ਕੋਲੰਬੋ— ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ‘ਚ 3-0 ਤੇ ਵਨ ਡੇ ‘ਚ 5-0 ਦੇ ਕੀਤੇ ਜ਼ਬਰਦਸਤ ਕਲੀਨ ਸਵੀਪ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਇਕਲੌਤੇ ਟੀ-20 ਮੈਚ ‘ਚ ਜਿੱਤ ਨਾਲ ਆਪਣੇ ਦੌਰੇ ਦੀ ਸੁਖਦ ਤੇ ਜੇਤੂ ਸਮਾਪਤੀ ਕਰਨ ਲਈ ਉਤਰੇਗੀ। 

ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਟੀਮ ਸ਼੍ਰੀਲੰਕਾ ਦੌਰੇ ‘ਤੇ ਜੇਤੂ ਰਹੀ ਹੈ ਤੇ ਉਸ ਨੇ ਸਾਬਤ ਕਰ ਦਿੱਤਾ ਕਿ ਮੇਜ਼ਬਾਨ ਟੀਮ ਖੇਡ ਦੇ ਕਿਸੇ ਵੀ ਵਿਭਾਗ ‘ਚ ਉਸ ਦੇ ਨੇੜੇ ਨਹੀਂ ਪਹੁੰਚ ਸਕੀ। ਹੁਣ ਟੀਮ ਆਪਣੇ ਲੱਗਭਗ 2 ਮਹੀਨਿਆਂ ਤੱਕ ਚੱਲੇ ਸ਼੍ਰੀਲੰਕਾਈ ਦੌਰੇ ਦੀ ਸਮਾਪਤੀ ਟੀ-20 ਮੈਚ ਨਾਲ ਕਰੇਗੀ, ਜਿਥੇ ਉਸ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਜਿੱਤ ਨਾਲ ਘਰ ਵਾਪਸ ਆਵੇ ਤਾਂ ਕਿ ਉਸ ਦਾ ਆਗਾਮੀ ਸੀਰੀਜ਼ ਤੋਂ ਪਹਿਲਾਂ ਆਤਮ-ਵਿਸ਼ਵਾਸ ਅਤੇ ਮਨੋਬਲ ਵੀ ਉੱਚਾ ਬਣਿਆ ਰਹੇ।
ਸ਼੍ਰੀਲੰਕਾਈ ਟੀਮ ਨੇ ਦੂਸਰੇ ਪਾਸੇ ਆਪਣੇ ਘਰੇਲੂ ਮੈਦਾਨ ‘ਤੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਕਾਫੀ ਕੁਝ ਗੁਆਇਆ ਹੈ। ਟੀਮ ਨਾ ਸਿਰਫ ਚੌਤਰਫਾ ਆਲੋਚਨਾਵਾਂ ਨਾਲ ਘਿਰੀ ਹੋਈ ਹੈ, ਸਗੋਂ ਉਨ੍ਹਾਂ ਦੇ ਚੋਣਕਰਤਾਵਾਂ ਨੂੰ ਭਾਰੀ ਦਬਾਅ ‘ਚ ਅਸਤੀਫਾ ਦੇਣਾ ਪੈ ਗਿਆ। ਇਸ ਤੋਂ ਇਲਾਵਾ ਸਭ ਤੋਂ ਵੱਡਾ ਨੁਕਸਾਨ ਉਸ ਨੂੰ 2019 ਵਿਸ਼ਵ ਕੱਪ ਲਈ ਸਿੱਧੇ ਕੁਆਲੀਫਿਕੇਸ਼ਨ ਦੇ ਹੱਥ ਆਏ ਮੌਕੇ ਨੂੰ ਗੁਆ ਕੇ ਹੋਇਆ। ਸ਼੍ਰੀਲੰਕਾ ਨੂੰ ਹੁਣ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਲਈ ਕੁਆਲੀਫਾਇਰ ਖੇਡਣੇ ਪੈਣਗੇ। ਅਜਿਹੀ ਸਥਿਤੀ ‘ਚ ਪਿਛਲੀ ਟੀ-20 ਵਿਸ਼ਵ ਚੈਂਪੀਅਨ ਸ਼੍ਰੀਲੰਕਾ ਕੋਸ਼ਿਸ਼ ਕਰੇਗੀ ਕਿ ਉਹ ਆਖਰੀ ਮੈਚ ‘ਚ ਜਿੱਤ ਨਾਲ ਆਪਣੇ ਗੁਆਚੇ ਸਨਮਾਨ ਤੇ ਮਨੋਬਲ ਨੂੰ ਵਾਪਸ ਹਾਸਲ ਕਰ ਸਕੇ, ਇਸ ਦੇ ਮੱਦੇਨਜ਼ਰ ਆਖਰੀ ਮੁਕਾਬਲੇ ਲਈ ਸ਼੍ਰੀਲੰਕਾ ਦੀ 15 ਮੈਂਬਰੀ ਟੀਮ ‘ਚ 6 ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਟੀਮ ਇੰਡੀਆ ਵਿਚ ਕੁਝ ਫੇਰਬਦਲ ਵੀ ਦੇਖਣ ਨੂੰ ਮਿਲ ਸਕਦੇ ਹਨ
ਟੀਮ ਇੰਡੀਆ ਪੂਰੇ ਮਨੋਬਲ ਤੇ ਆਤਮ-ਵਿਸ਼ਵਾਸ ਨਾਲ ਇਸ ਮੁਕਾਬਲੇ ‘ਚ ਖੇਡਣ ਉਤਰੇਗੀ, ਜਿਸ ਨੇ ਪਿਛਲੇ ਮੈਚਾਂ ‘ਚ ਗੇਂਦਬਾਜ਼ੀ, ਬੱਲੇਬਾਜ਼ੀ ਤੇ ਫੀਲਡਿੰਗ ਹਰ ਵਿਭਾਗ ‘ਚ ਹੀ ਕਮਾਲ ਦੇ ਜੌਹਰ ਦਿਖਾਏ ਹਨ। ਟੈਸਟ ਤੇ ਵਨ ਡੇ ‘ਚ ਕਲੀਨ ਸਵੀਪ ਤੋਂ ਬਾਅਦ ਸਿਰਫ ਇਕੋ-ਇਕ ਟੀ-20 ‘ਚ ਵੀ ਆਖਰੀ ਮੈਚ ਦੇ ਜੇਤੂ ਇਲੈਵਨ ਨੂੰ ਹੀ ਮੌਕਾ ਮਿਲ ਸਕਦਾ ਹੈ। ਭਾਰਤੀ ਕੈਪਟਨ ਨੇ ਆਖਰੀ ਵਨ ਡੇ ‘ਚ 4 ਅਹਿਮ ਬਦਲਾਅ ਕਰਦੇ ਹੋਏ ਲੋਕੇਸ਼ ਰਾਹੁਲ, ਹਾਰਦਿਕ ਪੰਡਯਾ ਤੇ ਸ਼ਿਖਰ ਧਵਨ ਨੂੰ ਬਾਹਰ ਬਿਠਾਇਆ ਸੀ, ਜਦਕਿ ਅਜਿੰਕਯ ਰਹਾਨੇ, ਕੇਦਾਰ ਜਾਧਵ, ਭੁਵਨੇਸ਼ਵਰ ਕੁਮਾਰ ਤੇ ਯੁਜਵਿੰਦਰ ਚਹਿਲ ਨੂੰ ਮੌਕਾ ਦਿੱਤਾ ਗਿਆ ਸੀ। ਧਵਨ ਇਸ ਮੈਚ ਤੋਂ ਬਾਅਦ ਆਪਣੀ ਮਾਂ ਦੀ ਸਿਹਤ ਖਰਾਬ ਹੋਣ ਕਾਰਨ ਵਤਨ ਵਾਪਸ ਆ ਗਿਆ ਸੀ, ਜਿਸ ਤੋਂ ਬਾਅਦ ਓਪਨਿੰਗ ‘ਚ ਫਿਰ ਤੋਂ ਰੋਹਿਤ ਤੇ ਰਹਾਨੇ ਦੀ ਜੋੜੀ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਹਾਲਾਂਕਿ ਵਿਰਾਟ ਹਮੇਸ਼ਾ ਹੀ ਨਵੇਂ ਮੌਕੇ ਤਲਾਸ਼ਦੇ ਰਹਿੰਦੇ ਹਨ, ਅਜਿਹੇ ‘ਚ ਕੁਝ ਕੁ ਫੇਰਬਦਲ ਵੀ ਦੇਖਣ ਨੂੰ ਮਿਲ ਸਕਦੇ ਹਨ।
ਭਾਰਤ ਦੀ ਟੀਮ—
ਵਿਰਾਟ ਕੋਹਲੀ (ਕਪਤਾਨ),  ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਅਜਿੰਕਯ ਰਹਾਨੇ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਸ਼ਾਰਦੁਲ ਠਾਕੁਰ।
ਸ਼੍ਰੀਲੰਕਾ ਦੀ ਟੀਮ—
ਉਪਲ ਥਰੰਗਾ (ਕਪਤਾਨ), ਮਿਲਿੰਦਾ ਸਿਰੀਵਰਧਨੇ, ਤਿਸ਼ਾਰਾ ਪਰੇਰਾ, ਐਂਜਲੋ ਮੈਥਿਊਜ਼, ਲਸਿਥ ਮਲਿੰਗਾ, ਨਿਰੋਸ਼ਨ ਡਿਕਵੇਲਾ, ਵਾਨਿੰਦੁ ਹਸਾਰੰਗਾ, ਅਕਿਲਾ ਧਨੰਜਯਾ, ਦਿਲਸ਼ਾਨ ਮੁਨਾਵੀਰਾ, ਦਾਸੁਨ ਸ਼ਨਾਕਾ, ਜੈਫ੍ਰੇ ਵਾਂਡਰਸੇ, ਇਸੁਰੁ ਉਦਾਰਾ, ਸੁਰੰਗਾ ਲਕਮਲ, ਸੇਕੁਗੇ ਪ੍ਰਸੰਨਾ ਤੇ ਵਿਕੁਨ ਸੰਜੇ।

NO COMMENTS

LEAVE A REPLY