ਲਾਹੌਰ
ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਪੰਜਾਬ ਸੂਬੇ ਵਿਚ 7 ਸਾਲ ਦੀ ਲੜਕੀ ਜ਼ੈਨਬ ਨਾਲ ਕੁਕਰਮ ਅਤੇ ਉਸ ਨੂੰ ਕਤਲ ਕਰਨ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਨੂੰ ਅੱਜ ਦੋਸ਼ੀ ਕਰਾਰ ਦੇ ਦਿੱਤਾ ਹੈ । ਇਸ ਘਟਨਾ ਉੱਤੇ ਪੂਰੇ ਦੇਸ਼ ਵਿਚ ਰੋਸ ਫੈਲਿਆ ਹੋਇਆ ਸੀ। ਇਥੋਂ ਤਕਰੀਬਨ 50 ਕਿਲੋਮੀਟਰ ਦੂਰ ਕਸੂਰ ਸ਼ਹਿਰ ਵਿਚ ਪੰਜ ਜਨਵਰੀ ਨੂੰ ਜਦੋਂ ਇਥੇ ਜ਼ੈਨਬ ਨੇੜੇ ਹੀ ਆਪਣੇ ਇਕ ਰਿਸ਼ਤੇਦਾਰ ਦੇ ਟਿਊਸ਼ਨ ਪੜ੍ਹਣ ਜਾ ਰਹੀ ਸੀ ਤਾਂ ਉਹ ਲਾਪਤਾ ਹੋ ਗਈ, ਜਿਸ ਦੀ ਪੁਲਸ ਅਤੇ ਜ਼ੈਨਬ ਦੇ ਰਿਸ਼ਤੇਦਾਰਾਂ ਵਲੋਂ ਭਾਲ ਕੀਤੀ ਜਾ ਰਹੀ ਸੀ । ਅਗਵਾ ਹੋਣ ਤੋਂ ਪੰਜਵੇਂ ਦਿਨ ਜ਼ੈਨਬ ਦੀ ਕੂੜੇ ਦੇ ਢੇਰ ਵਿਚੋਂ ਲਾਸ਼ ਬਰਾਮਦ ਹੋਈ ਸੀ । ਜਿਓ ਨਿਊਜ਼ ਦੀ ਖਬਰ ਹੈ ਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਸੱਜਾਦ ਅਹਿਮਦ ਨੇ ਮੁੱਖ ਦੋਸ਼ੀ ਇਮਰਾਨ ਅਲੀ ਨਕਸ਼ਬੰਦੀ ਨੂੰ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ। ਜੇਲ ਕੰਪਲੈਕਸ ਦੇ ਅੰਦਰ ਹੀ ਰੋਜ਼ਾਨਾ ਆਧਾਰ ਉੱਤੇ ਉਸ ਦੀ ਸੁਣਵਾਈ ਹੋ ਰਹੀ ਹੈ। ਉਸ ਨੂੰ 23 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਲਾਹੌਰ ਹਾਈਕੋਰਟ ਨੇ ਅੱਤਵਾਦ ਰੋਕੂ ਅਦਾਲਤ ਨੂੰ ਸ਼ੱਕੀ ਖਿਲਾਫ 7 ਦਿਨਾਂ ਅੰਦਰ ਸੁਣਵਾਈ ਪੂਰੀ ਕਰਨ ਦੇ ਹੁਕਮ ਦਿੱਤੇ ਹਨ। ਇਮਰਾਨ ਦੇ ਡੀ.ਐਨ. ਏ. ਦਾ ਉਨ੍ਹਾਂ 7 ਹੋਰ ਕੁੜੀਆਂ ਤੋਂ ਲਏ ਗਏ ਸੈਂਪਲ ਨਾਲ ਵੀ ਮਿਲਾਨ ਹੋਇਆ ਸੀ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਕਸੂਰ ਵਿਚ ਜਿਨਸੀ ਸ਼ੋਸ਼ਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਪੁਲਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਲੜਕੀ ਦੇ ਗੁਆਂਢੀ ਇਮਰਾਨ ਨੇ ਜਾਂਚ ਟੀਮ ਸਾਹਮਣੇ ਆਪਣਾ ਗੁਨਾਹ ਕਬੂਲ ਕੀਤਾ ਹੈ।