ਦੀਵਾਨਗੀ
………………………………………..
ਮੁਸੀਬਤਾਂ ਦੇ ਜੰਗਲ ਵਿਚ ਘਿਰ ਜਾਂਦਾ ਹਾਂ
ਮੇਰੀ ਦੀਵਾਨਗੀ ਵੇਖੋ ! ਨਹੀਂ ਹਟਦਾ,
ਉਸ ਹੀ ਡਗਰ ‘ਤੇ ਫਿਰ ਜਾਂਦਾ ਹਾਂ
ਮਜ਼ਲੂਮਾਂ ਦੀਆਂ ਲਗਰਾਂ ਨੂੰ
ਰੌਂਦੇ ਜਦੋਂ ਕੋਈ ਮਾਰੂ ਸਾਨ੍ਹ
ਮੈਂ ਰਹਿ ਨਹੀਂ ਸਕਦਾ
ਬਣ ਲਜ਼ਲੂਮਾਂ ਦੀ ਧਿਰ ਜਾਂਦਾ ਹਾਂ ।
……………………………………………………………………………………
2
ਲਲਕਾਰ
………………………..
ਇਕ ਆਵਾਜ਼ ਮੈਂ ਹਾਂ
ਇਕ ਆਵਾਜ਼ ਤੂੰ ਏਂ
ਆ!
ਗਲ਼ੇ ਲੱਗ ਜਾ
ਇਕ ਲਲਕਾਰ ਬਣ ਜਾਈਏ।
………………………………………………
3
ਰੁੱਖ
……………………….
ਕਈ ਦਿਨਾਂ ਦੀ ਅੱਗ ਵਰ੍ਹਦੀ ਸੀ
ਫੁੱਲਾਂ ਦੇ ਮੂੰਹ ਝੁਲਸ ਗਏ ਸਨ
ਪੱਤਿਆਂ ਦੇ ਸਾਹ ਸੁੱਕ ਗਏ ਸਨ
ਧਰਤੀ ਦਾ ਦਿਲ ਪਾਟ ਗਿਆ ਸੀ
ਕਾਲ਼ੀ ਘਟਾ ਅਚਾਨਕ ਛਾਈ
ਰਿਮਝਿਮ ਹੋਈ,
ਪਲ ਭਰ ਵਿਚ
ਰੁੱਖ ਹੱਸਦੇ ਵੇਖੇ
ਗਾਉਂਦੇ ਵੇਖੇ
ਨਚਦੇ ਵੇਖੇ,
ਖੁਸ਼ਬੂਆਂ ਸੰਗ
ਹਵਾ ਦੇ ਪਰਾਂ ਦੇ ਉੱਤੇ
ਕਵਿਤਾ ਰਚਦੇ ਵੇਖੇ ।
……………………………………………………………………………