ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਕਰਵਾਏ ਧਾਰਮਿਕ ਸਮਾਗਮ
ਨਿਊਯਾਰਕ, 9 ਜਨਵਰੀ  (ਰਾਜ ਗੋਗਨਾ ) – ‘ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਕੁਈਨਜ਼’ ਗੁਰੂਘਰ ਵਲੋਂ ਬੀਤੇ ਦਿਨੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਇਸ ਮੌਕੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ। ਇੱਥੇ ਦੱਸ ਦਈਏ ਕਿ ‘ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਕੁਈਨਜ਼’ ਵਿਚ ਨਿਊਯਾਰਕ ਦਾ ਸਭ ਤੋਂ ਪੁਰਾਣਾ ਪੰਜਾਬੀ ਸਕੂਲ ਚੱਲ ਰਿਹਾ ਹੈ ਜਿਸ ਵਿਚ ਬੱਚਿਆਂ ਨੂੰ ਮਾਂ ਬੋਲੀ, ਗੁਰਮਤਿ, ਸਿੱਖ ਧਰਮ, ਵਿਰਸਾ ਅਤੇ ਵਿਰਾਸਤ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦੌਰਾਨ ਚਲਾਏ ਜਾਂਦੇ ਕੋਰਸਾਂ ਦੇ ’ਤੇ ਅਧਾਰਿਤ ਸਮੇਂ ਸਮੇਂ ’ਤੇ ਪ੍ਰੀਖਿਆ ਵੀ ਲਈ ਜਾਂਦੀ ਹੈ। ਬੀਤੇ ਦਿਨੀਂ ਇਸ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਦੀ ‘ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ’ ਨੂੰ ਸਮਰਪਿਤ ਵਿਸ਼ੇ ’ਤੇ ਧਾਰਮਿਕ ਪ੍ਰੀਖਿਆ ਲਈ ਜਿਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਭਾਗ ਲਿਆ ਅਤੇ ਉਤਸ਼ਾਹ ਦਿਖਾਇਆ। 
ਸਫਲ ਰਹਿਣ ਵਾਲੇ ਬੱਚਿਆਂ ਨੂੰ ਪ੍ਰਬੰਧਕਾਂ ਵਲੋਂ ਸਰਟੀਫਿਕੇਟ ਦਿੱਤੇ ਗਏ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਗਿਫਟ ਕਾਰਡ ਦਿੱਤੇ ਗਏ। ਸਮੁੱਚੇ ਸਮਾਗਮ ਵਿਚ ਸ੍ਰ. ਹਿੰਮਤ ਸਿੰਘ ਨਿਊਯਾਰਕ ਪ੍ਰਧਾਨ, ਚਰਨਜੀਤ ਸਿੰਘ ਸਮਰਾ ਖਜਾਨਚੀ, ਜਨਰਲ ਸਕੱਤਰ ਜਸਪਾਲ ਸਿੰਘ, ਸੁਰਿੰਦਰ ਸਿੰਘ ਵਿਰਕ, ਪਿ੍ਰੰਸ. ਪ੍ਰੇਮ ਸਿੰਘ ਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਪ੍ਰੀਖਿਆ ਦਾ ਬੱਚਿਆਂ ਦੇ ਮਾਪਿਆਂ ਨੇ ਵੀ ਜਾਇਜ਼ਾ ਲਿਆ ਅਤੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਹਾਜ਼ਰ ਰਹੇ।  ਗੁਰੂਘਰ ਦੇ ਪ੍ਰਧਾਨ ਸ. ਹਿੰਮਤ ਸਿੰਘ ਨਿਊਯਾਰਕ ਨੇ ਦੱਸਿਆ ਕਿ ਗੁਰੂਘਰ ਵਿਚ ਚਲਾਏ ਜਾ ਰਹੇ ਪੰਜਾਬੀ ਸਕੂਲ ਵਿਚ ਹਰ ਸ਼ਨੀਵਾਰ ਅਤੇ ਐਤਵਾਰ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਸ ਵਿਚ ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਭੇਜਣ ਤਾਂ ਜੋ ਆਪਣੀ ਅਗਲੀ ਪੀੜੀ ਨੂੰ ਗੁਰਮਤਿ, ਸਿੱਖ ਧਰਮ, ਵਿਰਸਾ ਅਤੇ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕੇ।

LEAVE A REPLY

Please enter your comment!
Please enter your name here