ਬਿਲਕੁੱਲ ਜੀ,ਜੇਕਰ ਸਰਕਾਰੀ ਦਫ਼ਤਰਾਂ ਦੇ ਢਾਂਚੇ ਨੂੰ ਹੁਣ ਵੀ ਨਾ ਸੁਧਾਰਿਆ ਤਾਂ ਲੋਕਾਂ ਦਾ ਜਿਉਣਾ ਔਖਾ ਹੋ ਜਾਏਗਾ।ਕਿਧਰੇ ਵੀ ਕੋਈ ਕੰਮ ਸਿੱਧੇ ਤਰੀਕੇ ਨਾਲ ਨਹੀਂ ਹੁੰਦਾ।ਕਈ ਵਾਰ ਲੱਗਦਾ ਹੈ ਜਿੰਨਾ ਸਮਾਂ, ਬੁੱਧੀ ਤੇ ਮਿਹਨਤ ਲੋਕਾਂ ਨੂੰ ਤੰਗ ਕਰਨ,ਪ੍ਰੇਸ਼ਾਨ ਕਰਨ,ਠੀਕ ਕੰਮ ਨੂੰ ਗਲਤ ਕਰਨ ਵਿੱਚ ਲੱਗਾਇਆ ਜਾਂਦਾ ਹੈ ਜੇਕਰ ਇਸ ਨੂੰ ਇਮਾਨਦਾਰੀ ਨਾਲ ਤੇ ਠੀਕ ਤਰੀਕੇ ਨਾਲ ਕੰਮ ਕਰਨ ਲਈ ਵਰਤਿਆ ਜਾਏ ਤਾਂ ਸਾਡਾ ਪੰਜਾਬ ਤੇ ਸਾਡਾ ਦੇਸ਼ ਕਿਸ ਸਿਖਰ ਤੇ ਪਹੁੰਚ ਜਾਏ।ਦਫ਼ਤਰ ਵਿੱਚ ਆਪਣੀ ਅਫ਼ਸਰੀ ਤੇ ਔਹਦੇ ਦੀ ਤਾਕਤ ਵਧੀਆ ਕੰਮ ਕਰਕੇ, ਦਫ਼ਤਰ ਸਮੇਂ ਸਿਰ ਪਹੁੰਚ ਕੇ,ਲੋਕਾਂ ਦੇ ਕੰਮ ਤੁਰੰਤ ਕਰਕੇ ਨਹੀਂ ਵਿਖਾਈ ਜਾਂਦੀ ਸਗੋਂ ਦਫ਼ਤਰ ਲੇਟ ਪਹੁੰਚਣ, ਲੋਕਾਂ ਨੂੰ ਚੱਕਰ ਲਗਾਉਣ ਵਿੱਚ ਸਮਝੀ ਤੇ ਵਿਖਾਈ ਜਾਂਦੀ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਤੇ ਇਹ ਪੱਕਾ ਹੈ ਕਿ ਜਦੋਂ ਖੁਦ ਅਫ਼ਸਰ ਸਮੇਂ ਸਿਰ ਨਹੀਂ ਪਹੁੰਚਦਾ ਉਹ ਆਪਣੇ ਸਟਾਫ਼ ਨੂੰ ਕੁਝ ਵੀ ਨਹੀਂ ਕਹਿ ਸਕਦਾ।ਜੋ ਰਿਸ਼ਵਤ ਲੈਂਦਾ ਹੈ ਉਸਦਾ ਸਟਾਫ਼ ਉਸ ਤੋਂ ਚਾਰ ਕਦਮ ਅੱਗੇ ਚਲਾ ਜਾਂਦਾ ਹੈ।ਸੱਚ ਹੀ ਹੈ,”ਗੁਰੂ ਜਿੰਨਾ ਦੇ ਟੱਪਣੇ,ਚੇਲੇ ਜਾਣ ਛੜੱਪ”।ਸ਼ਰਮ ਆਉਂਦੀ ਹੈ ਕਈ ਵਾਰ ਕਿ ਅਸੀਂ ਸੱਭ ਨੇ ਰਲ ਮਿਲਕੇ ਕਿਵੇਂ ਦਾ ਸਮਾਜ ਤੇ ਕਿਵੇਂ ਦਾ ਢਾਂਚਾ ਬਣਾ ਲਿਆ।ਮੈਂ ਇਥੇ ਕੁਝ ਖ਼ਬਰਾਂ ਦਾ ਜ਼ਿਕਰ ਵੀ ਕਰਾਂਗੀ।ਏਹ ਉਹ ਖਬਰਾਂ ਨੇ ਜਿੰਨਾ ਵਿੱਚੋਂ ਦੇਰ ਸਵੇਰ ਸਾਨੂੰ ਸੱਭ ਨੂੰ ਲੰਘਣਾ ਪੈਣਾ ਹੈ।ਮੈਨੂੰ ਲਿਖਦਿਆਂ ਸ਼ਰਮ ਵੀ ਆ ਰਹੀ ਹੈ ਤੇ ਅੱਖਾਂ ਵੀ ਨਮ ਹੋ ਗਈਆਂ।ਇੱਕ ਵੱਲਾ ਪਿੰਡ ਦਾ ਬੰਦਾ ਆਪਣੀ ਪਤਨੀ ਦਾ ਡੈਥ ਸਰਟੀਫਿਕੇਟ ਲੈਣ ਲਈ ਸਟਾਫ਼ ਅੱਗੇ ਰੋ ਰਿਹਾ ਹੈ ਤੇ ਮਿੰਨਤਾਂ ਕਰ ਰਿਹਾ ਹੈ।ਉਸਦੇ ਦੱਸੇ ਅਨੁਸਾਰ ਉਸਨੇ ਪੰਜ ਸੌ ਰੁਪਏ ਪਹਿਲਾਂ ਰਿਸ਼ਵਤ ਦਿੱਤੀ ਸੀ ਤੇ ਹੁਣ ਫੇਰ ਪੈਸੇ ਮੰਗ ਰਹੇ ਨੇ।ਪਹਿਲਾਂ ਬਣਾਏ ਸਰਟੀਫਿਕੇਟ ਵਿੱਚ ਉਸਦੀ ਪਤਨੀ ਦਾ ਨਾਮ ਗਲਤ ਹੈ,ਉਸਨੇ ਨਾਮ ਠੀਕ ਕਰਨ ਵਾਸਤੇ ਉਨ੍ਹਾਂ ਨੂੰ ਕਿਹਾ ਸੀ ਤੇ ਉਹ ਪਿਛਲੇ ਸੱਤ ਮਹੀਨਿਆਂ ਤੋਂ ਸਰਟੀਫਿਕੇਟ ਲਈ ਖੱਜਲ ਹੋ ਰਿਹਾ ਹੈ।ਲਾਹਨਤ ਹੈ ਇਵੇਂ ਦੇ ਲੋਕਾਂ ਨੂੰ, ਜੋ ਮੌਤ ਵਰਗੇ ਦਰਦ ਤੇ ਪ੍ਰੇਸ਼ਾਨੀ ਨੂੰ ਵੀ ਨਹੀਂ ਸਮਝਦੇ।ਇੰਨਾ ਲੋਕਾਂ ਨੂੰ ਤਨਖਾਹ ਮਿਲਦੀ ਹੈ ਲੋਕਾਂ ਦੇ ਕੰਮ ਕਰਨ ਲਈ, ਲੋਕਾਂ ਨੂੰ ਸੁਵਿਧਾਵਾਂ ਦੇਣ ਬਦਲੇ ਨਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਸਤੇ।ਏਹ ਰਿਸ਼ਵਤ ਤੇ ਚਾਹ ਪਾਣੀ ਕਿਉਂ ਮੰਗਦੇ ਨੇ?ਕੀ ਏਹ ਭਿਖਾਰੀ ਨੇ?ਸਰਕਾਰ ਤੇ ਪ੍ਰਸ਼ਾਸਨ ਚੁਰਾਹਿਆਂ ਤੇ ਭੀਖ ਮੰਗਣ ਵਾਲਿਆਂ ਬਾਰੇ ਤਾਂ ਗੱਲ ਕਰਦੀ ਹੈ ਪਰ ਮੁਆਫ਼ ਕਰਨਾ ਇੰਨਾ ਮੰਗਤਿਆਂ ਤੇ ਭਿਖਾਰੀਆਂ ਦੀ ਗੱਲ ਕਿਉਂ ਨਹੀਂ ਕਰਦੀ?ਇੰਨਾ ਤੇ ਸ਼ਿਕੰਜਾ ਕਿਉਂ ਨਹੀਂ ਕੱਸਦੀ?ਹੈ ਜਵਾਬ ਕਿਸੇ ਕੋਲ?ਕਿਉਂ ਨਾਮ ਦੀ ਗਲਤੀ ਹੋਈ?ਪੰਜ ਸੌ ਰੁਪਏ ਉਸਨੇ ਕਿਉਂ ਲਏ?ਇਸ ਖ਼ਬਰ ਤੋਂ ਬਾਦ ਕੋਈ ਕਾਰਵਾਈ ਹੋਈ?ਜੇਕਰ ਨਹੀਂ ਹੋਈ ਤਾਂ ਕਿਉਂ ਨਹੀਂ ਹੋਈ?ਏਹ ਸਵਾਲ ਸੰਜੀਦਾ ਤੇ ਆਮ ਲੋਕਾਂ ਦੇ ਜ਼ਿਹਨ ਵਿੱਚ ਉੱਠਦੇ ਹਨ ਪਰ ਦਫ਼ਤਰਾਂ ਵਿੱਚ ਜਿੰਨਾ ਖੱਜਲ ਕੀਤਾ ਜਾਂਦਾ ਹੈ ਉਹ ਇੱਕ ਆਮ ਬੰਦਾ ਹੀ ਜਾਣਦਾ ਹੈ।ਅੰਦਾਜ਼ਾ ਲਗਾ ਲਉ ਕਿ ਗਲਤੀ ਉਸਨੇ ਕੀਤੀ ਤੇ ਪੰਜ ਸੌ ਦੀ ਚੱਟੀ ਉਹ ਭਰੇ, ਜਿਸ ਦੇ ਪਰਿਵਾਰ ਦਾ ਮੈਂਬਰ ਇਸ ਦੁਨੀਆਂ ਵਿੱਚ ਨਹੀਂ ਰਿਹਾ।ਇਹ ਪਹਿਲੀ ਤੇ ਆਖਰੀ ਘਟਨਾ ਨਹੀਂ ਹੈ,ਲੋਕਾਂ ਨਾਲ ਏਹ ਰੋਜ਼ ਵਾਪਰਦਾ ਹੈ।ਹੁਣ ਪਾਣੀ ਸਿਰ ਤੋਂ ਲੰਘਣ ਵਾਲੀ ਹਾਲਤ ਬਣੀ ਹੋਈ ਹੈ।ਜੇਕਰ ਸਰਕਾਰੀ ਢਾਂਚੇ ਨੂੰ ਸੁਧਾਰਿਆ ਨਾ ਗਿਆ ਤਾਂ ਲੋਕਾਂ ਦਾ ਜਿਉਣਾ ਔਖਾ ਹੋ ਜਾਏਗਾ
ਸੀ ਬੀ ਐਸ ਈ ਦੇ ਦਸਵੀਂ ਤੇ ਬਾਹਰਵੀਂ ਦੇ ਪੇਪਰਾਂ ਦਾ ਲੀਕ ਹੋਣਾ ਵੀ,ਸਰਕਾਰੀ ਤੰਤਰ ਦੀ ਨਿਕਾਮੀ ਅਤੇ ਉਸਦੇ ਕੰਮ ਕਰਨ ਦੇ ਤਰੀਕੇ ਉਪਰ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ ਹੈ।ਇਸ ਸੱਭ ਨੂੰ ਵੇਖਕੇ ਤਾਂ ਇਵੇਂ ਲੱਗਦਾ ਹੈ ਕਿ ਕੁਝ ਵੀ ਸੁਰੱਖਿਅਤ ਨਹੀਂ।ਪੇਪਰਾਂ ਦਾ ਲੀਕ ਹੋਣਾ ਵੀ ਤਮਾਸ਼ਾ ਬਣਕੇ ਰਹਿ ਗਿਆ ਹੈ।ਏਹ ਨਕਲ ਦਾ ਤੇ ਨਲਾਇਕਾਂ ਨੂੰ ਉਪਰ ਲਿਆਉਣ ਦਾ ਤਰੀਕਾ ਹੈ।ਨਕਲ ਦਾ ਹਾਈਟੈਕ ਤਰੀਕਾ।ਗੱਲ ਕੀ ਉਹ ਵਿਭਾਗ ਅਤੇ ਉੱਚ ਔਹਦਿਆਂ ਤੇ ਬੈਠੇ ਲੋਕ ਆਪਣੀ ਜ਼ੁਮੇਵਾਰੀ ਵਿੱਚ ਕੁਤਾਹੀ ਤਾਂ ਵਰਤ ਹੀ ਰਹੇ ਨੇ।ਕਿਵੇਂ ਹੋ ਗਏ ਪੇਪਰ ਲੀਕ?ਇਹ ਲੱਖਾਂ ਬੱਚਿਆਂ ਦੇ ਭਵਿੱਖ ਦੀ ਗੱਲ ਹੈ।ਇਸ ਵੇਲੇ ਬੱਚਿਆਂ ਦੇ ਨਾਲ ਮਾਪੇ ਵੀ ਇਸ ਦਬਾਅ ਨੂੰ ਝੱਲ ਰਹੇ ਨੇ।ਮਾਨਸਿਕ ਦਬਾਅ ਦੇ ਨਾਲ ਆਰਥਿਕ ਦਬਾਅ ਵੀ ਹੈ ਮਾਪਿਆਂ ਉਪਰ ਕਿਉਂਕਿ ਟਿਊਸ਼ਨਾ ਦੀ ਭਾਰੀ ਭਰਕਮ ਰਕਮ ਮਾਪਿਆਂ ਨੂੰ ਦੇਣੀ ਪੈ ਰਹੀ ਹੈ,ਸਕੂਲਾਂ ਦੀਆਂ ਫੀਸਾਂ ਵੀ ਦੇਣੀਆਂ ਪੈਂਦੀਆਂ ਹਨ।ਇੰਜ ਪੇਪਰਾਂ ਦਾ ਲੀਕ ਹੋਣਾ ਬੱਚਿਆਂ ਦੇ ਭਵਿੱਖ ਨਾਲ ਖਲਵਾੜ ਹੈ,ਮਜ਼ਾਕ ਹੈ ਉਨ੍ਹਾਂ ਨਾਲ।ਬੱਚਿਆਂ
ਦਾ ਪਿਆਰ ਹੀ ਨਹੀਂ ਰਹੇਗਾ ਆਪਣੇ ਦੇਸ਼ ਨਾਲ, ਇਸ ਵਿੱਚ ਬੱਚਿਆਂ ਦੀ ਗਲਤੀ ਨਹੀਂ, ਜਿਸ ਤਰ੍ਹਾਂ ਦਾ ਭੱਦਾ ਤੇ ਗੰਦਾ ਸਿਸਟਮ ਉਨ੍ਹਾਂ ਨੂੰ ਦੇ ਰਹੇ ਹਾਂ, ਉਸਦੇ ਜ਼ੁਮੇਵਾਰ ਅਸੀਂ ਹਾਂ।ਅਸੀਂ ਤਾਂ ਉਨ੍ਹਾਂ ਨੂੰ ਚੰਗੀ ਸਿਖਿਆ ਨਹੀਂ ਦੇ ਰਹੇ, ਉਨ੍ਹਾਂ ਦੀ ਮਿਹਨਤ ਦਾ ਮਜ਼ਾਕ ਉੜਾ ਰਹੇ ਹਾਂ, ਨੌਕਰੀਆਂ ਨਹੀਂ ਦੇ ਸਕੇ,ਲੱਗਦਾ ਹੈ ਰਿਸ਼ਵਤ ਤੇ ਭ੍ਰਿਸ਼ਟਾਚਾਰ ਹੀ ਉਨ੍ਹਾਂ ਨੂੰ ਵਿਰਾਸਤ ਵਿੱਚ ਦੇ ਰਹੇ ਹਾਂ ਤੇ ਇਸ ਦੀ ਵਜ੍ਹਾ ਕਰਕੇ ਟੁੱਟਿਆ,ਭੱਦਾ ਤੇ ਵਿਗੜਿਆ ਹੋਇਆ ਸਿਸਟਮ।ਜੋ ਇਸ ਸਿਸਟਮ ਨੂੰ ਪ੍ਰਫੁੱਲਤ ਕਰ ਰਹੇ ਨੇ, ਉਨ੍ਹਾਂ ਦੀ ਔਲਾਦ ਨੂੰ ਜਦੋਂ ਇਸ ਢਾਂਚੇ ਤੇ ਮਾਹੌਲ ਦਾ ਸਾਹਮਣਾ ਕਰਨਾ ਪਿਆ ਤੇ ਇਸ ਦਾ ਸੇਕ ਲੱਗਿਆ ਤਾਂ ਉਹ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।
ਸਰਕਾਰ ਦੇ ਬਣਾਏ ਸਰਕਾਰੀ ਹਸਪਤਾਲਾਂ ਵਿੱਚ ਕੋਈ ਸਹੂਲਤ ਨਹੀਂ।ਦਵਾਈਆਂ ਨਹੀਂ, ਸਟਾਫ਼ ਪੂਰਾ ਨਹੀਂ,ਸਫ਼ਾਈ ਦਾ ਬੁਰਾ ਹਾਲ ਹੁੰਦਾ ਹੈ,ਪੀਣ ਵਾਲੇ ਪਾਣੀ ਦਾ ਵੀ ਕੋਈ ਵਧੀਆ ਪ੍ਰਬੰਧ ਨਹੀਂ।ਕਈ ਵਾਰ ਜਿਸ ਤਰ੍ਹਾਂ ਦੇ ਹਸਪਤਾਲਾਂ ਦੀ ਹਾਲਤ ਵਿਖਾਈ ਜਾਂਦੀ ਹੈ ਅਫ਼ਸੋਸ ਹੁੰਦਾ ਹੈ।ਅਪ੍ਰੇਸ਼ਨ ਥਿਏਟਰ ਇੰਨੇ ਗੰਦੇ ਹਨ ਕਿ ਸ਼ਰਮ ਆਉਂਦੀ ਹੈ,ਜੇਕਰ ਅਪ੍ਰੇਸ਼ਨ ਥਿਏਟਰ ਦਾ ਉਹ ਹਾਲ ਹੋਏਗਾ ਤਾਂ ਬਾਕੀ ਸੱਭ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ।ਸਰਕਾਰਾਂ ਟੈਕਸ ਲੈ ਰਹੀਆਂ ਨੇ,ਸਰਕਾਰਾਂ ਦੀ ਡਿਊਟੀ ਹੈ ਬੁਨਿਆਦੀ ਸਹੂਲਤਾਂ ਦੇਣ ਦੀ ਪਰ ਲੋਕ ਮਜ਼ਬੂਰੀ ਵੱਸ ਪ੍ਰਾਇਵੇਟ ਹਸਪਤਾਲਾਂ ਵਿੱਚ ਧਕੇਲ ਦਿੱਤੇ ਨੇ।ਲੋਕ ਕਰਜ਼ਾਈ ਹੋ ਰਹੇ ਨੇ ਇਲਾਜ ਕਰਵਾਉਂਦੇ ਹੋਏ।ਮੋਟੇ ਮੋਟੇ ਬਿੱਲਾਂ ਦਾ ਦੇਣਾ ਹਰ ਬੰਦੇ ਦੀ ਹਿੰਮਤ ਨਹੀਂ।ਲੋਕਾਂ ਦੇ ਕਈ ਵਾਰ ਘਰ,ਦੁਕਾਨ ਤੇ ਜ਼ਮੀਨ ਵਿੱਕ ਜਾਂਦੀ ਹੈ।ਜੇਕਰ ਏਹ ਪ੍ਰਾਇਵੇਟ ਹਸਪਤਾਲਾਂ ਦਾ ਇਵੇਂ ਲੁੱਟਣ ਵਾਲਾ ਕੰਮ ਚੱਲਦਾ ਰਿਹਾ ਤਾਂ ਲੋਕਾਂ ਦਾ ਜਿਉਣਾ ਵੀ ਔਖਾ ਹੋ ਜਾਏਗਾ ਤੇ ਮਰਨਾ ਵੀ।ਇਸ ਢਾਂਚੇ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ।
ਸਰਕਾਰ ਦੀ ਜ਼ੁਮੇਵਾਰੀ ਹੈ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ।ਪ੍ਰਸ਼ਾਸਨ ਦਾ ਏਹ ਕੰਮ ਹੈ।ਜੇਕਰ ਲੋਕ ਸੁਰੱਖਿਅਤ ਨਹੀਂ, ਲੋਕਾਂ ਦੀ ਜਾਇਦਾਦ ਸੁਰੱਖਿਅਤ ਨਹੀਂ ਤਾਂ ਇਸ ਵਿੱਚ ਪ੍ਰਸ਼ਾਸਨ ਤਾਂ ਗੁਨਾਹਗਾਰ ਹੈ ਸਰਕਾਰ ਵਧੇਰੇ ਗੁਨਾਹਗਾਰ ਹੈ।ਜਿਥੇ ਵੀ ਕੁਤਾਹੀ ਹੁੰਦੀ ਹੈ ਸਖਤ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ।ਵਿਭਾਗਾਂ ਵਿੱਚ ਪਏ ਲੋਕਾਂ ਦੇ ਦਸਤਾਵੇਜ਼ਾਂ ਨੂੰ ਸੰਭਾਲਣ ਦੀ ਜ਼ੁਮੇਵਾਰੀ ਵਿਭਾਗਾਂ ਦੀ ਹੈ।ਇਥੇ ਕੁਝ ਲਿਖਣ ਲੱਗੀ ਹਾਂ।ਜੋ ਹਕੀਕਤ ਵਿੱਚ ਵਾਪਰਿਆ ਹੈ ਤੇ ਉਸਦਾ ਨੁਕਸਾਨ 120 ਲੋਕਾਂ ਤੇ ਪੈ ਰਿਹਾ ਹੈ।ਲੋਕਾਂ ਨੇ ਵਧੀਆ ਕਲੋਨੀ,ਨੈਸ਼ਨਲ ਹਾਈਵੇ ਨਾਲ ਤੀਹ ਫੁੱਟ ਜੋੜਦੀ ਸੜਕ ਵੇਖਕੇ ਪਲਾਟ ਖਰੀਦ ਲਏ।ਚੌਦਾਂ ਸਾਲ ਉਹ ਸੜਕ ਕਲੋਨੀ ਦੇ ਲੋਕ ਵਰਤਦੇ ਰਹੇ।ਇੱਕ ਦਿਨ ਅਚਾਨਕ ਸੜਕ ਪੁੱਟ ਦਿੱਤੀ ਗਈ, ਸੀਵਰੇਜ਼ ਪਲਾਂਟ ਪੁੱਟ ਦਿੱਤਾ ਗਿਆ, ਲਾਇਟਾਂ ਵਾਲੇ ਖੰਭੇ ਪੁੱਟ ਦਿੱਤੇ ਗਏ ਤੇ ਕਲੋਨੀ ਕੋਲ ਇੱਕ ਨਿੱਕਾ ਜਿਹਾ ਰਸਤਾ ਰਹਿ ਗਿਆ।ਕਲੋਨੀ ਵਾਸੀ ਪੁੱਟਿਆ ਹੋਇਆ ਰਸਤਾ ਪਿਛਲੇ ਚਾਰ ਸਾਲਾਂ ਤੋਂ ਵਰਤ ਰਹੇ ਹਨ।ਲੋਕਾਂ ਨੂੰ ਫੁੱਟਬਾਲ ਵਾਂਗ ਬਿਲਡਰ ਤੇ ਕਮੇਟੀ ਨੇ ਇੱਕ ਦੂਜੇ ਵੱਲ ਸੁੱਟਿਆ।ਲੋਕ ਹੈਰਾਨ ਰਹਿ ਗਏ ਜਦੋਂ ਪਤ ਲੱਗਾ ਕਿ ਕਮੇਟੀ ਨੇ ਕਲੋਨੀ ਬਿਲਡਰ ਕੋਲੋਂ ਟੇਕ ਓਵਰ ਕਰ ਲਈ ਹੈ।ਕਲੋਨੀ ਦੀ ਮੇਨ ਸੜਕ ਕੱਚੀ ਹੈ,ਅੰਦਲੀਆਂ ਸੜਕਾਂ ਟੁੱਟੀਆਂ ਹੋਈਆਂ ਹਨ,ਸੀਵਰੇਜ ਟਰੀਟਮੈਂਟ ਪਲਾਂਟ ਦਾ ਢਾਂਚਾ ਸੜਕ ਤੇ ਪਿਆ ਹੈ,ਬੁਨਿਆਦੀ ਸਹੂਲਤਾਂ ਦੇ ਨਾਮ ਤੇ ਜ਼ੀਰੋ ਨੇ ਹਾਲਾਤ।ਹੈਰਾਨੀ, ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਜੋ ਸਾਡੇ ਕੋਲ ਲੁਕੇਸ਼ਨ ਪਲੈਨ ਹੈ ਜਿਸ ਤੇ ਕਮੇਟੀ ਦੇ ਅਧਿਕਾਰੀਆਂ ਦੇ ਦਸਤਖ਼ਤ ਹਨ ਉਹ ਉਸ ਨੂੰ ਮੰਨਣ ਲਈ ਤਿਆਰ ਨਹੀਂ।ਜੇਕਰ ਏਹ ਸੜਕ ਨਹੀਂ ਸੀ ਤਾਂ ਲੁਕੇਸ਼ਨ ਪਲੈਨ ਵਿੱਚ ਕਿਉਂ ਤੇ ਕਿਵੇਂ ਵਿਖਾਈ ਗਈ।ਜੋ ਨਕਸ਼ੇ ਕਮੇਟੀ ਹੁਣ ਵਿਖਾ ਰਹੀ ਹੈ ਕਦੇ ਕੋਈ ਸੜਕ ਵਿਖਾਉਂਦੀ ਹੈ ਤੇ ਕਦੇ ਕੋਈ।ਇੰਜ ਤਾਂ ਦਸਤਖ਼ਤ ਤੇ ਮੋਹਰਾਂ ਲਗਾਕੇ ਦਿੱਤੇ ਅਫ਼ਸਰਾਂ ਤੇ ਅਧਿਕਾਰੀਆਂ ਵਾਲੇ ਜੋ ਦਸਤਾਵੇਜ਼ ਲੋਕਾਂ ਕੋਲ ਹਨ ਉਨ੍ਹਾਂ ਦੀ ਕੋਈ ਕੀਮਤ ਹੀ ਨਹੀਂ।ਜਦੋਂ ਮਰਜ਼ੀ ਏਹ ਜੋ ਮਰਜ਼ੀ ਦਫ਼ਤਰਾਂ ਵਿੱਚ ਬੈਠਕੇ ਬਦਲ ਲੈਣ।ਏਹ ਰੁਝਾਨ ਠੀਕ ਨਹੀਂ।ਜੋ ਦਸਤਾਵੇਜ਼ ਲੋਕਾਂ ਕੋਲ ਹਨ ਉਹ ਹੀ ਉਨ੍ਹਾਂ ਦੀਆਂ ਜਾਇਦਾਦਾਂ ਦੇ ਸਬੂਤ ਹਨ।ਹੁਣ ਤਾਂ ਇੰਜ ਲੱਗ ਰਿਹਾ ਹੈ ਜਿਵੇਂ ਬਿੱਲੀ ਦੇ ਸਿਰਹਾਣੇ ਦਹੀਂ ਜਮਾਇਆ ਹੈ ਜਾਂ ਦੁੱਧ ਦੀ ਰਾਖੀ ਬਿੱਲੀ ਬਿਠਾਈ ਹੋਈ ਹੈ।ਲੋਕਾਂ ਦੀ ਜ਼ਿੰਦਗੀ ਨਰਕ ਬਣਾਕੇ ਰੱਖ ਦਿੱਤੀ ਹੈ।ਇਸ ਵੇਲੇ ਹਾਲਾਤ ਏਹ ਹੈ ਠੀਕ ਕੰਮ ਨੂੰ ਗਲਤ ਕਰਵਾਉਣਾ ਆਸਾਨ ਹੈ।ਕਿਉਂ ਤੇ ਕਿੰਜ ਦੱਸਣ ਦੀ ਜ਼ਰੂਰਤ ਹੀ ਨਹੀਂ, ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ।ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ ਏਹ ਕੋਈ ਸਿਹਤਮੰਦ ਨਹੀਂ ਹੈ।ਰਿਸ਼ਵਤ ਤੇ ਭ੍ਰਿਸ਼ਟਾਚਾਰ ਅਜਿਹਾ ਪ੍ਰਦੂਸ਼ਣ ਹੈ ਜੋ ਹਰ ਪ੍ਰਦੂਸ਼ਣ ਦਾ ਜਨਮਦਾਤਾ ਹੈ।ਜਿਸ ਤਰ੍ਹਾਂ ਗੰਦੀ ਹਵਾ ਵਿੱਚ ਸਾਹ ਲੈਣਾ ਔਖਾ ਹੈ ਇੰਜ ਹੀ ਇਸ ਮਾਹੌਲ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੈ।ਅਸੀਂ ਹੋਰ ਕੈਂਸਰ ਦੀ ਤਰ੍ਹਾਂ ਰਿਸ਼ਵਤ ਤੇ ਭ੍ਰਿਸ਼ਟਾਚਾਰ ਦਾ ਕੈਂਸਰ ਵੀ ਸਮਾਜ ਵਿੱਚ ਫੈਲਾ ਦਿੱਤਾ ਹੈ।
ਇਸ ਤੇ ਹਰ ਇੱਕ ਨੂੰ ਗੰਭੀਰ ਹੋਣਾ ਚਾਹੀਦਾ ਹੈ ਤੇ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਜੇਕਰ ਇਸ ਢਾਂਚੇ ਨੂੰ ਸੁਧਾਰਿਆ ਨਾ ਗਿਆ ਤਾਂ ਲੋਕਾਂ ਦਾ ਜਿਉਣਾ ਔਖਾ ਹੋ ਜਾਏਗਾ, ਇਸ ਵਿੱਚ ਨਾ ਕੋਈ ਸ਼ੱਕ ਹੈ ਤੇ ਨਾ ਦੋ ਰਾਏ।
From Prabhjot Kaur Dhillon Contact No. 9815030221

LEAVE A REPLY

Please enter your comment!
Please enter your name here