ਸਾਲ 1948 ਦੌਰਾਨ ਸਿਰਸਾ ਨੇੜੇ ਬੰਜਰ ਅਤੇ ਸੁੰਨਸਾਨ ਥਾਂ ‘ਤੇ ਸ਼ਾਹ ਮਸਤਾਨਾ ਨੇ ਇਕ ਡੇਰਾ ਬਣਾਇਆ ਸੀ। ਸ਼ਾਹ ਮਸਤਾਨੇ ਨੇ ਅੱਗੇ ਇਹ ਗੱਦੀ ਸਤਨਾਮ ਸ਼ਾਹ ਨੂੰ ਸੌਪ ਦਿੱਤੀ।
1960ਵਿਆਂ ਵਿੱਚ ਸਿੱਧੂ ਜੱਟ , ਸਤਨਾਮ ਸਿੰਘ (ਸ਼ਾਹ ਸਤਨਾਮ) ਜਨਮ ਦਾ ਨਾਮ ਹਰਬੰਸ ਸਿੰਘ ਸਿੱਧੂ ਪੁੱਤਰ ਵਰਿਆਮ ਸਿੰਘ ਅਤੇ ਆਸ ਕੌਰ, ਪਿੰਡ ਜਲਾਣਾ ਜ਼ਿਲਾ ਸਿਰਸਾ ਨੇ ਸ਼ਾਹ ਮਸਤਾਨੇ ਨਾਲ ਨੇੜਤਾ ਬਣਾ ਲਈ ।  ਸ਼ਾਹ ਸਤਨਾਮ (ਹਰਬੰਸ ਸਿੰਘ ਸਿੱਧੂ) ਪੜਿਆ ਹੋਣ ਕਰਕੇ ਸ਼ਾਹ ਮਸਤਾਨੇ ਨਾਲੋਂ ਜ਼ਿਆਦਾ ਚੁਸਤ ਚਲਾਕ ਸੀ । ਸ਼ਾਹ ਸਤਨਾਮ ਨੇ ਸ਼ਾਹ ਮਸਤਾਨੇ ਦੇ ਮਰਨ ਉਪਰੰਤ ਡੇਰੇ ਦਾ ਚਾਰਜ ਸੰਭਾਲ ਲਿਆ । ਉਸਨੇ ਇਸ ਡੇਰੇ ਨੂੰ ਹੋਰ ਵਧਾ ਲਿਆ । ਬੁਲਾਰਾ ਹੋਣ ਕਰਕੇ ਉਸਨੇ ਕਾਫੀ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ਤੇ ਕਈ ਤਰਾਂ ਦੀਆਂ ਕਹਾਣੀਆਂ ਵੀ ਉਸ ਨਾਲ ਜੁੜ ਗਈਆਂ। ਪਿੰਡ ਗੁਰੂਸਰ ਮੋੜੀਆਂ , ਜ਼ਿਲਾ ਗੰਗਾਨਾਗਰ , ਰਾਜਸਥਾਨ ਤੋਂ ਨੰਬਰਦਾਰਾਂ ਦਾ ਪਰਿਵਾਰ ਵੀ ਸ਼ਾਹ ਸਤਨਾਮ ਦਾ ਸ਼ਰਧਾਲੂ ਸੀ। ਸਿੱਧੂ ਗੋਤ ਹੋਣ ਕਰਕੇ ਵੀ ਉਸਦੀ ਨੇੜਤਾ ਇਸ ਪਰਿਵਾਰ ਨਾਲ ਸੀ। ਨੰਬਰਦਾਰ ਮੱਘਰ ਸਿੰਘ ਅਤੇ ਉਸਦੀ ਪਤਨੀ ਨਸੀਬ ਕੌਰ ਦਾ ਡੇਰੇ ਵਿੱਚ ਬਹੁਤ ਆਉਣ ਜਾਣ ਸੀ । ਲੋਕਾਂ ਦੇ ਮੂੰਹ ਤੇ ਤਾਂ ਇਹ ਵੀ ਗੱਲਾਂ ਸਨ ਕਿ ਨਸੀਬ ਕੌਰ ਦੇ ਸ਼ਾਹ ਸਤਨਾਮ ਨਾਲ ਨਾਜਾਇਜ਼ ਸਬੰਧ ਵੀ ਸਨ। ਖੈਰ, ਸਬੰਧ ਸਨ ਜਾਂ ਨਹੀਂ ਇਸ ਦੀ ਚਰਚਾ ਅੱਜ ਤੱਕ ਗੁਰੂਸਰ ਮੋੜੀਆਂ ਅਤੇ ਬੇਗੂ ਪਿੰਡਾਂ ਵਿੱਚ ਚੱਲਦੀ ਹੈ ।
1984 ਤੋਂ ਬਾਦ ਚੱਲੀ ਸਿੱਖ ਖਾੜਕੂ ਲਹਿਰ ਦੌਰਾਨ ਸਿਰਸਾ ਡੇਰਾ ਕਾਫੀ ਵਧ ਚੁੱਕਿਆ ਸੀ । ਇਹ ਗੱਲ ਸ਼ਾਇਦ ਹਲਕ ਤੋਂ ਥੱਲੇ ਨਾ ਉੱਤਰੇ ਪਰ ਇਹੀ ਸੱਚ ਹੇ ਕਿ ਇਸ ਡੇਰੇ ਵਿੱਚ ਖਾੜਕੂਆਂ ਦਾ ਆਉਣ ਜਾਣ , ਰਾਤਾਂ ਦੀ ਠਹਿਰ ਆਮ ਗੱਲ ਸੀ। ਖਾਲਿਸਤਾਨ ਕਮਾਂਡੋ ਫੋਰਸ ਦੇ ਗੁਰਜੰਟ ਸਿੰਘ ਰਾਜਸਥਾਨੀ ਦਾ ਇੱਥੇ  ਖਾਸ ਆਉਣ -ਜਾਣ ਸੀ । ਗੁਰਜੰਟ ਦਾ ਪਿੰਡ 66RB ਤਹਿਸੀਲ ਰਾਏ ਸਿੰਘ ਨਗਰ , ਜ਼ਿਲਾ ਗੰਗਾਨਗਰ , ਰਾਜਸਥਾਨ ਵਿੱਚ ਹੀ ਸੀ।  ਗੰਗਾਨਗਰ ਦੇ ਪਿੰਡਾਂ ਵਿੱਚ ਅੱਜ ਵੀ ਸਿੱਖਾਂ ਦੀ ਚੰਗੀਂ ਵਸੋਂ ਹੈ।  ਗੁਰੂਸਰ ਵਾਲੇ ਨੰਬਰਦਾਰਾਂ ਨਾਲ ਵੀ ਗੁਰਜੰਟ ਦੀ ਰਿਸ਼ਤੇਦਾਰੀ ਸੀ ਤੇ ਉਸੇ ਰਿਸ਼ਤੇਦਾਰੀ ਦੀ ਡੇਰੇ ਨਾਲ ਨੇੜਤਾ ਕਾਰਨ ਹੀ ਸ਼ਾਹ ਸਤਨਾਮ ਦੇ ਡੇਰੇ ਵਿੱਚ ਗੁਰਜੰਟ ਤੇ ਹੋਰ ਖਾੜਕੂਆਂ ਨੂੰ ਠਾਹਰ ਮਿਲਦੀ ਸੀ । ਮੱਘਰ ਸਿੰਘ ਦਾ ਮੁੰਡਾ ਗੁਰਮੀਤ ਸਿੰਘ ( ਗੁਰਮੀਤ ਰਾਮ ਰਹੀਮ ਸਿੰਘ) , ਗੁਰਜੰਟ ਸਿੰਘ ਰਾਜਸਥਾਨੀ ਤੋਂ 2 ਸਾਲ ਛੋਟਾ ਸੀ ਪਰ ਆਪਸ ਵਿੱਚ ਦੋਹਾਂ ਦੀ ਬਹੁਤ ਸਾਂਝ ਸੀ। ਪੜਾਈ ਲਿਖਾਈ ਵਿੱਚ ਨਾਲਾਇਕ ਹੋਣ ਕਰਕੇ ਗੁਰਮੀਤ ਮੈਟਰਿਕ ਵੀ ਪਾਸ ਨਹੀਂ ਹੋਇਆ। ਕਿਉਂਕਿ ਮੱਘਰ ਸਿੰਘ ਦਾ ਟੱਬਰ ਸਿਰਸੇ ਡੇਰੇ ਦਾ ਸ਼ਰਧਾਲੂ ਸੀ ਇਸ ਕਰਕੇ ਵਿਹਲੜ , ਨਖੱਟੂ ਗੁਰਮੀਤ ਵੀ ਡੇਰੇ ਆਓਂਦਾ ਸੀ ਤੇ ਕਈ ਵਾਰ ਰਾਤਾਂ ਨੂੰ ਵੀ ਗੁਰਜੰਟ ਜਾਂ ਹੋਰ ਸਾਥੀਆਂ ਨਾਲ ਗਾਹੇ ਬਗਾਹੇ ਡੇਰੇ ਆ ਸੌਂਦਾ। ਹੌਲੀ -ਹੌਲੀ ਗੁਰਮੀਤ ਤੇ ਗੁਰਜੰਟ ਦੇ ਦਿਮਾਗ ਵਿੱਚ ਡੇਰੇ ਤੇ ਕਬਜ਼ਾ ਕਰਨ ਦੀ ਗੱਲ ਘਰ ਕਰ ਗਈ। ਕਥਾ ਤਾਂ ਇਹ ਵੀ ਹੈ ਕਿ ਗੁਰਮੀਤ ਸਿੰਘ , ਸ਼ਾਹ ਸਤਨਾਮ ਦੀ ਨਾਜਾਇਜ਼ ਸੰਤਾਨ ਹੈ ਤੇ ਗੁਰਮੀਤ ਦੀ  ਮਾਂ ਨਸੀਬ ਕੌਰ ਨੇ ਸ਼ਾਹ ਸਤਨਾਮ ਤੇ ਦਬਾਅ ਪਾਇਆ ਕਿ ਉਹ ਗੁਰਮੀਤ ਨੂੰ ਅਗਲਾ ਡੇਰਾ ਮੁਖੀ ਬਣਾਵੇ। ਸ਼ਾਹ ਸਤਨਾਮ ਕੋਈ ਹਾਮੀ ਨਹੀਂ ਸੀ ਭਰਦਾ।
ਫਿਰ ਇੱਕ ਖਤਰਨਾਕ ਸਕੀਮ ਘੜੀ ਗਈ । ਗੁਰਜੰਟ ਸਿੰਘ ਰਾਜਸਥਾਨੀ ਤੇ ਗੁਰਮੀਤ ਸਿੰਘ ਸਿੱਧੂ ( ਗੁਰਮੀਤ ਰਾਮ ਰਹੀਮ ਸਿੰਘ) ਨੇ ਸ਼ਾਹ ਸਤਨਾਮ (ਹਰਬੰਸ ਸਿੰਘ ਸਿੱਧੂ) ਦੇ ਲੱਕ ਨਾਲ ਰਾਤ ਨੂੰ ਬੰਬ ਬੰਨ ਲਿਆ ਤੇ ਉਸਨੂੰ ਕਿਹਾ ਕਿ ਸਵੇਰੇ ਆਪਣੇ ਜਿਉਂਦੇ ਜੀ ਗੁਰਮੀਤ ਨੂੰ ਡੇਰੇ ਦਾ ਅਗਲਾ ਮੁਖੀ ਐਲਾਨ ਕਰ ਦੇਵੇ ਜਾਂ ਮਰਨ ਲਈ ਤਿਆਰ ਹੋ ਜਾਵੇ । ਲੋਕਾਂ ਨੂੰ ਮੁਕਤੀ ਦੇਣ ਵਾਲਾ ਸ਼ਾਹ ਸਤਨਾਮ ਅਗਲਿਆਂ ਨੇ ਮੌਤ ਦੇ ਕੰਡੇ ਨਾਲ ਲਮਕਾ ਲਿਆ ਤੇ ਸਵੇਰ ਨੂੰ ਉਸਨੇ ਗੁਰਮੀਤ ਨੂੰ ਅਗਲਾ ਗੱਦੀ ਨਸ਼ੀਨ ਬਨਾਉਣ ਦਾ ਐਲਾਨ ਕਰ ਦਿੱਤਾ।
ਸਾਲ 1990 ਦੌਰਾਨ ਗੁਰਮੀਤ ਰਾਮ ਰਹੀਮ ਨੇ ਡੇਰੇ ਦੀ ਗੱਦੀ ਸਾਂਭੀ। ਡੇਰਾ ਸੰਭਾਲਦੇ ਹੀ ਪਹਿਲਾ ਕੰਮ ਡੇਰੇ ਦੇ ਵਿਸਤਾਰ ਨੂੰ ਰਫਤਾਰ ਦੇਣ ਦੇ ਰੂਪ ‘ਚ ਕੀਤਾ। ਡੇਰੇ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਵਧਾਇਆ। ਸੰਸਥਾ ਕਿਸੇ ਵੀ ਸਿਆਸੀ ਜਾਂ ਕਾਰੋਬਾਰੀ ਸੰਬੰਧਾਂ ਤੋਂ ਵੱਖ ਇਕ ਗੈਰ-ਲਾਭਕਾਰੀ ਟਰੱਸਟ ਸੁਸਾਇਟੀ ਹੋਣ ਦਾ ਦਾਅਵਾ ਕਰਦੀ ਰਹੀ। ਇਸ ਤੋਂ ਇਲਾਵਾ ਤਿੰਨ ਵਿਸ਼ੇਸ਼ ਹਸਪਤਾਲ ਅਤੇ ਇਕ ਇੰਟਰਨੈਸ਼ਨਲ ਆਈ ਬੈਂਕ ਵੀ ਬਣਾਇਆ ਹੈ। ਇਕ ਅਨੁਮਾਨ ਮੁਤਾਬਕ ਦੇਸ਼ ਅਤੇ ਵਿਦੇਸ਼ ਵਿਚ ਸਾਢੇ ਤਿੰਨ ਹਜ਼ਾਰ ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਨਤੀਜਾ ਇਹ ਹੈ ਕਿ ਇਕੱਲੇ ਸਿਰਸਾ ਦਾ ਡੇਰਾ ਅਤੇ ਆਲੇ-ਦੁਆਲੇ ਹੀ 500 ਕਰੋੜ ਰੁਪਏ ਦੀ ਜਾਇਦਾਦ ਹੈ।
ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ,  ਮਲਟੀਪਰਪਜ਼ ਹਸਪਤਾਲ, ਸਕੂਲ, ਕਾਲਜ, ਲਘੂ ਉਦਯੋਗ ਅਤੇ ਖੇਤੀਯੋਗ ਸੱਤ ਸੌ ਏਕੜ ਜ਼ਮੀਨ ਸ਼ਾਮਲ ਹੈ। ਰਾਮ ਰਹੀਮ ਦੇ ਸਮੇਂ ‘ਚ ਹਰਿਆਣਾ ਤੋਂ ਹੀ 25 ਲੱਖ ਪੈਰੋਕਾਰ ਬਣੇ। ਦੁਨੀਆ ਭਰ ‘ਚ ਡੇਰੇ ਦੇ ਲੱਗਭਗ 5 ਕਰੋੜ ਪੈਰੋਕਾਰ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ। ਡੇਰਾ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਫੈਲਿਆ ਹੋਇਆ ਹੈ। ਨਾਲ ਹੀ ਦੇਸ਼ ਅਤੇ ਵਿਦੇਸ਼ ਵਿਚ ਵੀ ਡੇਰੇ ਨੂੰ ਮਜ਼ਬੂਤ ਕੀਤਾ ਗਿਆ। ਸਾਲ 2012-13 ਦੌਰਾਨ ਇਨਕਮ ਟੈਕਸ ਵਿਭਾਗ ਦੇ ਅਨੁਮਾਨ ਮੁਤਾਬਕ ਗੁਰਮੀਤ ਰਾਮ ਰਹੀਮ ਦੀ ਇਨਕਮ ਲੱਗਭਗ 30 ਕਰੋੜ ਰੁਪਏ ਸਾਲਾਨਾ ਸੀ। ਇੰਨੀ ਕਮਾਈ ਦੇ ਬਾਵਜੂਦ ਇਕ ਰੁਪਈਆ ਵੀ ਟੈਕਸ ਨਹੀਂ ਦਿੰਦੇ ਹਨ। ਤਿੰਨ ਸਾਲ ਪਹਿਲਾਂ ਤੱਕ ਲੱਗਭਗ 16,44,833 ਰੁਪਏ ਰੋਜ਼ਾਨਾ ਆਮਦਨ ਸੀ।
ਰਾਮ ਰਹੀਮ ਦੇ ਜੇਲ ਜਾਂਦਿਆਂ ਹੀ ਉਸ ਦੇ ਉੱਤਰਾਧਿਕਾਰੀ ਨੂੰ ਲੈ ਕੇ ਚਰਚਾ ਛਿੜ ਚੁੱਕੀ ਹੈ ਪਰ ਡੇਰਾ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ ਕਿਉਂਕਿ ਸ਼ਾਹ ਸਤਨਾਮ ਨੇ ਜਦੋਂ ਉਨ੍ਹਾਂ ਨੂੰ 1990 ‘ਚ 23 ਸਾਲ ਦੀ ਉਮਰ ਵਿਚ ਗੱਦੀ ਸੌਂਪੀ ਸੀ ਤਾਂ ਪੈਰੋਕਾਰਾਂ ਦੇ ਸਾਹਮਣੇ ਇਸ ਗੱਲ ਦਾ ਐਲਾਨ ਕੀਤਾ  ਸੀ ਕਿ ਗੁਰਮੀਤ ਰਾਮ ਰਹੀਮ 60 ਸਾਲ ਤੱਕ ਗੱਦੀ ‘ਤੇ ਬਿਰਾਜਮਾਨ ਰਹਿਣਗੇ ਮਤਲਬ ਕਿ ਬਾਬਾ ਲੱਗਭਗ 83 ਸਾਲ ਦੀ ਉਮਰ ਤੱਕ ਗੱਦੀ ‘ਤੇ ਰਾਜ ਕਰਨਗੇ। ਉਸ ਤੋਂ ਬਾਅਦ ਰਾਮ ਰਹੀਮ ਨੇ ਆਪਣੇ ਉੱਤਰਾਧਿਕਾਰੀ ਦਾ ਐਲਾਨ ਕਰਨਾ ਸੀ। ਅਜਿਹੇ ਵਿਚ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਪੈਰੋਕਾਰਾਂ ਵਿਚ ਕੋਈ ਚਰਚਾ ਨਹੀਂ ਹੋ ਰਹੀ। ਹਾਲ ਹੀ ‘ਚ ਕੁਝ ਸਮਾਂ ਪਹਿਲਾਂ ਗੁਰਮੀਤ ਰਾਮ ਰਹੀਮ ਨੇ ਆਪਣਾ 50ਵਾਂ ਜਨਮ ਦਿਨ ਵੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਸੀ।
ਡੇਰਾ ਸੱਚਾ ਸੌਦਾ ਵਲੋਂ ਸਮਾਜ ਸੇਵਾ ਕਰਨ ਦੇ ਵੀ ਦਾਅਵੇ ਕੀਤੇ ਜਾਂਦੇ ਰਹੇ ਹਨ। ਇਸ ਸਮਾਜ ਸੇਵਾ ਲਈ ਵੀ ਡੇਰੇ ਵਲੋਂ ਨਹੀਂ ਸਗੋਂ ਇਸ ਦੇ ਸਮਰਥਕ ਹੀ ਭਾਰੀ ਖਰਚ ਕਰਦੇ ਰਹੇ ਹਨ। ਡੇਰੇ ‘ਚ ਆਯੋਜਿਤ ਹਰ ਸਮਾਗਮ ਲਈ ਵੀ ਸਮਰਥਕਾਂ ਤੋਂ ਚੰਦਾ ਲਿਆ ਜਾਂਦਾ ਸੀ। ਇਸ ਲਈ ਕਈ ਤਰ੍ਹਾਂ ਦੀਆਂ ਕਮੇਟੀਆਂ ਕੰਮ ਕਰਦੀਆਂ ਸਨ। ਸਮਾਜ ਸੇਵਾ ਇਸ ਲਈ ਨਹੀਂ ਹੁੰਦੀ ਸੀ ਕਿ ਸਮਾਜ ਲਈ ਕੁਝ ਕਰਨਾ ਹੈ, ਇਹ ਤਾਂ ਇਸ ਲਈ ਹੋ ਰਹੀ ਸੀ ਕਿ ਡੇਰੇ ‘ਤੇ ਲੱਗ ਰਹੇ ਦੋਸ਼ਾਂ ਤੋਂ ਆਮ ਆਦਮੀ ਦਾ ਧਿਆਨ ਹਟਾਇਆ ਜਾਵੇ। ਆਮ ਆਦਮੀ ਇਨ੍ਹਾਂ ਦੋਸ਼ਾਂ ‘ਤੇ ਧਿਆਨ ਹੀ ਨਾ ਦੇਵੇ, ਜਿਸ ਨਾਲ ਇਹ ਲੱਗੇ ਕਿ ਡੇਰਾ ਤਾਂ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ। ਲੋਕਾਂ ਵਿਚਾਲੇ ਇਨ੍ਹਾਂ ਕੰਮਾਂ ‘ਤੇ ਹੀ ਚਰਚਾ ਹੋਵੇ। ਇਹੀ ਕਾਰਨ ਸੀ ਕਿ ਡੇਰੇ ਵਲੋਂ ਸਮਾਜ ਸੇਵਾ ਦਾ ਪ੍ਰਚਾਰ ਕੁਝ ਜ਼ਿਆਦਾ ਹੀ ਕੀਤਾ ਜਾਂਦਾ ਸੀ। ਇਸ ਦੇ ਲਈ ਜੋ ਰਿਕਾਰਡ ਬਣਾਏ, ਉਨ੍ਹਾਂ ਦੇ ਪਿੱਛੇ ਵੀ ਇਹੀ ਸੋਚ ਦੱਸੀ ਜਾਂਦੀ ਹੈ।
ਰਾਮ ਰਹੀਮ ਨੇ ਸਿਰਸਾ ਤੋਂ ਲੱਗਭਗ 4 ਕਿਲੋਮੀਟਰ ਦੂਰ ਵਧੀਆ ਭਵਨ ਬਣਾ ਕੇ ਇਸਨੂੰ ਡੇਰੇ ਦਾ ਨਾਂ ਦਿੱਤਾ ਹੈ। ਇਹ ਪੁਰਾਣੇ ਡੇਰੇ ਦਾ ਨਵੀਨੀਕਰਨ ਬਿਲਕੁਲ ਨਹੀਂ ਸੀ ਸਗੋਂ ਸਭ ਕੁਝ ਬਦਲ ਕੇ ਰੱਖ ਦਿੱਤਾ। ਹੁਣ ਡੇਰਾ ਸਿਰਫ ਧਰਮ ਦਾ ਕੇਂਦਰ ਨਾ ਰਹਿ ਕੇ ਕਾਰਪੋਰੇਟ ਕੰਪਨੀ ਵਾਂਗ ਕੰਮ ਕਰਨ ਲੱਗਾ ਸੀ। ਸ਼ਹਿਰਾਂ ਦੀਆਂ ਪ੍ਰਮੁੱਖ ਸੜਕਾਂ ‘ਤੇ ਜ਼ਮੀਨ ਖਰੀਦ ਕੇ ਨਾਮ ਚਰਚਾ ਘਰ ਬਣਾਏ ਗਏ। ਸਥਾਨਕ ਸੰਗਤ ਨੇ ਖੁਦ ਪੈਸੇ ਖਰਚ ਕਰ ਕੇ ਨਾਮ ਚਰਚਾ ਘਰ ਤਿਆਰ ਕੀਤੇ ਅਤੇ ਮਲਕੀਅਤ ਡੇਰੇ ਦੇ ਨਾਂ ਕਰ ਦਿੱਤੀ। ਅਜਿਹੇ ਲੱਗਭਗ 105 ਡੇਰੇ ਹਰਿਆਣਾ ਵਿਚ ਹਨ। ਇਕ ਡੇਰੇ ਕੋਲ ਘੱਟ ਤੋਂ ਘੱਟ 1 ਕਰੋੜ ਦੀ ਲਾਗਤ ਦੀ ਜ਼ਮੀਨ ਹੈ। ਦੇਸ਼ ਅਤੇ ਵਿਦੇਸ਼ ਵਿਚ ਅਜਿਹੇ ਲੱਗਭਗ 250 ਡੇਰੇ ਹਨ, ਜਿਨ੍ਹਾਂ ਕੋਲ 1 ਕਰੋੜ ਤੋਂ ਲੈ ਕੇ 50 ਕਰੋੜ ਤੱਕ ਦੀ ਜ਼ਮੀਨ ਹੈ।
ਪ੍ਰਮਾਰਥ ਦੇ ਨਾਂ ‘ਤੇ ਡੇਰਾ ਸਮਰਥਕ ਹਰ ਮਹੀਨੇ ਆਮਦਨ ‘ਚੋਂ ਕੁਝ ਹਿੱਸਾ ਕੱਢਦੇ ਸਨ। ਸਮਰਥਕ ਨਾ ਸਿਰਫ ਪੈਸਾ ਦਿੰਦੇ ਸਨ ਸਗੋਂ ਮੁਫਤ ਸੇਵਾ ਦੇ ਨਾਂ ‘ਤੇ ਵੱਖ-ਵੱਖ ਕੰਮ ਵੀ ਕਰਦੇ ਸਨ। ਡੇਰੇ ਵਿਚ ਖੇਤੀ ਦਾ ਕੰਮ ਹੋਵੇ ਜਾਂ ਫਿਰ ਨਿਰਮਾਣ ਕੰਮ, ਹਰ ਕੰਮ ਲਈ ਪੈਰੋਕਾਰ ਖੁਦ ਨੂੰ ਅੱਗੇ ਕਰ ਦਿੰਦੇ ਸਨ। ਇਸ ਤਰ੍ਹਾਂ ਬਹੁਤ ਸਾਰਾ ਖਰਚ ਬਚ ਜਾਂਦਾ ਸੀ। ਜਿਥੋਂ ਜੋ ਵੀ ਫਸਲ ਹੁੰਦੀ ਸੀ, ਉਸ ਨੂੰ ਵੀ ਪੈਰੋਕਾਰ ਖਰੀਦਦੇ ਸਨ।
ਰੋਜ਼ਾਨਾ ਵਰਤੋਂ ਦੇ ਉਤਪਾਦਾਂ ਤੋਂ ਹੋਈ ਆਮਦਨ
ਨਾਲ ਹੀ ਕੁਝ ਕੰਪਨੀਆਂ ਬਣਾਈਆਂ, ਜੋ ਵੱਖ-ਵੱਖ ਉਤਪਾਦ ਤਿਆਰ ਕਰਦੀਆਂ ਸਨ। ਇਨ੍ਹਾਂ ਕੰਪਨੀਆਂ ਤੋਂ ਰਸੋਈ ‘ਚ ਕੰਮ ਆਉਣ ਵਾਲੇ ਸਾਮਾਨ ਦੇ ਨਾਲ-ਨਾਲ ਖਾਣ-ਪੀਣ ਦੇ ਉਤਪਾਦ ਤਿਆਰ ਹੁੰਦੇ ਸਨ। ਨਾਲ ਹੀ ਐਲੋਵੀਰਾ ਜੂਸ ਅਤੇ ਇਸ ਤਰ੍ਹਾਂ ਦੇ ਕਈ ਜੂਸ ਵੀ ਤਿਆਰ ਕੀਤੇ ਜਾਂਦੇ ਸਨ। ਇਹ ਸਾਮਾਨ ਐੱਮ. ਐੱਸ. ਜੀ. ਦੇ ਨਾਂ ਨਾਲ ਵੇਚਿਆ ਜਾਂਦਾ ਸੀ। ਇਸੇ ਨਾਂ ਨਾਲ ਵੱਖ-ਵੱਖ ਸ਼ਹਿਰਾਂ ਵਿਚ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਸਨ।
ਭੇਤਭਰੀ ਗੁਫਾ, ਗੁਰਮੀਤ ਦੇ ਰਹਿਣ ਸਹਿਣ ਦਾ ਉਹ ਸੱਚ, ਜੋ ਸਿਰਫ ਗਿਣਤੀ ਦੇ ਕੁੱਝ ਲੋਕਾਂ ਨੂੰ ਹੀ ਪਤਾ ਹੈ
ਡੇਰੇ ਅੰਦਰ ਗੁਰਮੀਤ ਆਲੀਸ਼ਾਨ ਜ਼ਿੰਦਗੀ ਬਿਤਾਉਂਦੇ ਸਨ। ਡੇਰੇ ਵਿਚ ਉਨ੍ਹਾਂ ਦੇ ਐਸ਼ੋ-ਆਰਾਮ ਲਈ ਵੱਖਰੇ-ਵੱਖਰੇ ਕਮਰੇ ਬਣੇ ਹੋਏ ਸਨ। ਬਹੁਤ ਘੱਟ ਲੋਕਾਂ ਨੂੰ ਹੀ ਇਸ ਬਾਰੇ ਜਾਣਕਾਰੀ ਹੈ। ਇਹੀ ਨਹੀਂ, ਡੇਰੇ ਅੰਦਰ ਇਕ ਅਜਿਹੀ ਥਾਂ ਵੀ ਹੈ, ਜਿਸ ਬਾਰੇ ਗੁਰਮੀਤ ਦੇ ਬੇਹੱਦ ਨੇੜਲਿਆਂ ਨੂੰ ਹੀ ਪਤਾ ਹੈ।
ਆਸ਼ਰਮ ਦੇ ਅੰਦਰ ਕੱਚ ਅਤੇ ਕੰਧਾਂ ਨਾਲ ਬਣੀ ਇਕ ਇਮਾਰਤ ਹੈ, ਜਿਸ ਨੂੰ ‘ਬਾਬੇ ਦੀ ਗੁਫਾ’ ਕਿਹਾ ਜਾਂਦਾ ਹੈ। ਇਥੋਂ ਤੱਕ ‘ਬਾਬੇ’ ਦੀ ਗੱਡੀ ਸਿੱਧੀ ਆਉਂਦੀ ਸੀ, ਜਦੋਂ ਗੁਰਮੀਤ ਗੁਫਾ ਵਿਚ ਹੁੰਦੇ ਸੀ ਤਾਂ ਕੁਝ ਨਿੱਜੀ ਲੋਕਾਂ ਨੂੰ ਛੱਡ ਕੇ ਕਿਸੇ ਹੋਰ ਨੂੰ ਵੀ ਉਥੇ ਜਾਣ ਦੀ ਆਗਿਆ ਨਹੀਂ ਹੁੰਦੀ ਸੀ। ਇਥੇ ਉਦੋਂ ਹਰ ਥਾਂ ਸਾਦੇ ਕੱਪੜਿਆਂ ਵਿਚ ਬੰਦੂਕ ਲਈ ਲੋਕ ਤਾਇਨਾਤ ਹੁੰਦੇ ਸਨ। ਜਿਸ ਸਾਧਵੀ ਨੇ ਗੁਰਮੀਤ ‘ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਸੀ, ਉਸ ਨਾਲ ਇਹ ਘਟਨਾ ਗੁਫਾ ਵਿਚ ਹੀ ਵਾਪਰੀ ਸੀ। ਸੀ. ਬੀ. ਆਈ. ਜਾਂਚ ਲਈ ਇਸ ਗੁਫਾ ਵਿਚ ਦਾਖਲ ਹੋਈ ਸੀ।
ਸੀ. ਬੀ. ਆਈ. ਦੀ ਚਾਰਜਸ਼ੀਟ ਮੁਤਾਬਕ ਗੁਫਾ ਦੇ ਤਿੰਨ ਗੇਟ ਹਨ। ਇਨ੍ਹਾਂ ਵਿਚੋਂ ਇਕ ਗੇਟ ਗਰਲਜ਼ ਹੋਸਟਲ ਨਾਲ ਜੁੜਿਆ ਹੋਇਆ ਹੈ ਅਤੇ ਦੋ ਗੇਟ ਸਤਿਸੰਗ ਦਰਬਾਰ ਨਾਲ ਜੁੜੇ ਹੋਏ ਹਨ।  ਗੁਰਮੀਤ ਦੀ ਜ਼ਿੰਦਗੀ ਦੇ ਕਈ ਰਾਜ਼ ਇਸ ਆਲੀਸ਼ਾਨ ਅਤੇ ਸ਼ਾਨਦਾਰ ਗੁਫਾ ਵਿਚ ਲੁਕੇ ਹੋਏ ਹਨ।
ਗੁਫਾ ਦੇ ਕਮਰਿਆਂ ਵਿਚ ਸੱਤ ਸਿਤਾਰਾ ਸਹੂਲਤਾਂ ਹਨ। ਸਾਰਾ ਸਾਮਾਨ ਵਿਦੇਸ਼ੀ ਹੈ। ਡੈਕੋਰੇਸ਼ਨ ਲਈ ਵੀ ਵਿਦੇਸ਼ੀ ਆਰਕੀਟੈਕਟਾਂ ਦੀ ਮਦਦ ਲਈ ਗਈ ਹੈ। ਬਾਥਰੂਮਾਂ ਵਿਚ ਵਿਦੇਸ਼ੀ ਟਾਇਲਾਂ ਲੱਗੀਆਂ ਹੋਈਆਂ ਹਨ। ਨਹਾਉਣ ਲਈ ਵਿਸ਼ੇਸ਼ ਬਾਥ ਟੱਬ ਹਨ। ਇਨ੍ਹਾਂ ਦੇ ਪਾਣੀ ਵਿਚ ਗੁਲਾਬ ਪਾ ਕੇ ਗੁਰਮੀਤ ਨਹਾਉਂਦਾ ਸੀ। ਬੇਹੱਦ ਖਾਸ ਲੋਕਾਂ ਨੂੰ ਮਿਲਣ ਲਈ ਵੱਖਰਾ ਕਮਰਾ ਵੀ ਹੈ। ਦੱਸਿਆ ਤਾਂ ਇਥੋਂ ਤੱਕ ਜਾਂਦਾ ਹੈ ਕਿ ਇਥੋਂ ਗੁਰਮੀਤ ਕਈ ਦੇਸ਼ਾਂ ਨਾਲ ਸਿੱਧੀ ਗੱਲਬਾਤ ਕਰਦਾ ਹੈ। ਗੁਫਾ ਵਿਚ ਉਹ ਰੇਸ਼ਮ ਦੇ ਕੱਪੜੇ ਪਹਿਨਦਾ ਸੀ, ਜਿਨ੍ਹਾਂ ਨੂੰ ਵਿਦੇਸ਼ੀ ਡਿਜ਼ਾਈਨਰ ਤਿਆਰ ਕਰਦੇ ਸਨ। ਡੇਰੇ ਵਿਚ ਜਿਹੜੀ ਕੁੜੀ ਗੁਰਮੀਤ ਦੀ ਸੇਵਾ ਵਿਚ ਰਹਿੰਦੀ ਸੀ, ਉਹ ਦੂਜੀਆਂ ਕੁੜੀਆਂ ਨਾਲੋਂ ਵੱਧ ਧਿਆਨ ਖਿੱਚਦੀ ਸੀ। ਇਥੇ ਬਹੁਤ ਸਾਰੀਆਂ ਅਜਿਹੀਆਂ ਕੁੜੀਆਂ ਹਨ, ਜਿਨ੍ਹਾਂ ਵਿਚ ਦੌੜ ਲੱਗੀ ਰਹਿੰਦੀ ਸੀ ਕਿ ਕਦੋਂ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸੇਵਾ ਦਾ ਮੌਕਾ ਮਿਲੇ। ਵਧੇਰੇ ਕੁੜੀਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਸੀ ਕਿ ਅੰਦਰ ਹੁੰਦਾ ਕੀ ਹੈ, ਉਨ੍ਹਾਂ ਨੂੰ ਬਾਹਰ ਆ ਕੇ ਵੀ ਅੰਦਰ ਦੀ ਗੱਲ ਕਿਸੇ ਨੂੰ ਦੱਸਣ ਦੀ ਆਗਿਆ ਨਹੀਂ ਹੁੰਦੀ ਸੀ। ਉਹ ਚੁੱਪ ਰਹਿਣ, ਇਸ ਲਈ ਉਨ੍ਹਾਂ ਨੂੰ ਦੱਸਿਆ ਜਾਂਦਾ ਸੀ ਕਿ ਜੇ ਉਹ ਅੰਦਰ ਦੀ ਗੱਲ ਬਾਹਰ ਦੱਸਣਗੀਆਂ ਤਾਂ ਪ੍ਰਮਾਤਮਾ ਨਾਰਾਜ਼ ਹੋ ਜਾਏਗਾ।
ਗੁਰਮੀਤ ਦੀ ਗੁਫਾ ਦੀ ਸ਼ਾਨ ਵੀ ਨਿਰਾਲੀ ਹੈ। ਇਕ ਵਾਰ ਇਸ ਗੁਫਾ ਵਿਚ ਗਏ ਡੇਰੇ ਦੇ ਇਕ ਪੈਰੋਕਾਰ ਨੇ ਦੱਸਿਆ ਕਿ ਉਥੇ ਸ਼ਾਨਦਾਰ ਸੋਫੇ ਅਤੇ ਚਮਕਦਾਰ ਪਰਦੇ ਲੱਗੇ ਹੋਏ ਹਨ। ਹਰ ਸਮੇਂ ਵਿਦੇਸ਼ੀ ਇਤਰ ਦੀ ਖੁਸ਼ਬੂ ਉਥੋਂ ਦੀ ਹਵਾ ਵਿਚ ਰਹਿੰਦੀ ਹੈ। ਗੁਫਾ ਆਟੋਮੈਟਿਕ ਢੰਗ ਨਾਲ ਏਅਰਕੰਡੀਸ਼ਨਡ ਹੈ।
ਕੋਈ ਬਾਹਰ ਦੀ ਆਵਾਜ਼ ਅੰਦਰ ਨਹੀਂ ਆਉਂਦੀ। ਗੁਰਮੀਤ ਜਦੋਂ ਇਸ ਗੁਫਾ ਵਿਚ ਹੁੰਦਾ ਸੀ ਤਾਂ ਉਨ੍ਹਾਂ ਦੇ ਚੇਲੇ ਅਕਸਰ ਇਹੀ ਕਹਿੰਦੇ ਸਨ ਕਿ ਉਹ ਧਿਆਨ ਵਿਚ ਹਨ ਪਰ ਅੰਦਰ ਉਹ ਕੀ ਕਰਦੇ ਸਨ, ਇਹ ਕਿਸੇ ਨੂੰ ਨਹੀਂ ਪਤਾ।
ਗੁਫਾ ‘ਚ ਜਾਣ ਲਈ ਬਾਕਾਇਦਾ ਪਛਾਣ ਅਤੇ ਬਾਇਓਮੀਟ੍ਰਿਕ ਸਿਸਟਮ ਲੱਗਾ ਹੋਇਆ ਹੈ। ਪਛਾਣ ਨਾਲ ਹੀ ਦਰਵਾਜ਼ੇ ਖੁੱਲ੍ਹਦੇ ਹਨ। ਇਕ ਹਮਾਇਤੀ ਨੇ ਦੱਸਿਆ ਕਿ ਇਕ ਵਾਰ  ਉਹ ਗਲਤੀ ਨਾਲ ਗੁਫਾ ਅੰਦਰ ਉਸ ਸਮੇਂ ਚਲਾ ਗਿਆ ਜਦੋਂ ਗੁਰਮੀਤ ਉਥੇ ਨਹੀਂ ਸਨ। ਗੁਫਾ ਦਾ ਦਰਵਾਜ਼ਾ ਕਿਸੇ ਕਾਰਨ ਖੁੱਲ੍ਹਾ ਸੀ। ਉਸ ਨੂੰ ਇਸ ਗੱਲ ‘ਤੇ ਬਹੁਤ ਝਾੜ ਪਈ ਸੀ। ਚਿਤਾਵਨੀ ਦਿੱਤੀ ਗਈ ਕਿ ਭਵਿੱਖ ਵਿਚ ਇਧਰ ਆਇਆ ਤਾਂ ਡੇਰੇ ਵਿਚੋਂ ਬਾਹਰ ਕੱਢ ਦਿੱਤਾ ਜਾਏਗਾ। ਉਸ ਤੋਂ ਬਾਅਦ ਉਹ ਕਦੇ ਵੀ ਗੁਫਾ ਅੰਦਰ ਨਹੀਂ ਗਿਆ।
ਡੇਰੇ ਦੀਆਂ ਸਾਧਵੀਆਂ ਵਿਚੋਂ ਕੁਝ ਇਕ ਨੂੰ ਹੀ ਇਸ ਗੁਫਾ ਵਿਚ ਜਾਣ ਦੀ ਆਗਿਆ ਸੀ। ਇਹ ਸਾਧਵੀਆਂ ਖਾਸ ਗੇਰੂਏ ਜਾਂ ਚਿੱਟੇ ਰੰਗ ਦੇ ਕੱਪੜੇ ਪਹਿਨਦੀਆਂ ਸਨ। ਉਨ੍ਹਾਂ ਨੂੰ ਵਾਲ ਖੁੱਲ੍ਹੇ ਰੱਖਣੇ ਪੈਂਦੇ ਸਨ। ਇਹੀ ਖਾਸ ਸਾਧਵੀਆਂ ਗੁਰਮੀਤ ਰਾਮ ਰਹੀਮ ਨੂੰ ਖਾਣਾ ਖੁਆਉਣ, ਮੁਲਾਕਾਤ ਕਰਵਾਉਣ, ਸਵੇਰੇ-ਸ਼ਾਮ ਸਟੇਜ ਤੱਕ ਲਿਜਾਣ ਦਾ ਕੰਮ ਕਰਦੀਆਂ ਸਨ। ਗੁਰਮੀਤ ਦੇ ਪ੍ਰਵਚਨਾਂ ਦੌਰਾਨ ਵੀ ਖੱਬੇ ਪਾਸੇ ਇਨ੍ਹਾਂ ਲਈ ਖਾਸ ਥਾਂ ਬਣੀ ਹੁੰਦੀ ਸੀ। ਪ੍ਰਵਚਨ ਵਾਲੇ ਹਾਲ ਵਿਚ ਇਹੀ ਸਾਧਵੀਆਂ ਸਭ ਕੁਝ ਸੰਭਾਲਦੀਆਂ ਸਨ, ਜਦਕਿ ਬਾਹਰੀ ਹਿੱਸੇ ਵਿਚ ਹੋਰ ਮਰਦ ਕਾਰਸੇਵਕ ਕੰਮ ਕਰਦੇ ਸਨ।
ਰਾਮ ਰਹੀਮ ਦੇ ਦੋ ਧੀਆਂ ਇੱਕ ਬੇਟਾ ਅਤੇ ਇਕ ਧੀ ਗੋਦ ਲਈ ਹੋਈ ਹੈ । ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਨਾਲ ਫਿਲਮਾਂ ਤੋਂ ਲੈ ਕੇ ਉਨ੍ਹਾਂ ਦੀ ਸਜਾ ਹੋਣ ਤੱਕ ਨਾਲ ਨਜ਼ਰ ਆਉਣ ਵਾਲੀ ਗੋਦ ਲਈ ਬੇਟੀ ਹਨੀਪ੍ਰੀਤ ਇੰਸਾ ਨਾਲ ਬਾਬੇ ਦੇ ਨਾਜਾਇਜ਼ ਸੰਬੰਧਾਂ ਦਾ ਦੋਸ਼ ਲੱਗ ਰਿਹਾ ਹੈ। ਇਹ ਦੋਸ਼ ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਲਾਇਆ ਸੀ। ਵਿਸ਼ਵਾਸ ਗੁਪਤਾ ਦੇ ਪਿਤਾ ਨੇ ਰਾਮ ਰਹੀਮ ‘ਤੇ ਕੋਰਟ ‘ਚ ਵੀ ਕੇਸ ਕੀਤਾ ਸੀ ਪਰ ਸਮਝੌਤਾ ਹੋਣ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਸੀ।
ਕਰਨਾਲ ਜ਼ਿਲੇ ਦੇ ਘਰੌਂੜਾ ਤੋਂ ਸਾਲ 1962 ਤੇ 1972 ‘ਚ ਦੋ ਵਾਰ ਐੱਮ. ਐੱਲ. ਏ. ਰਹੇ ਰੂਲੀਆ ਰਾਮ ਦੇ ਬੇਟੇ ਐੱਮਪੀ ਗੁਪਤਾ ਨੇ ਸਾਲ 2011 ‘ਚ ਹਾਈਕੋਰਟ ‘ਚ ਦਾਇਰ ਆਪਣੀ ਯਾਚਿਕਾ ‘ਚ ਕਿਹਾ ਸੀ ਕਿ, ਮੈਂ ਤੇ ਮੇਰਾ ਪਰਿਵਾਰ ਬਾਬਾ ਸ਼ਾਹ ਸਤਨਾਮ ਦੇ ਅਨੁਯਾਈ ਸਨ। ਸਾਲ 1990 ‘ਚ ਡੇਰੇ ਦੇ ਚੀਫ ਬਾਬਾ ਗੁਰਮੀਤ ਰਾਮ ਰਹੀਮ ਬਣ ਗਏ। ਉਸ ਦੌਰਾਨ ਐੱਮਪੀ ਗੁਪਤਾ ਹਰਿਆਣਾ ਸਰਕਾਰ ਦੇ ਅਸੀਸਟੈਂਟ ਇੰਜੀਨੀਅਰ ਦੇ ਅਹੁਦੇ ‘ਤੇ ਸਨ।
ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਆਪਣੀ ਸੰਪਤੀ ਤੇ ਫੈਕਟਰੀਆਂ ਵੇਚ ਕੇ ਜੋ ਪੈਸਾ ਕਮਾਇਆ ਹੈ ਉਹ ਡੇਰਾ ਸੱਚਾ ਸੌਦਾ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਫੈਕਟਰੀਆਂ ‘ਚ ਨਿਵੇਸ਼ ਕਰ ਦਿੱਤਾ। ਉਨ੍ਹਾਂ ਨੂੰ ਯਾਕੀਨ ਦਿਵਾਇਆ ਗਿਆ ਸੀ ਕਿ ਉਨ੍ਹਾਂ ਨੂੰ ਮੁਨਾਫਾ ਵੀ ਦਿੱਤਾ ਜਾਵੇਗਾ। ਸਾਲ 1997 ‘ਚ ਉਨ੍ਹਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ‘ਚ ਸ਼ਿਫਟ ਹੋ ਗਿਆ।
ਇਸ ਪਿਛੋਂ 2002 ਵਿੱਚ ਇੱਕ ਗੁੰਮਨਾਮ ਚਿੱਠੀ ਓਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਮਿਲੀ ਜਿਸ ਵਿੱਚ ਡੇਰੇ ਦੀ ਇੱਕ ਸਾਧਵੀ ਨੇ ਸਾਧ ਦਾ ਕਾਲਾ ਚਿੱਠਾ ਲਪੇਟਿਆ ਹੋਇਆ ਸੀ। ਇਹਦੀ ਇੱਕ ਕਾਪੀ ਕੁਝ ਕੁ ਅਖਬਾਰਾਂ ਅਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਵੀ ਭੇਜੀ ਗਈ। ਸਭ ਤੋਂ ਪਹਿਲੀ ਖਬਰ ਸਿਰਸਾ ਨਿਵਾਸੀ ਪੱਤਰਕਾਰ ਰਾਮਚੰਦਰ ਛੱਤਰਪਤੀ ਨੇ ਆਪਣੇ ਛੋਟੇ ਜਿਹੇ ਅਖਬਾਰ “ਪੂਰਾ ਸੱਚ” ਵਿੱਚ ਪ੍ਰਕਾਸ਼ਿਤ ਕਰਕੇ ਸਭ ਨੂੰ ਸੁੰਨ ਚਾੜ ਦਿੱਤਾ ਸੀ ਅਤੇ ਇਸੇ ਖਬਰ ਦਾ ਨੋਟਿਸ ਲੈਦਿੰਆ ਸੀ ਬੀ ਆਈ  ਨੂੰ ਜਾਂਚ ਸੌਪੀ ਗਈ। ਸਾਧਵੀ ਯੌਨ ਸ਼ੋਸ਼ਣ ਮਾਮਲੇ ਦੀ ਜਾਂਚ ਕਰਨਾ ਸੀ. ਬੀ. ਆਈ. ਲਈ ਬਹੁਤ ਹੀ ਮੁਸ਼ਕਿਲ ਕੰਮ ਸੀ, ਨਾ ਸਬੂਤ ਤੇ ਨਾ ਹੀ ਗਵਾਹ। ਸੀ. ਬੀ. ਆਈ. ਕੋਲ ਜੇਕਰ ਕੁੱਝ ਸੀ ਤਾ ਸਿਰਫ਼ ਇਕ ਗੁੰਮਨਾਮ ਚਿੱਠੀ। ਇਸੇ ਚਿੱਠੀ ਦੇ ਸਹਾਰੇ ਹੀ ਸੀ. ਬੀ. ਆਈ ਨੇ ਸਾਲ 2002 ਵਿਚ ਆਪਣੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ, ਜੋ 5 ਸਾਲ ਦੀ ਲੰਬੀ ਮੁਸ਼ੱਕਤ ਤੋਂ ਬਾਅਦ 30 ਜੁਲਾਈ, 2007 ਨੂੰ ਪੂਰੀ ਹੋ ਸਕੀ। ਸੀ. ਬੀ. ਆਈ. ਨੇ ਪੰਜ ਸਾਲਾਂ ਵਿਚ ਗਵਾਹ ਲੱਭੇ। ਜਾਂਚ ਦਾ ਜ਼ਿੰਮਾ ਸੀ. ਬੀ. ਆਈ. ਦੇ ਵੱਡੇ ਅਫ਼ਸਰ ਡੀ. ਆਈ. ਜੀ. ਐੱਮ. ਨਰਾਇਣ ਤੇ ਡੀ. ਐੱਸ. ਪੀ. ਸਤੀਸ਼ ਡਾਗਰ ਨੂੰ ਸੌਂਪਿਆ ਗਿਆ ਸੀ। ਦੋਵਾਂ ਅਫ਼ਸਰਾਂ ਨੇ 30 ਜੁਲਾਈ 2007 ਨੂੰ ਅੰਬਾਲਾ ਵਿਚ ਵਿਸ਼ੇਸ਼ ਸੀ. ਬੀ. ਆਈ. ਜੱਜ ਦੇ ਨਿਵਾਸ ‘ਤੇ ਚਾਰਜਸ਼ੀਟ ਦਾਇਰ ਕੀਤੀ ਸੀ। ਅਗਲੇ ਹੀ ਸਾਲ 2008 ਵਿਚ ਅੰਬਾਲਾ ਵਿਚ ਸੀ. ਬੀ. ਆਈ. ਅਦਾਲਤ ਵਿਚ ਡੇਰਾ ਮੁਖੀ ਦੇ ਖਿਲਾਫ਼ ਦੋਸ਼ ਤੈਅ ਕੀਤਾ ਗਿਆ ਸੀ। ਉਸ ਤੋਂ ਬਾਅਦ 9 ਸਾਲ ਤੱਕ ਟ੍ਰਾਇਲ ਦੀ ਪ੍ਰਕਿਰਿਆ ਚੱਲਦੀ ਰਹੀ, 52 ਵੱਖ-ਵੱਖ ਗਵਾਹਾਂ ਨੇ ਬਿਆਨ ਦਿੱਤੇ। 15 ਪ੍ਰੋਸੀਕਿਊਸ਼ਨ ਤੇ 37 ਡਿਫੈਂਸ ਦੇ ਗਵਾਹ ਇਸ ਲਿਸਟ ਵਿਚ ਸ਼ਾਮਲ ਸਨ!
ਡੇਰਾ ਮੁਖੀ ‘ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਮੁਖ ਸਾਧਵੀ ਨੇ ਅਦਾਲਤ ਵਿਚ ਅਹਿਮ ਬਿਆਨ ਦਿੱਤਾ ਹੈ। ਸੀ. ਬੀ. ਆਈ. ਦੀ ਚਾਰਜਸ਼ੀਟ ਅਨੁਸਾਰ ਮੁਖ ਸਾਧਵੀ ਕੁਰੂਕਸ਼ੇਤਰ ਤੇ ਖਾਨਪੁਰ ਕੌਲੀਆਂ ਨਿਵਾਸੀ ਰਣਜੀਤ ਸਿੰਘ ਦੀ ਭੈਣ ਹੈ। ਰਣਜੀਤ ਸਿੰਘ ਦੀ 10 ਜੁਲਾਈ, 2002 ਨੂੰ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਵੀ ਡੇਰੇ ਦੇ ਲੋਕਾਂ ‘ਤੇ ਹੀ ਹੱਤਿਆ ਦਾ ਦੋਸ਼ ਲਗਦਾ ਆ ਰਿਹਾ ਹੈ। ਰਣਜੀਤ ਲੰਬੇ ਸਮੇਂ ਤੋਂ ਡੇਰੇ ਦਾ ਭਗਤ ਸੀ ਤੇ ਉਹ ਪਰਿਵਾਰ ਸਮੇਤ ਡੇਰੇ ਵਿਚ ਹੀ ਰਹਿੰਦਾ ਸੀ। ਚਾਰਜਸ਼ੀਟ ਅਨੁਸਾਰ ਰਣਜੀਤ ਸਿੰਘ ਇਕ ਸਾਲ ਪਹਿਲਾਂ ਆਪਣੀ ਸਾਧਵੀ ਭੈਣ ਤੇ ਬੇਟੀਆਂ ਨਾਲ ਡੇਰਾ ਛੱਡ ਕੇ ਜਾ ਚੁੱਕਿਆ ਸੀ। ਸਾਧਵੀ ਨੇ ਦੱਸਿਆ ਕਿ ਉਹ 1999 ਵਿਚ ਡੇਰੇ ‘ਚ ਆਈ ਸੀ, ਉਹ ਨਵੇਂ ਡੇਰੇ ਵਿਚ ਰਹਿੰਦੀ ਸੀ ਤੇ ਸਾਲ 2001 ਤੱਕ ਡੇਰੇ ਵਿਚ ਰਹੀ। ਇਸੇ ਦੌਰਾਨ ਅਕਤੂਬਰ ਵਿਚ ਉਸ ਦਾ ਵਿਆਹ ਹੋ ਗਿਆ। ਸਾਧਵੀ ਨੇ ਦੱਸਿਆ ਕਿ ਪੁਰਾਣੇ ਡੇਰੇ ਵਿਚ ਜਿਥੇ ਡੇਰਾ ਮੁਖੀ ਗੁਫ਼ਾ ਵਿਚ ਰਹਿੰਦੇ ਸਨ, ਉਥੇ ਸਾਧਵੀਆਂ ਦੀ ਸੰਤਰੀ ਡਿਊਟੀ ਲੱਗਦੀ ਸੀ। ਜਦ ਉਹ ਗੁਫ਼ਾ ਦੇ ਗੇਟ ‘ਤੇ ਸੰਤਰੀ ਡਿਊਟੀ ‘ਤੇ ਸੀ ਤਾਂ ਉਸ ਨੇ ਦੇਖਿਆ ਕਿ ਦੋ ਸਾਧਵੀਆਂ ਦੇਰ ਰਾਤ ਡੇਰੇ ਵੱਲ ਜਾ ਰਹੀਆਂ ਸਨ। ਕੁੱਝ ਸਮੇਂ ਬਾਅਦ ਇਕ ਨੇ ਡੇਰਾ ਪ੍ਰਮੁੱਖ ਨੂੰ ਗਾਲ੍ਹਾਂ ਕੱਢਦਿਆਂ ਡੇਰਾ ਛੱਡ ਦਿੱਤਾ। ਮੁੱਖ ਸਾਧਵੀ ਨੇ ਦੱਸਿਆ ਕਿ ਉਸ ਨੇ ਇਕ ਹੋਰ ਸਾਧਵੀ ਨੂੰ ਗੁਫ਼ਾ ਤੋਂ ਬਾਹਰ ਆਉਂਦਿਆਂ ਦੇਖਿਆ ਤੇ ਉਹ ਰੋ ਰਹੀ ਸੀ। ਉਸ ਦੇ ਅਗਲੇ ਦਿਨ ਉਸ ਦੇ ਪਰਿਵਾਰ ਵਾਲੇ ਡੇਰੇ ਵਿਚ ਆਏ ਤੇ ਫਿਰ ਇਕ ਸਾਧਵੀ ਨੇ ਡੇਰਾ ਮੁਖੀ ਨੂੰ ਰਾਕਸ਼ਸ਼ ਦੱਸਦਿਆਂ ਡੇਰਾ ਛੱਡ ਦਿੱਤਾ। ਇਸੇ ਤਰ੍ਹਾਂ ਇਕ ਹੋਰ ਸਾਧਵੀ ਨੇ ਵੀ ਬਾਬਾ ਦੇ ਵਿਵਹਾਰ ਨੂੰ ਗਲਤ ਦੱਸਦਿਆਂ ਡੇਰਾ ਛੱਡ ਦਿੱਤਾ ਸੀ। ਚਾਰਜਸ਼ੀਟ ਮੁਤਾਬਿਕ ਮੁੱਖ ਸਾਧਵੀ ਨਾਲ ਦੋ ਵਾਰ ਜਬਰ-ਜ਼ਨਾਹ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਆਪਣੀ ਗੱਲ ਇਸ ਲਈ ਕਿਸੇ ਨੂੰ ਨਹੀਂ ਦੱਸ ਸਕਦੀ ਸੀ, ਕਿਉਂਕਿ ਡੇਰੇ ਦਾ ਰਾਜਨੀਤੀ ਤੇ ਪ੍ਰਸ਼ਾਸਨ ‘ਤੇ ਦਬਾਅ ਸੀ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਰਾਮਚੰਦਰ ਛੱਤਰਪਤੀ ਯਾਦ ਹੈ ਜਿਸ ਨੇ ਸਿਰਸੇ ਵਿੱਚ ਰਹਿੰਦਿਆ ਆਪਣੇ ਛੋਟੇ ਜਿਹੇ ਅਖਬਾਰ ” ਪੂਰਾ ਸੱਚ ” ਰਾਹੀ ਸਾਧ ਦੀਆਂ ਕਰਤੂਤਾਂ ਨੰਗੀਆਂ ਕੀਤੀਆਂ ਸਨ । ਉਸਤੇ ਵੀ ਕਾਤਲਾਨਾਂ ਹਮਲਾ ਹੋਇਆ ਸੀ । ਗੋਲੀਆਂ ਲੱਗਣ ਤੋਂ ਬਾਅਦ ਵੀਹ ਦਿਨ ਜਿੰਦਾ ਰਿਹਾ ਪਰ ਮੌਕੇ ਦੀ ਚੌਟਾਲਾ ਸਰਕਾਰ ਨੇ ਉਸਦੇ ਬਿਆਨ ਤੱਕ ਲੈਣੇ ਜਰੂਰੀ ਨਹੀਂ ਸਮਝੇ..!
ਰਾਮਚੰਦਰ ਛੱਤਰਪਤੀ ਜੀ ਦੀ ਕੁਰਬਾਨੀ ਤੇ ਲੇਖ ਰਾਜ, ਅਸ਼ਵਨੀ ਬਖਸ਼ੀ,ਆਰ ਐਸ ਚੀਮਾਂ ਤੇ ਰਾਜਿੰਦਰ ਸੱਚਰ ਜੈਸੇ ਵਕੀਲਾਂ ਦੀ ਬਦੌਲਤ ਅੱਜ ਸਾਧ ਸਲਾਖਾਂ ਪਿੱਛੇ ਹੈ । ਇਹ ਉਹ ਵਕੀਲ ਹਨ ਜਿੰਨਾਂ ਨੇ ਬਿਨਾਂ ਪੈਸੇ ਲਏ ਸਾਧਵੀਆਂ ਤੇ ਰਾਮਚੰਦਰ ਛੱਤਰਪਤੀ ਦੇ ਪਰਿਵਾਰ ਦਾ ਕੇਸ ਲੜਿਆ । ਸੀਬੀਆਈ ਦੇ ਡੀਐਸਪੀ ਸ਼ਤੀਸ਼ ਡਾਂਗਰ ਜੀ ਦੀ ਬਹੁਤ ਵੱਡੀ ਦੇਣ ਹੈ । ਜਿੰਨਾਂ ਦੀ ਹੌਸਲਾ ਅਫਜਾਈ ਤੇ ਦੇਖਭਾਲ ਕਰਕੇ ਦੋ ਸਾਧਵੀਆਂ ਪੰਦਰ ਸਾਲ ਤੱਕ ਸਾਧ ਦੇ ਖਿਲਾਫ ਡਟੀਆਂ ਰਹੀਆਂ । ਉਹਨਾਂ ਦੋਵਾਂ ‘ਚੋ ਇੱਕ ਦਾ ਸਹੁਰਾ ਪਰਿਵਾਰ ਸਾਧ ਦਾ ਭਗਤ ਸੀ । ਜਿਸ ਨੂੰ ਪਤਾ ਲੱਗਣ ਤੇ ਉਹਨਾਂ ਨੇ ਆਪਣੀ ਨੂੰਹ ਨੂੰ ਘਰੋਂ ਕੱਢਤਾ ਸੀ । ਮੇਰਾ ਸਲਾਮ ਹੈ ਉਹਨਾਂ ਦੋਵਾਂ ਭੈਣਾਂ ਨੂੰ..!
ਰਾਮਚੰਦਰ ਛੱਤਰਪਤੀ ਦੇ ਬੇਟੇ ਨੂੰ ਇੱਕ ਗੰਨਮੈਨ ਮਿਲਿਆ ਹੋਇਆ ਹੈ । ਆਪਣੀ ਜਾਂਨ ਦੀ ਪ੍ਰਵਾਹ ਨਾ ਕਰਦਿਆਂ ਰਾਮਚੰਦਰ ਛੱਤਰਪਤੀ ਦਾ ਪਰਿਵਾਰ ਤੇ ਦੋਵੇਂ ਭੈਣਾਂ ਇੱਕ ਗੰਨਮੈਨ ਦੇ ਨਾਲ ਪੰਚਕੂਲੇ ਕੋਰਟ ਵਿੱਚ ਤਰੀਕਾਂ ਭੁਗਤਨ ਜਾਂਦੇ ਸਨ।
ਜੱਜ ਜਗਦੀਪ ਸਿੰਘ ਨੇ ਇਤਿਹਾਸਕ ਫੈਸਲਾ ਸੁਣਾਕੇ ਕਨੂੰਨ ਦੇ ਰਾਜ ਦਾ ਭਰੋਸਾ ਲੋਕਾਂ ਵਿੱਚ ਬਹਾਲ ਕੀਤਾ ਹੈ। ਸਰਕਾਰੀ ਵਕੀਲ ਐਚ ਪੀ ਐਸ ਵਰਮਾਂ ਨੇ ਤੱਥਾਂ ਦੇ ਅਧਾਰਤ ਕੇਸ ਦੀ ਪੈਰਵਾਈ ਕਰਕੇ ਇਸ ਕੇਸ ਨੂੰ ਮਜਬੂਤੀ ਬਖਸ਼ੀ ਤੇ ਸਾਧ ਸਲਾਖਾਂ ਪਿੱਛੇ ਗਿਆ। ਜਿਸ ਦਿਨ ਸਾਧ ਨੂੰ ਦੋਸ਼ੀ ਗਰਦਾਨਿਆਂ ਗਿਆ ਓਸ ਦਿਨ ਬਲਾਤਕਾਰੀ ਸਾਧ ਦੇ ਚੇਲਿਆ ਨੇ ਬਹੁਤ ਸੋਚੀ ਸਮਝੀ ਤੇ ਪਹਿਲਾਂ ਤੋਂ ਨਿਰਧਾਰਤ ਸਕੀਮ ਤਹਿਤ ਡੰਡੇ, ਸੋਟੇ, ਪੱਥਰ ਦੇ ਨਾਲ-ਨਾਲ ਡੀਜ਼ਲ,ਪਟਰੌਲ ਨੂੰ ਕਿਵੇ ਵਰਤਨਾ ਇਸ ਬਾਰੇ ਵੀ ਪਲਾਨ ਕੀਤਾ ਹੋਇਆ ਸੀ । ਤੇਲ ਦੀ ਵਰਤੋਂ ਕਰਨ ਵਾਸਤੇ ਚੇਲਿਆ ਨੇ ਬਰਫ ਤੋੜਨ ਵਾਲੇ ਸੂਏ ਟਾਇਪ ਹਥਿਆਰਾਂ ਦੀ ਵਰਤੋਂ ਕੀਤੀ । ਜਿਸ ਨੂੰ ਵੀਹਕਲ ਦੀ ਟੈਂਕੀ ਵਿੱਚ ਮਾਰਕੇ ਮੋਰੀ ਕਰਦੇ ਤੇ ਅੱਗ ਲਾ ਦਿੰਦੇ ਸਨ । ਹੁਣ ਸਵਾਲ ਖੜਾ ਹੁੰਦਾ ਖੱਟੜ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਤੇ ਕਿ ਉਹਨਾਂ ਕੇਹੋ ਜਿਹੀ ਤਲਾਸ਼ੀ ਲਈ ਲੋਕਾਂ ਦੀ…. ਧਾਰਾ 144 ਦੇ ਬਾਵਜੂਦ ਕਿਉਂ ਕੱਠ ਹੋ ਗਿਆ ਐਨਾ..? ਜੇ ਕੱਠ ਹੋ ਵੀ ਗਿਆ ਤਾਂ ਜਦ ਹੁੱਲ਼ੜਬਾਜੀ ਤੇ ਗੱਡੀਆਂ ਨੂੰ ਅੱਗ ਲਾਉਣ ਦੀਆਂ ਕੋਸ਼ਿਸਾਂ ਹੋ ਰਹੀਆਂ ਸਨ ਤਾਂ ਸੂਬਾ ਪੁਲਿਸ ਕਿਉਂ ਮੂਕ ਦਰਸ਼ਕ ਬਣੀ ਵੇਖ ਰਹੀ ਸੀ …?
ਚੰਡੀਗੜ੍ਹ ਤੋਂ ਕੁਝ ਪੱਤਰਕਾਰ ਵੀਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਅੱਗ ਲਾਉਣ ਤੇ ਦੰਗਾਈ ਰੰਗਤ ਦੇਣ ਵਿੱਚ ਵੱਡੀ ਭੂਮਿਕਾ ਔਰਤਾਂ ਨੇ ਨਿਭਾਈ ਮੀਡੀਏ ਦੀ ਪਹਿਚਾਣ ਕਰਕੇ ਹਮਲਾ ਕੀਤਾ ਗਿਆ । ਜਿਹੜੇ ਇੰਸ਼ਾਂ ਸ਼ਬਦ ਲਾਉਦੇ ਸਨ ਆਪਣੇ ਨਾਮ ਮਗਰ ਤੇ ਦੂਸਰਿਆ ਨੂੰ ਉਪਦੇਸ਼ ਦਿੰਦੇ ਸਨ ਕੀ ਇਨਸਾਨ ਬਣੋ, ਇਨਸਾਨੀਅਤ ਹੀ ਵੱਡਾ ਧਰਮ ਹੈ ਕੁੱਝ ਸਕਿੰਟਾਂ ਵਿੱਚ ਹੀ ਹੈਵਾਨ ਬਣ ਗਏ, ਲੋਕਾਂ ਨੂੰ ਗਾਜਰ ਮੂਲੀ ਸਮਝਣ ਦੇ ਨਾਲ-ਨਾਲ ਦੇਸ਼ ਦੇ ਕਨੂੰਨ ਸੰਵੀਧਾਨ ਨੂੰ ਕਿੱਲੇ ਟੰਗ ਬਲਾਤਕਾਰੀ ਸਾਧ ਵਾਸਤੇ ਜਾਨਾਂ ਲੈਣ ਦੇਣ ਨੂੰ
ਪੰਜਾਬ ਚੰਡੀਗੜ੍ਹ ਹਾਈ ਕੋਰਟ ਦਾ ਬਹੁਤ ਵੱਡਾ ਤੇ ਸਲਾਘਾ ਭਰਭੂਰ ਕਦਮ ਹੈ ਕਿ ਜੋ ਵੀ ਨੁਕਸਾਨ ਬਲਾਤਕਾਰੀ ਸਾਧ ਕਰਕੇ ਹੋਇਆ । ਉਸ ਦੀ ਭਰਪਾਈ ਡੇਰੇ ਦੀ ਚੱਲ ਅਚੱਲ ਜਮੀਨ ਜਾਇਦਾਦ ਤੋਂ ਕੀਤੀ ਜਾਵੇ । ਇਹ ਬਹੁਤ ਪਹਿਲਾਂ ਤੋਂ ਹੋਣਾ ਚਾਹੀਦਾ ਸੀ ਪਰ ‘ਦੇਰ ਆਏ ਦਰੁਸਤ ਆਏ, ਜੋ ਪੰਜਾਬ ਸਿਰ ਇਹਨਾਂ ਦਿਨਾਂ ਵਿੱਚ ਕੇਂਦਰੀ ਬਲਾਂ ਕਰਕੇ ਕਰਜ਼ਾ ਬਣੇਗਾ । ਉਸਦੀ ਭਰਪਾਈ ਵੀ ਡੇਰੇ ਤੋਂ ਵਸੂਲ ਕੀਤੀ ਜਾਣੀ ਚਾਹੀਦੀ ਹੈ । ਲੋਕਾਂ ਨੂੰ ਇਸ ਗੱਲ ਤੋਂ ਸਬਕ ਲੈਣਾਂ ਚਾਹੀਦਾ ਕਿ ਕੱਲ ਤੱਕ ਜੋ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦਾ ਸੀ ਰੋਹਤਕ ਵਿੱਚ ਜੱਜ ਜਗਦੀਪ ਸਿੰਘ ਸਾਹਮਣੇ ਆਪਣੀ ਸਜਾ ਘੱਟ ਕਰਨ ਲਈ ਹੱਥ ਜੋੜੀ ਰੋ-ਰੋਕੇ ਮੁਆਫ਼ੀ ਮੰਗਦਾ ਸਜਾ ਘੱਟ ਕਰਨ ਲਈ ਗਿੜਗੜਾ ਰਿਹਾ ਸੀ ਪਰ ਜੱਜ ਨੇ ਇੱਕ ਨਾਂ ਸੁਣੀ ਤੇ ਦਸ ਸਾਲ ਦੀ ਸਖਤ ਸਜਾ ਸੁਣਾਈ। ਇੱਕ ਗੱਲ ਹੋਰ ਜਿਹੜੇ ਲੋਕ ਆਪਣੀਆਂ ਧੀਆਂ ਦੀ ਗੱਲ ਨਹੀਂ ਸੁਣਦੇ ਓਹਨਾਂ ਨੂੰ ਬੇਨਤੀ ਹੈ ਕਿ ਇਹਨਾਂ ਧਾਰਮਿਕ ਸਥਾਨਾਂ ਤੇ ਅਕਸਰ ਇਹ ਸਾਧ ਬੱਚੇ ਬੱਚੀਆਂ ਨਾਲ ਕੁਕਰਮ ਕਰਦੇ ਆਏ ਨੇ ਤੇ ਕਰਦੇ ਰਹਿਣਗੇ ਕਿਰਪਾ ਕਰਕੇ ਆਪਣੇ ਜ਼ਿਗਰ ਦੇ ਟੋਟਿਆ ਨੂੰ ਇਹਨਾਂ ਹਵਾਲੇ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਿਓ। ਅਗਰ ਤੁਹਾਡਾ ਬੱਚਾ ਤੁਹਾਨੂੰ ਕੁਝ ਅਜਿਹੇ ਕਾਰਿਆ ਬਾਰੇ ਦੱਸਣਾ ਚਹੁੰਦਾ ਤਾਂ ਓਹਨਾਂ ਨੂੰ ਹਲਕੇ ਵਿੱਚ ਨਾਂ ਲਵੋਂ ਸਗੋਂ ਧਿਆਨ ਨਾਲ ਸੁਣੋਂ। ਮੈਨੂੰ ਨਹੀਂ ਲਗਦਾ ਕਿ ਬਾਬਾ ਹੁਣ ਜੇਲ੍ਹ ਤੋਂ ਬਾਹਰ ਆ ਸਕੇਗਾ ਕਿਉਕੇ ਸਾਧਵੀ ਬਲਾਤਕਾਰ ਕੇਸ ਦੇ ਪਿੱਛੇ ਪਿੱਛੇ ਰਣਜੀਤ ਸਿੰਘ, ਛੱਤਰਪਤੀ ਕਤਲ ਕੇਸ ਅਤੇ ਢਾਈ ਸੌ ਸਾਧੂਆਂ ਨੂੰ ਨਿਪੁਨਸਕ ਬਣਾਉਣ ਵਾਲਾ ਕੇਸ ਵੀ ਤੁਰਿਆ ਆਉਦਾ ਹੈ। ਮੈਂ ਤਾਂ ਸਿਆਸੀ ਪਾਰਟੀਆਂ ਨੂੰ ਇਹੋ ਬੇਨਤੀ ਕਰਨੀ ਚਾਹੂੰਗਾ ਕਿ ਚੰਦ ਵੋਟਾ ਦੀ ਖਾਤਰ ਇਹੋ ਜਿਹੇ ਭੂਤਰੇ ਸਾਧਾਂ ਨੂੰ ਭੋਏਂ ਨਾਂ ਚੜਨ ਦਿਆ ਕਰੋ, ਫਿਰ ਜਦੋਂ ਇਹ ਮਸਤਦੇ ਹਨ ਜੋ ਵੀ ਖੂੰਨ ਡੁਲਦਾ ਓਹ ਇਨਸਾਨੀਅਤ ਦਾ ਹੀ ਡੁਲਦਾ ਹੈ। ਜਦੋਂ ਜਾਤੀਵਾਦ ਕਰਕੇ ਜਾ ਸਮਾਨਤਾਵਾਂ ਕਰਕੇ ਪਛੜੇ ਲੋਕਾਂ ਨੂੰ ਨੀਵਾਂ ਵਿਖਾਇਆ ਜਾਂਦਾ ਤਾਂ ਲੋਕ ਇਹੋ ਜਿਹੇ ਡੇਰਿਆਂ ਦੇ ਸਰਧਾਲੂ ਬਣਦੇ ਹਨ ਸਾਡੇ ਧਾਰਮਿਕ ਲੀਡਰ ਵੀ ਇਸ ਪਾਸੇ ਜਰੂਰ ਧਿਆਨ ਦੇਣ ਹੁਣ ਵੀ ਬਹੁਤ ਸਾਰੇ ਪ੍ਰੇਮੀ ਡੇਰੇ ਨਾਲੋਂ ਟੁਟਣਗੇ ਸਾਡਾ ਫਰਜ ਬਣਦਾ ਓਹਨਾਂ ਨੂੰ ਗਲ੍ਹ ਲਾਉਣ ਦਾ, ਅਗਰ ਸਵੇਰ ਦਾ ਭੁਲਿਆ ਸ਼ਾਂਮ ਨੂੰ ਘਰ ਮੁੜ ਆਵੇ ਓਹਨੂੰ ਭੁਲਿਆ ਨਹੀਂ ਕਹਿੰਦੇ। ਰੱਬ ਰਾਖਾ

LEAVE A REPLY

Please enter your comment!
Please enter your name here