਿਉਤਰਆਧੁਨਿਕ ਹੋਂਣ ਦਾ ਭਰਮ ਪਾਲ਼ ਰਹੇ ਹਨ  । ਇਹ ਰੁਝਾਨ ਅਸਾਡੀ ਗੁਲਾਮ ਮਾਨਸਿਕਤਾ ਅਤੇ ਹੀਣੇਪਨ ਦੇ ਇਹਸਾਸ ਦੀ ਅਲਾਮਤ ਹੈ । ਏਥੇ ਅਸਾਡਾ ਭਾਵ ਕਿਸੇ ਲੇਖਕ ਵਰਗ ਦੀ ਨਿੰਦਿਆ ਕਰਨਾ ਨਹੀਂ ਸਗੋਂ ਉਨ੍ਹਾਂ ਦੀਆਂ ਕਲਮਾਂ ਦਾ ਮੁੱਖ ਆਪਣੇ ਅਮੀਰ ਵਿਰਸੇ ਵੱਲ ਮੋੜਨ ਲਈ ਝੰਜੋੜਨਾ ਹੈ ।

                        ਵੀਅਤਨਾਮ ਦੀ ਅਮਰੀਕੀ ਸਾਮਰਾਜ ਵਿਰੁੱਧ ਜੰਗ ਸਮੇਂ ,ਵੀਅਤਨਾਮ ਦੇ ਮਹਾਨ ਕ੍ਰਾਂਤੀਕਾਰੀ ਨੇਤਾ ਹੋ ਚੀ ਮਿਨ੍ਹ ਨੇ ਆਪਣੇ ਦੇਸ਼ ਦੇ ਕਵੀਆਂ ਨੂੰ ਉਨ੍ਹਾਂ ਦੇ ਫਰਜ਼ਮਈ ਸੌਂਦਰਯ ਬਾਰੇ ਸੁਚੇਤ ਕਰਨ ਅਤੇ ਉਨ੍ਹਾਂ ਵਿਚ ਊਰਜਾ ਭਰਨ ਲਈ ਆਪਣੀ ਇਕ ਕਵਿਤਾ ਵਿਚ ਹੇਠ ਲਿਖੀ ਤੁਕ ਰਚੀ ਸੀ :

ਅੱਜ ਕਵੀ ਲਈ ਬੜਾ ਜਰੂਰੀ

ਹਮਲੇ ਦੀ ਅਗਵਾਈ ਕਰਨਾ  ।

ਇਸ ਪੁਸਤਕ ਵਿਚ ਪ੍ਰਸਤੁਤ ਛੰਦਾਂ ਵਿਚ ਲੋਕਾਂ ਦੇ ਜੀਵਨ ਯਥਾਰਥ ਦੀਆਂ ਬਾਤਾਂ ਉਨ੍ਹਾਂ ਦੀ       ਸਿੱਧੀ , ਸਾਦੀ, ਸਰਲ , ਸਪੱਸ਼ਟ , ਸਪਾਟ ਅਤੇ ਸੰਬੋਧਨੀ ਭਾਸ਼ਾ ਵਿਚ ਪਾਈਆਂ ਗਈਆਂ ਹਨ । ਸੰਭਵ ਹੈ , ਅਸਾਡੇ ਤਥਾਕਥਿਤ ਕਾਵਿ-ਆਚਾਰਿਆਂ ਨੂੰ ਇਸ ਵਿਚ “ਕਲਾ ਦੀ ਘਾਟ”  ਮਹਿਸੂਸ ਹੋਵੇ ਪਰੰਤੂ ( ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ) ਅਜੋਕੇ  ਬਹੁ-ਰਾਸ਼ਟਰ ਨਿਗਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਅਲੋਪ ਹੋ ਰਹੀ ਆਪਣੇ ਅਮੀਰ ਵਿਰਸੇ, ਲੋਕ ਧਾਰਾ ਦੀ ਇਸ ਕਾਵਿ-ਵੰਨਗੀ ਨੂੰ ਨਵੇਂ ਰੂਪ,ਨਵੇਂ ਅਰਥ ਅਤੇ ਸਮਕਾਲੀ ਯਥਾਰਥ ਵਿਚ ਢਾਲ ਕੇ ਪੁਨਰ-ਸੁਰਜੀਤ ਕਰਨ ਸਮੇਤ , ਭਾਰਤਵਰਸ਼ ਦੀ ਮੌਜੂਦਾ ਕਰੂਰ ਰਾਜਸੱਤਾ ਵਿਰੁੱਧ ਸੰਗਰਾਮ ਕਰਨ ਅਥਵਾ ਯੁੱਧ ਛੇੜਨ ਦਾ ਸੁਨੇਹਾ ਦੇਣ ਦਾ ਇਹ  ਨਿਮਾਣਾ ਜਿਹਾ ਯਤਨ ਕਰਨਾ ਵੀ ਅਨਿਵਾਰੀ ਹੈ ।

                                                         ਖਾਕਸਾਰ,

 

LEAVE A REPLY

Please enter your comment!
Please enter your name here