ਪੰਜਾਬ ਵਿਧਾਨ ਸਭਾ ਦੇ ਪਿਛਲੇ ਇਜਲਾਸ ਵਿੱਚ ਵਿਧਾਨ ਸਭਾ ਦੀ ਚਲ ਰਹੀ ਕਾਰਵਾਈ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਵਲੋਂ ਬਾਰ-ਬਾਰ ਪੈਦਾ ਕੀਤੀਆਂ ਜਾ ਰਹੀਆਂ ਰੁਕਾਵਟਾਂ ਦਾ ਨੋਟਿਸ ਲੈਂਦਿਆਂ ਸਪੀਕਰ ਵਲੋਂ ਮਾਰਸ਼ਲਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਵਿੱਚ ਰੁਕਾਵਟਾਂ ਪੈਦਾ ਕਰ ਰਹੇ ‘ਆਪ’ ਦੇ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਲਿਜਾਣ ਦੇ ਦਿੱਤੇ ਆਦੇਸ਼ ਪੁਰ ਹੋ ਰਹੇ ਅਮਲ ਦੌਰਾਨ ਮਾਰਸ਼ਲਾਂ ਅਤੇ ‘ਆਪ’ ਦੇ ਵਿਧਾਇਕਾਂ ਵਿੱਚ ਜੋ ਧੱਕਾ-ਮੁੱਕੀ ਹੋਈ, ਉਸ ਵਿੱਚ ‘ਆਪ’ ਦੇ ਇੱਕ ਵਿਧਾਇਕ ਦੀ ਪੱਗ ਲਹਿ ਗਈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਧਾਇਕ ਉਸਨੂੰ ਧਾਰਮਕ ਮਰਿਆਦਾ ਦਾ ਮੁੱਦਾ ਬਣਾ, ਆਪਣੇ ਹੱਕ ਵਿੱਚ ਭੁਨਾਣ ਲਈ, ਇੱਕ ਪਾਸੇ ਆਪਣੀ ਪਾਰਟੀ ਦੇ ਨੇਤਾ ਅਤੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਜਾ ਖੜੇ ਹੋਏ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਇਸੇ ਦੌਰਾਨ ਹੋਈ ਧੱਕਾ-ਮੁੱਕੀ ਵਿੱਚ ਜ਼ਖਮੀ ਹੋਏ ਇੱਕ ਵਿਧਾਇਕ ਦੀ ਮਿਜ਼ਾਜ਼-ਪੁਰਸੀ ਲਈ ਹਸਪਤਾਲ ਜਾ ਪੁਜੇ। ਇਸਦੇ ਨਾਲ ਹੀ ‘ਆਪ’ ਦੇ ਵਿਧਾਇਕ ਦੀ ਲੱਥੀ ਪੱਗ ਦੇ ਮੁੱਦੇ ਨੂੰ ਧਾਰਮਕ ਮਰਿਆਦਾ ਦੀ ਉਲੰਘਣਾ ਹੋਣ ਦਾ ਮੁੱਦਾ ਬਣਾ, ਉਸਨੂੰ ਅਕਾਲ ਤਖਤ ਪੁਰ ਲਿਜਾਣ ਦਾ ਦਾਅਵਾ ਕਰ ਦਿੱਤਾ ਗਿਆ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਕਿਰਪਾਲ ਸਿੰਘ ਬੰਡੂਗਰ ਨੇ ਪੱਗ ਲੱਥਣ ਦੀ ਹੋਈ ਇਸ ਘਟਨਾ ਦੀ ਅਲੋਚਨਾ ਕਰਦਿਆਂ ਇਸਨੂੰ ਮੰਦਭਾਗਾ ਕਰਾਰ ਦੇ ਦਿੱਤਾ। ਪੰਜਾਬ ਦੇ ਰਾਜਸੀ ਹਲਕਿਆਂ ਵਲੋਂ ਪੱਗੜੀ ਉਤਾਰੇ ਜਾਣ ਦੇ ਮੁੱਦੇ ਨੂੰ ਅਕਾਲ ਤਖਤ ਪੁਰ ਲਿਜਾਣ ਦੇ ਦਾਅਵੇ ਅਤੇ ਸ. ਕਿਰਪਾਲ ਸਿੰਘ ਬਢੂੰਗਰ ਵਲੋਂ ਉਸਦੀ ਅਲੋਚਨਾ ਕੀਤੇ ਜਾਣ ਪੁਰ ਪ੍ਰਸ਼ਨ-ਚਿੰਨ੍ਹ ਲਾਂਦਿਆਂ, ਹੈਰਾਨੀ ਪ੍ਰਗਟ ਕੀਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਸ ਵਰ੍ਹਿਆਂ ਦੇ ਮੁੱਖ ਮੰਤਰੀ-ਕਾਲ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਨੇਕਾਂ ਵਾਰ ਵਿਰੋਧੀਆਂ ਦੀਆਂ ਪਗਾਂ ਲੱਥੀਆਂ ਤੇ ਪੈਰਾਂ ਵਿੱਚ ਰੋਲੀਆਂ ਜਾਂਦੀਆਂ ਰਹੀਆਂ। ਇਥੋਂ ਤਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ, ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੀ ਵਿਰੋਧੀਆਂ ਦੀਆਂ ਪੱਗਾਂ ਲਾਹੀਆਂ, ਉਛਾਲੀਆਂ ਤੇ ਪੈਰਾਂ ਹੇਠ ਰੋਲੀਆਂ ਜਾਂਦੀਆਂ ਗਈਆਂ। ਉਸ ਸਮੇਂ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਮੂੰਹ ਵਿਚੋਂ ਕੋਈ ਅਵਾਜ਼ ਨਿਕਲੀ ਅਤੇ ਨਾ ਹੀ ਅਕਾਲ ਤਖਤ ਦੇ ਜੱਥੇਦਾਰ ਨੇ ਉਸਦਾ ਕੋਈ ਨੋਟਿਸ ਲੈਣ ਦੀ ਜੁਰਅੱਤ ਵਿਖਾਈ।
ਇਥੋਂ ਤਕ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੁਵਾ ਮੁੱਖੀ ਖੁਲ੍ਹੇ ਆਮ, ਪਤ੍ਰਕਾਰ ਸੰਮੇਲਨ ਬੁਲਾ ਦਾਅਵਾ ਕਰਦੇ ਰਹੇ ਕਿ ਇਹ, ਅਰਥਾਤ ਪੱਗਾਂ ਲਾਹੀਆਂ ਜਾਣੀਆਂ ਤੇ ਉਨ੍ਹਾਂ ਨੂੰ ਪੈਰਾਂ ਹੇਠ ਰੋਲਿਆਂ ਜਾਣਾ, ਤਾਂ ਮਾਤ੍ਰ ਟ੍ਰੇਲਰ ਹੈ, ਪੂਰੀ ਫਿਲਮ ਵਿਖਾਇਆ ਜਾਣਾ ਤਾਂ ਅਜੇ ਬਾਕੀ ਹੈ। ਇਸਤਰ੍ਹਾਂ ਕੀਤੇ ਜਾਂਦੇ ਰਹੇ ਦਾਅਵਿਆਂ ਦੀ ਨਿਖੇਧੀ ਕਰਨ ਜਾਂ ਅਜਿਹਾ ਕਰਨ ਵਾਲ਼ਿਆਂ ਨੂੰ ਰੋਕਣ ਵਿੱਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖਤ ਦੇ ਜੱਥੇਦਾਰ ਵਿਚੋਂ ਕਿਸੇ ਨੇ ਵੀ ਦਲੇਰੀ ਨਹੀਂ ਵਿਖਾਈ। ਜੇ ਉਸ ਸਮੇਂ ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਦਲ) ਦੇ ਮੁੱਖੀ ਹਰਕਤ ਵਿੱਚ ਆ, ਇਨ੍ਹਾਂ ਘਟਨਾਵਾਂ ਦਾ ਵਿਰੋਧ ਕਰਦੇ ਅਤੇ ਦਲੇਰੀ ਨਾਲ ਉਨ੍ਹਾਂ ਨੂੰ ਰੋਕਣ ਲਈ ਸਾਰਥਕ ਕਦਮ ਚੁਕਦੇ, ਤਾਂ ਸ਼ਾਇਦ ਅੱਜ ਇਹ ਜੋ ਕੁਝ ਵੇਖਣ ਨੂੰ ਮਿਲ ਰਿਹਾ ਹੈ, ਉਹ ਨਾ ਮਿਲਦਾ। ਕੁਝ ਰਾਜਸੀ ਮੁੱਖੀ ਤਾਂ ਵਿਅੰਗ ਕਰਦਿਆਂ ਇਥੋਂ ਤਕ ਕਹਿੰਦੇ ਹਨ ਕਿ ਪਗਾਂ ਉਛਾਲੇ ਜਾਣ ਅਤੇ ਉਨ੍ਹਾਂ ਨੂੰ ਪੈਰਾਂ ਹੇਠ ਰੋਲਣ ਦਾ ਜੋ ਸਿਲਸਿਲਾ ਅੱਜ ਵੇਖਣ ਨੂੰ ਮਿਲ ਰਿਹਾ ਹੈ, ਉਸ ਪੁਰ ਤਾਂ ਸ਼੍ਰੋਮਣੀ ਆਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਖੁਸ਼ੀ ਮਨਾਣੀ ਚਾਹੀਦੀ ਹੈ ਕਿ ਉਨ੍ਹਾਂ ਵਲੋਂ ਪੱਗਾਂ ਉਛਾਲਣ ਦੀ ਜੋ ਪਰੰਪਰਾ ਸ਼ੁਰੂ ਕੀਤੀ ਗਈ ਸੀ, ਉਹ ਵੱਧ-ਫੁਲ ਰਹੀ ਹੈ।
ਮਾਸਟਰ ਤਾਰਾ ਸਿੰਘ ਦਾ ਜਨਮ-ਦਿਨ : ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਾਸਟਰ ਤਾਰਾ ਸਿੰਘ ਦਾ ਜਨਮ ਦਿਨ ਮਨਾਉਣ ਲਈ, ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵਲੋਂ ਨਵੀਂ ਦਿੱਲੀ ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਖੇਤ੍ਰਾਂ ਨਾਲ ਸੰਬੰਧਤ ਸਿੱਖ ਤੇ ਗੈਰ-ਸਿੱਖ ਮੁੱਖੀਆਂ ਨੇ ਮਸਾਟਰ ਜੀ ਦੀ ਜੀਵਨ-ਯਾਤ੍ਰਾ, ਉਨ੍ਹਾਂ ਵਲੋਂ ਦੇਸ਼, ਕੌਮ ਅਤੇ ਪੰਥ ਨੂੰ ਦਿੱਤੀ ਗਈ ਦਲੇਰਾਨਾ ਅਤੇ ਇਮਾਨਦਾਰਾਨਾ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਪ੍ਰਤੀ ਆਪਣੇ ਦਿਲ ਦੀਆਂ ਡੂੰਘਿਆਈਆਂ ਵਿਚੋਂ ਸ਼ਰਧਾ ਦੇ ਫੁਲ ਭੇਂਟ ਕੀਤੇ ਗਏ। ਇਸੇ ਦੌਰਾਨ, ਜਦੋਂ ਇੱਕ ਅਕਾਲੀ ਆਗੂ ਮਾਸਟਰ ਜੀ ਨਾਲ ਆਪਣੇ ਬਹੁਤ ਹੀ ਨੇੜਲੇ ਸੰਬੰਧ ਹੋਣ ਦੇ ਦਾਅਵੇ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਚਰਚਾ ਕਰ ਰਿਹਾ ਸੀ ਤਾਂ ਅਚਾਨਕ ਹੀ ਕੁਝ ਦਹਾਕੇ ਪਹਿਲਾਂ ਦੀ ਇੱਕ ਘਟਨਾ ਦੀ ਯਾਦ ਤਾਜ਼ਾ ਹੋ ਉਭਰ ਆਈ। ਗਲ ਇਉਂ ਹੋਈ ਸੀ ਕਿ ਇਹੀ ਅਕਾਲੀ ਮੁੱਖੀ, ਜਿਸਨੂੰ ਮਾਸਟਰ ਜੀ ਦੀ ਸਰਪ੍ਰਸਤੀ ਅਤੇ ਉਨ੍ਹਾਂ ਦੇ ਹੀ ਸਹਿਯੋਗ ਨਾਲ ਅਕਾਲੀ ਰਾਜਨੀਤੀ ਵਿੱਚ ਸਥਾਪਤ ਹੋਣ ਵਿੱਚ ‘ਸਫਲਤਾ’ ਪ੍ਰਾਪਤ ਹੋਈ ਸੀ, ਦੇ ਦਿਲ ਵਿੱਚ ਇਹ ਖੁਸ਼-ਫਹਿਮੀ ਪੈਦਾ ਹੋ ਗਈ ਕਿ ਉਸਨੂੰ ਮਾਸਟਰ ਜੀ ਤੋਂ ਕਿਤੇ ਵੱਧ ਸਿੱਖ ਜਗਤ ਦਾ ਵਿਸ਼ਵਾਸ ਪ੍ਰਾਪਤ ਹੋ ਗਿਆ ਹੈ। ਜਿਸਦੇ ਚਲਦਿਆਂ ਉਹ ਨਾ ਕੇਵਲ ਮਾਸਟਰ ਜੀ ਦੇ ਮੁਕਾਬਲੇ ਅਕਾਲੀ ਰਾਜਨੀਤੀ ਵਿੱਚ ਸਥਾਪਤ ਹੋ ਸਕਦਾ ਹੈ, ਸਗੋਂ ਉਨ੍ਹਾਂ ਦੀ ਜਗ੍ਹਾ ਵੀ ਲੈ ਸਕਦਾ ਹੈ। ਇਸੇ ਗਲਤ-ਫਹਿਮੀ ਦਾ ਸ਼ਿਕਾਰ ਹੋ ਉਸਨੇ ਦਿੱਲੀ ਦੇ ਚਾਂਦਨੀ ਚੋਕ ਵਿਚਲੇ ਟਾਉਨ ਹਾਲ ਦੇ ਪਿੱਛੇ ਦੇ ਵਿਸ਼ਾਲ ਮੈਦਾਨ ਵਿੱਚ ਆਪਣੇ ਸਨਮਾਨ ਵਿੱਚ ‘ਭਾਰੀ ਜਲਸੇ’ ਦਾ ਆਯੋਜਨ ਕਰਨ ਦਾ ਐਲਾਨ ਕਰ ਦਿੱਤਾ। ਜਲਸੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਸਦਾ ਦੇਣ ਦੇ ਉਦੇਸ਼ ਨਾਲ ਉਸਨੇ ਅਜਿਹੇ ਵੱਡੇ-ਵੱਡੇ ਪੋਸਟਰਾਂ ਨਾਲ ਦਿੱਲੀ ਦੀਆਂ ਕੰਧਾਂ ਭਰ ਦਿੱਤੀਆਂ, ਜਿਨ੍ਹਾਂ ਵਿੱਚ ਮੋਟੇ-ਮੋਟੇ ਅਖਰਾਂ ਵਿੱਚ ਲਿਖਿਆ ਹੋਇਆ ਸੀ ਕਿ ‘ਕੀ ਮਾਸਟਰ ਤਾਰਾ ਸਿੰਘ ਪਾਗਲ ਹੋ ਗਏ ਹਨ?’। ਉਸ ਸਮੇਂ ਉਸ ਅਕਾਲੀ ਮੁਖੀ ਵਲੋਂ ਪਾਲੀ ਜਾ ਰਹੀ ਗਲਤ-ਫਹਿਮੀ ਚਕਨਾ-ਚੂਰ ਹੋ ਗਈ, ਜਦੋਂ ਦੇਰ ਤਕ ਇੰਤਜ਼ਾਰ ਕੀਤੇ ਜਾਣ ਦੇ ਬਾਵਜੂਦ ਜਲਸੇ ਦੀ ਹਾਜ਼ਰੀ ਦੋ-ਦਰਜਨ ਦੇ ਨੇੜੇ ਵੀ ਨਾ ਪੁਜ ਸਕੀ।
ਕੈਪਟਨ ਅਮਰਿੰਦਰ ਸਿੰਘ ਦਾ ਖੁਲਾਸਾ : ਕੁਝ ਹੀ ਸਮਾਂ ਹਇਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕਰ ਖੁਲਾਸਾ ਕੀਤਾ, ਕਿ ਉਨ੍ਹਾਂ ਨੇ ਸਮੇਂ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵਲੋਂ ਦਿੱਤੇ ਗਏ ਭਰੋਸੇ ਪੁਰ ਵਿਸ਼ਵਾਸ ਕਰ, ਭਟਕੇ ਹੋਏ ੨੧ ਸਿੱਖ ਨੌਜਵਾਨਾਂ ਦੀ ਜਾਨ ਬਚਾਣ ਲਈ, ਉਨ੍ਹਾਂ ਦਾ ਆਤਮ-ਸਮਰਪਣ ਕਰਵਾਇਆ ਸੀ। ਪ੍ਰੰਤੂ ਬਾਅਦ ਵਿੱਚ aੁਂਨ੍ਹਾਂ ਨੂੰ ਪਤਾ ਚਲਿਆ ਕਿ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਉਨ੍ਹਾਂ ਨੌਜਵਾਨਾਂ ਨੂੰ ਮਰਵਾ ਕੇ, ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਜਿਸਦਾ ਉਨ੍ਹਾਂ ਦੇ ਦਿਲ ਪੁਰ ਬਹੁਤ ਭਾਰੀ ਬੋਝ ਹੈ। ਉਨ੍ਹਾਂ ਵਲੋਂ ਕੀਤੇ ਗਏ ਇਸ ਖੁਲਾਸੇ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਪਾਸੇ ਉਨ੍ਹਾਂ ਵਿਰੁਧ ਮਨੁਖੀ ਅਧਿਕਾਰ ਕਮਸ਼ਿਨ ਪਾਸ ਅਤੇ ਦੂਜੇ ਪਾਸੇ ਅਕਾਲ ਤਖਤ ਦੇ ਜੱਥੇਦਾਰ ਤਕ ਪਹੁੰਚ ਕਰ ਸ਼ਿਕਾਇਤ ਦਰਜ ਕਰਵਾ, ਮੰਗ ਕੀਤੀ ਗਈ ਹੈ ਕਿ ਇਨ੍ਹਾਂ ੨੧ ਸਿੱਖ ਨੌਜਵਾਨਾਂ ਦੇ ਕਤਲ ਵਿੱਚ ਭਾਈਵਾਲ ਹੋਣ ਦੇ ਦੋਸ਼ ਕੈਪਟਨ ਵਿਰੁਧ ਕਾਰਵਾਈ ਕੀਤੀ ਜਾਏ। ਦਸਿਆ ਜਾਂਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਇਸ ਮੰਗ ਪੁਰ ਕਾਰਵਾਈ ਕਰਦਿਆਂ ਮਨੁਖੀ ਅਧਿਕਾਰ ਕਮਿਸ਼ਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਾਖਲ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਉਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕਦਮ ਦੀ ਅਲੋਚਨਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਖੁਲਾਸਾ ਕੀਤਾ ਹੈ, ਉਸ ਅਨੁਸਾਰ ਉਹ ਨਹੀਂ, ਸਗੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜੇ ਹੁੰਦੇ ਹਨ, ਜਿਨ੍ਹਾਂ ਕੈਪਟਨ ਨਾਲ ਵਿਸ਼ਵਾਸਘਾਤ ਕੀਤਾ। ਇਸ ਚਲ ਰਹੇ ਵਿਵਾਦ ਦੌਰਾਨ, ਅਕਾਲੀ ਰਾਜਨੀਤੀ ਨਾਲ ਲੰਮਾਂ ਸਮਾਂ ਜੁੜੇ ਰਹੇ ਇੱਕ ਟਕਸਾਲੀ ਬਜ਼ੁਰਗ ਅਕਾਲੀ ਨੇ ਆਪਣੀ ਯਾਦਾਸ਼ਤ ਪੁਰ ਜ਼ੋਰ ਪਾਂਦਿਆਂ ਦਸਿਆ ਕਿ ਚੰਦਰ ਸ਼ੇਖਰ ਦੇ ਪ੍ਰਧਾਨ ਮੰਤਰੀ ਕਾਲ ਦੌਰਾਨ ਇਹ ਚਰਚਾ ਆਮ ਸੁਣਨ ਨੂੰ ਮਿਲਦੀ ਰਹੀ, ਕਿ ਕਈ ਭਟਕੇ ਸਿੱਖ ਨੌਜਵਾਨ ਦੇਸ਼ ਦੀ ਮੁਖ-ਧਾਰਾ ਵਿੱਚ ਸ਼ਾਮਲ ਹੋ, ਅਮਨ ਅਤੇ ਸ਼ਾਂਤੀ ਦਾ ਜੀਵਨ ਜੀਣ ਦੀ ਇੱਛਾ ਅਧੀਨ ਆਤਮ-ਸਮਰਪਣ ਕਰਨ ਲਈ ਅਗੇ ਆ ਰਹੇ ਹਨ। ਉਨ੍ਹੀਂ ਦਿਨੀਂ ਹੀ ਇੱਕ ਸਿੱਖ ਬਿਲਡਰ ਵੀ ਇਸ ਗਲ ਨੂੰ ਲੈ ਕੇ, ਚਰਚਾ ਵਿੱਚ ਆ ਗਿਆ ਸੀ, ਕਿ ਉਸਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨਾਲ ਨੇੜਲੇ ਸੰਬੰਧ ਹਨ, ਜਿਸਦੇ ਚਲਦਿਆਂ ਉਹ ਭਟਕੇ ਸਿੱਖ ਨੌਜਵਾਨਾਂ ਦਾ ਆਤਮ-ਸਮਰਪਣ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਦਸਿਆ ਜਾਂਦਾ ਹੈ ਕਿ ਉਸੇ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੋ ਮੁੱਖੀ ਵੀ ਉਸਦੇ ਸੰਪਰਕ ਵਿੱਚ ਸਨ।
…ਅਤੇ ਅੰਤ ਵਿ ੱਚ : ਪੰਜਾਬ ਤੇ ਅਕਾਲੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਨੀਤਕਾਂ ਦੀ ਮਾਨਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੁਲਾਸੇ ਤੋਂ ਬਾਅਦ ਇਸ ਗਲ ਦੀ ਉੱਚ ਪਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਸਮੇਂ ਭਟਕੇ ਸਿੱਖ ਨੌਜਵਾਨਾਂ ਨੂੰ ਆਤਮ ਸਮਰਪਣ ਲਈ ਅਗੇ ਲਿਆਉਣ ਵਿੱਚ ਉਸ ਸਮੇਂ ਦੇ ਚਰਚਤ ਸਿੱਖ ਬਿਲਡਰ ਦੀ ਵੀ ਕੋਈ ਭੂਮਿਕਾ ਰਹੀ ਸੀ? ਜੇ ਸੀ ਤਾਂ ਉਸ ਵਲੋਂ ਜਿਨਂ੍ਹ ਸਿੱਖ ਨੌਜਵਾਨਾਂ ਦਾ ਆਤਮ-ਸਮਰਪਣ ਕਰਵਾਇਆ ਜਾਂਦਾ ਰਿਹਾ, ਉਨ੍ਹਾਂ ਦਾ ਕੀ ਬਣਿਆ? ਕੀ ਉਨ੍ਹਾਂ ਦਾ ਹਾਲ ਵੀ ਤਾਂ ਉਹੀ ਤਾਂ ਨਹੀਂ ਹੋਇਆ, ਜੋ ਕੈਪਟਨ ਅਮਰਿੰਦਰ ਸਿੰਘ ਵਲੋਂ ਆਤਮ-ਸਮਰਪਣ ਕਰਵਾਏ ਗਏ ਨੌਜਵਾਨਾਂ ਦਾ ਹੋਇਆ ਦਸਿਆ ਜਾ ਰਿਹਾ ਹੈ?

LEAVE A REPLY

Please enter your comment!
Please enter your name here