ਇਸਤਾਂਬੁਲ

ਤੁਰਕੀ ‘ਚ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ ਰੇਸੇਪ ਤਈਅਪ ਐਰਦੋਗਨ ਨੇ ਆਪਣੇ ਜਵਾਈ ਬੇਰਾਤ ਅਲਬਾਇਰਕ ਨੂੰ ਦੇਸ਼ ਦਾ ਵਿੱਤ ਮੰਤਰੀ ਬਣਾ ਦਿੱਤਾ ਹੈ। ਐਰਦੋਗਨ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਦੇ ਕੁਝ ਘੰਟਿਆਂ ਬਾਅਦ ਹੀ ਨਵੀਂ ਕਾਰਜਕਾਰੀ ਰਾਸ਼ਟਰਪਤੀ ਪ੍ਰਣਾਲੀ ਦੇ ਤਹਿਤ ਆਪਣੇ ਨਵੇਂ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਇਹ ਨਿਯੁਕਤੀ ਕੀਤੀ। ਬੇਰਾਤ ਪਹਿਲਾਂ ਦੇਸ਼ ਦੇ ਉਰਜਾ ਮੰਤਰੀ ਸਨ। ਐਰਦੋਗਨ ਦਾ ਕਹਿਣਾ ਹੈ ਕਿ ਉਹ ਆਪਣੇ ਅਧਿਕਾਰਾਂ ਦਾ ਇਸਤੇਮਾਲ ਦੇਸ਼ ਨੂੰ ਅੱਗੇ ਲੈ ਜਾਣ ‘ਚ ਕਰਨਗੇ। ਵਿਰੋਧੀ ਦਲਾਂ ਨੂੰ ਹਾਲਾਂਕਿ ਖਦਸ਼ਾ ਹੈ ਕਿ ਨਵੀਂ ਪ੍ਰਣਾਲੀ ਨਾਲ ਦੇਸ਼ ‘ਚ ਲੋਕਤੰਤਰ ਖਤਮ ਹੋ ਜਾਵੇਗਾ।
ਨਵੀਂ ਵਿਵਸਥਾ ਦੇ ਤਹਿਤ ਪ੍ਰਧਾਨ ਮੰਤਰੀ ਅਹੁਦੇ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਰਾਸ਼ਟਰਪਤੀ ਬਗੈਰ ਮਨਜ਼ੂਰੀ ਦੇ ਕੈਬਨਿਟ ਮੰਤਰੀਆਂ ਨੂੰ ਚੁਣ ਸਕਦਾ ਹੈ ਤੇ ਸਰਕਾਰੀ ਕਰਮਚਾਰੀਆਂ ਨੂੰ ਹਟਾ ਸਕਦਾ ਹੈ। ਕੇਂਦਰੀ ਬੈਂਕ ਦੇ ਗਵਰਨਰ ਦੀ ਨਿਯੁਕਤੀ ਦਾ ਅਧਿਕਾਰ ਵੀ ਰਾਸ਼ਟਰਪਤੀ ਦੇ ਹੱਥਾਂ ‘ਚ ਹੋਵੇਗਾ। ਇਨ੍ਹਾਂ ਨਵੀਆਂ ਸ਼ਕਤੀਆਂ ਨਾਲ ਐਰਦੋਗਨ ਤੁਰਕੀ ਦੇ ਹੁਣ ਤਕ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਬਣ ਗਏ ਹਨ। ਪੱਛਮੀ ਦੇਸ਼ਾਂ ਤੇ ਕਈ ਸੰਗਠਨਾਂ ਨੇ ਇਸ ਨਵੀਂ ਵਿਵਸਥਾਂ ਨੂੰ ਤਾਨਾਸ਼ਾਹੀ ਦੱਸਿਆ ਹੈ। ਐਰਦੋਗਨ ਦਾ ਹਾਲਾਂਕਿ ਕਹਿਣਾ ਹੈ ਕਿ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਕਰਨ ਤੇ ਸੁਰੱਖਿਆ ਯਕੀਨੀ ਕਰਨ ਲਈ ਇਹ ਮਹੱਤਵਪੂਰਨ ਹੈ। ਸਾਲ 2016 ‘ਚ ਫੌਜੀ ਉਲਟ ਫੇਰ ਦੀ ਕੋਸ਼ਿਸ਼ ਤੋਂ ਬਾਅਦ ਦੇਸ਼ ‘ਚ ਐਮਰਜੰਸੀ ਲਾਗੂ ਹੈ। ਇਸ ਮਹੀਨੇ ਐਮਰਜੰਸੀ ਖਤਮ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here