ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਨ-੨੦੨੧ ਦੇ ਅਰੰਭ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਦਿੱਲੀ ਭਾਜਪਾ ਦਾ ਸਿੱਖ ਸੇਲ ਸਰਗਰਮ ਹਿਸਾ ਲਇਗਾ। ਇਹ ਫੈਸਲਾ ਪ੍ਰਦੇਸ਼ ਭਾਜਪਾ ਦੇ ਪੁਨਰਗਠਤ ਸਿੱਖ ਸੇਲ ਦੀ ਹੋਈ ਪਲੇਠੀ ਬੈਠਕ ਵਿੱਚ ਲਿਆ ਗਿਆ। ਜਿਸਦੀ ਜਾਣਕਾਰੀ ਸੇਲ ਦੀ ਬੈਠਕ ਤੋਂ ਬਾਅਦ ਉਸਦੇ ਮੁੱਖੀਆਂ ਵਲੋਂ ਪਤ੍ਰਕਾਰਾਂ ਨੂੰ ਦਿੱਤੀ ਗਈ। ਪ੍ਰਦੇਸ਼ ਭਾਜਪਾ ਦੇ ਸਿੱਖ ਸੇਲ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸਰਗਰਮ ਭੁਮਕਾ ਨਿਭਾਏ ਜਾਣ ਦੇ ਕੀਤੇ ਗਏ ਇਸ ਫੈਸਲੇ ਨੂੰ ਲੈ ਕੇ, ਦਿੱਲੀ ਦੀ ਹੀ ਨਹੀਂ, ਸਗੋਂ ਸਮੁਚੀ ਸਿੱਖ ਰਾਜਨੀਤੀ ਵਿੱਚ ਉਬਾਲ-ਜਿਹਾ ਆ ਗਿਆ ਹੈ। ਡੰਕੇ ਦੀ ਚੋਟ ਅਕਾਲੀ-ਭਾਜਪਾ ਗਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਐਲਾਨਦੇ ਚਲੇ ਆ ਰਹੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਦੇ ਸਾਹਮਣੇ ਇੱਕ ਅਜਿਹਾ ਧਰਮ ਸੰਕਟ ਆ ਖੜਾ ਹੋਇਆ ਹੈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਦਿੱਲੀ ਪ੍ਰਦੇਸ਼ ਭਾਜਪਾ ਦੇ ਸਿੱਖ ਸੇਲ ਦੇ ਇਸ ਫੈਸਲੇ ਨੂੰ ਸਵੀਕਾਰ, ਉਸਦਾ ਸਵਾਗਤ ਕਰਨ ਜਾਂ ਨਕਾਰ ੳੇੁਸਦਾ ਵਿਰੋਧ ਕਰਨ? ਇਸਦੇ ਨਾਲ ਹੀ ਉਨ੍ਹਾਂ ਸਾਹਮਣੇ ਇਹ ਸਵਾਲ ਵੀ ਮੂੰਹ ਅੱਡੀ ਖੜਾ ਹੈ ਕਿ ਜੇ ਭਾਜਪਾ ਦਾ ਸਿੱਖ ਸੇਲ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਖੁਲ੍ਹ ਕੇ ਹਿੱਸਾ ਲੈਂਦਾ ਹੈ ਤਾਂ ਕੀ ਉਹ ਉਸ ਵਿਰੁਧ ਰੋਸ ਪ੍ਰਗਟ ਕਰ, ਭਾਜਪਾ ਨਾਲੋਂ ਆਪਣਾ ਨਹੁੰ-ਮਾਸ ਦਾ ਰਿਸ਼ਤਾ (ਗਠਜੋੜ) ਤੋੜਨ ਲਈ ਤਿਆਰ ਹੋ ਸਕਣਗੇ? ਜਾਂ ਫਿਰ ਖੂਨ ਦਾ ਘੁਟ ਭਰ, ਉਸਨੂੰ ਜਾਰੀ ਰਖਣ ਲਈ ਆਪਣੀ ਮਜਬੂਰੀ ਸਾਹਮਣੇ ਗੋਡੇ ਟੇਕ ਦੇਣਗੇ? ਦਲ ਦੀ ਕੇਂਦ੍ਰੀ ਲੀਡਰਸ਼ਿਪ ਵਲੋਂ ਵੀ ਇਸ ਸੰਬੰਧੀ ਕੋਈ ਪ੍ਰਤੀਕ੍ਰਿਆ ਨਾ ਆਉਣ ਅਤੇ ਨਾ ਹੀ ਉਸ ਪਾਸੋਂ ਕੋਈ ਦਿਸ਼ਾ-ਨਿਰਦੇਸ਼ ਮਿਲ ਪਾਣ ਕਾਰਣ, ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀ ਇਸ ਮੁੱਦੇ ਪੁਰ ਆਪਣੀ ਰਣਨੀਤੀ ਦਾ ਖੁਲਾਸਾ ਕਰਨ ਤੋਂ ਲਗਾਤਾਰ ਕਤਰਾ ਰਹੇ ਹਨ। ਹਾਲਾਂਕਿ ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਵਿਧਾਇਕ, ਸ. ਮਨਜਿੰਦਰ ਸਿੰਘ ਸਿਰਸਾ, ਜੋ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀ ਹੋਣ ਦੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਵੀ ਹਨ, ਨੇ ਕੁਝ ‘ਦਲੇਰੀ’ ਕਰਦਿਆਂ ਕਿਹਾ ਹੈ ਕਿ ਜੇ ਗਠਜੋੜ ਦੇ ਅਧਾਰ ’ਤੇ ਦਿੱਲੀ ਪ੍ਰਦੇਸ਼ ਭਾਜਪਾ ਦੇ ਸਿੱਖ ਸੇਲ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹਿੱਸੇਦਾਰੀ ਦੀ ਮੰਗ ਕੀਤੀ ਜਾਂਦੀ ਹੈ, ਤਾਂ ਉਹ ਇਸਦਾ ਵਿਰੋਧ ਕਰਦਿਆਂ, ਦਿੱਲੀ ਵਿਧਾਨ ਸਭਾ ਤੋਂ ਭਾਜਪਾ ਦੇ ਪ੍ਰਤੀਨਿਧੀ ਵਜੋਂ ਪ੍ਰਾਪਤ ਵਿਧਾਇਕੀ ਤੋਂ ਅਸਤੀਫਾ ਦੇਣ ਤੋਂ ਵੀ ਸੰਕੋਚ ਨਹੀਂ ਕਰਨਗੇ। ਇਸੇਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਹੋਰ ਸੀਨੀਅਰ ਆਗੂ ਸ. ਅਵਤਾਰ ਸਿੰਘ ਹਿਤ ਨੇ ਕਿਹੈ ਕਿ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਗਠਜੋੜ ਰਾਜਸੀ ਹੈ, ਜਿਸਕਾ ਧਾਰਮਕ ਮਾਮਲਿਆਂ ਨਾਲ ਕੁਝ ਵੀ ਲੈਣਾ-ਦੇਣਾ ਨਹੀਂ! ਉਨ੍ਹਾਂ ਚਿਤਾਵਨੀ ਭਰੇ ਸ਼ਬਦਾਂ ਵਿੱਚ ਇਹ ਵੀ ਕਿਹਾ ਕਿ ਜੇ ਦਿੱਲੀ ਪ੍ਰਦੇਸ਼ ਭਾਜਪਾ, ਸਿੱਖ ਸੇਲ ਦਾ ਮੁਖੌਟਾ ਲਾ, ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਕਰਦੀ ਹੈ ਤਾਂ ਉਹ ਉਸਦਾ ਤਿੱਖਾ ਵਿਰੋਧ ਕਰਨ ਤੋਂ ਵੀ ਪਿਛੇ ਨਹੀਂ ਰਹਿਣਗੇ।
ਇਥੇ ਇਹ ਗਲ ਧਿਆਨ ਦੇਣ ਵਾਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇਨ੍ਹਾਂ ਸੀਨੀਅਰ ਆਗੂਆਂ, ਸ. ਮਨਜਿੰਦਰ ਸਿੰਘ ਸਿਰਸਾ ਅਤੇ ਸ. ਅਵਤਾਰ ਸਿੰਘ ਹਿਤ, ਨੇ ਆਪਣੇ ਬਿਆਨਾਂ ਵਿੱਚ, ਦਿੱਲੀ ਪ੍ਰਦੇਸ਼ ਭਾਜਪਾ ਦੇ ਸਿੱਖ ਸੇਲ ਵਲੋਂ ਅਕਾਲੀ-ਭਾਜਪਾ ਗਠਜੋੜ ਦੇ ਅਧਾਰ ਤੇ ਭਾਈਵਾਲੀ ਮੰਗੇ ਜਾਣ ਤੇ ਉਸਦਾ ਖੁਲ੍ਹਾ ਵਿਰੋਧ ਕਰਨ ਦੀ ਗਲ ਤਾਂ ਕੀਤੀ, ਪਰ ਇਸ ਗਲ ਨੂੰ ਉਨ੍ਹਾਂ ਅਣਗੋਲਿਆਂ ਕਰ ਦਿੱਤਾ ਹੈ ਕਿ ਜੇ ਦਿੱਲੀ ਪ੍ਰਦੇਸ਼ ਭਾਜਪਾ ਦਾ ਸਿੱਖ ਸੇਲ ਸੁਤੰਤਰ ਰੂਪ ਵਿੱਚ ਇਹ (ਦਿੱਲੀ ਗੁਰਦੁਆਰਾ) ਚੋਣਾਂ ਲੜਦਾ ਹੈ ਤਾਂ ਉਨ੍ਹਾਂ ਦੀ ਰਣਨੀਤੀ ਕੀ ਹੋਵੇਗੀ?
ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਇਨ੍ਹਾਂ ਆਗੂਆਂ ਤੋਂ ਬਿਨਾਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ, ਗੁਰਦੁਆਰਾ ਕਮੇਟੀ ਦੇ ਦੋ ਪਾਰਟੀ ਮੈਂਬਰਾਂ, ਸ. ਕੁਲਵੰਤ ਸਿੰਘ ਬਾਠ ਅਤੇ ਸ. ਆਤਮਾ ਸਿੰਘ ਲੁਬਾਣਾ, ਨੂੰ ਕਾਰਣ ਦਸੋ ਨੋਟਿਸ ਜਾਰੀ ਕਰ, ਪੁਛਿਆ ਹੈ ਕਿ ਉਨ੍ਹਾਂ ਦੇ ਵਿਰੁਧ, ਪਾਰਟੀ ਜ਼ਾਬਤੇ ਦੀ ੳਲੰਘਣਾ ਕਰਨ ਦੇ ਦੋਸ਼ ਵਿੱਚ ਕਾਰਵਾਈ ਕਿਉਂ ਨਾ ਕੀਤੀ ਜਾਏ, ਕਿਉਂਕਿ ਉਨ੍ਹਾਂ ਦਿੱਲੀ ਪ੍ਰਦੇਸ਼ ਭਾਜਪਾ ਦੇ ਸਿੱਖ ਸੇਲ ਦੀ ਬੈਠਕ, ਜਿਸ ਵਿੱਚ ਉਸ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਹੈ, ਵਿੱਚ ਮੌਜੂਦ ਹੋਣ ਦੇ ਬਾਵਜੂਦ, ਦਲ ਦੀਆਂ ਨੀਤੀਆਂ ਦੀ ਪੈਰਵੀ ਕਰ, ਸਿੱਖ ਸੇਲ ਦੇ ਉਸ ਫੈਸਲੇ, ਪੁਰ ਆਪਣਾ ਵਿਰੋਧ ਦਰਜ ਨਹੀਂ ਕਰਵਾਇਆ?
ਅਕਾਲੀ ਦਲ ਦੀ ਕੌਮੀ ਲੀਡਰਸ਼ਿਪ : ਸਿੱਖ ਸੇਲ, ਦਿੱਲੀ ਪ੍ਰਦੇਸ਼ ਭਾਜਪਾ ਦੇ ਦਿੱਲੀ ਗੁਰਦੁਆਰਾ ਚੋਣ ਲੜਨ ਦੇ ਕੀਤੇ ਗਏ ਫੈਸਲੇ ਦਾ ਵਿਰੋਧ ਕਰਦਿਆਂ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਉਠਾਏ ਜਾ ਰਹੇ ਸਵਾਲਾਂ ਪੁਰ ਸਿੱਖ ਸੇਲ ਦੇ ਮੁੱਖੀਆਂ ਵਲੋਂ ਹੀ ਨਹੀਂ, ਸਗੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਵਲੋਂ ਵੀ ‘ਚੁਪ’ ਧਾਰ ਲਏ ਜਾਣ ਪੁਰ ਆਮ ਸਿੱਖਾਂ ਵਲੋਂ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ, ਜਦਕਿ ਮੰਨਿਆ ਇਹ ਜਾ ਰਿਹਾ ਹੈ ਕਿ ਉਨ੍ਹਾਂ ਵਲੋਂ ‘ਚੁਪ’ ਧਾਰ ਲਏ ਜਾਣ ਦਾ ਕਾਰਣ ਇਹ ਹੋ ਸਕਦਾ ਹੈ ਕਿ ਜੇ ਉਹ ਸਿੱਖ ਸੇਲ (ਭਾਜਪਾ) ਦੇ ਫੈਸਲੇ ਨੂੰ ਨਕਾਰਦੇ ਹਨ, ਤਾਂ ਉਨ੍ਹਾਂ ਨੂੰ ਅਕਾਲੀ-ਭਾਜਪਾ ਗਠਜੋੜ ਦੇ ਮੁੱਦੇ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਜੇ ਉਹ ਨਹੀਂ ਨਕਾਰਦੇ ਤਾਂ ਉਨ੍ਹਾਂ ਨੂੰ ਆਮ ਸਿੱਖਾਂ ਸਾਹਮਣੇ ਜਵਾਬਦੇਹ ਹੋਣਾ ਪਵੇਗਾ।
ਸਿੱਖ ਚਿੰਤਕਾਂ ਦੀ ਮਾਨਤਾ : ਦਿੱਲੀ ਦੇ ਸਿੱਖ ਚਿੰਤਕਾਂ ਦੀ ਮਾਨਤਾ ਹੈ ਕਿ ਜੇ ਦਿੱਲੀ ਪ੍ਰਦੇਸ਼ ਭਾਜਪਾ ਦਾ ਸਿੱਖ ਸੇਲ ਗੁਰਦੁਆਰਾ ਚੋਣਾਂ ਵਿੱਚ ਸਰਗਰਮ ਲੈਣ ਪ੍ਰਤੀ ਦ੍ਰਿੜ੍ਹ-ਸੰਕਲਪ ਰਹਿੰਦਾ ਹੈ ਤਾਂ ਆਮ ਸਿੱਖਾਂ ਵਿੱਚ ਭਾਜਪਾ ਪ੍ਰਤੀ ਵਿਰੋਧ ਦੀ ਭਾਵਨਾ ਵਧੇਗੀ ਅਤੇ ਭਾਜਪਾ ਨਾਲ ਸਿੱਧੇ ਜੁੜੇ ਚਲੇ ਆ ਰਹੇ ਸਿੱਖਾਂ ਨੂੰ ਵੀ ਭਾਜਪਾ ਨਾਲ ਜੁੜੇ ਰਹਿਣ ਦੇ ਆਪਣੇ ਫੈਸਲੇ ਪੁਰ ਮੁੜ ਵਿਚਾਰ ਕਰਨ ਤੇ ਮਜਬੂਰ ਹੋਣਾ ਪੈ ਸਕਦਾ ਹੈ। ਇਸਦਾ ਕਾਰਣ ਉਹ ਇਹ ਮੰਨਦੇ ਹਨ ਕਿ ਰਾਜਨੀਤਕ ਸੋਚ ਦੇ ਅਧਾਰ ’ਤੇ ਸਿੱਖ ਕਿਸੇ ਵੀ ਰਾਜਸੀ ਪਾਰਟੀੱ ਪ੍ਰਤੀ ਨਿਸ਼ਠਾ ਰਖ, ਉਸ ਨਾਲ ਜੁੜੇ ਰਹਿ ਸਕਦੇ ਹਨ, ਪ੍ਰੰਤੂ ਜਦੋਂ ਉਨ੍ਹਾਂ ਸਾਹਮਣੇ ਗੁਰਦੁਆਰਾ ਪ੍ਰਬੰਧ ਦੀ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਸੌਂਪੇ ਜਾਣ ਕਾ ਸਵਾਲ ਆਉਂਦਾ ਹੈ ਤਾਂ ਉਨ੍ਹਾਂ ਦਾ ਫੈਸਲਾ ਗੈਰ-ਸਿੱਖ ਰਾਜਸੀ ਪਾਰਟੀ, ਭਾਵੇਂ ੳਹ ਕੋਈ ਵੀ ਕਿਉਂ ਨਾ ਹੋਵੇ, ਦੇ ਵਿਰੁੱਧ ਹੀ ਜਾਇਗਾ। ਕਿਉਂਕਿ ਉਹ ਸਮਝਦੇ ਹਨ ਕਿ ਗੁਰਧਾਮਾਂ ਵਿੱਚ ਸਥਾਪਤ ਮਰਿਆਦਾ ਤਾਂ ਹੀ ਕਾਇਮ ਰਹਿ ਸਕਦੀ ਹੈ, ਜੇ ਉਨ੍ਹਾਂ ਦੇ ਪ੍ਰਬੰਧ ਦੀ ਸੇਵਾ-ਸੰਭਾਲ ਨਿਰੋਲ ਸਿੱਖ ਜੱਥੇਬੰਦੀ ਦੇ ਹੱਥਾਂ ਵਿੱਚ ਹੋਵੇ। ਇਹੀ ਕਾਰਣ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ, ਦਿੱਲੀ ਪ੍ਰਦੇਸ਼ ਭਾਜਪਾ ਦੇ ਸਿੱਖ ਸੇਲ ਦੇ ਦਿੱਲੀ ਗੁਰਦੁਆਰਾ ਚੋਣਾਂ ਲੜਨ ਦੇ ਕੀਤੇ ਗਏ ਫੈਸਲੇ ਵਿਰੁੱਧ ਕੋਈ ਦ੍ਰਿੜ੍ਹ ਸਟੈਂਡ ਨਹੀਂ ਲੈਂਦੇ ਤਾਂ ਉਨ੍ਹਾਂ ਨੂੰ ਵੀ ਭਵਿੱਖ ਵਿੱਚ ਹੋਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਭਾਰੀ ਮੁਲ ਚੁਕਾਣਾ ਪੈ ਸਕਦਾ ਹੈ ਅਤੇ ਉਸਦੇ ਵਿਰੋਧੀ ਇਸਨੂੰ ਉਸ ਵਿਰੁਧ ਇੱਕ ਕਾਰਗਰ ਹਥਿਆਰ ਵਜੋਂ ਵਰਤ ਸਕਦੇ ਹਨ।
ਇਨ੍ਹਾਂ ਬਦਲੇ ਹਾਲਾਤ ਦੀ ਰੋਸ਼ਨੀ ਵਿੱਚ ਦਿੱਲੀ ਦੇ ਚਰਚਤ ਸਿੱਖ ਚਿੰਤਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ), ਦਿੱਲੀ ਗੁਰਦੁਆਰਾ ਚੋਣਾਂ ਵਿੱਚ ਉਸ (ਸਿੱਖ ਸੇਲ, ਦਿੱਲੀ ਪ੍ਰਦੇਸ਼ ਭਾਜਪਾ) ਦੀ ਸ਼ਮੂਲੀਅਤ ਦਾ ਖੁਲ੍ਹ ਕੇ ਵਿਰੋਧ ਨਹੀਂ ਕਰਦਾ ਤਾਂ ਉਸਨੂੰ ਉਸ ਸਥਿਤੀ ਦਾ ਵੀ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ, ਜਦੋਂ ਉਹ ਬਿਨਾਂ ਕਿਸੇ ਪ੍ਰਭਾਵੀ ਵਿਰੋਧ ਦੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਹਮਣੇ ਹੋਵੇਗਾ।
…ਅਤੇ ਅੰਤ ਵਿੱਚ : ਬੀਤੇ ਦਿਨੀਂ ਇੱਕ ਪਰਵਾਰਕ ਸਮਾਗਮ ਦੌਰਾਨ ਸਾਬਤ ਸੂਰਤ ਇੱਕ ਸਿੱਖ ਨੌਜਵਾਨ ਨੂੰ ਸਿਰ ਤੇ ਟੋਪੀ ਪਾਈ ਵੇਖਿਆ ਤਾਂ ਉਸਨੂੰ ਇਹ ਪੁਛੇ ਬਿਨਾ ਰਿਹਾ ਨਹੀਂ ਜਾ ਸਕਿਆ ਕਿ ‘ਕਾਕਾ, ਇਤਨੇ ਸੁੰਦਰ ਚੇਹਰੇ ਦੇ ਸੁਹਣੇ ਸਰੂਪ ਵਾਲੇ ਸਿਰ ’ਤੇ ਦਸਤਾਰ (ਪਗੜੀ) ਦੀ ਜਗ੍ਹਾ ਟੋਪੀ ਜੱਚਦੀ ਨਹੀਂ? ਉਸ ਬੜੇ ਠਰ੍ਹਮੇ ਤੇ ਠੰਡੇ ਦਿਮਾਗ ਅਤੇ ਬੇਬਾਕੀ ਨਾਲ ਜਵਾਬ ਦਿੰਦਿਆਂ ਕਿਹਾ ਕਿ ‘ਅੰਕਲ, ਪਗੜੀ ਸਜਾਣ ਦੀ ਪੈਰਵੀ ਕਰਨ ਵਾਲੇ ਜੇ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜæੂਰੀ ਵਿੱਚ ਬੜੀ ਹੀ ਬੇਸ਼ਰਮੀ ਨਾਲ ਇੱਕ-ਦੂਜੇ ਦੀਆਂ ਪਗੜੀਆਂਾਂ ਲਾਹੁਣ, ਉਛਾਲਣ ਦੇ ਨਾਲ ਹੀ ਦਾੜ੍ਹæੀ ਕੇਸਾਂ ਨੂੰ ਪੁਟਣ ਤੋਂ ਸੰਕੋਚ ਨਾ ਕਰਨ ਤਾਂ ਉਹ ਸਿੱਖ ਜਵਾਨੀ ਨੂੰ ਕੀ ਸੇਧ ਦੇ ਸਕਦੇ ਹਨ ਜਾਂ ਪ੍ਰੇਰਨਾ ਕਰ ਸਕਦੇ ਹਨ? ਕੀ ਉਹ ਮਜਬੂਰਨ ਉਸੇ ਰਾਹ ਨਹੀਂ ਤੁਰ ਪਏਗੀ, ਜੋ ਉਸਨੂੰ ਚੰਗੀ ਜਾਂ ਸਹਿਜ ਲਗਦੀ ਹੈ? ਉਸ ਸਮੇਂ ਸਿਵਾਏ ਚੁਪ ਰਹਿਣ ਦੇ ਮੇਰੇ ਪਾਸ ਉਸਦੇ ਇਸ ਸੁਆਲ ਦਾ ਕੋਈ ਜਵਾਬ ਨਹੀਂ ਸੀ!

 

LEAVE A REPLY

Please enter your comment!
Please enter your name here