ਡਾਕਟਰਾਂ ਤੇ ਵੈਦਾਂ ਤੋਂ ਠੀਕ ਨਾ ਹੋ ਸਕਿਆ ਜਿਹੜਾ ਰੋਗੀ,
ਉਸ ਨੂੰ ਕਿੱਦਾਂ ਠੀਕ ਕਰੇਗਾ ਦਰ ਦਰ ਫਿਰਨੇ ਵਾਲਾ ਜੋਗੀ।

ਉਸ ਬੁੱਢੇ ਦੇ ਨਾਂ ਤੇ ਖੂਬ ਪਕੌੜੇ ਤੇ ਰਸਗੁੱਲੇ ਚੱਲੇ ,
ਜਿਸ ਨੇ ਭੁੱਖਾ ਤੇ ਪਿਆਸਾ ਰਹਿ ਕੇ ਆਪਣੀ ਆਯੂ ਸੀ ਭੋਗੀ।

ਕੋਠੀ ’ਚ ਰਹੇ ਸ਼ਾਨੋ ਸ਼ੌਕਤ ਨਾ’ ਸਾਡੇ ਪਿੰਡ ’ਚ ਇਕ ਜੋਗੀ,
ਦਿਲ ’ਚ ਕਈ ਵਾਰ ਸਵਾਲ ਇਹ ਆਏ,ਉਹ ਜੋਗੀ ਹੈ ਜਾਂ ਭੋਗੀ।

ਇਹ ਦਾਜ ਦੀ ਲਾਹਨਤ ਹੋਰ ਪਤਾ ਨ੍ਹੀ ਕੀ ਕੀ ਰੰਗ ਦਿਖਾਏਗੀ,
ਇਸ ਹੱਥੋਂ ਤੰਗ ਹੋ ਕੇ ਮਰ ਗਈ ਕਿਧਰੇ ਗੀਤਾ, ਕਿਧਰੇ ਗੋਗੀ।

ਉਹ ਹਾਲੇ ਵੀ ਬੱਸਾਂ ਵਿੱਚ ਅੱਖਾਂ ਦਾ ਸੁਰਮਾ ਵੇਚੀ ਜਾਵੇ,
ਜੋ ਹੁਣ ਤੱਕ ਬਣਾ ਚੁੱਕਾ ਹੈ ਸੈਆਂ ਨੂੰ ਅੱਖਾਂ ਦੇ ਰੋਗੀ।

ਘਿਉ, ਆਟਾ, ਦਾਲਾਂ ਤੇ ਖੰਡ ਦੇ ਭਾਅ ਵਧਦੇ ਜਾਂਦੇ ਤੇਜ਼ੀ ਨਾ’,
ਅੱਜ ਕਲ੍ਹ ਭੁੱਖੇ ਰਹਿਣਾ ਸਿੱਧ ਹੋ ਸਕਦੈ ਹੱਦੋਂ ਵਧ ਉਪਯੋਗੀ।

*** ਸਭ ਕੁਝ ਹੀ ਜਿਸ ਨੇ

ਸਭ ਕੁਝ ਹੀ ਜਿਸ ਨੇ ਸਮਝ ਲਿਆ ਹੈ ਸ਼ਰਾਬ ਨੂੰ ,
ਉਹ ਸਾੜ ਬੈਠੂ ਆਪਣੀ ਜੀਵਨ-ਕਿਤਾਬ ਨੂੰ ।

ਹੋਈ ਸੀ ਉਸ ਦੀ ਹੋਂਦ ਨਾ ਹੋਇਆਂ ਜਹੀ ਉਦੋਂ ,
ਜਦ ਕਾਲੀ ਬੱਦਲੀ ਨੇ ਲਿਆ ਸੀ ਢਕ ਮਤਾਬ ਨੂੰ ।

ਉਹਨਾਂ ਨੂੰ ਅੰਤ ਖਾਲੀ ਹੱਥੀਂ ਪਰਤਣਾ ਪਿਆ ,
ਤੋੜਨ ਜੋ ਆਏ ਸਨ ਮੇਰੇ ਦਿਲ ਦੇ ਗੁਲਾਬ ਨੂੰ ।

ਦਿਲ ਕਰਦਾ ਏ ਖੁਸ਼ੀ ’ਚ ਉਦੋਂ ਖੀਵਾ ਹੋਣ ਨੂੰ ,
ਜਦ ਚੜ੍ਹ ਕੇ ਵਗਦਾ ਤੱਕਾਂ ਮੈਂ ਸੱਚ ਦੇ ਚਨਾਬ ਨੂੰ ।

ਮੈਂ ਆਪ ਰਾਹ ਆਪਣਾ ਚੁਣਨਾ ਸੀ ਦੋਸਤੋ ,
ਮੈਂ ਕਿਉਂ ਭਲਾ ਉਡੀਕਦਾ ਉਸ ਦੇ ਜਵਾਬ ਨੂੰ ?

ਇਸ ਵਿੱਚੋਂ ਗੀਤ ਦੁਖੀਆਂ ਦੇ ਦੁੱਖਾਂ ਦੇ ਮਿਲਣਗੇ ,
ਜਦ ਖੋਲਿ੍ਹਆ ਗਿਆ ਮੇਰੇ ਦਿਲ ਦੀ ਕਿਤਾਬ ਨੂੰ ।

* * *
ਪਾਏ ਜੋ ਰਾਹੋਂ , ਕੁਰਾਹੇ

ਪਾਏ ਜੋ ਰਾਹੋਂ , ਕੁਰਾਹੇ ਜਾਨੋਂ ਪਿਆਰੇ ਯਾਰ ਨੂੰ ,
ਦੱਸੋ ਕੀ ਰਾਹ ਦੱਸੇਗਾ ਉਹ ਬਾਕੀ ਦੇ ਸੰਸਾਰ ਨੂੰ ।

ਉਸ ਨੂੰ ਖ਼ੁਦ ਹੀ ਮਾਰਿਆ ਹੈ ਦਾਜ ਦੇ ਲਾਲਚੀਆਂ ਨੇ ,
ਜ਼ਹਿਰ ਖਾ ਕੇ ਮਰਨ ਦੀ ਕੀ ਲੋੜ ਸੀ ਮੁਟਿਆਰ ਨੂੰ ।

ਸਾਰੀਆਂ ਚੀਜ਼ਾਂ ਦੀ ਕੀਮਤ ਵਧ ਰਹੀ ਹੈ ਦਿਨ-ਬ-ਦਿਨ ,
ਖਾਲੀ ਹੱਥੀਂ ਕਾਮੇ ਕੀ ਲੈਣਾ ਜਾ ਕੇ ਬਾਜ਼ਾਰ ਨੂੰ ।

ਹੁੰਦਾ ਹੈ ਕਾਬਿਲ ਲੋਕਾਂ ਦੇ ਪਿਆਰ ਦਾ ਉਹ ਡਾਕਟਰ ,
ਜੋ ਸਦਾ ਵਧੀਆ ਦਵਾ ਦਿੰਦਾ ਹੈ ਹਰ ਬੀਮਾਰ ਨੂੰ ।

ਜਿਸ ਦੇ ਵਿੱਚ ਸੱਚ , ਝੂਠ ਦਾ ਕੀਤਾ ਨਿਤਾਰਾ ਹੁੰਦਾ ਹੈ ,
ਲੋਕ ਪੜ੍ਹਦੇ ਨੇ ਬੜੇ ਚਾਅ ਨਾਲ ਉਸ ਅਖ਼ਬਾਰ ਨੂੰ ।

ਤਾਂ ਕਿ ਮੇਰੇ ਕੋਲ ਨਾ ਫ਼ਿਕਰਾਂ ਦਾ ਰਾਖਸ਼ ਆ ਸਕੇ ,
ਮੈਂ ਹਮੇਸ਼ਾ ਕੋਲ ਰੱਖਾਂ ਆਸ਼ਾ ਦੀ ਤਲਵਾਰ ਨੂੰ ।

ਕੁਝ ਪਲਾਂ ਦੇ ਵਿੱਚ ਤੂੰ ਇਸ ਦੇ ਨਾਲ ਖ਼ੁਦ ਸੜ ਜਾਣਾ ਹੈ ,
ਦਿਲ ਦੇ ਵਿੱਚੋਂ ਕੱਢ ਦੇ ਯਾਰਾ , ਘਿਰਣਾ ਦੇ ਅੰਗਾਰ ਨੂੰ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)੯੯੧੫੮੦੩੫੫੪

LEAVE A REPLY

Please enter your comment!
Please enter your name here