ਚੋਰ ਸਿਪਾਹੀ ਮਿਲ ਕੇ ਬਾਜ਼ੀ ਖੇਡ ਰਹੇ
ਹਾਕਮ ਪੰਡਿਤ ਮੁੱਲਾ ਕਾਜੀ ਖੇਡ ਰਹੇ
ਗੰਗਾ ਵਿਚ ਜੋ ਗੋਤੇ ਲਾਉਣ ਉਹੀ ਬੰਦੇ
ਮੱਕੇ ਦੇ ਵਿਚ ਹਾਜੀ ਹਾਜੀ ਖੇਡ ਰਹੇ
ਦੇਖ ਤਮਾਸ਼ਾ ਸ਼ਹਿਰ ‘ਚ ਕਿੰਨਾ ਡਰ ਲਗਦੈ
ਧੜ ਤੋਂ ਸਿਰ ਲਾਹ ਲਾਹ ਕੇ ਗਾਜੀ ਖੇਡ ਰਹੇ
ਜਗਤਾਰ ਸਾਲਮ (ਰੌਸ਼ਨਦਾਨ)
ਕਦ ਇਹ ਬੰਦੇ ਤੋਂ ਵੈਰਾਗੀ ਹੋਵਣਗੇ
ਕਦ ਵਿਹੜੇ ਦੇ ਪੰਛੀ ਬਾਗੀ ਹੋਵਣਗੇ
ਖਬਰੇ ਕਿਸਨੇ ਮਰਨਾ ਕਿਸਨੇ ਹਰਨਾ ਹੈ
ਫੌਜਾਂ ਦੀ ਥਾਂ ਸਾਹਵੇਂ ਰਾਗੀ ਹੋਵਣਗੇ
ਦੀਪਕ ਰਾਗ ਜੇ ਅਗਨ ਬਾਣ ਤੋਂ ਜਿੱਤ ਗਿਆ
ਫੌਜਾਂ ਦੇ ਹੱਥ ਫੁੱਲ ਗੁਲਾਬੀ ਹੋਵਣਗੇ
ਜੰਗਲ ਨੂੰ ਅੱਗ ਲਾ ਕੇ ਸੌਂ ਨੀਂ ਸਕਦਾ ਤੂੰ
ਕੱਲ ਨੂੰ ਹਮਲੇ ਫੇਰ ਜੁਆਬੀ ਹੋਵਣਗੇ
ਜਗਤਾਰ ਸਾਲਮ (ਰੌਸ਼ਨਦਾਨ)

ਉਲਝ ਗਏ ਹਾਂ ਚੌਰਾਹੇ ਤੇ ਰਾਹਵਾਂ ਵਿਚ
ਮੋਰਚਿਆਂ ਦਾ ਜ਼ਿਕਰ ਨਹੀਂ ਕਵਿਤਾਵਾਂ ਵਿਚ
ਆਪਣੀ ਲਾਸ਼ ਨੂੰ ਮੋਢੇ ਚੁੱਕ ਤੁਰਨਾ ਵੀ ਹੈ
ਤੇ ਹੱਥਕੜੀਆਂ ਵੀ ਲਾਈਆਂ ਨੇ ਬਾਹਵਾਂ ਵਿਚ
ਮੰਜ਼ਿਲ ਦੀ ਤਾਂ ਇਹਨੂੰ ਭੋਰਾ ਹੋਸ਼ ਨਹੀਂ
ਪਾਗਲ ਖ਼ਬਰੇ ਕੀ ਲੱਭਦਾ ਹੈ ਰਾਹਵਾਂ ਵਿਚ
ਮਚ ਮਚ ਕੋਲਾ ਹੋਇਆ ਸੀਨਾ ਹਾਕਮ ਦਾ
ਲਟ ਲਟ ਦੀਵਾ ਬਲਦਾ ਵੇਖ ਹਵਾਵਾਂ ਵਿਚ
ਜਗਤਾਰ ਸਾਲਮ (ਰੌਸ਼ਨਦਾਨ)

LEAVE A REPLY

Please enter your comment!
Please enter your name here