ਦੀਵਾਲੀ ਦਾ ਨਾਂ ਸੁਣਦਿਆਂ ਜਾਂ ਦਿਵਾਲ਼ੀ ਦਾ ਨਾਂ ਲੈਂਦਿਆਂ ਹੀ ਸਾਡੀਆਂ ਅੱਖਾਂ ਮੂਹਰੇ ਰੌਸ਼ਨੀ ਅਤੇ ਖ਼ੁਸ਼ੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ।ਦਿਵਾਲ਼ੀ ਨੂੰ ਭਾਰਤ ਵਾਸੀ ਬਹੁਤ ਖ਼ੁਸ਼ੀਆਂ ਅਤੇ ਚਾਵਾਂ ਨਾਲ ਮਨਾਉਂਦੇ ਹਨ।ਭਾਵੇਂ ਇਸ ਤਿਉਹਾਰ ਨਾਲ ਕਿਸੇ ਦੀ ਧਰਮ ਦੇ ਜਰੀਏ ਸ਼ਰਧਾ ਜੁੜੀ ਹੈ ਜਾਂ ਫਿਰ ਕਈ ਦਿਵਾਲ਼ੀ ਨੂੰ ਸਿਰਫ਼ ਦਿਵਾਲ਼ੀ ਬਦਲੀ ਰੁੱਤ ਦਾ ਤਿਉਹਾਰ ਮੰਨ ਕੇ ਮਨਾਉਂਦੇ ਹਨ।ਜਿਵੇਂ ਵੀ ਹੈ ਦਿਵਾਲ਼ੀ ਬਹੁਤ ਸਾਰੀਆਂ ਖ਼ੁਸ਼ੀਆਂ ਅਤੇ ਪਿਆਰ ਅਤੇ ਗਲਵੱਕੜੀਆਂ ਦਾ ਸੰਦੇਸ਼ਾ ਹੈ।
ਅਫ਼ਸੋਸ ਦੀ ਗੱਲ ਹੈ ਕਿ ਅੱਜ ਦੇ ਯੁੱਗ ਦੀ ਦਿਵਾਲ਼ੀ ਦੇ ਨੈਣ ਨਕਸ਼ ਬਦਲ ਗਏ ਹਨ।ਇਸ ਦੀ ਸਾਦਗੀ ਅਤੇ ਆਪਾ ਪਨ ਖ਼ਤਮ ਹੋ ਗਿਆ ਹੈ।ਇਸ ਦੇ ਚਿਹਰੇ ਦੀ ਨੁਹਾਰ ਬਦਲ ਗਈ ਹੈ ਅਤੇ ਨੂਰ ਧੁੰਦਲਾ ਧੁੰਦਲਾ ਜਿਹਾ ਹੋ ਗਿਆ ਹੈ।ਹਰ ਵਰ੍ਹੇ ਇੰਜ ਲੱਗਦਾ ਹੈ ਜਿਵੇਂ ਦਿਵਾਲ਼ੀ ਥੱਕੇ ਥੱਕੇ ਕਦਮਾਂ ਨਾਲ ਆ ਰਹੀ ਹੋਵੇ ਸਾਡਾ ਜੀ ਪ੍ਰਚਾਉਣ ਅਸਤੇ ਉਧਾਰੀ ਲੌ ਲੈ ਕੇ ।ਕੀ ਤੁਹਾਨੂੰ ਨਹੀਂ ਲੱਗਦਾ ਹੁਣ ਦਿਵਾਲ਼ੀ ਉਹ ਪਹਿਲਾਂ ਵਰਗੀ ਦਿਵਾਲ਼ੀ ਨਹੀਂ ਰਹੀ ? ਲੱਗਦਾ ਤਾਂ ਜ਼ਰੂਰ ਹੈ ਪਰ ਸਮਾਂ ਕਿਸ ਕੋਲ ਹੈ ਇਸ ਦੇ ਫਿੱਕੇ ਪੈਂਦੇ ਨੂਰ ਦੇ ਬਾਰੇ ਸੋਚਣ ਅਸਤੇ ! ਉਫ਼! ਅਸੀਂ ਕਿੰਨੇ ਮਸਰੂਫ਼ ਹੋ ਗਏ ਹਾਂ ਅਤੇ ਇਸ ਮਸਰੂਫ਼ੀਅਤ ਦੇ ਸਿਰ ਉੱਤੋਂ ਅਸੀਂ ਆਪਣੇ ਸੋਹਣੇ ਮਹਿਬੂਬ ਜਿਹੇ ਤਿਉਹਾਰਾਂ ਦਾ ਸਦਕਾ ਦੇ ਰਹੇ ਹਾਂ।
ਮੈਨੂੰ ਯਾਦ ਹੈ ਜਦ ਸਾਡੇ ਸਮੇਂ ਵਿੱਚ ਦਿਵਾਲ਼ੀ ਆਉਂਦੀ ਸੀ । ਦਿਵਾਲ਼ੀ ਤੋਂ ਕੁੱਝ ਦਿਨ ਪਹਿਲਾਂ ਪਿੰਡਾਂ ਵਿੱਚ ਘੁਮਿਆਰ ਦੀਵੇ ਅਤੇ ਚਾਰ ਮੁਖੀਆ ਦੀਵੇ ਵੇਚਣ ਆਉਂਦਾ ਹੁੰਦਾ ਸੀ। ਦੀਵਿਆਂ ,ਦਿਵਾਲ਼ੀ ਜਿਸ ਨੂੰ (ਭਰਾਵਾਂ ਦਾਘਰ)ਜਾਂ ਫਿਰ ਹਟੜੀ ਵੀ ਕਿਹਾ ਜਾਂਦਾ ਸੀ। ਚਾਰ ਮੁਖੀਆ ਦੀਵਿਆਂ ਦੇ ਹੁਨਰ ਕਾਰ(ਘੁਮਿਆਰ) ਗਲੀ ਗਲੀ ਵਿੱਚ ਜਨਮ-ਭੂਮੀ (ਮਿੱਟੀ) ਨੂੰ ਚਾਵਾਂ ਅਤੇ ਸੱਧਰਾਂ ਨਾਲ ਗੁੰਨ ਕੇ ਦੀਵੇ ਬਣਾ ਕੇ ਘਰ ਘਰ ਸਾਦਗੀ ਅਤੇ ਰੌਸ਼ਨੀ ਦੀਆ ਕਿਰਨਾ ਉਪੜਾਉਣ ਦਾ ਉਪਰਾਲਾ ਕਰਦੇ ਸਨ।ਮਿੱਟੀ ਦੇ ਬਰਤਨ ਮਿੱਟੀ ਦੀਆਂ ਵਸਤੂਆਂ ਬਣਾਉਣ ਵਾਲੇ ਹੁਨਰ ਕਾਰ(ਘੁਮਿਆਰ) ਆਪਣੀ ਕਲਾ ਦੇ ਮਾਧਿਅਮ ਦੁਬਾਰਾ ਮੌਸਮ ਅਤੇ ਤਿਉਹਾਰਾਂ ਦੇ ਚਾਅ ਦੂਣੇ ਕਰਦੇ ਸਨ। ਜਿਵੇਂ ਘੜੇ ਅਤੇ ਸੁਰਾਹੀਆਂ ਨੂੰ ਦੇਖ ਕੇ ਗਰਮੀਆਂ ਦੀ ਤਪਸ਼ ਅਤੇ ਤ੍ਰੇਹ ਪਿਆਸ,ਘੜੇ ਨਾਲ ਜੁੜੇ ਗੂੜੇ ਰਿਸ਼ਤੇ ਦੀ ਯਾਦ ਦਿਵਾਉਂਦੀ ਹੁੰਦੀ ਸੀ ਓਵੇਂ ਦੀਵਿਆਂ ਨੂੰ ਦੇਖ ਕੇ ਦਿਵਾਲ਼ੀ ਦੀ ਯਾਦ ਆਉਂਦੀ ਸੀ।
ਦਿਵਾਲੀ ਤੋਂ ਇੱਕ ਦਿਨ ਪਹਿਲਾਂ ਅਸੀਂ ਉਨ੍ਹਾਂ ਕੋਰੇ ਦੀਵਿਆਂ ਨੂੰ ਪਾਣੀ ਵਿੱਚ ਭੇਂ ਕੇ ਰੱਖਣਾ ਤਾਂ ਕਿ ਉਨ੍ਹਾਂ ਦੀ ਕੋਰੀ ਮਿੱਟੀ ਨਰਮ ਹੋ ਜਾਵੇ ਅਤੇ ਤੇਲ ਘੱਟ ਪੀਵੇ।ਦਿਵਾਲ਼ੀ ਵਾਲੇ ਦਿਨ ਮੇਰੀ ਮਾਂ ਨੇ ਕੱਚੇ ਰੂੰ ਦੀਆਂ ਬੱਤੀਆਂ ਬਣਾ ਕੇ ਆਲ਼ੇ ਵਿੱਚ ਰੱਖ ਦੇਣੀਆਂ ਨਾਲ ਸਰ੍ਹੋਂ ਦੇ ਤੇਲ ਦੀ ਬੋਤਲ ਵੀ। ਜਿਉਂ ਹੀ ਦਿਨ ਢਲਨ ਵਾਲਾ ਹੋਣਾ।ਮੈਂ ਇੱਕ ਦੀਵਾ ਪਿੰਡ ਦੇ ਚੌਰਾਹੇ ਜਗਾ ਕੇ ਆਉਣਾ,ਇੱਕ ਆਪਣੇ ਸਕੂਲ ਵਿੱਚ ਜਗਾ ਕੇ ਆਉਣਾ,ਇੱਕ ਮੰਦਰ ਅਤੇ ਇੱਕ ਗੁਰੂ ਘਰ ਅਤੇ ਰਸਤੇ ਵਿੱਚ ਮਸੀਤ ਪੈਂਦੀ ਸੀ ਆਉਂਦੀ ਹੋਈ ਨੇ ਮਸੀਤੇ ਦੀਵਾ ਜਗਾ ਆਉਣਾ।ਦਿਵਾਲ਼ੀ ਵਾਲੇ ਦਿਨ ਹਰ ਕੋਈ ਚੌਰਾਹੇ ਅਤੇ ਸਕੂਲ ਅਤੇ ਧਾਰਮਿਕ ਸਥਾਨਾਂ ਤੇ ਦੀਵੇ ਜਗਾ ਕੇ ਫਿਰ ਆਪਣੇ ਆਪਣੇ ਘਰ ਆ ਕੇ ਬਨੇਰਿਆਂ ਤੇ ਦੀਵੇ ਰੱਖ ਰੱਖ ਰਸਤੇ ਰੁਸ਼ਨਾਉਂਦੇ ਸਨ।ਭਾਵੇਂ ਇਸ ਤਿਉਹਾਰ ਦੀ ਪੂਜਾ ਅਰਾਧਨਾ ਕਰਨ ਦੀ ਹਰ ਕਿਸੇ ਦੀ ਆਪਣੇ ਆਪਣੇ ਘਰਾਂ ਵਿੱਚ ਆਪਣੀ ਆਪਣੀ ਵਿਧੀ ਅਤੇ ਵਿਸ਼ਵਾਸ ਹੁੰਦਾ ਸੀ ਪਰ ਹਰ ਕੋਈ ਸਾਂਝੀਆਂ ਰਾਹਾਂ ਅਤੇ ਥਾਵਾਂ ਦੀਆਂ ਖੈਰਾ ਮੰਗਣ ਵਾਸਤੇ ਆਪਣੇ ਆਪਣੇ ਘਰੋਂ ਇੱਕ ਹੀ ਤਰੀਕੇ ਅਤੇ ਇੱਕ ਹੀ ਵਿਧੀ ਵਿਧਾਨ ਨਾਲ ਜਾਂਦੇ ਅਤੇ ਦੀਵੇ ਬਾਲਦੇ ਸਨ।ਕਿੰਨੇ ਸੋਹਣੇ ਸਨ ਉਹ ਦਿਨ ਆਪਣੇ ਹੱਥਾਂ ਨਾਲ ਦੀਵਿਆਂ ਨੂੰ ਫੜ ਕੇ ਜਗਾਉਂਦੇ ਸਾਂ।ਇੱਕ ਬਹੁਤ ਹੀ ਵਧੀਆ ਅਤੇ ਪਿਆਰਾ ਜਿਹਾ ਅਹਿਸਾਸ ਹੁੰਦਾ ਸੀ ਆਪਣੇ ਪਿੰਡ ਆਪਣੇ ਪਿੰਡ ਵਾਸੀਆਂ ਨਾਲ ਜੁੜੇ ਰਹਿਣ ਦਾ ਆਪਣੀ ਮਿੱਟੀ ਅਤੇ ਆਪਣੇ ਦਿਨ ਤਿਉਹਾਰਾਂ ਨਾਲ ਜੁੜੇ ਰਹਿਣ ਦਾ। ਦੀਵੇ ਦੀ ਮਿੱਟੀ ਜਿਹੜੀ ਸਾਡੀ ਜੰਮਣ ਭੌਂ ਨੂੰ ਘੁਮਿਆਰ ਦੀਵੇ ਬਣਾ ਕੇ ਸਾਡੇ ਤੱਕ ਪਹੁੰਚਾਉਂਦਾ ਹੁੰਦਾ ਸੀ ।ਉਸ ਦਾ ਹੁਨਰ ਜਿੱਥੇ ਰੋਜੀ ਰੋਟੀ ਦਾ ਜੁਗਾੜ ਸੀ ਉਥੇ ਉਹ ਸਾਨੂੰ ਸਾਦਗੀ ਅਤੇ ਮਾਂ (ਮਿੱਟੀ) ਦੇ ਨਾਲ ਜੁੜੇ ਰਹਿਣ ਵਾਸਤੇਸੁਨੇਹਾ ਵੀ ਦਿੰਦਾ ਸੀ।
ਦਿਵਾਲ਼ੀ ਵਾਲੀ ਰਾਤ ਨੂੰ ਭੈਣਾਂ ਮਿੱਟੀ ਦੇ ਬਣੇ ਰੰਗ ਬਿਰੰਗੇ ਘਰ ਨੂੰ ਜਿਸ ਨੂੰ ਹਟੜੀ ਕਿਹਾ ਜਾਂਦਾ ਸੀ।ਉਸ ਨੂੰ ਭਰਾਵਾਂ ਦਾ ਘਰ ਕਹਿ ਕੇ ਮਿਠਾਈ ਨਾਲ ਭਰਦੀਆਂ ਸਨ ਅਤੇ ਦਿਵਾਲ਼ੀ ਦੇ ਤੀਜੇ ਦਿਨ ਮਗਰੋਂ ਭੈਣਉਸ ਹਟੜੀ (ਭਰਾਵਾਂ ਦੇ ਘਰ) ਵਿਚਲੀ ਮਿਠਾਈ ਨੂੰ ਕੱਢ ਕੇ ਭਰਾਵਾਂ ਨੂੰ ਖਲ਼ਾਉਂਦੀ ਸੀ ਅਤੇ ਭਰਾ ਇਸ ਖ਼ੁਸ਼ੀ ਅਤੇ ਪਿਆਰ ਸਤਿਕਾਰ ਵਿੱਚ ਭੈਣ ਨੂੰ ਰੁਪਇਆਂ ਦਾ ਜਾਂ ਕੋਈ ਵੀ ਪਿਆਰ ਵਿੱਚ ਤੋਹਫ਼ਾ ਦਿੰਦੇ ਸਨ।ਦਿਵਾਲ਼ੀ ਜਿੱਥੇ ਬਦਲੀ ਰੁੱਤ ਦੇ ਨਿੱਘ ਦਾ ਸੁਨੇਹਾ ਹੁੰਦੀ ਸੀ।ਰੌਸ਼ਨੀ ਅਤੇ ਮੁਹੱਬਤਾਂ ਦਾ ਸਾਂਝੇ ਭਾਈਚਾਰੇ ਦਾ ਪੈਗ਼ਾਮ ਲੈ ਕੇ ਆਉਂਦੀ ਸੀ ਉੱਥੇ ਰਿਸ਼ਤਿਆਂ ਦੀ ਤੰਦ ਨੂੰ ਮਜ਼ਬੂਤ ਅਤੇ ਉਸ ਵਿੱਚ ਨੇੜਤਾ ਵੀ ਪੈਦਾ ਕਰਦੀ ਸੀ।
ਜਿਉਂ ਜਿਉਂ ਦਿਵਾਲ਼ੀ ਦੀ ਰੌਣਕ ਵਿੱਚੋਂ ਦੀਵੇ ਮਨਫ਼ੀ ਹੁੰਦੇ ਗਏ ਦਿਵਾਲ਼ੀ ਉਦਾਸ ਅਤੇ ਹੋਰ ਉਦਾਸ ਹੁੰਦੀ ਗਈ।ਅੱਜ ਦੇ ਯੁੱਗ ਵਿੱਚ ਰੰਗ ਬਰੰਗੀਆਂ ਬੱਤੀਆਂ,ਲੜੀਆਂ ਅਤੇ ਰੰਗ ਬਰੰਗੀਆਂ ਲਾਈਟਾਂ ਨੇ ਦੀਵੇ ਦੀ ਰੌਸ਼ਨੀ ਨੂੰ ਫਿੱਕਾ ਕਰ ਦਿੱਤਾ ਹੈ।ਘੁਮਿਆਰ ਦਾ ਅਤੇ ਦੀਵੇ ਦਾ ਰਿਸ਼ਤਾ ਖ਼ਤਮ ਕਰ ਦਿੱਤਾ ਦੀਵੇ ਅਤੇ ਦੀਵਾਲੀ ਦਾ ਰਿਸ਼ਤਾ ਦੀਵਾਲੀ ਰਾਹੀਂ ਜੁੜੀ ਸਾਂਝੀ ਮਾਨਵਤਾ ਦਾ ਕਿਧਰੇ ਨਾ ਕਿਧਰੇ ਰਿਸ਼ਤਾ ਖ਼ਤਮ ਕਰ ਦਿੱਤਾ ਹੈ।ਅੱਜ ਦੇ ਤੇਜ਼ ਰਫ਼ਤਾਰੀ ਯੁੱਗ ਵਿੱਚ ਸਾਹੋ ਸਾਹੀਂ ਹੋਏ ਬੰਦੇ ਕੋਲ ਸਮਾਂ ਹੀ ਨਹੀਂ ਹੈ ਤਿਉਹਾਰ,ਮੇਲਿਆਂ ਨੂੰ ਮਨਾਉਣ ਵਾਸਤੇ। ਜਦ ਸਾਡੇ ਕੋਲ ਕੋਈ ਕੰਮ ਕਰਨ ਲਈ ਜਾਂ ਕਿਸੇ ਇੱਕਠਵਿੱਚ ਆਪਣੀ ਹਾਜ਼ਰੀ ਲਾਉਣ ਵਾਸਤੇ ਸਮਾਂ ਨਹੀਂ ਹੁੰਦਾ ਤਾਂ ਅਸੀਂ ਆਪਣੇ ਹੱਕ ਵਿੱਚ ਆਪੇ ਸਫ਼ਾਈ ਪੇਸ਼ ਕਰਦੇ ਇੱਕ ਸ਼ਬਦ ਦੀ ਬਹੁਤ ਵਧੀਆ ਵਰਤੋਂ ਕਰਦੇ ਹਾਂ” ਫ਼ਜ਼ੂਲ ਖ਼ਰਚੀ ਜਾਂ ਸਮਾਂ ਬਰਬਾਦ ਕਰਨਾ” ।ਸਮੇਂ ਨਾਲ ਦੌੜਦੇ ਥੱਕੇ ਹੋਏ ਅਸੀਂ ਆਰਾਮ ਅਤੇ ਅਨੰਦ ਦੇ ਪਲ ਮਾਣਨ ਦੀ ਬਜਾਏ ਆਪਣੇ ਜ਼ਿੰਦਗੀ ਨਾਲ ਜੁੜੇ ਆਪਣੇ ਵਿਰਸੇ ਅਤੇ ਸਭਿਅਤਾ ਨਾਲ ਜੁੜੇ ਤਿਉਹਾਰਾਂ ਨੂੰ ਖ਼ਤਮ ਕਰ ਰਹੇ ਹਾਂ ।ਅਸੀਂ ਜਿਵੇਂ ਜਿਵੇਂ ਉੱਚ ਵਿੱਦਿਆ ਹਾਸਿਲ ਕਰੀ ਜਾਂਦੇ ਹਾਂ ਸੋਚ ਅਤੇ ਸਮਾਜਿਕ ਕਦਰਾਂ ਕੀਮਤਾਂ ਵੱਲੋਂ ਥੱਲੇ ਹੋਰ ਥੱਲੇ ਡਿਗਦੇ ਜਾ ਰਹੇ ਹਾਂ। ਕੋਈ ਦਿਵਾਲ਼ੀ ਨੂੰ ਸਿਰਫ਼ ਹਿੰਦੂਆਂ ਦਾ ਤਿਉਹਾਰ ਕਹਿ ਕੇ ਨਫ਼ਰਤ ਫੈਲਾ ਰਿਹਾ ਹੈ।ਕੋਈ ਸਿਰਫ਼ ਸਿੱਖਾਂ ਦਾ ਤਿਉਹਾਰ ਕਹਿ ਕੇ ਨਫ਼ਰਤ ਫੈਲਾ ਰਿਹਾ ਹੈ।ਅਫ਼ਸੋਸ ਕਿ ਐਸੀਆਂ ਗੱਲਾਂ ਐਸੇ ਭਾਸ਼ਣ ਐਸੀ ਵਿਚਾਰਧਾਰਾ ਸਿਰਫ਼ ਅਤੇ ਸਿਰਫ਼ ਭਾਰਤ ਪੰਜਾਬ ਤੋਂ ਬਾਹਰ ਬਦੇਸ਼ਾ ਵਿੱਚ ਬੈਠੇ ਲੋਕ ਹੀ ਫੈਲਾ ਰਹੇ ਹਨ।ਜਿਹੜੇ ਲੋਕ ਭਾਰਤ ਵਿੱਚ ਵੱਸਦੇ ਹਨ ਉਹ ਉਂਜ ਪੈਸੇ ਦੀ ਅੰਨੀਵਾਹ ਵਿੱਚ ਦਿਵਾਲ਼ੀ ਦੀ ਸਾਦਗੀ ਅਤੇ ਸਹਿਜਤਾ ਨੂੰ ਖਤਮ ਕਰ ਰਹੇ ਹਨ।
ਰੱਬ ਕਰੇ ਉਹ ਦਿਵਾਲ਼ੀ ਜਿਹੜੀ ਦਿਵਾਲ਼ੀ ਤੇ ਸਾਂਝਾ ਦੇ ਦੀਪ ਜਗਦੇ ਸਨ। ਉਹ ਦਿਵਾਲ਼ੀ ਮੁੜ ਆ ਜਾ ਜਾਵੇ । ਜਿਹੜਾ ਚਾਰ ਮੁਖੀਆ ਦੀਵਾ ਚਾਰ ਦਿਸ਼ਾਵਾਂ ਦੀਆ ਖੈਰਾ ਅਤੇ ਖ਼ੁਸ਼ੀਆਂ ਦਾ ਸੁਨੇਹਾ ਦਿੰਦਾ ਸੀ। ਉਹ ਸੁਨੇਹੇ ਮੁੜ ਉਹ ਪਿਆਰ ਮੁੜ ਹਿੰਦੂ ਸਿੱਖ ਦੀ ਜ਼ੁਬਾਨ ਤੇ ਗੀਤ ਗਾਉਣ ਲੱਗ ਜਾਣ। ਰੱਬ ਕਰੇ ਉਹ ਦਿਵਾਲ਼ੀ ਜਿਹੜੀ ਦਿਵਾਲ਼ੀ ਹਿੰਦੂ ਸਿੱਖਾਂ ਮੁਸਲਮਾਨਾਂ ਦੀ ਸਾਂਝੀ ਦਿਵਾਲ਼ੀ ਸੀ ਉਹ ਦਿਵਾਲ਼ੀ ਮੁੜ ਆ ਜਾਵੇ। ਦੋਸਤੋ ਅਖੀਰ ਵਿੱਚ ਇਹ ਹੀ ਕਹਾਂਗੀ ਅਸੀਂ ਜਿੰਨਾ ਸਾਦਗੀ ਵਿੱਚ ਰਹਾਂਗੇ ਉਨ੍ਹਾਂ ਹੀ ਆਪਣੇ ਨਜ਼ਦੀਕ ਰਹਾਂਗੇ।ਸਾਨੂੰ ਆਪਾ ਗੁਆਚਣ ਦਾ ਡਰ ਨਹੀਂ ਹੋਵੇਗਾ।ਉਨ੍ਹਾਂ ਹੀ ਅਸੀਂ ਆਪਣੀ ਮਾਂ ਬੋਲੀ,ਸਭਿਆਚਾਰ ,ਰੁੱਤਾਂ,ਰੀਤਾਂ ਅਤੇ ਮੇਲਿਆਂ ,ਤਿਉਹਾਰਾਂ ਨਾਲ ਜੁੜੇ ਰਹਾਂਗੇ ਅਸੀਂ ਜਿੰਨਾ ਆਪਣੇ ਦਿਨ ਤਿਉਹਾਰ ਰਲ ਕੇ ਮਨਾਵਾਂਗੇ ਉਨੀਆਂ ਹੀ ਖ਼ੁਸ਼ੀਆਂ ਦੂਣੀਆਂ ਹੋਣਗੀਆਂ ਅਤੇ ਇਹਨਾਂ ਤਿਉਹਾਰਾਂ ਦੀਆ ਖ਼ੁਸ਼ੀਆਂ ਅਤੇ ਰੌਣਕਾਂ ਸਾਨੂੰ ਇੱਕ ਦੂਜੇ ਦੇ ਹੋਰ ਨਜ਼ਦੀਕ ਅਤੇ ਭਾਈਚਾਰੇ ਦੀਆ ਰੌਣਕਾਂ ਵਿੱਚ ਲੈ ਜਾਣਗੀਆਂ।ਆਪਣੇ ਕੌੜੇ ਅਤੇ ਕਸੈਲੇ ਪ੍ਰਚਾਰਾਂ ਨਾਲ ਇਸ ਦਾ ਅਪਮਾਨ ਨਾ ਕਰੋ। ਇਸ ਦੀ ਲੌ ਮੱਧਮ ਨਾ ਕਰੋ ।ਇਹ ਤਿਉਹਾਰ ਹਿੰਦੂ ਸਿੱਖ ਕੌਮ ਦੇ ਖ਼ਜ਼ਾਨੇ ਹਨ।ਜਿਸ ਦੀ ਤਾਕਤ ਸਦਕਾ ਅਸੀ ਤਾਕਤਵਰ ਅਤੇ ਇੱਕਮੁੱਠ ਹਾਂ।ਇਹਨਾਂ ਮੇਲ਼ਿਆਂ ਤਿਉਹਾਰਾਂ ਨੂੰ ਤਕਸੀਮ ਨਾ ਕਰੋ ,ਇਹਨਾਂ ਦੀ ਸਾਦਗੀ ਅਤੇ ਭੋਲਾ ਪਨ ਹਾਲੇ ਬਾਕੀ ਹੈ।ਜਿਹੜਾ ਸਾਨੂੰ ਸਭ ਨੂੰ ਬਾਂਹਾਂ ਫੈਲਾ ਕੇ ਉਡੀਕਦਾ ਹੈ ਆਪਣੇ ਪਿਆਰ ਦਾ ਨਿੱਘ ਦੇਣ ਅਸਤੇ। ਦਿਵਾਲ਼ੀ ਦੇ ਮਾਸੂਮ ਚਿਹਰੇ ਨੂੰ ਬਿਜਲੀ ਦੀ ਲਾਟ ਨਾਲ ਦਾਗ਼ ਦਰ ਨਾ ਕਰੋ।ਇਸ ਦੇ ਮੱਥੇ ਤੇ ਸਹਿਜਤਾ ਅਤੇ ਸੀਤਲਤਾ ਭਰਿਆ ਦੂਰ ਦੂਰ ਤੱਕ ਅਤੇ ਦੇਰ ਤੱਕ ਲੌ ਕਰਦਾ ਦੀਵਾ ਬਾਲੋ ਅਤੇ ਸ਼ਾਲਾ! ਉਹ ਦੀਵਾ ਬਲਦਾ ਰਹੇ। ਇਹ ਦੀਵੇ ਖੁਸੀਆਂ ਦੇ ਸੁਨੇਹੇ ਹਨ।ਘਰੋਂ ਗਿਆਂ ਅਤੇ ਮੁੜ ਪਰਤਣ ਵਾਲਿਆਂ ਲਈ ਉਮੀਦ ਦੀ ਲੌ ਹੈ।ਇਹ ਦੀਵੇ ਸਾਡੀ ਮਾਂ ਵਰਗੇ ਹਨ ਜਿਹੜੀ ਔਲਾਦ ਅਤੇ ਆਪਣੇ ਆਰ ਪਰਿਵਾਰ ਵਾਸਤੇ ਸੁੱਖਾਂ ਮੰਗਦੀ ਰਹਿੰਦੀ ਹੈ।ਦੀਵਾਲੀ ਦੀਆਂ ਸਮੂਹ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਖ਼ੁਸ਼ੀਆਂ ।

LEAVE A REPLY

Please enter your comment!
Please enter your name here