ਤਬਲਾ ਵਾਦਨ ਖੇਤਰ ਵਿੱਚ ਜਦੋਂ ਵੀ ਸ਼ਬਦ ਮਿਠਾਸ ਦਾ ਜ਼ਿਕਰ ਹੋਵੇ ਤਾਂ ਭਾਵ ਇਹੀ ਲੈਣਾ ਚਾਹੀਦਾ ਹੈ ਕਿ ਇਸ ਵਕਤ ਤੁਹਾਡੇ ਵੱਲੋਂ ਵਜਾਏ ਜਾ ਰਹੇ ਬੋਲਾਂ ਵਿਚਲੀ ਸਫਾਈ ਦੀ ਗੱਲ ਹੋ ਰਹੀ ਹੈ। ਕਿ ਜਦੋਂ ਤੁਸੀਂ ਤਬਲਾ ਵਾਦਨ ਕਰਦੇ ਹੋ ਤਾਂ ਤੁਹਾਡੇ ਵੱਲੋਂ ਵਜਾਏ ਜਾਣ ਵਾਲੇ ਬੋਲ ਕਿੰਨੇ ਸਾਫ ਅਤੇ ਸਪੱਸ਼ਟ ਹਨ? ਜਿੰਨੇ ਜਿਆਦਾ ਬੋਲ ਵਜਾਉਣ ਅਤੇ ਸੁਨਣ ਵਿੱਚ ਸਪੱਸ਼ਟ ਹੋਣਗੇ, ਉਨੀਂ ਹੀ ਉਹਨਾਂ ਬੋਲਾਂ ਦੀ ਮਿਠਾਸ ਤੁਹਾਡੇ ਵਾਦਨ ਵਿੱਚ ਮੰਨੀ ਜਾਵੇਗੀ, ਪਰ ਜੇਕਰ ਤੁਹਾਡੇ ਬੋਲ ਸਪੱਸ਼ਟ, ਸਾਫ ਨਾ ਹੋਣ ਦੀ ਥਾਂ ਤੇ ਕੇਵਲ ਵਜਨ ਹੀ ਪੂਰਾ ਕਰਦੇ ਹੋਣਗੇ ਤਾਂ ਤੁਹਾਨੂੰ ਖੁਦ ਨੂੰ ਵੀ ਇਹ ਅਹਿਸਾਸ ਹੋਵੇਗਾ ਕਿ ਤੁਹਾਡੇ ਵਾਦਨ ਵਿੱਚ ਮਿਠਾਸ ਨਹੀਂ ਰਹੀ। ਬੋਲਾਂ ਵਿਚਲੀ ਸੁੰਦਰਤਾ ਅਤੇ ਰਸ ਨਹੀਂ ਰਿਹਾ। ਦਰੁਤ ਲੈਅ ਵਿੱਚ ਵੀ ਤੁਹਾਡੇ ਬੋਲ ਉਤਨੇ ਹੀ ਸਾਫ, ਸਪੱਸ਼ਟ ਅਤੇ ਜ਼ੋਰਦਾਰ ਹੋਣੇ ਚਾਹੀਦੇ ਹਨ ਜਿੰਨੇ ਕਿ ਉਹ ਮੱਧ ਲੈਅ ਜਾਂ ਵਿਲੰਬਿਤ ਲੈਅ ਵਿੱਚ ਸਨ। ਮੱਧ ਲੈਅ ਵਿੱਚ ਜਿਸ ਰੂਪ ਵਿੱਚ ਤੁਹਾਡੇ ਵੱਲੋਂ ਵਾਦਨ ਕੀਤਾ ਜਾ ਰਿਹਾ ਹੈ, ਦਰੁੱਤ ਲੈਅ ਵਿੱਚ ਵੀ ਵਾਦਨ ਦਾ ਢੰਗ ਤਰੀਕਾ ਅਤੇ ਬੋਲਾਂ ਦੀ ਸਪੱਸ਼ਟਤਾ ਬਰਕਰਾਰ ਰਹਿਣੀ ਚਾਹੀਦੀ ਹੈ ਤਾਂ ਕਿ ਸਰੋਤਿਆਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਤੁਹਡਾ ਵਾਦਨ ਮੱਧ ਲੈਅ ਨਾਲੋਂ ਦਰੁੱਤ ਲੈਅ ਵਿੱਚ ਪਹੁੰਚਣ ਤੱਕ ਕਮਜ਼ੋਰ ਹੋ ਗਿਆ ਹੈ। ਇਸ ਲਈ ਹੱਥਾਂ ਵਿੱਚ ਮਿਠਾਸ ਪੈਦਾ ਕਰਨ ਲਈ ਖੂਬ ਅਭਿਆਸ ਅਤੇ ਸਹੀ ਢੰਗ ਨਾਲ ਤਿਆਰੀ ਕੀਤੀ ਜਾਣੀ ਚਾਹੀਦੀ ਹੈ, ਜਿਸ ਬਾਰੇ ਅਸੀਂ ਸੰਖੇਪ ਜ਼ਿਕਰ ਅੱਗੇ ਕਰਦੇ ਹਾਂ ।

ਹੱਥ ਦੀ ਤਿਆਰੀ ਕਰਨ ਦਾ ਢੰਗ
ਪਹਿਲੀ ਗੱਲ ਤਾਂ ਆਪਣੇ ਉਸਤਾਦ ਸਾਹਿਬਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿਯਮਿਤ ਰੂਪ ਵਿੱਚ ਤਬਲੇ ਦਾ ਅਭਿਆਸ, ਬੋਲਾਂ ਨੂੰ ਪਕਾਉਣ ਦਾ ਢੰਗ ਦੇ ਨਾਲ ਰੋਜ਼ਾਨਾ ਦੇ ਨਿੱਤਨੇਮ ਵਿੱਚ ਤਬਲਾ ਅਭਿਆਸ ਸ਼ਾਮਲ ਕਰਨਾ ਹੋਵੇਗਾ। ਅਭਿਆਸ ਕਰਨ ਸਮੇਂ ਬੋਲਾਂ ਦੀ ਚੋਣ ਉਸਤਾਦ ਕੋਲੋਂ ਕਰਵਾ ਕੇ ਉਹਨਾਂ ਦੇ ਅਭਿਆਸ ਸਮੇਂ ਆਪਣੇ ਦੋਹਾਂ ਹੱਥਾਂ ਦੀਆਂ ਕਲਾਈਆਂ ਵਿੱਚ ਵਜ਼ਨਦਾਰ ਕੜੇ ਪਾ ਕੇ, ਵਿਲੰਬਿਤ ਲੈਅ ਵਿੱਚ ਸਬੰਧਿਤ ਬੋਲਾਂ ਨੂੰ ਵਜਾਇਆ ਜਾਵੇ। ਆਰੰਭਿਕ ਵੇਲੇ ਅਭਿਆਸ ਕਰਨ ਵਿੱਚ ਔਖਿਆਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਨਿਰੰਤਰ ਅਭਿਆਸ ਨਾਲ ਇਸਦੀ ਆਦਤ ਪੱਕ ਜਾਵੇਗੀ ਅਤੇ ਜਦੋਂ ਸੰਗਤ ਵਿੱਚ ਜਾ ਕੇ ਕੜੇ ਉਤਾਰ ਕੇ ਆਪਣੀ ਵਾਦਨ ਪ੍ਰਕਿਰਿਆਂ ਆਰੰਭੀ ਜਾਵੇਗੀ ਤਾਂ ਅਜਿਹਾ ਮਹਿਸੂਸ ਹੋਵੇਗਾ ਕਿ ਤੁਸੀਂ ਬਿਨ੍ਹਾਂ ਕੋਈ ਜ਼ੋਰ ਲਾਇਆਂ ਹੀ ਤਬਲਾ ਵਾਦਨ ਕਰ ਰਹੇ ਹੋ ਅਤੇ ਬਹੁਤ ਹਲਕਾ ਮਹਿਸੂਸ ਕਰੋਗੇ। ਸਹੀ ਤਰੀਕੇ ਨਾਲ ਕੀਤਾ ਹੋਇਆ ਰਿਆਜ਼ ਹੀ ਸਾਨੂੰ ਆਪਣੀ ਕਲਾ ਵਿੱਚ ਵਾਹਵਾਹੀ ਦਿਵਾ ਸਕਦਾ ਹੈ।

LEAVE A REPLY

Please enter your comment!
Please enter your name here