ਨਵੀਂ ਦਿੱਲੀ,

ਇਨੈਲੋ ਕਿਸੇ ਦੀ ਜਾਗੀਰ ਨਹੀਂ ਹੈ ਅਤੇ ਜਿੱਥੇ ਵਰਕਰ ਉਥੇ ਇਨੈਲੋ ਹੈ। ਇਨੈਲੋ ਵਰਕਰਾਂ ਨੂੰ ਕਾਂਗਰਸੀ ਦੱਸਣ ਵਾਲਿਆਂ ਨੂੰ ਕਾਂਗਰਸ ਮੁਬਾਰਕ। ਇਨੈਲੋ ਤਾਂ ਸਾਡੀ ਹੈ ਅਤੇ ਇਨੈਲੋ ਵਰਕਰ ਮੇਰੇ ਹੀਰੇ-ਜਵਾਹਰਾਤ ਹਨ। ਇਹ ਗੱਲ ਇਨੈਲੋ ਦੇ ਮੁੱਖ ਸਕੱਤਰ ਡਾ. ਅਜੈ ਸਿੰਘ ਚੌਟਾਲਾ ਨੇ ਤਿਹਾੜ ਜੇਲ ਵਿਚੋਂ 14 ਦਿਨ ਦੀ ਪੈਰੋਲ ’ਤੇ ਬਾਹਰ ਆ ਕੇ ਆਪਣੇ ਵਰਕਰਾਂ ਨੂੰ ਕਹੀ। ਅਜੈ ਅਾਪਣੀ ਰਿਹਾਇਸ਼ ’ਤੇ ਵਰਕਰਾਂ ਨਾਲ ਰੂ-ਬ-ਰੂ ਹੋਏ। ਉਨ੍ਹਾਂ ਕਿਹਾ ਕਿ ਉਹ ਹਰ ਜ਼ਿਲੇ ਵਿਚ ਜਾਣਗੇ, ਵਰਕਰਾਂ ਤੋਂ ਫੀਡਬੈਕ ਲੈਣਗੇ। ਉਨ੍ਹਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਭਾਵਨਾਵਾਂ ਜਾਣਨਗੇ ਅਤੇ ਉਸ ਤੋਂ ਬਾਅਦ ਹੀ 17 ਨਵੰਬਰ ਨੂੰ ਜੀਂਦ ਵਿਚ ਸੰਘਰਸ਼ ਵਾਲੀ ਥਾਂ ’ਤੇ ਵਰਕਰਾਂ ਦੇ ਸੁਝਾਅ ਨਾਲ ਅੰਤਿਮ ਫੈਸਲਾ ਲੈਣਗੇ। ਵਰਕਰ ਅਜੈ ਸਿੰਘ ਚੌਟਾਲਾ ਨੂੰ ਮਿਲਣ ਲਈ ਨਵੀਂ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 18 ਜਨਪਥ ’ਤੇ ਸਵੇਰੇ 7 ਵਜੇ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ 9 ਵਜੇ ਤੋਂ ਪਹਿਲਾਂ ਹੀ ਵਰਕਰਾਂ ਦਾ ਹਜ਼ੂਮ ਉਮੜ ਆਇਆ। 23,000 ਤੋਂ ਜ਼ਿਆਦਾ ਗਿਣਤੀ ਵਿਚ ਦਿੱਲੀ ਵਿਚ ਪਾਰਟੀ ਵਰਕਰਾਂ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਸੰਭਾਲਣਾ ਦਿੱਲੀ ਪੁਲਸ ਲਈ ਔਖਾ ਹੋ ਗਿਆ। ਵਰਕਰਾਂ ਦੀ ਭਾਰੀ ਗਿਣਤੀ ਅਤੇ ਵਾਹਨਾਂ ਦੀ ਵੱਡੀ ਗਿਣਤੀ ਕਾਰਨ ਪਾਰਕਿੰਗ ਨਾ ਹੋਣ ਦੀ ਵਜ੍ਹਾ ਨਾਲ ਲੀ-ਮੈਰੀਡੀਅਨ ਅਤੇ ਲਾਗਲੇ ਇੰਡੀਆ ਗੇਟ ਅਤੇ ਸੰਸਦ ਭਵਨ ਵੱਲ ਜਾਣ ਵਾਲੇ ਰਸਤੇ ’ਤੇ ਲੰਬੇ ਜਾਮ ਦੀ ਸਥਿਤੀ ਪੈਦਾ ਹੋ ਗਈ ਅਤੇ ਪੁਲਸ ਪ੍ਰਸ਼ਾਸਨ ਨੂੰ ਰਸਤਾ ਡਾਈਵਰਟ ਕਰਨਾ ਪਿਆ। ਡਾ. ਅਜੇ ਚੌਟਾਲਾ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਜਿਹੜੇ ਕੁਝ ਲੋਕ ਤਾਊ ਦੇਵੀ ਲਾਲ ਦੇ ਪੈਰੋਕਾਰਾਂ ਅਤੇ ਉਨ੍ਹਾਂ ਦੀਆਂ ਨੀਤੀਆਂ ’ਤੇ ਚੱਲਣ ਵਾਲਿਆਂ ਨੂੰ ਕਾਂਗਰਸੀ ਦੱਸ ਰਹੇ ਹਨ, ਕਾਂਗਰਸ ਤਾਂ ਉਨ੍ਹਾਂ ਲੋਕਾਂ ਨੂੰ ਮੁਬਾਰਕ ਹੋਵੇ। ਜਿਹੜਾ ਵਰਕਰ ਜਿੱਥੇ ਖੜ੍ਹਾ, ਉਥੇ ਇਨੈਲੋ ਪਾਰਟੀ ਹੈ। ਇਨੈਲੋ ਉਨ੍ਹਾਂ ਲੋਕਾਂ ਦੀ ਪਾਰਟੀ  ਹੈ ਜਿਨ੍ਹਾਂ ਲੋਕਾਂ ਨੇ ਆਪਣੇ ਖੂਨ ਪਸੀਨੇ ਨਾਲ ਇਸਨੂੰ ਸਿੰਜਣ ਦਾ ਕੰਮ ਕੀਤਾ ਹੈ। ਅਜੇ ਚੌਟਾਲਾ ਨੇ ਕਿਹਾ ਕਿ ਇਨੈਲੋ ਨੂੰ ਕੋਈ ਭੰਗ ਨਹੀਂ ਕਰ ਸਕਦਾ। ਇਨੈਲੋ ਮੈਂ ਬਣਾਈ ਸੀ ਅਤੇ ਮੈਂ ਇਸਦਾ ਬਾਨੀ ਹਾਂ। ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਾਰਟੀ ਤੋਂ ਕੱਢੇ ਜਾਣ ਦਾ ਹੁਕਮ ਸਵੀਕਾਰ ਹੈ। ਓਮ ਪ੍ਰਕਾਸ਼ ਚੌਟਾਲਾ ਦਾ ਹਰ ਫੈਸਲਾ ਸਵੀਕਾਰ ਹੈ। ਉਨ੍ਹਾਂ ਕਿਹਾ ਕਿ ਤਾਊ ਦੇਵੀ ਲਾਲ ਜੀ ਦੇ ਸਮਰਥਕਾਂ ਅਤੇ ਨੀਤੀਆਂ ’ਤੇ ਚੱਲਣ ਵਾਲਿਆਂ ਨੂੰ ਕਾਂਗਰਸੀ ਕਿਹਾ ਜਾ ਰਿਹਾ ਹੈ, ਇਹ ਚਿੰਤਾਜਨਕ, ਅਫਸੋਸਜਨਕ ਅਤੇ ਨਿੰਦਣਯੋਗ ਹੈ। ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਸਾਬਕਾ ਵਿਧਾਇਕ ਅਤੇ ਵਰਕਰ ਮੌਜੂਦ ਸਨ।

ਕਾਂਗਰਸ ਵਾਂਗ ਸਾਡੀ ਪਾਰਟੀ ’ਚ ਵੀ ਪੈਦਾ ਹੋ ਗਿਆ ਇਕ ਸੀ. ਐੱਮ.  : ਅਭੈ—
ਨੇਤਾ ਪੱਖ ਅਤੇ ਇਨੈਲੋ ਦੇ ਸੀਨੀਅਰ ਨੇਤਾ ਅਭੈ ਚੌਟਾਲਾ ਨੇ ਕਿਹਾ ਕਿ ਕਾਂਗਰਸ ਦੇ ਅੰਦਰ 5-6 ਕਾਂਗਰਸਾਂ ਹਨ ਅਤੇ ਹਰ ਕਾਂਗਰਸ ਦਾ ਨੇਤਾ ਸੀ. ਐੱਮ. ਬਣਨ ਨੂੰ ਫਿਰਦਾ ਹੈ। ਦੁਸ਼ਯੰਤ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਹੁਣ ਸਾਡੇ ਵਿਚ ਵੀ ਇਕ ਸੀ.ਐੱਮ. ਪੈਦਾ ਹੋ ਗਿਆ ਹੈ। ਇਸ ਦੌਰਾਨ ਇਕ ਵਰਕਰ ਨੇ ਜਦੋਂ ਭਾਸ਼ਣ ਵਿਚਾਲੇ ਹੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਉਸਨੂੰ ਰੋਕਦਿਆਂ ਕਿਹਾ ਕਿ ਨਾਅਰਿਆਂ ਦੀ ਗਲਤਫਹਿਮੀ ਕਾਰਨ ਕੁਝ ਲੋਕਾਂ ਨੂੰ ਦੂਰ ਹੋਣਾ ਪਵੇਗਾ।

ਲੋਕ ਸ਼ਕਤੀ ਸਭ ਤੋਂ ਵੱਡੀ ਤਾਕਤ—
ਉਨ੍ਹਾਂ ਕਿਹਾ ਕਿ ਨਾ ਤਾਂ ਅਸੀਂ ਸੱਤਾ ਦੇ ਲੋਭੀ ਹਾਂ ਅਤੇ ਨਾ ਹੀ ਸਵਾਰਥੀ। ਪਾਰਟੀ ਵਿਚ ਧੱਕੇਸ਼ਾਹੀ ਕਿਸੇ ਦੀ ਨਹੀਂ ਚਲਦੀ। ਨਾ ਤਾਂ ਤਾਊ ਦੇਵੀ ਲਾਲ ਜੀ ਨੇ ਆਪਣੇ ਜ਼ਮਾਨੇ ਵਿਚ ਚੱਲਣ ਦਿੱਤੀ ਅਤੇ ਨਾ ਹੀ ਹੁਣ ਕਿਸੇ ਦੀ ਚੱਲੇਗੀ। ਲੋਕਤੰਤਰ ਵਿਚ ਖੂਨ ਦੀਆਂ ਨਦੀਆਂ ਵਹਾਉਣ ਦੀ ਲੋੜ ਨਹੀਂ ਹੁੰਦੀ। ਓਮ ਪ੍ਰਕਾਸ਼ ਚੌਟਾਲਾ ਸਾਡੇ ਸਰਵਉੱਚ ਅਤੇ ਸਭ ਕੁਝ ਹਨ। ਅਸੀਂ ਪਾਰਟੀ, ਲੋਕਾਂ ਅਤੇ ਹੋਰਾਂ ਦੀ ਜ਼ਿੰਦਾਬਾਦ ਚਾਹੁਣ ਵਾਲੇ ਲੋਕ ਹਾਂ, ਨਾ ਅਸੀਂ ਕਿਸੇ ਦੇ ਖਿਲਾਫ ਹਾਂ ਅਤੇ ਨਾ ਹੀ ਸਾਡੀ ਭਾਵਨਾ ਹੈ  ਅਤੇ ਵਰਕਰਾਂ ਦਾ ਸਨਮਾਨ ਚਾਹੁੰਦੇ ਹਾਂ ਅਤੇ ਇਸ ਤੋਂ ਬਾਅਦ ਪਾਰਟੀ ਦੇ ਲੋਕਾਂ ਦਾ ਸਨਮਾਨ ਚਾਹੁੰਦੇ ਹਾਂ।

ਅਭੈ ਦੇ ਬੇਟੇ ਕਰਨ ਦੀ ਅਜੇ ਨਾਲ ਮੁਲਾਕਾਤ ਦੀਆਂ ਚਰਚਾਵਾਂ—
ਇਨੈਲੋ ਦੇ ਗਲਿਆਰਿਆਂ ’ਚ ਅੱਜ ਇਹ ਚਰਚਾ  ਰਹੀ ਕਿ ਅਭੈ ਚੌਟਾਲਾ ਦੇ ਬੇਟੇ ਕਰਨ ਚੌਟਾਲਾ ਨੇ ਨਵੀਂ ਦਿੱਲੀ ਵਿਚ ਤਾਊ ਅਜੇ ਚੌਟਾਲਾ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਕਰਨ ਚੌਟਾਲਾ ਨੇ ਦਾਦਾ ਓਮ ਪ੍ਰਕਾਸ਼ ਚੌਟਾਲਾ ਦੇ ਦੂਤ ਦੇ ਤੌਰ ’ਤੇ ਅਜੇ ਚੌਟਾਲਾ ਨਾਲ ਮੁਲਾਕਾਤ ਕੀਤੀ। 

LEAVE A REPLY

Please enter your comment!
Please enter your name here