3 ਮਾਰਚ 2018 ਨੂੰ ਤ੍ਰਿਪੁਰਾ ਦਾ ਨਤੀਜਾ ਆਉਂਦੇ ਹੀ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੀਆਂ ਵੜਾਛਾਂ ਖਿੜ ਗਈਆਂ। ਉਨਾਂ ਨੂੰ ਜਿਵੇਂ ਆਪਣਾ ਅਸਲ ਮਕਸਦ ਪੂਰਾ ਹੁੰਦਾ ਦਿਸਣ ਲੱਗਾ। ਧੁਰ ਦੱਖਣਪੰਥੀ-ਕੱਟੜਪੰਥੀ ਤਾਕਤਾਂ ਦੀ ਇਸ ਜਿੱਤ ‘ਤੇ ਉਨਾਂ ਖੂਬ ਖੁਸ਼ੀ ਮਨਾਈ। ਉਸ ਦਾ ਵਿਸ਼ੇਸ਼ ਬ੍ਰਿਗੇਡ ਐਨਾ ਚਾਂਬਲ ਗਿਆ ਕਿ ਉਨਾਂ ਨੇ ਮਹਾਨ ਇਨਕਲਾਬੀ ਯੋਧੇ ਕਾਮਰੇਡ ਵਲਾਦੀਮੀਰ ਲੈਨਿਨ ਦੇ ਦੋ ਥਾਵਾਂ ‘ਤੇ ਸਥਾਪਤ ਬੁੱਤ ਜੇ.ਸੀ.ਬੀ. ਮਸ਼ੀਨ ਨਾਲ ਤੋੜ ਦਿਤੇ। ਇਥੇ ਹੀ ਬੱਸ ਨਹੀਂ, ਉਨਾਂ ਸੀ.ਪੀ.ਆਈ. (ਐਮ.) ਦੇ ਵਰਕਰਾਂ ‘ਤੇ ਹਮਲੇ ਕੀਤੇ। ਉਨਾਂ ਦੇ ਦਫ਼ਤਰ ਸਾੜ ਦਿੱਤੇ। ਘਰਾਂ ਨੂੰ ਅੱਗ ਲਾ ਦਿਤੀ। ਹੈਰਾਨੀ ਦੀ ਗੱਲ ਤਾਂ ਇਹ ਕਿ ਭਾਜਪਾ/ਆਰ.ਐਸ.ਐਸ. ਦੇ ਇਨਾਂ ਭਗਵੇਂ ਬ੍ਰਿਗੇਡ ਦੇ ਖੇਤਰੀ ਤੇ ਰਾਸ਼ਟਰੀ ਆਗੂਆਂ ਨੇ ਇਸ ਹਿੰਸਕ ਕਾਰੇ ਨੂੰ ਨਿੰਦਣ ਦੀ ਬਜਾਏ ਸਗੋਂ ਹੋਰ ਉਕਸਾਇਆ। ਲੈਨਿਨ ਨੂੰ ਬਾਹਰਲੀ ਵਿਚਾਰਧਾਰਾ ਦਾ ਆਗੂ ਅਤੇ ਹਿੰਸਾਵਾਦੀ ਕਿਹਾ ਗਿਆ। ਤ੍ਰਿਪੁਰਾ ਦੇ ਗਵਰਨਰ ਨੇ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਇਸ ਨੂੰ ‘ਲੋਕਾਂ ਦਾ ਸੁਭਾਵਕ ਗੁੱਸਾ’ ਦੱਸ ਕੇ ਤੇ ‘ਨਵੀਂ ਸਰਕਾਰ ਪੁਰਾਣੀ ਸਰਕਾਰ ਦੇ ਫ਼ੈਸਲੇ ਬਦਲ ਸਕਦੀ ਹੈ’, ਕਹਿ ਕੇ ਹੋਰ ਉਕਸਾਹਿਆ। ਇਥੇ ਇਹ ਦੱਸਣਾ ਵੀ ਵਾਜ਼ਬ ਹੋਵੇਗਾ ਕਿ ਭਾਜਪਾ, ਆਈ.ਪੀ.ਐਫ.ਟੀ. ਗਠਜੋੜ ਅਤੇ ਸੀ.ਪੀ.ਐਮ. ਵਿਚ ਕੇਵਲ ੦.੩% (੪੩%-੪੨.੭%) ਦਾ ਹੀ ਫਰਕ ਹੈ।

ਰਾਸ਼ਟਰੀ ਆਗੂ ਐਚ. ਰਾਜਾ ਤੇ ਸੁਬਰਾਮਨੀਅਮ ਸਵਾਮੀ ਤੱਕ ਇਸ ਨੂੰ ਵਾਜਿਬ ਆਖਣ ਲੱਗੇ। ਸਿੱਟੇ ਵਜੋਂ ਆਰ.ਐਸ.ਐਸ./ਭਾਜਪਾ ਦੇ ਇਸ ਹਿੰਸਕ ਬ੍ਰਿਗੇਡ ਨੇ ਦੱਖਣੀ ਭਾਰਤ ਦੇ ਦ੍ਰਾਵਿੜ ਨੇਤਾ, ਦਲਿਤ ਆਗੂ ਅਤੇ ਬ੍ਰਾਹਮਣਵਾਦੀ ਸਾਮਰਾਜ ਵਿਰੁੱਧ ਲੜਾਈ ਦੇਣ ਵਾਲੇ ਲੋਕ ਨਾਇਕ ਈ.ਵੀ. ਰਾਮਾਸਵਾਮੀ, ਜਿਨਾਂ ਨੂੰ ਪੇਰੀਅਰ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਹੈ, ਦਾ ਬੁੱਤ ਵੀ ਤੋੜ ਦਿਤਾ। ਮੇਰਠ (ਯੂ.ਪੀ.) ਵਿਚ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਿਆ ਗਿਆ। ਇਥੋਂ ਤਕ ਕਿ ਕੇਰਲ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਵੀ ਭੰਨਤੋੜ ਕੀਤੀ। ਉਧਰ ਕਲਕੱਤਾ ‘ਚ ਜਨਸੰਘ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬੁੱਤ ਵੀ ਜਦ ਇਸ ਮੁੰਹਿਮ ਦੀ ਲਪੇਟ ਵਿਚ ਆ ਗਿਆ। ਅੱਗ ਸਾਰੇ ਦੇਸ਼ ਵਿਚ ਫੈਲਦੀ ਗਈ ਅਤੇ ਗੱਲ ਹੱਥੋਂ ਨਿਕਲਦੀ ਵੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਨੂੰ ਚੁੱਪ ਤੋੜਨੀ ਪਈ ਅਤੇ ਇਸ ਵਰਤਾਰੇ ਨੂੰ ਰੋਕਣ ਲਈ ਕਹਿਣਾ ਪਿਆ। ਪਰ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਅਸਲ ਵਿਚ ਇਹ ਹੋਣਾ ਹੀ ਸੀ। ਆਰ.ਐਸ.ਐਸ. ਦੀ ਬਿੱਲੀ ਜਲਦੀ ਥੈਲੇ ਤੋਂ ਬਾਹਰ ਆ ਗਈ ਹੈ। ਜੋ ਅੱਗ ਅੰਦਰੇ ਅੰਦਰ ਧੁੱਖ ਰਹੀ ਸੀ, ਉਹ ਭਾਂਬੜ ਬਣਨ ਲੱਗੀ ਹੈ। ਦੇਸ਼ ਦੇ ਸਮੁੱਚੀ ਬੁੱਧੀਜੀਵੀ ਵਰਗ ਲਈ ਇਹ ਸੋਚਣ ਦੀ ਘੜੀ ਹੈ।

ਆਰ.ਐਸ.ਐਸ. ਹੀ ਇਸ ਸਾਰੇ ਕੁਝ ਦੀ ਸੂਤਰਧਾਰ ਹੈ। ਭਾਜਪਾ ਦੀ ਵੀ ਅਤੇ ੨੦੧੪ ਤੋਂ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਚਲ ਰਹੇ ਸਮੁੱਚੇ ਵਰਤਾਰੇ ਦੀ ਵੀ। ਇਹ ਇਕ ਹਕੀਕਤ ਹੈ ਕਿ ਆਰ.ਐਸ.ਐਸ. ਨੇ ਆਜ਼ਾਦੀ ਦੀ ਲੜਾਈ ਵਿਚ ਕਦੇ ਕੋਈ ਨਾਮਾਤਰ ਹਿੱਸਾ ਵੀ ਨਹੀਂ ਸੀ ਲਿਆ। ਅੰਗਰੇਜ਼ਾਂ ਨੂੰ ਦੇਸ਼ ‘ਚੋਂ ਬਾਹਰ ਕੱਢਣ ਦੇ ਉਹ ਅਸਲ ਵਿਚ ਵਿਰੁੱਧ ਸੀ। ਉਹ ਚਾਹੁੰਦੀ ਸੀ ਉਦੋਂ ਹੀ ਦੇਸ਼ ਆਜ਼ਾਦ ਹੋਵੇ ਜਦ ਆਰ.ਐਸ.ਐਸ. ਖੁਦ ਰਾਜ ਭਾਗ ਸਾਂਭਣ ਦੇ ਯੋਗ ਹੋ ਜਾਵੇ। ਸੰਵਿਧਾਨ ਬਣਨ ਸਮੇਂ ਆਰ.ਐਸ.ਐਸ. ਦੇ ਤਤਕਾਲੀ ਮੁਖੀ ਗੁਰੂ ਗੋਵਲਕਰ ਨੇ ਤਾਂ ਮਤਾ ਵੀ ਲਿਆਂਦਾ ਸੀ ਕਿ ਭਾਰਤੀ ਸੰਵਿਧਾਨ ਮਨੂੰ ਸਿਮਰਤੀ ‘ਤੇ ਅਧਾਰਤ ਹੋਣਾ ਚਾਹੀਦਾ ਹੈ। ਅਟਲ ਬਿਹਾਰੀ ਵਾਜਪਾਈ ਨੇ ਅੰਗਰੇਜ਼ਾਂ ਤੋਂ ਸਜ਼ਾ ਮਿਲਣ ‘ਤੇ ਅਤੇ ਅੰਡੇਮਾਨ ਦੀ ਸੈਲੂਲਰ ਜੇਲ ‘ਚੋਂ ਵੀਰ ਸਾਵਰਕਰ ਵਲੋਂ ਅੰਗਰੇਜ਼ ਸਾਮਰਾਜ ਕੋਲੋਂ ਵਿਰੋਧ ਕਰਨ ‘ਤੇ ਲਿਖਤੀ ਮੁਆਫੀ ਮੰਗਣ ਦਾ ‘ਦੇਸ਼ ਸੇਵਾ’ ਦਾ ਕਾਰਨਾਮਾ ਇਤਿਹਾਸ ਵਿਚ ਦਰਜ ਹੈ। ਆਰ.ਐਸ.ਐਸ. ਦੇ ਹੀ ਇਕ ਆਗੂ ਨਾਥੂ ਰਾਮ ਗੌਡਸੇ ਨੇ ਹਿੰਦੂ, ਮੁਸਲਿਮ, ਸਿੱਖ, ਇਸਾਈ ਤੇ ਦਲਿਤ ਭਾਈਚਾਰੇ ਦੀ ਏਕਤਾ ਦੇ ਮੁਦਈ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ। ਇਹ ਆਰ.ਐਸ.ਐਸ. ਹੀ ਸੀ, ਜਿਸ ਨੇ ਇਸ ਤਰਾਂ ਦਾ ਫਿਰਕੂ ਮਾਹੌਲ ਬਣਾਇਆ ਕਿ ਮੁਹੰਮਦ ਅਲੀ ਜਿਨਾਹ ਸਮੇਤ ਮੁਸਲਮਾਨਾਂ ਨੂੰ ਵੱਖਰਾ ਦੇਸ਼ (ਪਾਕਿਸਤਾਨ) ਬਣਾਉਣ ਲਈ ਮਜ਼ਬੂਰ ਹੋਣਾ ਪਿਆ। ਪਾਕਿਸਤਾਨ ਬਣਨ ਸਮੇਂ ਜੋ ਕਤਲੋ ਗਾਰਤ ਹੋਈ ਉਸ ਦਾ ਕਾਰਨ ਵੀ ਉਸ ਸਮੇਂ ਹਿੰਦੂ-ਮੁਸਲਿਮ ਭਾਈਚਾਰੇ ਵਿਚਕਾਰ ਫੈਲਾਈ ਜਾ ਚੁਕੀ ਅਤਿ ਨਫ਼ਰਤ ਦਾ ਮਾਹੌਲ ਹੀ ਸੀ। ਆਰ.ਐਸ.ਐਸ. ਜਿਸ ਨੇ ਪਹਿਲਾਂ ਜਨ ਸੰਘ ਬਣਾਈ, ਫਿਰ ਭਾਰਤੀ ਜਨਤਾ ਪਾਰਟੀ ‘ਤੇ ਲਗਾਤਾਰ ਨਫ਼ਰਤ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਆਪਸ ਵਿਚ ਧਰਮਾਂ, ਜਾਤਾਂ, ਮਜ਼ਹਬਾਂ ਦੇ ਨਾਮ ‘ਤੇ ਵੰਡ ਕੇ ੨੦੧੪ ਵਿਚ ਪੂਰਨ ਬਹੁਮਤ ਨਾਲ ਸੱਤਾ ਹਾਸਲ ਕੀਤੀ ਅਤੇ ੨੦੦੨ ਗੁਜਰਾਤ ਵਿਚ ‘ਫਿਰਕੂ’ ਦੰਗਿਆਂ ਦੌਰਾਨ ਮੁਸਲਮਾਨਾਂ ਦੇ ਹੋਏ ਘਾਣ ਸਮੇਂ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਇਸੇ ਨਫ਼ਰਤ ਦੀ ਰਾਜਨੀਤੀ ਤਹਿਤ ਹੀ ਬਾਬਰੀ ਮਸਜਿਦ ਢਾਹੀ ਗਈ ਸੀ ਤੇ ਰਾਮ ਮੰਦਰ ਬਣਾਉਣ ਨੂੰ ਮੁੱਖ ਉਦੇਸ਼ ਦਸਿਆ ਗਿਆ। ਉੜੀਸਾ ਵਿਚ ਇਕ ਪਾਦਰੀ ਨੂੰ ਇਸੇ ਨੀਤੀ ਤਹਿਤ ਹੀ ਜ਼ਿੰਦਾ ਸਾੜਿਆ ਗਿਆ। ਇਸੇ ਹੀ ਨੀਤੀ ਤਹਿਤ ਦੇਸ਼ ਭਰ ਵਿਚ ਗਊ ਰਖਿਆ ਦੇ ਨਾਮ ‘ਤੇ ਥਾਂ-ਥਾਂ ਕਤਲ ਕਰਵਾਏ। ਤਰਕਸ਼ੀਲ ਤੇ ਲੋਕਪੱਖੀ ਲੇਖਕਾਂ – ਕੁਲਬਰਗੀ, ਪਨਸਾਰੇ, ਦਬੋਲਕਰ ਆਦਿ ਤੇ ਲੋਕਪੱਖੀ ਪੱਤਰਕਾਰ ਗੌਰੀ ਲੰਕੇਸ਼ ਵਰਗਿਆਂ ਨੂੰ ਮਰਵਾ ਦਿਤਾ ਗਿਆ। ਗਊ ਮਾਸ ਰੱਖਣ ਦੇ ਸ਼ੱਕ ਵਿਚ ਦਾਦਰੀ (ਯੂ.ਪੀ.) ਦੇ ਬਾਸ਼ਿੰਦੇ ਮੁਹੰਮਦ ਅਖਲਾਕ ਨੂੰ ‘ਭੀੜ’ ਤੋਂ ਮਰਵਾਇਆ। ਥਾਂ-ਥਾਂ ਭੀੜਾਂ ਤੋਂ ਕਹਿਰ ਵਰਤਾਇਆ ਤੇ ‘ਭੀੜ ਤੰਤਰ’ ਦਾ ਨਵਾਂ ਵਰਤਾਰਾ ਸ਼ੁਰੂ ਕੀਤਾ। ਸਰਜੀਕਲ ਸਟ੍ਰਾਈਕ, ਅਖਾਉਤੀ ਰਾਸ਼ਟਰਵਾਦ, ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ, ਮੰਦਰਵਾਦ ਨੂੰ ਉਭਾਰਨਾ, ਮਿਥਿਹਾਸ ਨੂੰ ਵਿਗਿਆਨ ਤੋਂ ਉੱਪਰ ਦੱਸਣਾ, ਬਾ-ਤਰਕ ਗੱਲ ਕਰਨ ਕਾਰਨ ਗੁਰਮਿਹਰ ਕੌਰ, ਕਨਈਆ ਕੁਮਾਰ, ਰੋਹਿਤ ਵੇਮੁਲਾ ਵਰਗਿਆਂ ਪ੍ਰਤੀ ਨਫ਼ਰਤੀ ਭਾਸ਼ਾ ਵਰਤਣਾ, ਗਊ ਰੱਖਿਆ ਨੂੰ ਸਭ ਤੋਂ ਪਹਿਲ ਆਦਿ ਮਸਲੇ ਉਭਾਰੇ ਗਏ।

ਆਰ.ਐਸ.ਐਸ., ਭਾਜਪਾ ਦੇ ‘ਮੋਦੀ ਰਾਜ’ ਰਾਹੀਂ ਭਾਰਤ ਵਿਚ ਹਿੰਦੂ ਰਾਜ ਸਥਾਪਤ ਕਰਨਾ ਚਾਹੁੰਦੀ ਹੈ। ਇਸ ਦੀਆਂ ਨੀਤੀਆਂ ਸਾਮਰਾਜ ਪੱਖੀ ਹਨ। ਹਿੰਦੋਸਤਾਨ ਵਿਚ ਲੋਕਰਾਜ ਰਹੇ, ਇਸ ਦੀ ਉਸ ਨੂੰ ਜਰੂਰਤ ਨਹੀਂ ਹੈ। ਲੋਕ ਰਾਜ ਦੇ ਓਹਲੇ ਹਿੰਦੂਰਾਜ ਦੀ ਤਾਨਾਸ਼ਾਹੀ ਕਾਇਮ ਕਰਨਾ ਉਸ ਦਾ ਉਦੇਸ਼ ਹੈ। ਹਿੰਦੋਸਤਾਨ ਦੀ ਅਜਾਰੇਦਾਰ ਸ਼੍ਰੇਣੀ (ਕਾਰਪੋਰੇਟ ਸੈਕਟਰ) ਨੂੰ ਹੋਰ ਅਮੀਰ ਕਰਕੇ ਉਸ ਰਾਹੀਂ ਆਪਣਾ ਰਾਜ ਕਾਇਮ ਰੱਖਣਾ ਉਸ ਦੀ ਵਿਉਂਤਬੰਦੀ ਦਾ ਹਿੱਸਾ ਹੈ। ਭਾਰਤ ਵਿਚ ਆਜ਼ਾਦੀ ਤੋਂ ਬਾਅਦ ਰਾਜ ਚਾਹੇ ਕਿਸੇ ਵੀ ਪਾਰਟੀ ਨੇ ਕੀਤਾ, ਸਭ ਦੀ ਚਾਲਕ ਸ਼ਕਤੀ ਭਾਰਤੀ ਦੀ ਇਹ ਅਜਾਰੇਦਾਰ ਘਰਾਣਿਆਂ ਦੀ ਲਾਬੀ ਹੀ ਹੈ। ਇਨਾਂ ਸਰਕਾਰਾਂ ਦਾ ਕਾਰਜ ਇਸ ਅਮੀਰ ਸ਼੍ਰੇਣੀ ਦੇ ਹਿੱਤਾਂ ਦੀ ਰਾਖੀ ਕਰਨਾ ਤੇ ਉਨਾਂ ਦੀਆਂ ਜਾਇਦਾਦਾਂ ਹੋਰ ਵਧਾਉਣਾ ਹੀ ਹੈ। ਉਹ ਸ਼੍ਰੇਣੀ ਜਿਸ ਵੀ ਸਰਮਾਏਦਾਰ ਪਾਰਟੀ ਨੂੰ ਸਮੇਂ ਤੇ ਹਾਲਾਤਾਂ ਅਨੁਸਾਰ ਜਿਸ ਨੂੰ ਵਧੇਰੇ ਆਪਣੇ ਹਿੱਤ ਵਿਚ ਸਮਝਦੀ ਹੈ, ਉਸ ਨੂੰ ਲੋਕ ਰਾਜ ਦੀਆਂ ਵੋਟਾਂ ਦਾ ਪਰਪੰਚ ਰਚਾ ਕੇ ਸੱਤਾ ਸੌਂਪ ਦਿਤੀ ਜਾਂਦੀ ਹੈ। ਇਹ ਵੀ ਸੱਚ ਹੈ ਕਿ ਇਸ ਲਾਬੀ ਵਿਚ ਆਪਸੀ ਵਿਰੋਧ ਵੀ ਹੈ। ਉਂਜ ਸਭ ਵੋਟਾਂ ਵੇਲੇ ਲੋਕ ਰਾਜ ਨੂੰ ਪ੍ਰਭਾਵਤ ਕਰਦੇ ਹਨ। ਇਸ ਸਮੇਂ ਇਸ ਲਾਬੀ ਦੇ ਅਡਾਨੀਆਂ, ਅੰਬਾਨੀਆਂ ਨੂੰ ਭਾਜਪਾ ਦਾ ਮੋਦੀ ਰਾਜ ਸਭ ਤੋਂ ਢੁੱਕਵਾਂ ਲੱਗ ਰਿਹਾ ਹੈ। ਇਸ ਦੇ ੪ ਸਾਲਾ ਰਾਜ ਦੌਰਾਨ ਉਨਾਂ ਦੀਆਂ ਜਾਇਦਾਦਾਂ ਵਿਚ ਜਿਸ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸ ਤੇਜ਼ੀ ਨਾਲ ਪਹਿਲਾਂ ਕਦੇ ਨਹੀਂ ਹੋਇਆ। ਇਹ ਲਾਬੀ ਆਰ.ਐਸ.ਐਸ. ਦੀ ਨਫ਼ਰਤ ਦੀ ਰਾਜਨੀਤੀ ਨੂੰ ਆਪਣੇ ਵਡੇਰੇ ਹਿੱਤਾਂ ਲਈ ਸਹਿਨ ਕਰ ਰਹੀ ਹੈ। ਇਸ ਲਾਬੀ ਨੇ ਬਹੁਰਾਸ਼ਟਰੀ ਕਾਰਪੋਰੇਟ ਜਗਤ ਨਾਲ ਪੀਡੀ ਸਾਂਝ ਬਣਾ ਲਈ ਹੈ। ਇੰਜ ਹੁਣ ਰਾਜ ਕਰ ਰਹੀ ਪੂੰਜੀਪਤੀ ਜਮਾਤ ਅਤੇ ਉਸ ਦੀ ਰਖੇਲ ਭਾਜਪਾ ਨੂੰ ਸਾਮਰਾਜਵਾਦੀ ਮੁਲਕਾਂ ਨਾਲ ਕੋਈ ਵਿਰੋਧ ਨਹੀਂ ਹੈ। ਸਗੋਂ ਪਛਤਾਵਾ ਹੈ ਕਿ ੧੯੪੭ ਵਿਚ ਉਨਾਂ ਨੂੰ ਕਿਉਂ ਕਢਿਆ ਗਿਆ। ਉਹ ਚਾਹੁੰਦੇ ਨੇ ਬੱਸ ‘ਰਾਜ’ ਸਾਡਾ ਰਹੇ, ਨੀਤੀਆਂ ਦੇਸੀ-ਵਿਦੇਸ਼ੀ ਧਨਾਡਾਂ ਦੀਆਂ ਹੀ ਰਹਿਣ। ਏਸੇ ਕਰਕੇ ਲੈਨਿਨ ਵਲੋਂ ਰੂਸੀ ਕ੍ਰਾਂਤੀ ਲਿਆ ਕੇ ਸਾਮਰਾਜ ਦੀ ਵਿਰੋਧਤਾ, ਫਾਸ਼ੀਵਾਦ ਦੀ ਵਿਰੋਧਤਾ, ਅਮੀਰ ਸ਼੍ਰੇਣੀ ਦੀ ਵਿਰੋਧਤਾ ਤੇ ਜਾਤੀ ਵਖਰੇਵੇਂ ਅਤੇ ਧਾਰਮਕ ਕੱਟੜਤਾ ਦੀ ਵਿਰੋਧਤਾ ਅਤੇ ਉਸ ਦੀ ਧਰਮ ਨਿਰਲੇਪ ਤੇ ਗਰੀਬੀ ਦੇ ਖਾਤਮੇ ਦੀ ਨੀਤੀ ਨਾਲ ਆਰ.ਐਸ.ਐਸ. ਨੂੰ ਸਖਤ ਨਫਰਤ ਹੈ। ਲੈਨਿਨ ਨੇ ੧੯੧੭ ‘ਚ ਮਾਰਕਸਵਾਦ ਦੇ ਵਿਗਿਆਨਕ ਫਲਸਫੇ ਨੂੰ ਲਾਗੂ ਕਰਕੇ ਰੂਸੀ ਕ੍ਰਾਂਤੀ ਲਿਆਂਦੀ। ਇਸ ਕ੍ਰਾਂਤੀ ਨੇ ਸਾਮਰਾਜਵਾਦ ਦੀ ਨੀਂਦ ਹਰਾਮ ਕਰ ਦਿਤੀ। ਜਰਮਨ ਦੇ ਹਿਟਲਰ ਸ਼ਾਹੀ ਦੇ ਫਾਸ਼ੀ ਰੁਝਾਨ ਦਾ ਖਾਤਮਾ ਕੀਤਾ। ਇਹ ਸਾਬਤ ਕਰ ਦਿਤਾ ਕਿ ਸਾਮਰਾਜ ਦਾ ਅੰਤ ਲਾਜ਼ਮੀ ਹੈ ਅਤੇ ਇਸ ਦਾ ਇਕੋ ਇਕ ਬਦਲ ਸਮਾਜਵਾਦ ਹੀ ਹੈ। ਇਹ ਵੀ ਸਾਬਤ ਕਰ ਦਿਤਾ ਕਿ ਦੱਬੀ-ਕੁਚਲੀ ਗਰੀਬ ਸ਼੍ਰੇਣੀ ਇਕਮੁਠ ਹੋ ਕੇ ਇਨਕਲਾਬ ਕਰਕੇ ਅਮੀਰ ਸ਼੍ਰੇਣੀ ਤੋਂ ਰਾਜ ਸੱਤਾ ਖੋਹ ਕੇ ਆਪਣਾ ਰਾਜ ਸਥਾਪਤ ਕਰ ਸਕਦੀ ਹੈ ਅਤੇ ਇਹ ਅਟੱਲ ਹੈ। ਇਸ ਉਤਸ਼ਾਹ ਨਾਲ ਪੂਰਬੀ ਯੂਰਪ ਦੇ ਅਨੇਕਾਂ ਦੇਸ਼, ਚੀਨ, ਵੀਅਤਨਾਮ, ਲਾਊਸ ਸਮੇਤ ਦੁਨੀਆਂ ਦੇ ਇਕ ਤਿਹਾਈ ਦੇਸ਼ਾਂ ਵਿਚ ਇਨਕਲਾਬ ਆਏ। ਸਮਾਜਵਾਦੀ ਪ੍ਰਬੰਧ ਸਥਾਪਤ ਹੋਇਆ। ਕਿੰਨੇ ਹੋਰ ਮੁਲਕ ਆਜ਼ਾਦ ਹੋਏ, ਭਾਰਤੀ ਲੋਕਾਂ ਨੇ ਵੀ ਲੈਨਿਨ ਦਾ ਪ੍ਰਭਾਵ ਕਬੂਲਿਆ ਤੇ ਮਾਰਕਸਵਾਦੀ ਫਲਸਫਾ ਲਾਗੂ ਕਰਦਿਆਂ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਦਾ ਯਤਨ ਕੀਤਾ। ਗਦਰੀ ਬਾਬਿਆਂ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਤੇ ਹਜ਼ਾਰਾਂ ਹੋਰ ਇਨਕਲਾਬੀਆਂ ਵਲੋਂ ਇਕ ਲਹਿਰ ਉਸਾਰੇ ਜਾਣ ਕਾਰਨ ਹੀ ਅਨੇਕਾਂ ਕੁਰਬਾਨੀਆਂ ਨਾਲ ਦੇਸ਼ ਆਜ਼ਾਦ ਹੋ ਸਕਿਆ। ਸਮਾਜਵਾਦ ਤੋਂ ਪ੍ਰਭਾਵਤ ਲਹਿਰ ਉੱਸਰੀ ਹੋਣ ਕਾਰਨ ਹੀ ਸੰਵਿਧਾਨ ਵਿਚ ‘ਸਮਾਜਵਾਦ’ ਦਾ ਸ਼ਬਦ ਭੂਮਿਕਾ ਵਿਚ ਦਰਜ ਕਰਨਾ ਪਿਆ। ਲੈਨਿਨ ਅੱਜ ਵੀ ਦੁਨੀਆਂ ਭਰ ਦੇ ਮਜ਼ਦੂਰਾਂ, ਕਿਸਾਨਾਂ ਤੇ ਹਰ ਗਰੀਬ ਵਰਗ ਲਈ ਚਾਨਣ ਮੁਨਾਰਾ ਹੈ, ਇਕ ਆਦਰਸ਼ ਹੈ।

ਭਾਰਤ ਦੇ ਲੋਕ ਤਾਂ ਸਮਾਜਵਾਦ ਚਾਹੁੰਦੇ ਹਨ; ਗਰੀਬਾਂ ਦਾ ਰਾਜ, ਜਿਥੇ ਸਭ ਬਰਾਬਰ ਹੋਣ। ਪਰੰਤੂ ਆਰ.ਐਸ.ਐਸ. ਦਾ ਨਿਸ਼ਾਨਾ ਸਾਮਰਾਜ ਪੱਖੀ ਤੇ ਧਰਮਾਂ-ਜਾਤਾਂ ਦੀ ਰਾਜਨੀਤੀ ਕਰਨ ਕਰਕੇ ਸੱਭ ਤੋਂ ਤਿੱਖਾ ਵਿਰੋਧ ਸਮਾਜਵਾਦ ਦੀ ਹਮਾਇਤੀ ਕਮਿਊਨਿਸਟ ਵਿਚਾਰਧਾਰਾ ਦੇ ਲੋਕਾਂ ਨਾਲ ਹੈ, ਕਿਉਂਕਿ ਇਹ ਵਿਚਾਰਧਾਰਾ ਸਾਮਰਾਜ ਦੀ ਵਿਰੋਧੀ ਅਤੇ ਧਰਮ ਨਿਰਪੱਖਤਾ ਤੇ ਗਰੀਬ ਦੀ ਹਮਾਇਤੀ ਹੈ। ਇਸ ਕਰਕੇ ਹੀ ਉਨਾਂ ਨੇ ਲੈਨਿਨ ਦੇ ਬੁੱਤਾਂ ਨੂੰ ਤੋੜਨ ਦੀ ਪਹਿਲ ਕੀਤੀ ਹੈ। ਇਸ ਨੀਤੀ ਤਹਿਤ ਹੀ ਉਨਾਂ ਦੇ ਮੁਖੀ ਮੋਹਨ ਭਾਰਗਵ ਇਹ ਦਾਅਵਾ ਕਰਦੇ ਹਨ ਕਿ ਉਹ ਆਪਣੀ ਫ਼ੌਜ ਭਾਰਤੀ ਫ਼ੌਜ ਤੋਂ ਵੀ ਵੱਡੀ ਤੇ ਕੁਝ ਦਿਨਾਂ ਵਿਚ ਹੀ ਤਿਆਰ ਕਰਨ ਦੇ ਸਮਰੱਥ ਹਨ। ਉਹ ਭਾਰਤ ਵਿਚ ਹਿੰਦੂ ਰਾਜ ਸਥਾਪਤ ਕਰਕੇ ਮੁਸਲਮਾਨਾਂ ਨੂੰ ਹਿੰਦੂ ਸੰਸਕ੍ਰਿਤੀ ਮੁਤਾਬਕ ਢਲਣਾ ਜਾਂ ਦੇਸ਼ੋਂ ਬਾਹਰ ਭੇਜਣਾ ਲੋਚਦੇ ਹਨ। ਲੈਨਿਨ ਦੀ ਵਿਚਾਰਧਾਰਾ ਬਾਹਰ ਦੀ ਵਿਚਾਰਧਾਰਾ ਕਹਿ ਕੇ ਭੰਡਣਾ ਉਨਾਂ ਦਾ ਇਕ ਬਹਾਨਾ ਹੈ। ਉਹ ਆਪਣੀ ਹਿੰਦੂ ਵਿਚਾਰਧਾਰਾ ਦਾ ਤਾਂ ਦੁਨੀਆਂ ਭਰ ਵਿਚ ਪਸਾਰ ਕਰਨਾ ਲੋਚਦੇ ਹਨ, ਆਪਣੇ ‘ਯੋਗਾ’ ਨੂੰ ਅੰਤਰਰਾਸ਼ਟਰੀ ਦਿਵਸ ਵਜੋਂ ਪੇਸ਼ ਕਰਦੇ ਹਨ, ਆਪਣੇ ਬੁੱਤ ਬਾਹਰਲੇ ਦੇਸ਼ਾਂ ‘ਚ ਲਵਾ ਕੇ ਖੁਸ਼ ਹੋਣਗੇ, ਪਰ ਕਾ. ਲੈਨਿਨ, ਜਿਸ ਨੂੰ ਦੁਨੀਆਂ ਦੇ ਅਰਬਾਂ ਲੋਕ ਪਸੰਦ ਕਰਦੇ ਹਨ, ਉਸ ਦਾ ਬੁੱਤ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਆਪਣੇ ਮਿਥਿਹਾਸ ਨੂੰ ਹੀ ਵਿਗਿਆਨ ਅਤੇ ਇਤਿਹਾਸ ਦਰਸਾ ਕੇ ਨਿਊਟਨ, ਡਾਰਵਿਨ ਤੇ ਹੋਰ ਵਿਗਿਆਨੀਆਂ ਦੇ ਸਿਧਾਂਤਾਂ ਨੂੰ ਨਕਾਰਦੇ ਹਨ। ‘ਜੋ ਪੁਰਾਤਨ ਗ੍ਰੰਥਾਂ ਵਿਚ ਹੈ, ਉਹੀ ਆਖਰੀ ਸੱਚ ਹੈ’ ਮਨਾਉਣਾ ਚਾਹੁੰਦੇ ਹਨ। ਉਹ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਹੋਰੀਂ ਤੇ ਹੋਰ ਗਦਰੀ ਬਾਬੇ ਵੀ ਆਰ.ਐਸ.ਐਸ. ਰਾਜ ਮੁਤਾਬਕ ਅਤਵਾਦੀ ‘ਸ਼ਹੀਦ’ ਨਹੀਂ ਹਨ।। ਭਗਤ ਸਿੰਘ, ਜੋ ਫਾਂਸੀ ਵੇਲੇ ਵੀ ਲੈਨਿਨ ਦੀ ਕਿਤਾਬ ਪੜ ਰਿਹਾ ਸੀ, ਬਾਰੇ ਉਹ ਕੀ ਕਹਿਣਗੇ?

ਉਨਾਂ ਦਾ ਦੂਜਾ ਵਿਰੋਧ ਹਰ ਉਸ ਸੋਚ ਨਾਲ ਹੈ, ਜੋ ‘ਮਨੂਵਾਦ’ ਦਾ ਵਿਰੋਧ ਕਰਦੀ ਹੈ। ਉਹ ਬ੍ਰਾਹਮਣੀਵਾਦੀ ਪ੍ਰਬੰਧ ਫਿਰ ਤੋਂ ਸਥਾਪਤ ਕਰਨਾ ਲੋਚਦੇ ਹਨ। ਉਹ ਮੁਸਲਮਾਨਾਂ ਦੇ ਕੱਟੜ ਵਿਰੋਧੀ ਹਨ, ਦਲਿਤਾਂ ਤੇ ਔਰਤਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਚਾਹੁੰਦੇ ਹਨ। ਚਾਰੇ ਵਰਨਾਂ ਵਾਲੀ ਪ੍ਰਥਾ, ਜਿਸ ਵਿਚ ਬ੍ਰਾਹਮਣ ਸਭ ਤੋਂ ਉੱਪਰ ਤੇ ਰਾਜ ਭਾਗ ਦੇ ਸੰਚਾਲਕ ਹੁੰਦੇ ਹਨ, ਲਾਗੂ ਕਰਨ ਦੇ ਦ੍ਰਿੜ ਹਮਾਇਤੀ ਹਨ। ਇਸੇ ਕਰਕੇ ਹੀ ਤ੍ਰਿਪੁਰਾ ‘ਚ ਚੋਣ ਜਿੱਤ ਕੇ ਲੈਨਿਨ ਦੇ ਨਾਲ-ਨਾਲ ਹੀ ਜੋ ਅੰਦਰੇ ਅੰਦਰ ਨਫ਼ਰਤ ਫੈਲਾਈ ਸੀ, ਉਸ ਦੇ ਇਸ਼ਾਰੇ ‘ਤੇ ਤਾਮਿਲਨਾਡੂ ਵਿਚ ਪੇਰੀਅਰ ਅਤੇ ਮੇਰਠ, ਕੇਰਲਾ ਤੇ ਹੋਰ ਕਈ ਥਾਈਂ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਆਰ.ਐਸ.ਐਸ. ਧਰਮ ਦਾ ਹੱਥਕੰਡਾ ਵਰਤ ਕੇ ਭਾਜਪਾ ਦੇ ਰਾਜ ਨੂੰ ੨੦੧੯ ਚੋਣਾਂ ‘ਚ ਹੋਰ ਮਜ਼ਬੂਤ ਕਰਕੇ, ਰਾਜ ਸਭਾ ਵਿਚ ਪੂਰਨ ਬਹੁਮਤ ਸਥਾਪਤ ਕਰਕੇ ਸਰਕਾਰੀ ਤੇ ਆਪਣੇ ਨਿੱਜੀ ਆਤੰਕੀ ਬ੍ਰਿਗੇਡਾਂ ਦੀਆਂ ‘ਡਾਂਗਾਂ’ ਦੇ ਜ਼ੋਰ ‘ਤੇ ਆਪਣਾ ਹਿੰਦੂਰਾਜ ਸਥਾਪਤ ਕਰਨ ਦਾ ਮਕਸਦ ਪੂਰਾ ਕਰਨ ਦੇ ਯਤਨ ਵਿਚ ਹੈ। ਉਹ ਇਸ ਮਕਸਦ ਲਈ ਹਰ ਹੀਲਾ ਵਰਤਣਗੇ। ਜੇ ਇਸ ਨੂੰ ਠੱਲ ਨਾ ਪਾਈ ਗਈ ਤਾਂ ਦੇਸ਼ ਹਿੰਦੂ ਰਾਸ਼ਟਰ ਤਾਂ ਬਣੇਗਾ ਹੀ, ਇਥੇ ‘ਮਨੂੰ ਸਿਮਰਤੀ’ ਕਾਨੂੰਨ ਪੁਨਰ ਸਥਾਪਤ ਹੋਵੇਗਾ। ਭਾਰਤ ਦਾ ਹਸ਼ਰ ਅਫ਼ਾਗਾਨਿਸਤਾਨ, ਇਰਾਕ ਤੇ ਸੀਰੀਆ ਤੋਂ ਵੀ ਬੁਰਾ ਹੋਵੇਗਾ। ਲੋੜ ਹੈ ਦੇਸ਼ ਦੇ ਸਭ ਲੋਕ ਜੋ ਅੰਦਰੇ ਅੰਦਰ ਲੈਨਿਨ, ਅੰਬੇਦਕਰ ਤੇ ਪੇਰੀਅਰ ਦੇ ਬੁੱਤ ਤੋੜਨ ਉੱਪਰ ਖਫਾ ਹਨ, ਉਹ ਬਾਹਰ ਆਉਣ, ਇਕੁਮਠ ਹੋਣ ਤੇ ਆਰ.ਐਸ.ਐਸ. ਦੇ ਮਨਸੂਬਿਆਂ ਤੋਂ ਲੋਕਾਂ ਨੂੰ ਸੁਚੇਤ ਕਰਕੇ ਪੂਰੀ ਦ੍ਰਿੜਤਾ ਨਾਲ ਇਸ ਵਰਤਾਰੇ ਨੂੰ ਇਕ ਮਜ਼ਬੂਤ ਟੱਕਰ ਦੇਣ।

LEAVE A REPLY

Please enter your comment!
Please enter your name here