ਤਰੱਕੀ ਤੇ ਵਿਕਾਸ ਉਹ ਹੀ ਭਲਾ ਜੋ ਸਮਾਜ ਪਰਿਵਾਰਾਂ ਤੇ ਸਮਾਜ ਲਈ ਖਤਰਾ ਨਾ ਹੋਵੇ।ਅੱਜ ਅਸੀਂ ਜਿਸ ਤਰੱਕੀ ਵੱਲ ਛੜੱਪੇ ਮਾਰ ਮਾਰ ਜਾ ਰਹੇ ਹਾਂ, ਉਸਨੇ ਸਾਡੇ ਕੋਲੋਂ ਸਾਡੇ ਆਪਣੇ ਤੇ ਸਾਡੇ ਪਰਿਵਾਰ ਖੋਹ ਲਏ।ਇੰਨੀ ਵੱਡੀ ਕੀਮਤ ਦੇਕੇ,ਸਾਡੇ ਪੱਲੇ ਇਕੱਲਤਾ ਹੀ ਪਈ ਹੈ।ਰਿਸ਼ਤੇ ਤੇ ਪਰਿਵਾਰਾਂ ਦੇ ਟੁੱਟਣ ਦੇ ਬਹੁਤ ਸਾਰੇ ਕਾਰਨ ਨੇ,ਉਸ ਨਾਲ ਸੱਭ ਸਹਿਮਤ ਹੋਣ ਜ਼ਰੂਰੀ ਨਹੀਂ ਹੈ।ਅੱਜ ਸਹਿਣਸ਼ੀਲਤਾ ਦੀ ਘਾਟ ਹੈ,ਸਵਾਰਥੀ ਸੁਭਾਅ ਹੋ ਗਏ ਨੇ,ਵਿਖਾਵਾ ਵੱਧ ਗਿਆ, ਆਜ਼ਾਦੀ ਦਾ ਮਤਲਬ ਗਲਤ ਲਿਆ ਜਾ ਰਿਹਾ ਹੈ ਤੇ ਇਵੇਂ ਦੇ ਹੀ ਹੋਰ ਕਾਰਨ ਨੇ ਜਿੰਨਾ ਕਰਕੇ ਰਿਸ਼ਤੇ ਤੇ ਪਰਿਵਾਰ ਟੁੱਟਦੇ ਜਾ ਰਹੇ ਨੇ।ਸਹਿਣਸ਼ੀਲਤਾ ਦੀ ਘਾਟ ਕਰਕੇ, ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ।ਕੋਈ ਰਿਸ਼ਤਾ ਜਿਵੇਂ ਰਿਹਾ ਹੀ ਨਹੀਂ, ਕਿਸੇ ਰਿਸ਼ਤੇ ਦੀ ਕੋਈ ਅਹਿਮੀਅਤ ਹੀ ਨਹੀਂ ਰਹੀ, ਕੋਈ ਰਿਸ਼ਤਾ ਸਤਿਕਾਰਤ ਹੀ ਨਹੀਂ ਰਿਹਾ।ਖਬਰ ਪੜ੍ਹੀ ਜਿਸ ਨੇ ਦਿਲ ਦਹਿਲਾ ਦਿੱਤਾ, ਪੁੱਤਾਂ ਨੇ ਆਪਣੇ ਬਾਪ ਦਾ ਕਤਲ ਕਰ ਦਿੱਤਾ ਤੇ ਝਗੜਾ ਜ਼ਮੀਨ ਦਾ ਲਿਖਿਆ ਸੀ।ਏਹ ਤਾਂ ਪੱਕਾ ਹੈ ਕਿ ਪੁੱਤਾਂ ਦੀ ਬਣਾਈ ਜਾਇਦਾਦ/ਜ਼ਮੀਨ ਦਾ ਝਗੜਾ ਤਾਂ ਹੋਏਗਾ ਨਹੀਂ, ਝਗੜਾ ਤਾਂ ਉਸ ਜ਼ਮੀਨ ਦਾ ਹੋਏਗਾ ਜੋ ਬਾਪ ਕੋਲ ਹੋਏਗੀ।ਨੂੰਹਾਂ ਪੁੱਤ,ਬਜ਼ੁਰਗਾਂ ਦੀ ਜਾਇਦਾਦ ਉਨਾਂ ਤੋਂ ਜਲਦੀ ਤੋਂ ਜਲਦੀ ਲੈਣ ਦੀ ਕਾਹਲ ਵਿੱਚ ਹੁੰਦੇ ਨੇ।ਮਾਪੇ ਡਰਦੇ ਨੇ ਕਿ ਜੇਕਰ ਆਪਣੇ ਹੱਥ ਖਾਲੀ ਕਰ ਲਏ ਤਾਂ ਬ੍ਰਿਧ ਆਸ਼ਰਮ ਜਾਂ ਕਿਸੇ ਧਾਰਮਿਕ ਸਥਾਨ ਤੇ ਬਾਕੀ ਦੇ ਦਿਨ ਕੱਟਣੇ ਪੈਣਗੇ, ਜੇਕਰ ਨਹੀਂ ਦਿੰਦੇ ਤਾਂ ਜੋ ਉਨ੍ਹਾਂ ਦੀ ਹਾਲਤ ਘਰ ਵਿੱਚ ਹੁੰਦੀ ਹੈ ਉਹ ਜਾਣਦੇ ਨੇ।ਬਜ਼ੁਰਗ ਮਾਪਿਆਂ ਤੇ ਘਰੇਲੂ ਹਿੰਸਾ ਬਹੁਤ ਹੁੰਦੀ ਹੈ।ਇਥੇ ਫੇਰ ਉਹ ਹੀ ਗੱਲ ਹੁੰਦੀ ਹੈ ਬੋਲਦੇ ਨੇ ਤਾਂ ਵੀ ਮਰਦੇ ਨੇ ਚੁੱਪ ਰਹਿੰਦੇ ਨੇ ਤਾਂ ਵੀ ਮਰਦੇ ਨੇ।ਸਮਾਜ ਦੇ ਮੌਹਤਬਰਾਂ ਤੇ ਜ਼ੁਮੇਵਾਰ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।ਜੇਕਰ ਮਾਪਿਆਂ ਦੇ ਵੀ ਇੰਜ ਕਤਲ ਹੋਣ ਲੱਗ ਗਏ ਤਾਂ ਸਮਝ ਲਵੋ ਰਿਸ਼ਤੇ ਮਰ ਗਏ।ਭੈਣ ਭਰਾਵਾਂ ਦੇ ਰਿਸ਼ਤੇ ਵੀ ਪੈਸੇ ਦੀ ਬਲੀ ਚੜ੍ਹ ਰਹੇ ਨੇ,ਭਰਾ ਵੀ ਭੈਣਾਂ ਨੂੰ ਕੁਝ ਵੀ ਦੇਕੇ ਰਾਜੀ ਨਹੀਂ।ਹੈਰਾਨੀ ਦੀ ਗੱਲ ਤੇ ਸੋਚਣ ਵਾਲੀ ਗੱਲ ਏਹ ਹੈ ਕਿ ਪਿਉ ਦੀ ਜਾਇਦਾਦ ਤੇ ਆਪਣੇ ਹੱਕ ਦਾ ਪਤਾ ਹੈ ਪਰ ਭੈਣ ਦੇ ਕਾਨੂੰਨੀ ਹੱਕ ਤੇ ਵੀ ਆਪਣਾ ਹੱਕ ਜਤਾਉਂਦੇ ਨੇ।ਗੱਲ ਤੇ ਫੇਰ ਉਥੇ ਆ ਨਿਬੜਦੀ ਹੈ,ਕੁੜੀਆਂ ਜ਼ਮੀਨ ਜਾਇਦਾਦ ਦੇ ਦੇਣ ਤਾਂ ਵੀ ਭਰਾਵਾਂ ਨੇ ਮਿਲਣਾ ਛੱਡ ਦੇਣਾ ਹੈ ਜੇਕਰ ਉਨ੍ਹਾਂ ਦੇ ਨਾਮ ਤੇ ਨਾ ਕਰਵਾਉਣ,ਫੇਰ ਵੀ ਲੜਾਈ, ਅਜੇ ਉਸ ਜ਼ਮੀਨ ਦੀ ਕਮਾਈ ਉਹ ਖਾ ਰਹੇ ਹੁੰਦੇ ਹਨ।ਹਕੀਕਤ ਏਹ ਹੈ ਰਿਸ਼ਤੇ ਭਰਾ ਦੋਨੋਂ ਹਾਲਾਤਾਂ ਵਿੱਚ ਵਧੇਰੇ ਕਰਕੇ ਖਤਮ ਕਰ ਦਿੰਦੇ ਨੇ ਤੋੜ ਦਿੰਦੇ ਨੇ।ਹਾਲਤ ਏਹ ਹੈ ਕਿ ਲੜਕਿਆਂ ਦਾ ਵਿਆਹ ਕਰਨ ਤੋਂ ਬਾਦ,ਕੁੜੀ ਦੀ ਪਹਿਲੀ ਗੱਲ ਏਹ ਆਉਂਦੀ ਹੈ ਕਿ ਤੇਰੇ ਮਾਪਿਆਂ ਨੂੰ ਰਹਿਣ ਦੀ ਅਕਲ ਨਹੀਂ, ਉਹ ਬੋਝ ਲਗਦੇ ਨੇ,ਆਜ਼ਾਦੀ ਨਹੀਂ ਤੇ ਅਖੀਰ ਅਲੱਗ ਰਹਿਣ ਤੇ ਆਕੇ ਗੱਲ ਮੁੱਕਦੀ ਹੈ।ਮਾਪਿਆਂ ਦੀ ਹਾਲਤ ਇਵੇਂ ਹੋ ਜਾਂਦੀ ਹੋ,ਅੰਦਰ ਵੜਦੇ ਨੇ ਤਾਂ ਚੂਹੇ ਖਾਂਦੇ ਨੇ,ਬਾਹਰ ਨਿਕਲਣਦੇ ਨੇ ਤਾਂ ਕਾਂ ਖਾਂਦੇ ਨੇ।ਆਪਣਾ ਦੁੱਖ ਦੱਸਦੇ ਹਨ ਤਾਂ ਬੇਇਜ਼ਤੀ ਹੁੰਦੀ ਹੈ,ਨਹੀਂ ਦੱਸਦੇ ਤਾਂ ਦਿਮਾਗ਼ ਤੇ ਬੋਝ ਪੈਂਦਾ ਹੈ।ਬਸ ਪੈਸੇ ਤੱਕ ਦਾ ਰਿਸ਼ਤਾ ਹੈ।ਕੁੜੀਆਂ ਦਹੇਜ ਦੀ ਆੜ ਵਿੱਚ ਆਪਣੇ ਮਾਪਿਆਂ ਤੋਂ ਕੁਝ ਲੈਂਦੀਆਂ ਨਹੀਂ, ਮੁੰਡੇ ਤੇ ਦਬਾਅ ਪੈਂਦਾ ਹੈ,ਮਾਪੇ ਵੀ ਇਕੱਲਤਾ ਵੇਖਕੇ ਤੇ ਬੁਢਾਪੇ ਲਈ ਬਚਾ ਕੇ ਰੱਖਣ।ਦੀ ਸੋਚਦੇ ਨੇ।ਮੁੰਡੇ ਦੇ ਆਪਣੇ ਮਾਪਿਆਂ ਨਾਲ ਰਿਸ਼ਤੇ ਵਿਗੜ ਜਾਂਦੇ ਹਨ।ਇੱਕ ਪਰਿਵਾਰ ਦੇ ਟੁਕੜੇ ਹੋ ਜਾਂਦੇ ਹਨ।ਬਜ਼ੁਰਗ ਇਕੱਲੇ ਹੋ ਜਾਂਦੇ ਹਨ ਤੇ ਨੂੰਹ ਪੁੱਤ ਆਪਣੇ ਬੱਚੇ ਨੌਕਰਾਂ ਦੇ ਹੱਥਾਂ ਵਿੱਚ ਦੇਕੇ ਬੜੇ ਖੁਸ਼ ਰਹਿੰਦੇ ਹਨ।ਜਿਸ ਤਰ੍ਹਾਂ ਦੀ ਪਰਵਰਿਸ਼ ਦਾਦਾ ਦਾਦੀ ਦੇਣਗੇ, ਉਵੇਂ ਦੀ ਨੌਕਰ ਨਹੀਂ ਦੇਣਗੇ।ਚੈਨਲ ਤੇ ਖਬਰ ਵੇਖੀ ਮਾਪੇ ਦੋਨੋ ਨੌਕਰੀ ਕਰਦੇ ਸੀ,ਦੋ ਕੁ ਸਾਲ ਦੀ ਬੱਚੀ ਨੂੰ ਸੰਭਾਲਣ ਵਾਸਤੇ ਨੌਕਰ ਰੱਖੀ ਹੋਈ ਸੀ,ਨੌਕਰ ਬੱਚੀ ਨੂੰ ਸੋਟੀ ਨਾਲ ਕੁੱਟ ਰਹੀ ਸੀ।ਆਜ਼ਾਦੀ ਦੇ ਨਾਮ ਤੇ ਸੱਭ ਤਹਿਸ ਨਹਿਸ ਹੋ ਗਿਆ।ਹਰ ਰਿਸ਼ਤਾ ਪੈਸੇ ਦੇ ਇਰਦ ਗਿਰਦ ਘੁੰਮ ਰਿਹਾ ਹੈ ਤੇ ਹਰ ਰਿਸ਼ਤੇ ਨੂੰ ਪੈਸੇ ਨਾਲ ਤੋਲਿਆ ਜਾ ਰਿਹਾ ਹੈ।ਜੇਕਰ ਮਾਪਿਆਂ ਦੀ ਥਾਂ ਬ੍ਰਿਧ ਆਸ਼ਰਮਾ ਤੇ ਧਾਰਮਿਕ ਸਥਾਨਾਂ ਵਿੱਚ ਹੈ ਤਾਂ ਨੂੰਹ ਪੁੱਤ ਉਨ੍ਹਾਂ ਦੀ ਜਾਇਦਾਦ ਦੇ ਵਾਰਿਸ ਕਿਸ ਹੱਕ ਨਾਲ ਹੋ ਰਹੇ ਨੇ ਜਾਂ ਹੱਕ ਕਿਵੇਂ ਜਤਾ ਰਹੇ ਹਨ,ਇਸ ਤੇ ਧਿਆਨ ਦੇਣਾ ਚਾਹੀਦਾ ਹੈ।ਮਾਪਿਆਂ ਦੇ ਹੱਕ ਵਿੱਚ ਕਾਨੂੰਨ ਬਣੇ ਹਨ ਪਰ ਬ੍ਰਿਧ ਅਵਸਥਾ ਵਿੱਚ ਉਹ ਦਫ਼ਤਰਾਂ ਦੇ ਚੱਕਰ ਤੇ ਕਚਿਹਰੀਆਂ ਵਿੱਚ ਨਹੀਂ ਜਾ ਸਕਦੇ।ਬਹੁਤ ਦਿਨ ਪਹਿਲਾਂ ਮੈਂ ਪੜ੍ਹਿਆ ਕਿ ਪੁੱਤ ਵਿਆਹ ਤੋਂ ਪਹਿਲਾਂ ਮਾਪਿਆਂ ਨੂੰ ਬ੍ਰਿਧ ਆਸ਼ਰਮ ਕਿਉਂ ਨਹੀਂ ਛੱਡਕੇ ਆਉਂਦੇ ਜਾਂ ਵਿਆਹ ਤੋਂ ਪਹਿਲਾਂ ਮਾਪੇ ਬੇਅਕਲ ਕਿਉਂ ਨਹੀਂ ਹੋ ਜਾਂਦੇ।ਮਾਪੇ ਬੁਰੇ ਲੱਗਦੇ ਨੇ ਪਰ ਉਨ੍ਹਾਂ ਦੀ ਜਾਇਦਾਦ ਚੰਗੀ ਲੱਗਦੀ ਹੈ,ਮਾਪੇ ਬੇਅਕਲ ਲੱਗਦੇ ਹਨ ਪਰ ਉਨ੍ਹਾਂ ਦੀ ਬੇਅਕਲੀ ਨਾਲ ਕਮਾਇਆ ਪੈਸਾ ਠੀਕ ਹੈ।ਮਾਪੇ ਕਈ ਵਾਰ ਘਰ ਵਿੱਚ ਲੜਾਈ ਖਤਮ ਕਰਨ ਦੀ ਸੋਚ ਨਾਲ ਨੂੰਹ ਪੁੱਤ ਨੂੰ ਸੱਭ ਕੁਝ ਦੇ ਦਿੰਦੇ ਹਨ ਤੇ ਫੇਰ ਇਲਾਜ ਵਾਸਤੇ ਵੀ ਤਰਸਦੇ ਹਨ।ਲਾਹਨਤ ਹੈ ਐਸੀ ਔਲਾਦ ਦੇ।ਪਰਿਵਾਰਾਂ ਦਾ ਟੁੱਟਣਾ,ਸਮਾਜ ਤੇ ਅਸਰ ਪਾਉਂਦਾ ਹੈ ਤੇ ਸਮਾਜ ਦਾ ਬਿਖਰਿਆ ਰੂਪ ਦੇਸ਼ ਤੇ ਪ੍ਰਭਾਵ ਪਾਉਂਦਾ ਹੈ।ਕੁਦਰਤ ਨੇ ਸਿਰਫ਼ ਮਨੁੱਖ ਨੂੰ ਏਹ ਸੋਝੀ ਦਿੱਤੀ ਸੀ ਕਿ ਉਹ ਆਪਣੇ ਰਿਸ਼ਤਿਆਂ ਨੂੰ ਜੋੜਕੇ ਰੱਖ ਸਕੇ ਤੇ ਨਿਭਾ ਸਕੇ।ਜਾਨਵਰਾਂ ਨੂੰ ਕੁਝ ਸਮੇਂ ਬਾਦ ਰਿਸ਼ਤਿਆਂ ਦਾ ਪਤਾ ਨਹੀਂ ਹੁੰਦਾ।ਇੰਜ ਤਾਂ ਅਸੀਂ ਪਸ਼ੂ ਬਿਰਤੀ ਵਾਲੇ ਹੀ ਕਹੇ ਜਾ ਸਕਾਂਗੇ।ਰਿਸ਼ਤੇ ਸਬਰ ਨਾਲ, ਪਿਆਰ ਨਾਲ ਤੇ ਨਿਮਰਤਾ ਨਾਲ ਹੀ ਨਿਭਦੇ ਨੇ।ਸਿਰਫ਼ ਮੇਰੀ ਗੱਲ ਸੱਭ ਮੰਨਣ,ਮੈਂ ਹੀ ਠੀਕ ਹਾਂ, ਸੱਭ ਮੇਰੇ ਕਹਿਣ ਤੇ ਹੋਵੇ,ਇਵੇਂ ਨਹੀਂ ਹੋ ਸਕਦਾ ਤੇ ਰਿਸ਼ਤੇ ਲੰਮੀ ਉਮਰ ਨਹੀਂ ਭੋਗ ਸਕਦੇ।ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਜੋ ਲੜਕੀ, ਆਪਣੇ ਪਤੀ ਨੂੰ ਮਾਪਿਆਂ ਤੋਂ ਅਲਗ ਰਹਿਣ ਲਈ ਮਜ਼ਬੂਰ ਤੇ ਤੰਗ ਕਰੇਗੀ,ਲੜਕਾ ਤਲਾਕ ਲੈ ਸਕਦਾ ਹੈ।ਵਧੀਆ ਫੈਸਲਾ ਹੈ।ਪਰਿਵਾਰਾਂ ਵਿੱਚ ਰਿਸ਼ਤਿਆਂ ਦਾ ਮਾਣ ਸਨਮਾਨ ਬੇਹੱਦ ਜ਼ਰੂਰੀ ਹੈ।ਹਰ ਕੋਈ ਆਪਣੀ ਜ਼ੁਮੇਵਾਰੀ ਸਮਝੇ ਤੇ ਨਿਭਾਏ,ਮਾਪਿਆਂ ਨੂੰ ਬ੍ਰਿਧ ਆਸ਼ਰਮਾ ਵਿੱਚ ਛੱਡਣ ਵਾਲੇ ਨੂੰਹ ਪੁੱਤ ਤੇ ਸਖਤ ਕਾਰਵਾਈ ਕੀਤੀ ਜਾਵੇ, ਅਜਿਹਾ ਕਰਨ ਵਿੱਚ ਕੁੜੀ ਦੇ ਮਾਪਿਆਂ ਦਾ ਪੂਰਾ ਹੱਥ ਹੁੰਦਾ ਹੈ,ਉਨ੍ਹਾਂ ਨੂੰ ਬਰਾਬਰ ਗੁਨਾਹਗਾਰ ਮੰਨਿਆ ਜਾਵੇ,ਮਾਪਿਆਂ ਦੀ ਜਾਇਦਾਦ,ਉਨਾਂ ਦੇ ਜਿਉਂਦੇ ਜੀ ਕਿਸੇ ਵੀ ਬੱਚੇ ਦੇ ਨਾਮ ਨਾ ਕੀਤੀ ਜਾਵੇ, ਕੁੜੀਆਂ ਵੀ ਮਾਪਿਆਂ ਦੀ ਜਾਇਦਾਦ ਵਿੱਚ ਕਾਨੂੰਨੀ ਤੌਰ ਤੇ ਹੱਕਦਾਰ ਹਨ,ਉਨਾਂ ਦਾ ਹਿੱਸਾ ਉਨ੍ਹਾਂ ਨੂੰ ਦਿੱਤਾ ਜਾਵੇ।ਲੜਾਈ ਤਾਂ ਹੱਕਾਂ ਤੇ ਫਰਜ਼ਾਂ ਦੀ ਹੈ।ਫਰਜ਼ਾਂ ਨੂੰ ਨਿਭਾਉ ਤੇ ਹੱਕ ਲੈਣ ਦੇ ਹੱਕਦਾਰ ਬਣੋ।ਦੂਸਰੇ ਦੇ ਹੱਕ ਤੇ ਅੱਖ ਨਾ ਰੱਖੋ,ਜੇਕਰ ਤੁਸੀਂ ਆਪਣਾ ਹੱਕ ਕਿਸੇ ਨੂੰ ਦੇ ਨਹੀਂ ਸਕਦੇ ਤਾਂ ਲੈਣ ਵਾਸਤੇ ਹੱਕ ਕਿਵੇਂ ਜਤਾਉਂਦੇ ਹੋ?ਆਪਣੇ ਹੱਕ ਤੱਕ ਸੀਮਿਤ ਰਹੋ।ਲੜਕੀ ਦੇ ਮਾਪਿਆਂ ਨੂੰ ਲੜਕੀ ਦੇ ਪਰਿਵਾਰ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ।ਜੇਕਰ ਤੁਸੀਂ ਆਜ਼ਾਦੀ ਚਾਹੁੰਦੇ ਹੋ ਤਾਂ ਦੂਸਰਾ ਵੀ ਆਪਣੀ ਨਿਜਤਾ ਚਾਹੁੰਦਾ ਹੈ।ਵਿਖਾਵੇ ਨੇ ਪੈਸੇ ਦੀ ਹੋੜ ਲਗਾ ਦਿੱਤੀ ਤੇ ਰਿਸ਼ਤਿਆਂ ਵਿੱਚ ਖਿੱਚ ਧੂਅ ਪਾ ਦਿੱਤੀ।ਟੁੱਟਦੇ ਰਿਸ਼ਤਿਆਂ ਤੇ ਟੁੱਟਦੇ ਸਮਾਜ ਦਾ ਕੱਚ ਸੱਚ ਏਹ ਹੀ ਹੈ।

LEAVE A REPLY

Please enter your comment!
Please enter your name here