2017 ਦੀ ਜਨਵਰੀ ਦੇ ਪਹਿਲੇ ਹਫਤੇ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਉਤਸਵ ਸਮਾਗਮ ‘ਚ ਸ਼ਾਮਲ ਹੋਣ ਲਈ ਪਟਨਾ ਸਾਹਿਬ ਜਾਣ ਦਾ ਮੌਕਾ ਮਿਲਿਆ। ਇਸ ਦੌਰਾਨ ਪਟਨਾ ਤੋਂ ਤਰਕੀਬਨ 100 ਕਿਲੋਮੀਟਰ ਦੂਰ ਗਯਾ ਜਾਣ ਨੂੰ ਜੀਅ ਕੀਤਾ ਜਿਥੇ ਗੁਰੂ ਨਾਨਕ ਜੀ ਪਹਿਲੀ ਉਦਾਸੀ ਦੌਰਾਨ ਗਏ ਸਨ। ਗੁਰੂ ਜੀ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬ੍ਰਿੰਦਾਬਨ, ਅਯੁਧਿਆ, ਪਰਯਾਗ, ਬਨਾਰਸ ਆਦਿ ਤੀਰਥਾਂ ਤੋਂ ਹੁੰਦੇ ਹੋਏ ਇਥੇ ਆਏ ਸਨ। ਇਥੇ ਲੋਕ ਪੰਡਿਆਂ ਤੋਂ ਪਿੰਡ ਭਰਾਈ (ਪਿਤਰ ਪੂਜਾ) ਲਈ ਦੀਵੇ ਬਾਲ ਕੇ ਪੂਜਾ ਕਰਾਉਂਦੇ ਸਨ। ਇਸ ਪੂਜਾ ਵੱਟੇ ਕਿਰਤੀ ਲੋਕਾਂ ਤੋਂ ਮਾਇਆ ਬਟੋਰੀ ਜਾਂਦੀ ਸੀ। ਪੰਡਿਆਂ ਨੇ ਗੁਰੂ ਜੀ ਨੂੰ ਵੀ ਦੀਵੇ ਬਾਲ਼ ਕੇ ਪਿੰਡ ਭਰਾਉਣ ਲਈ ਪ੍ਰੇਰਿਆ। ਗੁਰੂ ਨਾਨਕ ਨੇ ਪੰਡਿਆਂ ਨਾਲ ਆਪਣੀ ਗਿਆਨ ਚਰਚਾ ‘ਚ ਇਸ ਕਰਮਕਾਂਢ ਨੂੰ ਨਿਰਾਰਥਕ ਕਿਹਾ, ਭੋਲ਼ੀ ਲੋਕਾਈ ਦਾ ਸ਼ੋਸ਼ਣ ਦੱਸਿਆ। ਇਸ ਸਬੰਧੀ ਉਹਨਾਂ ਦਾ ਸ਼ਬਦ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ । 

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥
ਲੋਕਾ ਮਤ ਕੋ ਫਕੜਿ ਪਾਇ॥
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥ ਰਹਾਉ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥ (੩੫੮, ਆਸਾ ਮ. ੧)

ਅਸੀਂ ਪਟਨੇ ਤੋਂ ਸਵੇਰੇ ਟੈਕਸੀ ਵਿਚ ਸਵਾਰ ਹੋ ਕੇ ਡਰਾਈਵਰ ਨੂੰ ਕਿਹਾ ਕਿ ਉਹ ਸਾਨੂੰ ਗਯਾ ਦੇ ਓਸ ਗੁਰਦੁਆਰੇ ਲੈ ਜਾਵੇ ਜਿਥੇ ਕਦੀ ਗੁਰੂ ਨਾਨਕ ਦੇਵ ਜੀ ਆਏ ਸਨ। ਉਸ ਕਿਹਾ ਕਿ ਗਯਾ ਸ਼ਹਿਰ ਵਿਚ ਸਿਰਫ ਇਕ ਹੀ ਗੁਰਦਵਾਰਾ ਹੈ ਜੋ ਉਹ ਜਾਣਦਾ ਹੈ। ਆਪਣੀ ਜਾਣਕਾਰੀ ਦੇ ਹਿਸਾਬ ਨਾਲ ਉਹ ਸਾਨੂੰ ਜਿਸ ਗੁਰਦਵਾਰੇ ਲੈ ਕੇ ਗਿਆ ਉਹ ਕੋਈ ਸਿੰਘ ਸਭਾ ਗੁਰਦਵਾਰਾ ਸੀ। ਚਾਰੇ ਪਾਸੇ ਘੇਰੇਦਾਰ ਕਮਰੇ ਅਤੇ ਇਹਨਾਂ ਅੱਗੇ ਵਰਾਂਡਾ ਸੀ, ਵਿਚਕਾਰ ਖਾਲੀ ਵਿਹੜਾ ਸੀ ਪਰ ਅੰਦਰ ਸੇਵਾਦਾਰ ਕੋਈ ਨਹੀਂ ਮਿਲਿਆ। ਦਰਬਾਰ ਸਾਹਿਬ ਵਾਲਾ ਕਮਰਾ ਖੁੱਲ੍ਹਾ ਸੀ। ਗੁਰੂ ਗਰੰਥ ਸਾਹਿਬ ਪ੍ਰਕਾਸ਼ ਸੀ ਪਰ ਅੰਦਰ ਕੋਈ ਮੌਜੂਦ ਨਹੀਂ ਸੀ। ਅਸੀਂ ਮੱਥਾ ਟੇਕ ਕੇ ਆਪ ਹੀ ਪ੍ਰਸ਼ਾਦ ਲੈ ਲਿਆ। ਥੋੜ੍ਹੀ ਦੇਰ ਉਥੇ ਰੁਕੇ। ਗੁਰਦਵਾਰੇ ਦਾ ਇਤਿਹਾਸ ਦੱਸਣ ਵਾਲਾ ਕੋਈ ਸੱਜਣ ਨਹੀਂ ਮਿਲਿਆ ਨਾ ਹੀ ਅਜਿਹੀ ਜਾਣਕਾਰੀ ਦੇਣ ਵਾਲਾ ਕੋਈ ਬੋਰਡ ਲੱਗਾ ਸੀ। ਯਕੀਨ ਹੋ ਗਿਆ ਕਿ ਇਹ ਉਹ ਇਤਿਹਾਸਕ ਅਸਥਾਨ ਤਾਂ ਨਹੀਂ ਹੋ ਸਕਦਾ ਜਿਸਦੇ ਦਰਸ਼ਨਾਂ ਦੀ ਜਗਿਆਸਾ ਨਾਲ ਅਸੀਂ ਆਏ ਸਾਂ।
ਬਾਹਰ ਨਿਕਲੇ ਤਾਂ ਇਕ ਦੁਕਾਨ ਦੇ ਸਾਹਮਣੇ ਇਕ ਬਜ਼ੁਰਗ ਸੱਜਣ ਬੈਂਚ ‘ਤੇ ਬੈਠੇ ਸਨ। ਉਸਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਪੰਜਾਬੀ ਵਿਚ ਹਾਲ-ਚਾਲ ਪੁੱਛਿਆ। ਸਾਨੂੰ ਖੁਸ਼ੀ ਅਤੇ ਹੈਰਾਨੀ ਹੋਈ। ਅਸੀਂ ਉਹਨਾਂ ਨੂੰ ਆਪਣੀ ਯਾਤਰਾ ਦਾ ਮਨੋਰਥ ਦੱਸਿਆ। ਉਹਨਾਂ ਦੱਸਿਆ ਕਿ ਗੁਰੂ ਜੀ ਸ਼ਹਿਰ ਦੇ ਦੱਖਣ ਪੂਰਬੀ ਪਾਸੇ ਫਲਗੂ ਨਦੀ ਕੋਲ ਸਥਿਤ ਵਿਸ਼ਨੂੰਪਦ ਮੰਦਰ ਆਏ ਸਨ, ਉਥੇ ਹੀ ਉਹਨਾਂ ਦੀ ਪੰਡਿਆਂ ਨਾਲ ਵਾਰਤਾਲਾਪ ਹੋਈ ਸੀ। ਉਸ ਮੰਦਰ ਦੇ ਨੇੜੇ ਹੀ ਗੁਰੂ ਨਾਨਕ ਦਾ ਇਤਿਹਾਸਕ ਗੁਰਦੁਵਾਰਾ ਹੈ। ਉਹਨਾਂ ਸਾਡੇ ਡਰਾਈਵਰ ਨੂੰ ਮੰਦਰ ਦੇ ਰਸਤੇ ਪਾ ਦਿੱਤਾ ਜਿਸ ਦਾ ਉਹ ਪਹਿਲਾਂ ਹੀ ਜਾਣਕਾਰ ਸੀ।
ਮੰਦਰ ਸਾਹਮਣੇ ਖੁੱਲ੍ਹੀ ਥਾਂ ਜਾ ਕੇ ਸਾਡੀ ਟੈਕਸੀ ਰੁਕੀ ਤਾਂ ਇੱਕ ਪੰਡੇ ਨੇ ਸਾਡਾ ਬਹੁਤ ਨਿਮਰਤਾ ਨਾਲ ਸੁਆਗਤ ਕਰਦਿਆਂ “ਨਮਸਕਾਰ ਸਰਦਾਰ ਜੀ” ਕਿਹਾ। ਮੰਦਰ ਦੇ ਅੰਦਰ ਚੋਖੀ ਭੀੜ ਅਤੇ ਬਾਹਰ ਵੀ ਖ਼ੂਬ ਰੌਣਕ ਸੀ। ਗੂੜ੍ਹੇ ਭੂਸਲੇ ਰੰਗ ਦੇ ਪੱਥਰ ਨਾਲ ਬਣੇ ਮੰਦਰ ਦੀ ਵਿਸ਼ਾਲਤਾ, ਮਜ਼ਬੂਤੀ, ਭਵਨ ਕਲਾ ਅਤੇ ਬਾਹਰੀ ਖੁਬਸੂਰਤੀ ਦੇਖ ਕੇ ਭੁੱਖ ਲਹਿੰਦੀ ਸੀ। ਪੰਡਾ ਜੀ ਨੇ ਸਾਡੇ ਜੋੜੇ ਉਤਰਵਾ ਕੇ ਇਕ ਦੁਕਾਨ ਨੁਮਾ ਜੋੜਾਘਰ ਵਿਚ ਰਖਵਾ ਦਿੱਤੇ। ਥੋੜ੍ਹਾ ਰੁਕ ਕੇ ਸਾਨੂੰ ਮੁਖਾਤਿਬ ਹੋਏ, “ਸਰਦਾਰ ਜੀ, ਮੰਦਰ ਕੇ ਅੰਦਰ ਸੇ ਦਰਸ਼ਨ ਕਰੇਂਗੇ?”
ਅਸੀਂ ਕਿਹਾ, “ਹਾਂ ਜੀ, ਜ਼ਰੂਰ ਕਰਾਂਗੇ।”
“ਕੋਈ ਪਿੰਡ ਪੂਜਾ ਭੀ ਕਰਵਾਨੀ ਹੈ?”
ਉਸ ਦੀ ਗੱਲ ਦਾ ਜੁਆਬ ਦੇਣ ਦੀ ਬਜਾਏ ਮੈਂ ਪੁੱਛਿਆ, “ਯਹਾਂ ਗੁਰੂ ਨਾਨਕ ਦੇਵ ਜੀ ਆਏ ਥੇ?”
ਉਸ ਬੜੇ ਤਪਾਕ ਨਾਲ ਦੱਸਿਆ, “ਹਾਂ ਜੀ ਬਿਲਕੁਲ।”
ਮੈਂ ਮੁਸਕਰਾ ਕੇ ਕਿਹਾ, “ਫਿਰ ਆਪ ਯਹ ਵੀ ਜਾਨਤੇ ਹੋਂਗੇ ਕਿ ਵੋਹ ਪਿੰਡ ਪੂਜਾ ਕੋ ਨਹੀਂ ਮਾਨਤੇ ਥੇ।”
ਪੰਡਾ ਜੀ ਕੁਛ ਨਾ ਬੋਲੇ ਤਾਂ ਆਪਾਂ ਘਰੋੜ ਕੇ ਕਿਹਾ, “ਹਮ ਵੀ ਗੁਰੂ ਨਾਨਕ ਕੇ ਬੰਦੇ ਹੈਂ।”
ਏਨਾ ਕਹਿਣ ਦੀ ਦੇਰ ਸੀ ਕਿ ਪੰਡਾ ਜੀ ਪਲਾਂ ਛਿਣਾਂ ਵਿਚ ਹੀ ਗਾਇਬ ਹੋ ਗਏ। ਉਹਨਾਂ ਸਾਨੂੰ ਇਹ ਪੁੱਛਣ ਦਾ ਮੌਕਾ ਹੀ ਨਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦਵਾਰਾ ਕਿਥੇ ਹੈ। ਇਸ ਬਾਰੇ ਆਸ-ਪਾਸ ਦੇ ਯਾਤਰੂਆਂ ਨੂੰ ਵੀ ਨਹੀਂ ਸੀ ਪਤਾ। ਚਾਰੇ ਪਾਸੇ ਕਿਧਰੇ ਕੋਈ ਨਿਸ਼ਾਨ ਸਾਹਿਬ ਵੀ ਦਿਖਾਈ ਨਹੀਂ ਸੀ ਦੇ ਰਿਹਾ ਜਿਸ ਤੋਂ ਕਿਸੇ ਗੁਰਦਵਾਰੇ ਦੀ ਹੋਂਦ ਦੀ ਖ਼ਬਰ ਮਿਲਦੀ। ਫਿਰ ਲਾਗਲੀ ਦੁਕਾਨ ਤੋਂ ਇਸ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਮੰਦਰ ਦੇ ਨਾਲੋਂ ਜਾਂਦੀ ਗਲੀ ਵਿਚ ਵੀਹ ਕੁ ਦੁਕਾਨਾਂ ਛੱਡ ਕੇ ਨਦੀ ਵੱਲ ਨੂੰ ਮੁੜ ਕੇ ਗੁਰੂ ਨਾਨਕ ਦਾ ਅਸਥਾਨ ਹੈ।
ਅਸੀਂ ਜਾ ਕੇ ਦੇਖਿਆ ਕਿ ਫਲਗੂ ਨਦੀ ਦੇ ਕਿਨਾਰੇ ਇਸ ਇਮਾਰਤ ਦੀ ਬਾਹਰਲੇ ਦਰਵਾਜ਼ੇ ਵਾਲੀ ਦੀਵਾਰ ਤਾਂ ਸਲਾਮਤ ਖੜ੍ਹੀ ਸੀ ਪਰ ਅੰਦਰ ਖੰਡਰਾਂ ਵਰਗੀ ਹਾਲਤ ਸੀ। ਕਾਫੀ ਹਿੱਸੇ ਦੀ ਛੱਤ ਡਿੱਗ ਚੁੱਕੀ ਸੀ। ਨਦੀ ਵੱਲ ਦੀ ਬਾਹੀ ਦੀ ਦੀਵਾਰ ਦਾ ਕਾਫੀ ਹਿੱਸਾ ਢਹਿ ਚੁੱਕਾ ਸੀ। ਅੰਦਰ ਥਾਂ-ਥਾਂ ਕੂੜੇ ਅਤੇ ਮਲਬੇ ਦੇ ਢੇਰ ਸਨ। ਵਿਚਕਾਰ ਇਕ ਟੁੱਟੇ ਭੱਜੇ ਗੰਦੇ ਜਿਹੇ ਮੇਜ਼ ‘ਤੇ ਗੁਰੂ ਨਾਨਕ ਅਤੇ ਬਾਬਾ ਸ੍ਰੀ ਚੰਦ ਜੀ ਦੀਆਂ ਮੈਲੀਆਂ ਜਿਹੀਆਂ ਤਸਵੀਰਾਂ ਪਈਆਂ ਸਨ। ਇੱਕ ਨੁੱਕਰੇ ਇਕ ਜਟਾਧਾਰੀ ਉਦਾਸੀ ਸਾਧੂ ਮੈਲਾ-ਕੁਚੈਲਾ ਕੰਬਲ ਲਪੇਟੀ ਸੁੱਤਾ ਪਿਆ ਸੀ। ਪਰਵੇਸ਼ ਦੁਆਰ ਦੇ ਮੱਥੇ ਲਿਖੀ ਇਬਾਰਤ ਅਤੇ ਅੰਦਰਲੀ ਹਾਲਤ ਤੋਂ ਸਪੱਸ਼ਟ ਸੀ ਕਿ ਇਹ ਸਿੱਖੀ ਦੇ ਪ੍ਰਚਾਰ ਲਈ ਸਰਗਰਮ ਰਹੇ ਉਦਾਸੀ ਪ੍ਰਚਾਰਕਾਂ ਦਾ ਅਸਥਾਨ ਸੀ। ਉਦਾਸੀ ਪ੍ਰਚਾਰਕਾਂ ਨੇ ਕਦੀ ਪੂਰੇ ਭਾਰਤ ਵਿਚ ਗੁਰਬਾਣੀ ਦਾ ਪ੍ਰਚਾਰ ਕੀਤਾ। ਉਹਨਾਂ ਦੀ ਪ੍ਰੇਰਨਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਮੰਨਣ ਵਾਲਿਆਂ ਨੂੰ ਨਾਨਕਪੰਥੀ ਕਿਹਾ ਜਾਣ ਲੱਗਾ। ਪੂਰਬੀ ਖੇਤਰ ਵਿਚ ਗੁਰੂ ਨਾਨਕ ਆਪਣੀ ਪਹਿਲੀ ਉਦਾਸੀ ਦੌਰਾਨ ਜਿਹਨਾਂ ਤੀਰਥ ਅਸਥਾਨਾਂ ਜਾਂ ਸ਼ਹਿਰਾਂ ਵਿਚ ਗਏ ਉਦਾਸੀ ਸਾਧੂ ਬਾਬਾ ਅਲਮਸਤ ਨੇ ਉਥੇ ਗੁਰੂ-ਯਾਤਰਾ ਦੀ ਯਾਦ ਵਿਚ ਗੁਰੂ ਦੇ ਅਮੀਰ ਸ਼ਰਧਾਲੂਆਂ ਦੀ ਸਹਾਇਤਾ ਨਾਲ ਅਜਿਹੇ ਅਸਥਾਨਾਂ ਦੀ ਉਸਾਰੀ ਕਰਵਾਈ। ਉਹਨਾਂ ਤੋਂ ਮਗਰੋਂ ਗਯਾ ਦੇ ਇਲਾਕੇ ਦੇ ਹੀ ਜੰਮਪਲ ਭਗਤ ਭਗਵਾਨ ਨੇ ਇਸ ਕਾਰਜ ਨੂੰ ਜਾਰੀ ਰੱਖਿਆ। ਉਹਨਾਂ ਛੋਟੀ ਉਮਰੇ ਸੰਨਿਆਸ ਧਾਰਨ ਕਰ ਲਿਆ ਸੀ ਅਤੇ ਗਿਆਨ ਦੀ ਪਿਆਸ ਅਤੇ ਮਾਨਸਕ ਟਿਕਾਅ ਦੀ ਇੱਛਾ ਤਹਿਤ ਆਪ ਕੀਰਤਪੁਰ ਵਿਖੇ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੀ ਸ਼ਰਨ ਗਏ। ਗੁਰੂ ਜੀ ਨੇ ਉਹਨਾਂ ਨੂੰ ਸਿੱਖੀ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਉਹਨਾਂ ਨੂੰ ਆਪਣੇ ਜੱਦੀ ਖੇਤਰ ਮਗਧ ਸਮੇਤ ਪੂਰਬੀ ਭਾਰਤ ਦਾ ਅਧਿਕਾਰਤ ਪ੍ਰਚਾਰਕ ਥਾਪਿਆ। ਇਹਨਾਂ ਉਦਾਸੀ ਮੁਖੀਆਂ ਦੁਆਰਾ ਸਥਾਪਤ ਕੀਤੇ ਇਹ ਇਤਿਹਾਸਕ ਅਸਥਾਨ ਸਥਾਨਕ ਨਾਨਕਪੰਥੀ ਸੰਗਤ ਦੇ ਜੁੜਨ ਲਈ ਧਰਮਸਾਲ ਹੋਣ ਦੇ ਨਾਲ ਨਾਲ ਦੂਰ-ਦੂਰ ਤੱਕ ਭਰਮਣ ਕਰਕੇ ਸਿੱਖੀ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਲਈ ਠਾਹਰਾਂ ਬਣੇ।
ਮੈਂ ਇਤਿਹਾਸਕ ਗੁਰਦੁਆਰਿਆਂ ਦੀਆਂ ਕਈ-ਕਈ ਮੰਜਲਾਂ ਵਾਲੀਆਂ ਉਚੀਆਂ ਇਮਾਰਤਾਂ ਅਤੇ ਇਹਨਾਂ ਦੇ ਗੁੰਬਜਾਂ ‘ਤੇ ਸੋਨਾ ਲਗਾਉਣ ਦਾ ਕਾਇਲ ਨਹੀਂ। ਨਾ ਹੀ ਬਹੁਤੀ ਆਵਾਜਾਈ ਵਾਲੇ ਗੁਰਦੁਆਰਿਆਂ ਦੀਆਂ ਪਹਿਲਾਂ ਬਣੀਆਂ ਚੰਗੀਆਂ ਭਲੀਆਂ ਇਮਾਰਤਾਂ ਨੂੰ ਢਾਅ ਕੇ ਆਲੀਸ਼ਾਨ ਬਣਾਉਣ ਲਈ ਕਾਰਸੇਵਾ ਵਾਲੇ ਬਾਬਿਆਂ ਵਲੋਂ ਥਾਂ-ਥਾਂ ਟੋਕਰੇ ਰੱਖ ਕੇ ਮਾਇਆ ਇਕੱਠੀ ਕਰਨ ਦੇ ਹੱਕ ਵਿਚ ਹਾਂ। ਪਰ ਗੁਰੂ ਬਾਬੇ ਦੀ ਆਮਦ ਦੀ ਯਾਦ ਵਿਚ ਉਸਾਰੇ ਇਸ ਇਤਿਹਾਸਕ ਅਸਥਾਨ ਦੀ ਏਨੀ ਦੁਰਦਸ਼ਾ ਦੇਖ ਕੇ ਬਹੁਤ ਨਿਰਾਸ਼ਾ ਹੋਈ। ਵਾਪਸ ਆਪਣੀ ਟੈਕਸੀ ਤੱਕ ਤੁਰੇ ਆਉਂਦੇ ਇਹ ਸੋਚ ਵਿਚਾਰ ਕਰਦੇ ਆਏ ਕਿ ਇਸ ਅਸਥਾਨ ‘ਤੇ ਗੁਰੂ ਨਾਨਕ ਦੀ ਯਾਤਰਾ ਦੇ ਮਨੋਰਥ ਅਤੇ ਮਹੱਤਵ ਨੂੰ ਲਗਾਤਾਰ ਅਤੇ ਅਸਰਦਾਰ ਢੰਗ ਨਾਲ ਯਾਦ ਕਰਾਉਣ ਦੇ ਉਦੇਸ਼ ਨਾਲ ਇਸ ਅਸਥਾਨ ਨੂੰ ਕਿਵੇਂ ਸੰਭਾਲਿਆ ਅਤੇ ਸੰਚਾਲਤ ਕੀਤਾ ਜਾ ਸਕਦਾ ਹੈ। ਕਾਫੀ ਆਵਾਜਾਈ ਵਾਲੇ ਵਪਾਰਕ ਇਲਾਕੇ ਵਿਚ ਸਥਿਤ ਇਸ ਤਿੰਨ ਕੁ ਸੌ ਵਰਗ ਗਜ਼ ਜਗ੍ਹਾ ‘ਤੇ ਗੁਰੂ ਨਾਨਕ ਦੇ ਸੰਦੇਸ਼ ਦਾ ਅਧੁਨਿਕ ਢੰਗ ਦਾ ਪ੍ਰਚਾਰ ਕੇਂਦਰ ਉਸਾਰਿਆ ਜਾ ਸਕਦਾ ਹੈ। ਜਿਸ ਵਿਚ ਗੁਰਬਾਣੀ, ਗੁਰੂ ਜੀਵਨ, ਇਥੋਂ ਦੇ ਪੁਰਾਣੇ ਨਾਨਕ ਪੰਥੀਆਂ ਦੇ ਇਤਿਹਾਸ, ਗੁਰੂ ਨਾਨਕ ਅਤੇ ਗੁਰੂ ਤੇਗ ਬਹਾਦਰ ਦੀਆਂ ਇਸ ਖੇਤਰ ਵਿਚ ਯਾਤਰਾਵਾਂ ਆਦਿ ਬਾਰੇ ਗੁਰਮੁਖੀ ਤੋਂ ਇਲਾਵਾ ਇਸ ਖੇਤਰ ਦੀਆਂ ਬੋਲੀਆਂ ਹਿੰਦੁਸਤਾਨੀ, ਬ੍ਰਜ, ਮੈਥਿਲੀ, ਅਵਧੀ, ਭੋਜਪੁਰੀ ਆਦਿ ਵਿਚ ਮੁਫਤ ਕਿਤਾਬਚੇ ਅਤੇ ਮੁੱਲ ਮਿਲਣ ਵਾਲੀਆਂ ਕਿਤਾਬਾਂ ਉਪਲਭਦ ਕਰਾਈਆਂ ਜਾ ਸਕਦੀਆਂ ਹਨ। ਗੁਰਬਾਣੀ ਦੇ ਜਿਹੜੇ ਸ਼ਬਦਾਂ ਵਿਚ ਇਹਨਾਂ ਬੋਲੀਆਂ ਦੀ ਸ਼ਬਦਾਵਲੀ ਵਰਤੀ ਗਈ ਹੈ ਉਹਨਾਂ ਦੇ ਗਾਇਨ (ਰਿਕਾਰਡਡ) ਦਾ ਦਿਨ ਸਮੇਂ ਪ੍ਰਵਾਹ ਚਲਦਾ ਰਹੇ। ਇਹਨਾਂ ਸ਼ਬਦਾਂ ਦੇ ਕੀਰਤਨ ਦੀਆਂ ਰਿਕਾਰਡਿੰਗਜ਼ ਮਿਲਦੀਆਂ ਹੋਣ। ਗੁਰੂ ਨਾਨਕ ਵਲੋਂ ਪਹਿਲੀ ਉਦਾਸੀ ਦੌਰਾਨ ਪ੍ਰਾਪਤ ਕੀਤੀ ਕਬੀਰ ਜੀ, ਰਵਿਦਾਸ ਜੀ, ਜੈਦੇਵ ਜੀ, ਬੇਣੀ ਜੀ ਆਦਿ ਦੀ ਬਾਣੀ ਨਾਲ ਸਬੰਧਤ ਸਮਗਰੀ ਵੀ ਮਿਲਦੀ ਹੋਵੇ। ਯਾਤਰੂਆਂ ਦੇ ਆਕਰਸ਼ਨ ਲਈ ਢੁੱਕਵੇਂ ਆਡੀਓ ਵੀਡੀਓ ਸ਼ੋਅ ਅਤੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਅਸਥਾਨ ਦੇ ਇਤਿਹਾਸਕ ਮਹੱਤਵ ਦੀ ਸਥਾਨਕ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਲਿਖੀ ਇਬਾਰਤ ਵਾਲਾ ਸੋਹਣਾ ਹੋਲਡਿੰਗ ਲੱਗਾ ਹੋਵੇ। ਇਸ ਦਾ ਸੰਚਾਲਨ ਕਰਨ ਵਾਲੇ ਵਲੰਟੀਅਰਜ਼ ਲਈ ਰਹਾਇਸ਼ ਦਾ ਪ੍ਰਬੰਧ ਇਸ ਦੇ ਉਪਰ ਪਹਿਲੀ ਮੰਜਲ ‘ਤੇ ਹੋ ਸਕਦਾ ਹੈ। ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਸਵੈ-ਇੱਛਕ ਨੌਜਵਾਨ ਖੋਜਾਰਥੀਆਂ, ਸਰਗਰਮ ਰਿਟਾਇਰਡ ਅਧਿਆਪਕਾਂ / ਅਫਸਰਾਂ, ਵਿਦੇਸ਼ੀਂ ਵਸਦੇ ਸਿੱਖਾਂ ਆਦਿ ਨੂੰ ਰੋਸਟਰ ਬਣਾ ਕੇ 1-2 ਦਿਨਾਂ ਦੀ ਸੰਖੇਪ ਟ੍ਰੇਨਿੰਗ ਤੋਂ ਬਾਅਦ ਇਕ-ਇਕ ਮਹੀਨੇ ਲਈ ਬਤੌਰ ਵਲੰਟੀਅਰ ਇਸ ਦੀ ਸੰਭਾਲ ਅਤੇ ਸੰਚਾਲਨ ਦਾ ਜਿੰਮਾ ਸੌਂਪਿਆ ਜਾ ਸਕਦਾ ਹੈ। ਇਹ ਵਲੰਟੀਅਰ ਆਏ ਯਾਤਰੂਆਂ ਨੂੰ ਇਸ ਅਸਥਾਨ ਦੇ ਪ੍ਰਮਾਣਕ ਇਤਿਹਾਸ ਬਾਰੇ, ਗੁਰੂ ਨਾਨਕ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਵਾਲੇ, ਸਥਾਨਕ ਬੋਲੀ ਅਤੇ ਸੱਭਿਆਚਾਰ ਪ੍ਰਤੀ ਸੰਵਾਦੀ ਰਵੱਈਆ ਰੱਖਣ ਵਾਲੇ ਅਤੇ ਸਥਾਨਕ ਲੋਕਾਂ ਲਈ ਗੁਰੂ ਉਪਦੇਸ਼ ਅਨੁਸਾਰ ਪਰਉਪਕਾਰੀ ਜੀਵਨ ਜਾਚ ਦੀ ਜਿਉਂਦੀ ਮਿਸਾਲ ਪੇਸ਼ ਕਰਨ ਵਾਲੇ ਹੋਣ। ਆਪਣੀ ਕਮਾਈ ਨਾਲ ਖੁਸ਼ਹਾਲ ਜੀਵਨ ਨਿਰਬਾਹ ਕਰਨ ਵਾਲੇ ਅਤੇ ਰੱਜੀ ਨੀਅਤ ਵਾਲੇ ਸਮਾਂ-ਦਾਨੀਆਂ ਨੂੰ ਹੀ ਇਹ ਸੇਵਾ ਵਾਰੀ ਸਿਰ ਦਿੱਤੀ ਜਾਵੇ। ਅਜਿਹੇ ਹਜ਼ਾਰਾਂ ਵਲੰਟੀਅਰ ਮਿਲ ਜਾਣਗੇ। ਕਿਸੇ ਵੀ ਪ੍ਰਕਾਰ ਦੀ ਮੁੱਲ ਦੀ ਸੇਵਾ (ਤਨਖਾਹਦਾਰ ਮੁਲਾਜ਼ਮ) ਵਾਲਾ ਪ੍ਰਬੰਧ ਤਾਂ ਸਿੱਖ ਸੰਸਥਾਵਾਂ ‘ਚੋਂ ਹਰ ਪੱਧਰ ‘ਤੇ ਬੰਦ ਹੋਣਾ ਚਾਹੀਦਾ ਹੈ।
ਮਨ ਵਿਚ ਇਸ ਤਰ੍ਹਾਂ ਦੀ ਉਧੇੜ ਬੁਣ ਕਰਦੇ ਅਸੀਂ ਵਾਪਸ ਆਪਣੀ ਟੈਕਸੀ ਕੋਲ ਪਰਤੇ ਤਾਂ ਸਾਡਾ ਡਰਾਈਵਰ ਸਾਡੀ ਉਦਾਸੀ ਅਤੇ ਪਰੇਸ਼ਾਨੀ ਨੂੰ ਤਾੜ ਗਿਆ। ਉਸ ਨੇ ਸਾਡਾ ਜੀਅ ਰਾਜੀ ਕਰਨ ਲਈ ਸਾਨੂੰ ਬੋਧ ਗਯਾ ਲਿਜਾਣ ਦੀ ਤਜਵੀਜ਼ ਪੇਸ਼ ਕੀਤੀ। ਬੋਧ ਗਯਾ ਇਥੋਂ ਦਸ-ਬਾਰਾਂ ਕਿਲੋਮੀਟਰ ਦੀ ਦੂਰੀ ‘ਤੇ ਹੈ। ਜਿਥੇ ਗਯਾ ਗੁਰੂ ਨਾਨਕ ਵਲੋਂ ਗਿਆਨ ਸਾਂਝਾ ਕੀਤੇ ਜਾਣ ਦਾ ਸਥਾਨ ਹੈ ਉਥੇ ਬੋਧ ਗਯਾ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਦਾ ਸਥਾਨ ਹੈ। ਸਾਡੇ ਜਾਣ ਸਮੇਂ ਬੋਧ ਗਯਾ ਵਿਖੇ ਮਹਾਤਮਾ ਬੁੱਧ ਨਾਲ ਸਬੰਧਤ ਸਲਾਨਾ ਉਤਸਵ ਚਲ ਰਿਹਾ ਸੀ। ਦਸ ਕੁ ਕਿਲੋਮੀਟਰ ਦੇ ਘੇਰੇ ਵਿਚ ਦੇਸ ਬਦੇਸ਼ ਤੋਂ ਲੱਖਾਂ ਬੋਧੀ ਅਤੇ ਦੂਸਰੇ ਲੋਕ ਆਏ ਹੋਏ ਸਨ। ਏਨੀ ਭੀੜ ਕਰਕੇ ਸਾਨੂੰ ਆਪਣੀ ਟੈਕਸੀ ਮੁੱਖ ਮੰਦਰ ਤੋਂ ਤਕਰੀਬਨ ਚਾਰ ਕਿਲੋਮੀਟਰ ਪਹਿਲਾਂ ਛੱਡਣੀ ਪਈ। ਮੁੱਖ ਮੰਦਰ ਦੇ ਚਾਰੇ ਪਾਸੇ ਹਜ਼ਾਰਾਂ ਬੋਧੀ ਧਿਆਨ ਵਿਚ ਬੈਠੇ ਸਨ। ਕਮਾਲ ਦਾ ਸ਼ਾਂਤ ਵਾਤਾਵਰਣ ਸੀ। ਆਸ-ਪਾਸ ਤਿੱਬਤ, ਭੂਟਾਨ, ਜਪਾਨ, ਚੀਨ, ਬਰਮਾ, ਥਾਈਲੈਂਡ ਆਦਿ ਦੇਸ਼ਾਂ ਦੀਆਂ ਬੋਧੀ ਸੰਗਤਾਂ ਵਲੋਂ ਉਸਾਰੇ ਵੱਖ-ਵੱਖ ਬੋਧੀ ਮੰਦਰ, ਮੱਠ, ਹਾਲ, ਅਜਾਇਬ ਘਰ ਆਦਿ ਸਨ। ਕਮਲ ਤਲਾਅ, 80 ਫੁੱਟ ਉਚੀ ਬੁੱਧ ਮੂਰਤੀ ਅਤੇ ਬੁੱਧ ਕੁੰਡ ਇਥੋਂ ਦੇ ਵਿਸ਼ੇਸ਼ ਆਕਰਸ਼ਨ ਹਨ। ਬਾਹਰਲੇ ਦੇਸ਼ਾਂ ਤੋਂ ਬੁੱਧ ਪ੍ਰੇਮੀਆਂ ਦੀ ਆਵਾਜਾਈ ਕਰਕੇ ਇਥੇ ਅੰਤਰਰਾਸ਼ਟਰੀ ਹਵਾਈ ਅੱਡਾ ਹੈ।
ਗਯਾ ਵਿਚ ਆ ਕੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਬੰਦੇ ਦੱਸਣ ਵਾਲੇ ਜਦ ਗੁਰੂ ਨਾਨਕ ਦੇ ਯਾਦਗਾਰੀ ਅਸਥਾਨ ਦੀ ਦੁਰਦਸ਼ਾ ਦੇਖ ਕੇ ਬੋਧ ਗਯਾ ਦੀ ਇਸ ਖੂਬਸੂਰਤੀ, ਸਾਂਭ ਸੰਭਾਲ, ਵਿਸ਼ਾਲਤਾ ਅਤੇ ਰੌਣਕ ਨੂੰ ਨਿਹਾਰ ਕੇ ਮੁੜ ਰਹੇ ਸਾਂ ਤਾਂ ਸਾਡੇ ਮਨਾਂ ਵਿਚ ਕਿਹੜੀਆਂ ਚੜ੍ਹਦੀਆਂ ਉਤਰਦੀਆਂ ਹੋਣਗੇ ਪਾਠਕ ਉਸ ਦਾ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਨ। ਵਾਪਸ ਆ ਕੇ ਕੋਲਕਤਾ ਦੇ ਜੰਮ-ਪਲ ਆਪਣੇ ਦੋਸਤ ਸ. Jagmohan Singh Gill ਨਾਲ ਇਸ ਅਸਥਾਨ ਬਾਰੇ ਗੱਲ ਕੀਤੀ। ਉਹਨਾਂ ਦਾ ਪੂਰਬੀ ਭਾਰਤ ਦੇ ਸਿੱਖਾਂ ਅਤੇ ਸੰਸਥਾਵਾਂ ਨਾਲ ਚੰਗਾ ਮੇਲ ਮਿਲਾਪ ਹੈ। ਉਹਨਾਂ ਦੱਸਿਆ ਕਿ 1666 ਈ. ਵਿਚ ਗੁਰੂ ਤੇਗ ਬਹਾਦਰ ਜੀ ਵੀ ਜਦ ਪਰਿਵਾਰ ਸਮੇਤ ਪੰਜਾਬ ਤੋਂ ਬਿਹਾਰ ਆਏ ਸਨ ਤਾਂ ਪਟਨਾ ਵਿਖੇ ਪਹੁੰਚ ਕੇ ਟਿਕਾਣਾ ਕਰਨ ਤੋਂ ਪਹਿਲਾਂ ਆਪ ਕੁਝ ਸਮਾਂ ਗਯਾ ਵਿਖੇ ਰਹੇ ਸਨ। ਇਥੋਂ ਦੀ ਨਾਨਕਪੰਥੀ ਸੰਗਤ ਵਿਚ ਵਿਚਰੇ ਸਨ। ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਭਾਰਤ ਦੇ ਉਤਰੀ ਅਤੇ ਪੂਰਬੀ ਖੇਤਰ ਵਿਚ ਜਿਥੇ ਜਿਥੇ ਗਏ ਉਦਾਸੀ ਪਰਚਾਰਕਾਂ ਨੇ ਉਥੇ ਉਥੇ ਪਹੁੰਚ ਕੇ ਸਥਾਨਕ ਨਾਨਕਪੰਥੀ ਸੰਗਤਾਂ ਦੇ ਸਹਿਯੋਗ ਨਾਲ ਯਾਦਗਾਰੀ ਅਸਥਾਨਾਂ ਦੀ ਉਸਾਰੀ ਕਰਾਈ। ਇਹਨਾਂ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਸੰਗਤ ਦੇ ਜੁੜਨ ਲਈ ਅਤੇ ਉਦਾਸੀ ਪ੍ਰਚਾਰਕਾਂ ਦੇ ਟਿਕਾਣੇ ਲਈ ਸਿੱਖ ਕੇਂਦਰਾਂ ਦੀ ਉਸਾਰੀ ਕਰਾਈ। ਇਹਨਾਂ ਸਾਰਿਆਂ ਦੀ ਗਿਣਤੀ ਪੰਜ ਸੌ ਦੇ ਕਰੀਬ ਸੀ। ਇਹਨਾਂ ਅੰਦਰ ਗੁਰੂ ਗਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਦਾ ਪ੍ਰਕਾਸ਼ ਹੁੰਦਾ ਸੀ। ਇਹਨਾਂ ਵਿਚੋਂ ਬਹੁਤਿਆਂ ਦੀਆਂ ਇਮਾਰਤਾਂ ਸੇਵਾ ਸੰਭਾਲ ਖੁਣੋਂ ਪੂਰੀ ਤਰ੍ਹਾਂ ਢਹਿ ਗਈਆਂ ਹਨ, ਕੁਝ ਇਮਾਰਤਾਂ ਅੱਧ-ਪਚੱਧ ਖੜ੍ਹੀਆਂ ਹਨ, ਕਈਆਂ ਦੇ ਤਾਂ ਨਾਮੋ ਨਿਸ਼ਾਨ ਮਿਟ ਗਏ ਹਨ। ਕਈਆਂ ਅਸਥਾਨਾ ਦੇ ਨਾਮੇ ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਰੱਖਣ ਵਾਲੇ ਅਮੀਰ ਸ਼ਰਧਾਲੂਆਂ ਨੇ ਚੋਖੀਆਂ ਜ਼ਮੀਨਾ ਵੀ ਲਗਵਾਈਆਂ ਹੋਈਆਂ ਸਨ ਜਿਹਨਾਂ ਦੀ ਆਮਦਨੀ ਨਾਲ ਇਹਨਾਂ ਅਸਥਾਨਾਂ ਦਾ ਸੰਚਾਲਨ ਹੁੰਦਾ ਸੀ। ਹੌਲੀ-ਹੌਲੀ ਇਹ ਲਾਵਾਰਸ ਜਾਇਦਾਦਾਂ ਭੂ-ਮਾਫੀਏ ਜਾਂ ਆਸ-ਪਾਸ ਦੇ ਲੋਕਾਂ ਨੇ ਦੱਬ ਲਈਆਂ ਹਨ। ਗਯਾ ਸ਼ਹਿਰ ਬਾਰੇ ਇੰਟਰਨੈਟ ਖਾਸਕਰ ਵਿਕੀਪੀਡੀਆ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਨਾਨਕ ਦਾ ਕਿਧਰੇ ਜਿਕਰ ਨਹੀਂ ਮਿਲਿਆ। ਇਸ ਨੂੰ ਹਿੰਦੂ ਅਤੇ ਬੁੱਧ ਧਰਮ ਨਾਲ ਸਬੰਧਤ ਸ਼ਹਿਰ ਹੀ ਦੱਸਿਆ ਗਿਆ ਹੈ।
ਗੁਰੂ ਨਾਨਕ ਦਾ ਜਨਮ ਅਸਥਾਨ ਭਾਵੇਂ ਪਾਕਿਸਤਾਨ ਵਿਚਲੇ ਪੰਜਾਬ ‘ਚ ਹੈ ਪਰ ਉਹਨਾਂ ਦੀ ਬਰਮਾ ਤੱਕ ਦੀ ਪਹਿਲੀ ਉਦਾਸੀ ਅਤੇ ਲੰਕਾ ਤੱਕ ਦੀ ਦੂਸਰੀ ਉਦਾਸੀ ਨਾਲ ਸਬੰਧਤ ਕਈ ਸੈਂਕੜੇ ਗੁਰਧਾਮ ਭਾਰਤ ਵਿਚ ਹਨ। ਇਹਨਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ ਸਗੋਂ ਪੰਥ ਇਹਨਾਂ ਤੋਂ ਵਿਛੜ ਗਿਆ ਹੈ। ਪੰਥ ਨੇ ਇਹਨਾਂ ਦੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਨੂੰ ਵਿਸਾਰ ਦਿੱਤਾ ਹੈ। ਨਤੀਜੇ ਵਜੋਂ ਇਹ ਸਾਰੇ ਸਿੱਖੀ ਦੇ ਮਹਾਨ ਅਸਥਾਨਾਂ ਦੇ ਨਕਸ਼ੇ ਤੋਂ ਮਿਟ ਗਏ ਹਨ। ਦੇਖਿਆ ਜਾਵੇ ਤਾਂ ਗੁਰੂ ਦੀ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬਨਾਰਸ, ਗਯਾ, ਪਰਯਾਗ ਅਤੇ ਪੁਰੀ ਆਦਿ ਆਸਥਾਨਾਂ ‘ਤੇ ਆਮਦ ਦਾ ਇਤਿਹਾਸਕ ਮਹੱਤਵ ਪੰਜਾ ਸਾਹਿਬ, ਨਾਨਕਝੀਰਾ ਅਤੇ ਮਨੀਕਰਨ ਸਾਹਿਬ ਨਾਲੋਂ ਕਿਤੇ ਵਡੇਰਾ ਹੈ। ਪਰ ਇਹਨਾਂ ਨਾਲ ਕਰਾਮਾਤਾਂ ਦੀਆਂ ਕਹਾਣੀਆਂ ਨਾ ਜੁੜੀਆਂ ਹੋਣ ਕਰਕੇ ਸਾਡੇ ਅੰਦਰ ਇਹਨਾਂ ਦੀ ਯਾਤਰਾ ਦੀ ਉਹ ਖਿੱਚ ਪੈਦਾ ਨਹੀਂ ਹੋਈ। ਗੁਰੂ ਨੇ ਸ਼ਬਦ ਨੂੰ ਕਰਾਮਾਤ ਮੰਨਿਆਂ ਹੈ ਅਤੇ ਇਹਨਾਂ ਅਸਥਾਨਾਂ ‘ਤੇ ਜਾ ਕੇ ਉਹਨਾਂ ਸ਼ਬਦ ਦੀ ਕਰਾਮਾਤ ਵਰਤਾਈ। ਪਰ ਕੁਝ ਸਾਲ ਪਹਿਲਾਂ ਸੁਣਿਆਂ ਸੀ ਕਿ ਗੁਰੂ ਨਾਨਕ ਦੀ ਹਰਿਦੁਆਰ ਫੇਰੀ ਨਾਲ ਸਬੰਧਤ ਉਥੇ ਵੀ ਬਾਜ਼ਾਰ ਵਿਚ ਜੋ ਇਤਿਹਾਸਕ ਗੁਰਦੁਆਰਾ ਹੁੰਦਾ ਸੀ ਹੁਣ ਅਲੋਪ ਹੋ ਚੁੱਕਾ ਹੈ। ਦੂਸਰਾ ਅਤੇ ਵੱਡਾ ਕਾਰਨ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਥ ਦਾ ਗੱਡਾ ਹੱਕਣ ਵਾਲੇ ਸੱਜਣਾ ਦਾ ਧਿਆਨ ਪੰਜਾਬ, ਦਿੱਲੀ ਅਤੇ ਕੁਝ ਹੋਰ ਥਾਵਾਂ ਦੇ ਭਾਰੀ-ਭਰਕਮ ਗੋਲਕਾਂ ਵਾਲੇ ਗੁਰਧਾਮਾਂ ‘ਤੇ ਕਬਜ਼ੇ ਕਰਨ ਵੱਲ ਹੀ ਰਿਹਾ ਹੈ। ਇਹਨਾਂ ਦੇ ਵਸੀਲਿਆਂ ਨੂੰ ਮੁੱਖ ਤੌਰ ‘ਤੇ ਚੌਧਰ ਪ੍ਰਾਪਤੀ ਦੀ ਭੁੱਖ ਪੂਰਤੀ ਲਈ ਵਰਤਿਆ ਜਾਣ ਲੱਗਾ। ਗੁਰੂ ਵਲੋਂ ਵਿਸ਼ਾਲ ਖੇਤਰ ਵਿਚ ਖਿਲਾਰੇ ਸ਼ਬਦ ਦੇ ਬੀਜਾਂ ਨਾਲ ਥਾਂ-ਥਾਂ ਉੱਗੀ ਸਿੱਖੀ ਦੀ ਫਸਲ ਵੱਲ ਧਿਆਨ ਨਹੀਂ ਦਿੱਤਾ ਗਿਆ। ਨਤੀਜੇ ਵਜੋਂ ਸੈਂਕੜੇ ਗੁਰਧਾਮਾਂ ਦੀ ਹੋਂਦ ਮਿਟਣ ਦੇ ਨਾਲ-ਨਾਲ ਕਰੋੜਾਂ ਨਾਨਕਪੰਥੀ ਲੋਕ ਪੰਥ ਦੀ ਬੁੱਕਲ ਵਿਚੋਂ ਕਿਰ ਗਏ। ਕੁਝ ਦਹਾਕਿਆਂ ਤੋਂ ਇਸ ਰਾਜਨੀਤੀ ਦਾ ਪਨ੍ਹਾ ਹੋਰ ਵੀ ਛੋਟਾ ਹੋ ਗਿਆ ਹੈ। ਇਹ ਰਾਜਨੀਤੀ ਮਾਇਆ ਹੂੰਝਣ ਲਈ ਚੌਧਰ ਅਤੇ ਚੌਧਰ ਹਥਿਆਉਣ ਲਈ ਮਾਇਆ ਦੀ ਘੁੰਮਣ ਘੇਰੀ ਵਿਚ ਫਸ ਗਈ ਹੈ। ਇਸ ਦੀ ਹਾਲਤ ਉਸ ਕੁੱਤੇ ਵਰਗੀ ਹੋ ਗਈ ਹੈ ਜੋ ਆਪਣੀ ਪੂਛ ਦੇ ਸਿਰੇ ਤੇ ਆਪਣੇ ਦੰਦਾਂ ਨਾਲ ਖਾਜ ਕਰਨ ਦੇ ਲਾਲਚ ਵਿਚ ਇੱਕੋ ਥਾਵੇਂ ਘੁੰਮੀਂ ਜਾਂਦਾ ਹੈ, ਘੁਮੇਰ ਖਾ ਕੇ ਡਿਗਦਾ ਹੈ, ਉੱਠ ਕੇ ਫਿਰ ਓਹੀ ਕੁਛ ਕਰਨ ਲੱਗਦਾ ਹੈ, ਆਸ ਪਾਸ ਦੀ ਸੁੱਧ-ਬੁੱਧ ਨਹੀਂ ਰਹਿੰਦੀ। ਅਜਿਹੀ ਸਥਿਤੀ ਨੂੰ ਪ੍ਰਾਪਤ ਚੌਧਰੀਆਂ ਬਾਰੇ ਤੀਜੇ ਪਾਤਸ਼ਾਹ ਦਾ ਕਥਨ ਹੈ:

  • ਮਾਇਆਧਾਰੀ ਅਤਿ ਅੰਨਾ ਬੋਲਾ॥
    ਸਬਦੁ ਨ ਸੁਣਈ ਬਹੁ ਰੋਲ ਘਚੋਲਾ॥
  • ਇਸ ਰੋਲ ਘਚੋਲੇ ਦੇ ਆਲਮ ਵਿਚ ਗੁਰੂ ਨੂੰ ਨਿਸ਼ਕਾਮ ਭਾਵ ਨਾਲ ਪਿਆਰ ਕਰਨ ਵਾਲੇ ਅਤੇ ਗੁਰੂ ਦੇ ਬਚਨਾਂ ਦਾ ਸਮਾਜਕ ਮਹੱਤਵ ਸਮਝਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਜੋ ਲੋਕ ਮਹਿਸੂਸ ਕਰਦੇ ਹਨ ਕਿ ਮਾਨਵ ਕਲਿਆਣ ਲਈ ਗੁਰੂ ਗਰੰਥ ਸਾਹਿਬ ਦੇ ਸੰਦੇਸ਼ ਨੂੰ ਪ੍ਰਚਾਰਿਆ ਪ੍ਰਸਾਰਿਆ ਜਾਣਾ ਚਾਹੀਦਾ ਹੈ ਉਹਨਾਂ ਨੂੰ ਇਹਨਾਂ ਅਸਥਾਨਾਂ ਦੀ ਪੁਨਰ ਸੁਰਜੀਤੀ ਕਰਕੇ ਇਹਨਾਂ ਨੂੰ ਉਸ ਵਿਚਾਰਧਾਰਾ ਦੇ ਅਧੁਨਿਕ ਪ੍ਰਚਾਰ ਕੇਂਦਰਾਂ ਵਜੋਂ ਸਥਾਪਤ ਕਰਨ ਲਈ ਸਿਰ ਜੋੜਨੇ ਚਾਹੀਦੇ ਹਨ ਜਿਸ ਵਿਚਾਰਧਾਰਾ ਦੇ ਪ੍ਰਚਾਰ ਲਈ ਗੁਰੂ ਸਾਹਿਬ ਇਹਨਾਂ ਥਾਵਾਂ ‘ਤੇ ਪੈਦਲ ਲੰਮੀਆਂ ਵਾਟਾਂ ਮਾਰ ਕੇ ਪਹੁੰਚੇ। ਬਾਬੇ ਨੇ ਜਿਥੇ ਵੀ ਜਾ ਕੇ ਲੋਕ ਕਲਿਆਣ ਹਿੱਤ ਜੋ ਗੱਲਾਂ ਕੀਤੀਆਂ ਉਹ ਗੱਲਾਂ ਉਥੇ ਅਸਰਦਾਰ ਢੰਗ ਨਾਲ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ। ਸੰਨ 2019 ਵਿਚ ਆ ਰਹੇ ਗੁਰੂ ਨਾਨਕ ਦੇ 550 ਵੇਂ ਪ੍ਰਕਾਸ਼ ਵਰ੍ਹੇ ਤੋਂ ਪਹਿਲਾਂ ਪਹਿਲਾਂ ਇਸ ਕਾਰਜ ਨੂੰ ਚੁਣੌਤੀ ਵਾਂਗ ਲੈਣਾ ਚਾਹੀਦਾ ਹੈ।

LEAVE A REPLY

Please enter your comment!
Please enter your name here