ਅੱਜਕਲ ਜੀ ਰੋਗ ਬੜੇ ਵਧ ਗਏ ਨੇ। ਅੱਗੇ ਤਾਂ ਏਨੇ ਕਦੇ ਸੁਣੇ ਨਹੀਂ ਸਨ। ਇਹ ਗੱਲ ਹਰ ਬੈਠਕ ਚ ਆਮ ਚੱਲਦੀ ਹੈ। ਗੱਲ ਆਕੇ ਖਾਦਾਂ ਕੀਟਨਾਸ਼ਕਾਂ ਤੇ ਹੀ ਮੁੱਕਦੀ ਹੈ। ਸਦੀਆਂ ਤੋਂ ਭਾਰਤ ਵਿੱਚ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਖਾਣਾ ਪਕਾਉਣ ਲਈ ਕੀਤਾ ਜਾਂਦਾ ਹੈ। ਮਿੱਟੀ ਦੇ ਭਾਂਡੇ ਵਿੱਚ ਖਾਣਾ ਪਕਾਉਣਾ ਗਰੀਬੀ ਦੀ ਨਿਸ਼ਾਨੀ ਨਹੀਂ ਹੈ ਸਗੋਂ ਇਹ ਸਿਹਤ ਦੀ ਨਜ਼ਰ ਤੋਂ ਲਾਭਕਾਰੀ ਹੋਣ ਦੀ ਵਜ੍ਹਾ ਨਾਲ ਹਰ ਤਬਕੇ ਦੇ ਲੋਕਾਂ ਦੁਆਰਾ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਅਖੌਤੀ ਆਧੁਨਿਕਤਾ ਦੀ ਦੌੜ ਦੇ ਸ਼ਾਹ ਅਸਵਾਰ ਬਣਦੇ ਬਣਦੇ ਜਾਂਬਾਜ ਪੰਜਾਬ ਦੇ ਲੋਕ ਕੈਂਸਰ,ਕਾਲੇ ਪੀਲੀਏ ਅਤੇ ਹੋਰ ਦਰਜਨਾਂ ਲਾਇਲਾਜ਼ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਹੁਣ ਕੁੱਝ ਆਪਣੀ ਸਿਹਤ ਪ੍ਰਤੀ ਵੀ ਜਾਗਰੂਕ ਹੋਣ ਲੱਗੇ ਹਨ ਜਦੋਂ ਬਹੁਤ ਸਾਰੀਆਂ ਮੌਤਾਂ ਕੈਂਸਰ ਨਾਲ ਹੋਣ ਲਗ ਪਈਆਂ ਹਨ।
ਪਿਛਲੇ ਸਮਿਆਂ ਵਿੱਚ ਵਰਤੇ ਜਾਂਦੇ ਮਿੱਟੀ ਦੇ ਵਰਤਨ ਹੀ ਚੰਗੀ ਸਿਹਤ ਲਈ ਫਿੱਟ ਬੈਠਦੇ ਹਨ, ਅੱਜ ਕੱਲ ਪੰਜਾਬ ਦੇ ਪਿੰਡਾਂ ਵਿੱਚ ਗੁਜਰਾਤ ਦੀ ਮਿੱਟੀ ਦੇ ਬਣੇਂ ਭਾਂਡਿਆਂ ਦੀ ਖੂਬ ਵਿੱਕਰੀ ਹੋ ਰਹੀ ਹੈ, ਲੋਕ ਆਪਣੇਂ ਤੌਰ ਤੇ ਬਿਮਾਰੀਆਂ ਤੋਂ ਬਚਣ ਲਈ ਇਹਨਾਂ ਮਿੱਟੀ ਦੇ ਭਾਂਡਿਆਂ ਨੂੰ ਵੱਡੀ ਪੱਧਰ ਤੇ ਵਰਤੋਂ ਵਿੱਚ ਲਿਆ ਰਹੇ ਹਨ।ਪਿੰਡਾਂ ਵਿੱਚ ਸਿਲਵਰ ਦੇ ਭਾਂਡੇ ਛੱਡ ਕੇ ਪਿੱਤਲ ਵੱਲ ਨੂੰ ਮੂੰਹ ਕਰਨਾ ਵੀ ਸਿਹਤ ਲਈ ਨੁਕਸਾਨ ਦੇਹ ਹੈ ਵੱਖ ਵੱਖ ਮਾਹਰਾਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ।
ਭੋਜਨ ਨੂੰ ਹਮੇਸ਼ਾ ਹੌਲੀ-ਹੌਲੀ ਪਕਾਉਣਾ ਚਾਹੀਦਾ ਹੈ ਆਯੁਰਵੇਦ ਦਾ ਮੰਨਣਾ ਹੈ। ਇਸ ਤੋਂ ਨਾ ਸਿਰਫ ਭੋਜਨ ਸਵਾਦਿਸ਼ਟ ਬਣਦਾ ਹੈ ਸਗੋਂ ਪੋਸ਼ਕ ਤੱਤਾਂ ਨਾਲ ਭਰਪੂਰ ਰਹਿੰਦਾ ਹੈ। ਟੀਬੀ, ਡਾਇਬਟੀਜ, ਅਸਥਮਾ ਅਤੇ ਪੈਰਾਲਾਇਸਿਸ ਵਰਗੀ ਸਮੱਸਿਆਵਾਂ ਐਲੂਮੀਨੀਅਮ ਆਦਿ ਦੇ ਭਾਂਡਿਆਂ ਵਿੱਚ ਪੱਕਣ ਵਾਲੇ ਭੋਜਨ ਨਾਲ ਹੋ ਸਕਦੀਆਂ ਹਨ। ਮਿੱਟੀ ਦੇ ਭਾਂਡੇ ਬਰਤਨ ਨਾਲ ਟੁੱਟ ਜਾਣਗੇ ਸਭ ਰੋਗ। ਜਲਦੀ ਪੱਕਣ ਵਾਲੇ ਭੋਜਨ ਸਿਹਤ ਲਈ ਕਾਫ਼ੀ ਨੁਕਸਾਨਦੇਹ ਹੁੰਦੇ ਹਨ।

ਮਿੱਟੀ ਦੇ ਤਵੇ ਤੇ ਪਕਾਈ ਰੋਟੀ ਦੀ ਮਹਿਕ ਹੀ ਕੁੱਝ ਹੋਰ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਿੱਟੀ ਨਾਲ ਬਣੇਂ ਤਵੇ, ਵੇਚ ਰਹੇ ਦੁਕਾਨਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਹਿਲਾਂ ਪਹਿਲਾਂ ਸਾਨੂੰ ਮਿੱਟੀ ਦੇ ਇਹਨਾਂ ਤਵਿਆਂ ਨੂੰ ਵਰਤੋਂ ਕਰਨ ਸਬੰਧੀ ਬਹੁਤ ਸਮਝਾਉਣਾਂ ਪੈਦਾ ਸੀ ਪਰ ਹੁਣ ਲੋਕ ਆਪ ਬਿਮਾਰੀਆਂ ਤੋਂ ਬਚਣ ਸਬੰਧੀ ਜਾਗਰੂਕ ਹੋ ਰਹੇ ਹਨ ਅਤੇ ਹੁਣ ਸਾਡੇ ਕੋਲੋਂ ਇਹਨਾਂ ਦੀ ਮੰਗ ਹੀ ਪੂਰੀ ਨਹੀਂ ਹੋ ਰਹੀ।
ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਆਧੁਨਿਕ ਯੁੱਗ ਵਿੱਚ ਵਿਗਿਆਨ ਵੀ ਇਸ ਗੱਲ ਨੂੰ ਮੰਨਦੇ ਹਨ। ਐਲੂਮੀਨੀਅਮ ਦੇ ਭਾਂਡਿਆਂ ਦੇ ਅਵਿਸ਼ਕਾਰ ਤੋਂ ਪਹਿਲਾਂ ਲੋਕ ਮਿੱਟੀ ਦੇ ਭਾਂਡਿਆਂ ਵਿੱਚ ਹੀ ਖਾਣਾ ਪਕਾਇਆ ਕਰਦੇ ਸਨ। ਇਹ ਉਸ ਸਮੇਂ ਦੇ ਲੋਕਾਂ ਦੀ ਚੰਗੀ ਸਿਹਤ ਦੇ ਮੁੱਖ ਵਜ੍ਹਾਂ ਵਿੱਚੋਂ ਇੱਕ ਸੀ।
ਖਾਣਾ ਪਕਾਉਂਦੇ ਸਮੇਂ ਉਸਦਾ ਸੰਪਰਕ ਹਵਾ ਅਤੇ ਸੂਰਜ ਦੇ ਪ੍ਰਕਾਸ਼ ਨਾਲ ਹੁੰਦਾ ਹੈ ਉਦੋਂ ਭੋਜਣ ਜ਼ਿਆਦਾ ਫਾਇਦੇਮੰਦ ਤਿਆਰ ਹੁੰਦਾ ਹੈ ਆਯੁਰਵੇਦ ਕਹਿੰਦਾ ਹੈ। ਅਜਿਹਾ ਸਿਰਫ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਨਾਲ ਹੀ ਸੰਭਵ ਹੋ ਸਕਦਾ ਹੈ।

ਅਗਲੇ ਦਿਨਾਂ ਵਿੱਚ ਗੁਜਰਾਤੀ ਮਿੱਟੀ ਦੇ ਬਣੇਂ ਕੈਂਪਰ, ਦਾਲ ਤੇ ਸਾਗ ਬਣਾਉਣ ਵਾਲੀਆਂ ਤੌੜੀਆਂ, ਕੌਲੀਆਂ ਅਤੇ ਗਿਲਾਸ ਵੀ ਵਿਕਣ ਲਈ ਤਿਆਰ ਹਨ, ਮਿੱਟੀ ਦੇ ਬਰਤਨਾਂ ਦੀ ਵਰਤੋਂ ਸਬੰਧੀ ਪੇਟ ਦੇ ਰੋਗਾਂ ਦੇ ਮਾਹਰ ਦਾ ਕਹਿਣਾਂ ਸੀ ਕਿ ਪੁਰਾਤਨ ਸਮਿਆਂ ਵਿੱਚ ਸਾਡੇ ਬਜੁਰਗਾਂ ਦੀ ਚੰਗੀ ਸਿਹਤ ਦਾ ਰਾਜ ਖਾਣ ਪੀਣ ਵਿੱਚ ਸੰਜਮ ਵਰਤਨਾਂ ਅਤੇ ਦਾਲਾਂ ਬਣਾਉਣ ਲਈ ਮਿੱਟੀ ਦੇ ਬਰਤਨਾ ਨੂੰ ਉਪਯੋਗ ਕਰਨਾ ਹੀ ਸੀ। ਠੰਢੇ ਪਾਣੀ ਲਈ ਪਹਿਲਾਂ ਹੁਣ ਦੀ ਤਰ੍ਹਾਂ ਫਰਿੱਜ ਨਹੀਂ ਸੀ ਹੁੰਦੇ ਅਤੇ ਲੋਕ ਕੋਰੇ ਘੜੇ ਦਾ ਠੰਢਾ ਠਾਰ ਪਾਣੀ ਓਕ ਲਾ ਕੇ ਜਾਂ ਕਰਮੰਡਲ ਨਾਲ ਪੀ ਕੇ ਆਪਣੀ ਪਿਆਸ ਬੁਝਾਉਂਦੇ ਸਨ। ਓਦੋਂ ਹਰ ਘਰ ਤੋਂ ਇਲਾਵਾ ਕੱਚੇ ਚੁਰਸਤਿਆਂ ਅਤੇ ਧਾਰਮਿਕ ਅਸਥਾਨਾਂ ‘ਤੇ ਇਹ ਕੱਚਾ ਘੜਾ ਉੱਪਰੋਂ ਗਿੱਲੇ ਕੱਪੜੇ ਜ਼ਿਆਦਾਤਰ ਬੋਰੀ ਨਾਲ ਢਕਿਆ ਮਿਲਦਾ ਸੀ ਜਿੱਥੋਂ ਲੰਘਦੇ-ਟੱਪਦੇ ਰਾਹਗੀਰ ਆਪਣੀ ਪਿਆਸ ਬੁਝਾਉਂਦੇ ਸਨ।

ਪਰ ਆਧੁਨਿਕਤਾ ਦੇ ਦੌਰ ਵਿੱਚ ਅਸੀਂ ਆਪਣਾਂ ਪੁਰਾਤਨ ਖਾਣ ਪੀਣ ਦਾ ਢੰਗ ਅਤੇ ਪੁਰਾਣਾਂ ਪੌਸ਼ਟਿਕ ਭੋਜਨ ਆਧੁਨਿਕਤਾ ਦੇ ਵਹਿਣ ਵਿੱਚ ਵਹਿ ਕੇ ਛੱਡ ਚੁੱਕੇ ਹਾਂ ਜਿਸ ਕਰਕੇ ਅੱਜ ਨਵੇਂ ਨਵੇਂ ਰੋਗਾਂ ਦਾ ਸ਼ਿਕਾਰ ਹੋ ਰਹੇ ਹਾਂ। ਸਾਨੂੰ ਖਾਣ ਪੀਣ ਦੇ ਪੁਰਾਤਨ ਢੰਗ ਅਪਨਾਉਣੇ ਪੈਣਗੇ ਆਪਣੀ ਸਿਹਤ ਦੀ ਬਿਹਤਰੀ ਲਈ |ਮਿੱਟੀ ਨੂੰ ਤਿਆਰ ਕਰਕੇ ਚੱਕ ‘ਤੇ ਆਪਣੇ ਹੱਥਾਂ ਨਾਲ ਮਿੱਟੀ ਨੂੰ ਨਵਾਂ ਰੂਪ ਦੇ ਕੇ ਲੋੜ ਅਨੁਸਾਰ ਘਰ ਘਰ ਭਾਂਡੇ ਪਹੁੰਚਾਉਣ ਵਾਲਾ ਹਸਤਕਲਾ ਦਾ ਬਾਦਸ਼ਾਹ ਘੁਮਿਆਰ ਅੱਜ ਪਿੰਡਾਂ ਵਿੱਚ ਨਹੀਂ ਮਿਲਦਾ। ਪਹਿਲਾਂ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਐਨੀ ਹੁੰਦੀ ਸੀ ਕਿ ਉਹ ਕੰਮ ਪੂਰਾ ਕਰਦਾ ਥੱਕ ਜਾਂਦਾ ਸੀ।

ਹੁਣ ਤਾਂ ਦੁੱਧ ਸਿਲਵਰ ਜਾਂ ਸਟੀਲ ਦੇ ਭਾਂਡਿਆਂ ਵਿੱਚ ਹੀ ਗਰਮ ਕਰ ਲਿਆ ਜਾਂਦਾ ਹੈ, ਉਹ ਵੀ ਅੱਧੀ ਉਬਾਲੀ ਦੇ ਕੇ। ਦੁੱਧ ਗਰਮ ਕਰਨ ਲਈ ਵੀ ਹਾਰੇ ਵਿੱਚ ਮਿੱਟੀ ਦੀ ਬਣੀ ਤੌੜੀ ਹੀ ਵਰਤੀ ਜਾਂਦੀ ਸੀ। ਦੁੱਧ ਸਵੇਰ ਤੋਂ ਸ਼ਾਮ ਤਕ ਹਾਰੇ ਵਿੱਚ ਪਿਆ ਕੜ੍ਹਦਾ ਰਹਿੰਦਾ ਸੀ। ਸ਼ਾਮ ਤਕ ਕੜ੍ਹ-ਕੜ੍ਹ ਕੇ ਦੁੱਧ ਆਪਣਾ ਰੰਗ ਬਦਲ ਲੈਂਦਾ ਸੀ ਅਤੇ ਘਰ ਦੇ ਸਾਰੇ ਵੱਡੇ-ਛੋਟੇ ਇਹੀ ਦੁੱਧ ਪੀਂਦੇ ਸਨ। ਇਹੀ ਦੁੱਧ ਸ਼ਾਮ ਨੂੰ ਰਿੜਕਣੇ ਵਿੱਚ ਜਮਾਇਆ ਜਾਂਦਾ ਸੀ।
ਹੁਣ ਸਾਡੇ ਕੋਲੋਂ ਉਹ ਪਿਆਜ਼ੀ ਰੰਗ ਦਾ ਤੌੜੀ ਵਾਲਾ ਦੁੱਧ ਵੀ ਖੁੱਸ ਗਿਆ ਮਿੱਟੀ ਦੀ ਬਣੀ ਤੌੜੀ ਦੇ ਨਾਲ ਹੈ ਜੋ ਸਿਹਤ ਲਈ ਗੁਣਕਾਰੀ ਹੋਇਆ ਕਰਦਾ ਸੀ। ਮੱਟ, ਮਿੱਟੀ ਦਾ ਭਾਂਡਾ, ਜੋ ਪਹਿਲਾਂ ਆਟਾ ਜਾਂ ਗੁੜ ਪਾ ਕੇ ਰੱਖਣ ਲਈ ਵਰਤਿਆ ਜਾਂਦਾ ਸੀ। ਕਮਾਦ ਦੀ ਖੇਤੀ ਓਦੋਂ ਵਧੇਰੇ ਹੋਣ ਕਾਰਨ ਵੇਲਣੇ ਬਹੁਤ ਚੱਲਦੇ ਸਨ ਤੇ ਮੱਟਾਂ ਦੇ ਮੱਟ ਗੁੜ ਨਾਲ ਭਰੇ ਰਹਿੰਦੇ ਸਨ। ਹੁਣ ਨਾ ਗੁੜ ਹੈ ਅਤੇ ਨਾ ਹੀ ਗੁੜ ਪਾਉਣ ਵਾਲੇ ਮੱਟ।

ਸੋ ਦਰਜਨਾਂ ਬਿਮਾਰੀਆਂ ਦਾ ਇਲਾਜ਼-ਮਿੱਟੀ ਦੇ ਭਾਂਡਿਆਂ ਚ ਖਾਣਾ ਪਕਾਉਣ ਚ ਹੀ ਛੁਪਿਆ ਹੈ, ਮਰਜ਼ੀ ਹੁਣ ਤੁਹਾਡੀ ਹੈ ਕਿ ਬੀਮਾਰ ਰਹਿਣਾ ਕਿ ਲੰਬੀ ਉਮਰ -ਇਹ ਫ਼ੈਸਲਾ ਆਪੇ ਹੀ ਕਰ ਲਓ -ਮੇਰਾ ਜੋ ਫ਼ਰਜ਼ ਸੀ ਮੈਂ ਦੱਸ ਦਿਤਾ ਹੈ ਭਾਂਵੇਂ ਤੁਹਾਨੂੰ ਚੰਗਾ ਲੱਗੇ ਚਾਹੇ ਨਾ।

LEAVE A REPLY

Please enter your comment!
Please enter your name here