ਇਹ ਕੋਈ ਜੰਗ ਨਹੀਂ ਸੀ

ਸੁੱਤਿਆਂ ਸ਼ਹਿਰਾਂ ਚ
ਜਾਗਦੇ ਸੁਪਨਿਆਂ ਦੇ ਖ਼ਿਲਾਫ਼
ਸਦੀਵੀ ਵੈਰ ਦਾ ਸਿ਼ਖ਼ਰ ਸੀ।
ਨਸਲਕੁਸ਼ੀ ਦੀ
ਗਿਣੀ ਮਿਥੀ ਸਾਜ਼ਿਸ਼ ਸੀ।

ਨਾਗਾਸਾਕੀ ਨਾ ਹੀਰੋਸ਼ੀਮਾ ਮਿਟਿਆ
ਲਾਸ਼ਾਂ ਤੇ ਮਲਬਾ ਲਟ ਲਟ ਬਲਿਆ
ਤੇ ਮੁੜ ਜਗਿਆ ਜਪਾਨ
ਦੈਂਤ ਦੀ ਹਿੱਕ ਤੇ ਬੈਠ ਗਿਆ
ਤੇ ਗਰਜ਼ਿਆ
ਹੁਣ ਬੋਲ
ਅਸੀਂ ਜਿਊਂਦੇ ਅਸੀਂ ਜਾਗਦੇ।

ਸਾਡੇ ਬਿਨ
ਇੱਕ ਵੀ ਕਦਮ ਤੁਰ ਕੇ ਵਿਖਾ
ਤੇਰੀ ਨਬਜ਼ ਹੁਣ ਸਾਡੇ ਹੱਥ ਹੈ
ਵੱਡਿਆ ਹੰਕਾਰੀਆ!

ਤੇਰੇ ਕੋਲ ਸਰਮਾਇਆ ਹੈ
ਸਾਡੇ ਕੋਲ ਸਿਰ ਹਨ
ਨਿਰੰਤਰ ਜਾਗਦੇ, ਸੋਚਦੇ
ਤੁਰਦੇ ਸੁਪਨੇ ਹਨ।
ਤੇਰੇ ਕੋਲ ਸਿਰਫ਼
ਮੌਤ ਦਾ ਬੇ ਇੰਤਹਾ ਸਮਾਨ ਹੈ।
ਹੋਰ ਦੱਸ?
ਤੇਰੇ ਪੱਲੇ ਕੀ ਹੈ ਹੈਂਕੜਬਾਜ਼ਾ!

ਮੌਤ ਦੀਆਂ ਪੁੜੀਆਂ ਵੇਚਦਾ ਹੈਂ
ਗਲੀ ਗਲੀ, ਮੁਹੱਲੇ ਮੁਹੱਲੇ ਸਹਿਮ
ਬੱਚੇ ਲੁਕ ਜਾਂਦੇ ਹਨ
ਤੇਰਾ ਕਰੂਪ ਚਿਹਰਾ ਵੇਖਦਿਆਂ।
ਆਦਮਖਾਣਿਆ!
ਤੈਨੂੰ ਕੋਈ ਨਹੀਂ ਉਡੀਕਦਾ।

ਦੋ ਵਾਰ ਬੁਰਕ ਮਾਰਿਆ ਹੈ ਤੂੰ
ਦੁੱਧ ਚੁੰਘਦੇ ਬਾਲਾਂ,
ਮਾਸੂਮ ਬਾਲੜੀਆਂ ਮੁਸਕਾਨਾਂ ਤੇ
ਆਤਿਸ਼ ਬਾਜ਼ਾ! ਤੂੰ
ਮਾਸੂਮ ਘੁੱਗੀਆਂ ਦੇ ਆਲ੍ਹਣਿਆਂ ਨੂੰ
ਅੰਡਿਆਂ ,ਬੱਚਿਆਂ, ਉਡਾਰੀਆਂ ਸਣੇ
ਅਗਨ ਭੇਂਟ ਕੀਤਾ ਹੈ।
ਸੱਜਰੀਆਂ ਫੁੱਟੀਆਂ ਕਰੂੰਬਲਾਂ, ਤੂਈਆਂ
ਦਾ ਮਲੀਆਮੇਟ ਕੀਤਾ ਹੈ?
ਭਾਂਤ ਸੁਭਾਂਤੇ ਹਥਿਆਰ
ਰਕਤ ਨਦੀਆਂ ਤੈਰਦੇ ਫਿਰਦੇ
ਲਾਅਣਤ ਹੈ ਜ਼ਾਲਮ ਮਛੇਰਿਆ!

ਜਾਲ ਵਿੱਚ ਮੁਲਕਾਂ ਦੇ ਮੁਲਕ ਫਾਹੁੰਦਾ
ਆਪਣੀ ਅਗਨਾਰ ਬੋਲੀ ਪੜ੍ਹਾਉਂਦਾ ਸਿਖਾਉਂਦਾ, ਪੁੱਠੇ ਰਾਹ ਪਾਉਂਦਾ।

ਪਰਮਾਣੂੰ ਦੀ ਛਾਵੇਂ ਕਦੇ ਵੀ
ਜੰਤ ਪਰਿੰਦੇ ਨਹੀਂ ਬੈਠਦੇ
ਮੌਤ ਹੀ ਤਾਂਡਵ ਨਾਚ ਨੱਚਦੀ ਹੈ।
ਦੌਲਤਾਂ ਦੇ ਹੰਕਾਰੇ ਅੰਬਾਰ
ਕਿਸੇ ਲਈ ਅੰਨ ਦੀ ਗਰਾਹੀ ਨਹੀਂ
ਭੈ ਦਾ ਮੁਕਾਮ ਬਣਦੇ ਨੇ।
ਉੱਡ ਜਾਂਦੀਆਂ ਨੇ ਸਿਰਾਂ ਤੋਂ ਛਾਵਾਂ
ਧੀਆਂ ਬਿਨ
ਨਿਪੁੱਤੀਆਂ ਮਾਵਾਂ
ਗਾਉਂਦੀਆਂ ਨੇ ਦਰਦ ਰਾਗ
ਖੰਭ ਖਿੱਲਰੇ ਨੇ ਕਾਵਾਂ ਦੇ
ਜੰਗਬਾਜ਼ਾ ਬੱਸ ਕਰ ਤੂੰ
ਪੁੱਤ ਮੁੱਕ ਚੱਲੇ ਮਾਵਾਂ ਦੇ।

ਪਹਿਲਾਂ ਤੂੰ ਫੌਜਾਂ ਚਾੜ੍ਹਦਾ ਸੈਂ
ਤਾਂ ਸਰਹੱਦਾਂ ਕੰਬਦੀਆਂ ਸਨ
ਹੁਣ ਪੂਰਾ ਗਲੋਬ ਕੰਬਦਾ ਹੈ
ਪਰਮਾਣੂੰ ਅੰਨ੍ਹਾ ਮਸਤਿਆ ਹਾਥੀ ਹੈਂ
ਬੇਲਗਾਮ ਘੋੜਾ ਸੁਪਨੇ ਲਿਤਾੜਦਾ।
ਪੌਣਾਂ ਵਿੱਚ ਭਰ ਦਿੰਦਾ ਹੈਂ
ਮੌਤ ਦਾ ਜ਼ਹਿਰੀ ਸਮਾਨ।
ਸੁਸਰੀ ਵਾਂਗ ਸੌਂ ਜਾਂਦੀ ਹੈ ਕਾਇਨਾਤ
ਤੈਨੂੰ ਚਿਤਵਦਿਆਂ।

ਤੂੰ ਹੀ ਖਿਲਾਰੇ ਸਨ
ਸਵੇਰਸਾਰ
ਸਾਡੇ ਸਕੂਲੀ ਬੱਚਿਆਂ ਦੇ ਬਸਤੇ
ਕਾਮਿਆਂ ਦੇ
ਦੁਪਹਿਰੀ ਰੋਟੀ ਵਾਲੇ ਟਿਫਨ ਡੱਬੇ।
ਚੌਂਕੇ ‘ਚ ਗੁੰਨੇ ਪਏ ਆਟੇ ‘ਚ
ਜ਼ਹਿਰ ਪਾਇਆ
ਉਡਾਏ ਭੜੋਲੀਆਂ ਸਣੇ
ਹਵਾ ਚ ਪਰਖਚੇ ਕਰਕੇ।

ਸੂਰਜ ਨੇ ਸੁਣਿਆ
ਤੇਰਾ ਰਾਵਣੀ ਹਾਸਾ
ਵੇਖਿਆ ਤੇਰਾ ਜਬਰ
ਧਰਤੀ ਦਾ ਸਬਰ।
ਮੱਥੇ ਤੇ ਕਾਲਖ਼ ਦਾ ਟਿੱਕਾ
ਸਦੀਆਂ ਤੀਕ ਨਹੀਂ ਪੈਣਾ ਫਿੱਕਾ
ਲਾਹਣਤੀਆ।

ਮਾਰੂ ਰਾਗ ਸੀ ਗਾਉਂਦੀਆਂ
ਅੰਬਰੀਂ ਇੱਲਾਂ ਭੌਂਦੀਆਂ
ਉਡਣ ਖਟੋਲਾ ਬਣ ਕੇ।
ਜਪਾਨ ਨੂੰ ਛੱਡ
ਪੂਰਾ ਵਿਸ਼ਵ ਨਹੀਂ ਭੁੱਲਿਆ ਅੱਜ ਤੀਕ
ਮੌਤ ਦਾ ਕੁਲਹਿਣਾ ਆਂਡਾ ਫੁੱਟਿਆ
ਵਿਛ ਗਈ ਫੂਹੜੀ ਪੂਰੀ ਧਰਤੀ ਤੇ
ਅੰਬਰ ਕਾਲਾ ਕਾਲਾ
ਦਰਦਮੰਦਾਂ ਦੀਆਂ ਆਹਾਂ ਨਾਲ।
ਪਿਘਲ ਗਏ ਸਮੂਲਚੇ ਸ਼ਹਿਰ
ਖਿੰਘਰ ਵੱਟੇ ਹੋ ਗਏ
ਪਰ ਮੁੜ ਜਾਗੇ,
ਜਗੇ ਤੇ ਰੌਸ਼ਨ ਮੀਨਾਰ ਬਣੇ।
ਤੇਰੇ ਸਾਹਮਣੇ ਕਾਲੇ ਮੂੰਹ ਵਾਲਿਆ!

ਤੈਨੂੰ ਭਰਮ ਸੀ
ਲਾਸ਼ਾਂ ਦੇ ਅੰਬਾਰ ਤੱਕ ਡੋਲ ਜਾਣਗੇ
ਪਹਾੜ ਜਿੱਡੇ ਜੇਰੇ।
ਤੂੰ ਫੇਰ ਭਬਕਿਆ,ਬਰਸਿਆ ਤੇਜ਼ਾਬ
ਮੌਤ ਫਿਰ ਘਰ ਘਰ ਘੁੰਮੀ
ਜਿਉਂਦੇ ਜੀਅ ਲੱਭਦੀ।
ਹਾਰ ਗਈ ਮੌਤ
ਬੁਲੰਦ ਹੌਸਲੇ ਦੇ ਦਵਾਰ।
ਲੋਹਾ ਪਿਘਲ ਕੇ ਫੌਲਾਦ ਬਣਿਆ
ਲੋਹੇ ਦੇ ਮਰਦ ਸਿਰਜਣਹਾਰਾ।
ਪਿਘਲੀਆਂ ਜਾਨਾਂ
ਇਤਿਹਾਸ ਦੀ ਕਿਤਾਬ ਬਣੀਆਂ।
ਮੂੰਹ ਮੂੰਹ ਨਾ ਰਹੇ
ਨੱਕ ਉੱਘੜ ਦੁਘੜੇ ਆਕਾਰ
ਖ਼ੂਨ ਨਸਾਂ ਚ ਤੇਜ਼ ਦੌੜਿਆ
ਪਹਿਲਾਂ ਤੋਂ ਬਹੁਤ ਤੇਜ਼
ਅੱਖਾਂ ਚਮਕੀਆਂ
ਮੱਥੇ ਚ ਤੀਜਾ ਨੇਤਰ ਪਰਚੰਡ ਹੋਇਆ।

ਪਰਮਾਣੂੰ ਜੰਗ ਦੇ ਪਹਿਲੇ ਵਰਕੇ ਨੇ
ਸਬਕ ਦਿੱਤਾ ਪੂਰੇ ਬ੍ਰਹਿਮੰਡ ਨੂੰ
ਪਿਕਾਸੋ ਦੇ ਚਿਤਰ ਵਾਲੀ ਘੁੱਗੀ ਦੇ
ਮੂੰਹ ਵਿੱਚ ਫੜੀ ਜੈਤੂਨ ਦੀ ਪੱਤੀ
ਨਾ ਮੁਰਝਾਵੇ ਕਦੇ।
ਉਹ ਜ਼ਾਲਮ ਮੌਤ ਦਾ ਉਡਣ ਖਟੋਲਾ
ਪਰਤ ਨਾ ਆਵੇ ਕਦੇ।
🍀🍀🍀🌼🌼🌼🌺🌺🌺
ਸੰਪਰਕ: 98726 31199

LEAVE A REPLY

Please enter your comment!
Please enter your name here