ਦੁਆਬੇ ਨੂੰ ਅੰਬਾਂ ਦਾ ਘਰ ਮੰਨਿਆ ਗਿਆ ਹੈ, ਪਰ ਸਮੇਂ ਦੀ ਤੋਰ ਨੇ ਤੇ ਇਸਦੀ ਵਧਦੀ ਆਬਾਦੀ ਨੇ ਅੰਬਾਂ ਦੀ ਅਜਿਹੀ ਤਬਾਹੀ ਕੀਤੀ ਕਿ ਹੁਣ ਇੱਥੇ ਅੰਬਾਂ ਦੇ ਬਾਗ਼ ਦਿਖਾਈ ਨਹੀਂ ਦਿੰਦੇ। ਅੱਜਕੱਲ੍ਹ ਜੇ ਇਸ ਇਲਾਕੇ ਵਿੱਚ ਗੇੜਾ ਮਾਰੀਏ ਤਾਂ ਅੰਬਾਂ ਦੇ ਬਾਗ਼ ਕਿਧਰੇ ਨਹੀਂ ਲੱਭਦੇ। ਜੇਕਰ ਕੋਈ ਵਿਰਲਾ ਬੂਟਾ ਬਚਿਆ ਹੈ ਤਾਂ ਉਹ ਸੁੱਕ ਰਿਹਾ ਹੈ। ਪੁਰਾਣੇ ਬਾਗ਼ ਕੁਝ ਲੋਕਾਂ ਦੀ ਮਾੜੀ ਆਰਥਿਕਤਾ ਦਾ ਸ਼ਿਕਾਰ ਹੋ ਗਏ ਨੇ ਤੇ ਕੁਝ ਚੌੜੀਆਂ ਹੋਈਆਂ ਸੜਕਾਂ ਦੀ ਭੇਟ ਚੜ੍ਹ ਗਏ ਹਨ। ਇਸ ਲਈ ਹੀ ਕਿਹਾ ਗਿਆ ਹੈ:


ਕਿੱਕਰ ਨਿੰਮ ਫਲਾਹ ਤੇ ਜਾਮਣ ਜੜ੍ਹੋ ਪੁਟਾ ਸੁੱਟੇ
ਜੰਡ ਬਰੋਟਾ ਤੂਤ ਬੇਰੀਆਂ ਅਸੀਂ ਵਢਾ ਸੁੱਟੇ
ਨਾ ਪਹਿਲਾਂ ਵਾਲਾ ਰਿਹਾ ਮਾਲਵਾ, ਨਾ ਉਹ ਮਾਝਾ ਜੀ
ਕਿੱਥੇ ਗਿਆ ਹੁਣ ਅੰਬਾਂ ਵਾਲਾ ਦੇਸ ਦੁਆਬਾ ਜੀ?
ਲਗਪਗ ਪੱਚੀ-ਤੀਹ ਸਾਲ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਦਾ ਸਾਰਾ ਆਲਾ ਦੁਆਲਾ ਅੰਬਾਂ ਦੇ ਬਾਗ਼ਾਂ ਨਾਲ ਭਰਿਆ ਹੁੰਦਾ ਸੀ। ਜਿਸ ਪਾਸੇ ਨੂੰ ਮਰਜ਼ੀ ਚਲੇ ਜਾਓ ਠੰਢੀਆਂ ਛਾਵਾਂ ਤੇ ਮਿੱਠੇ ਅੰਬਾਂ ਦੀ ਮਹਿਕ ਮਨ ਅੰਦਰ ਅਨੂਠਾ ਰਸ ਘੋਲ ਦਿੰਦੀ ਸੀ। ਸਭ ਸੜਕਾਂ ਅੰਬਾਂ ਦੇ ਭਾਰੇ ਦਰੱਖਤਾਂ ਨਾਲ ਠੰਢੀਆਂ ਰਹਿੰਦੀਆਂ ਸਨ ਤੇ ਮੁਸਾਫਿਰਾਂ ਨੂੰ ਧੁੱਪ ਤੋਂ ਕਦੀ ਪਰੇਸ਼ਾਨੀ ਨਾ ਹੁੰਦੀ। ਇਸ ਇਲਾਕੇ ਦੀ ਪਛਾਣ ਪੂਰੀ ਦੁਨੀਆਂ ਵਿੱਚ ਅੰਬਾਂ ਦਾ ਘਰ ਕਰਕੇ ਹੁੰਦੀ ਸੀ, ਪਰ ਬਾਗ਼ਾਂ ਦਾ ਇਲਾਕਾ ਹੁਣ ਬਾਗਾਂ ਦੀਆਂ ਠੰਢੀਆਂ ਛਾਵਾਂ ਦਾ ਆਨੰਦ ਮਾਣਨ ਨੂੰ ਤਰਸ ਰਿਹਾ ਹੈ।
ਬਚਪਨ ਵਿੱਚ ਅਸੀਂ ਆਪਣੇ ਬਾਬਾ ਜੀ ਨਾਲ ਟੋਕਰੀਆਂ ਵਿੱਚ ਅੰਬ ਲਗਾਕੇ ਪਕਾਉਣ ਲਈ ਚੋਡੇ (ਜਾਲੀ) ਬੁਣਦੇ ਸੀ। ਜਦੋਂ ਤੁੜਾਵਾ ਅੰਬ ’ਤੇ ਚੜ੍ਹਕੇ ਅੰਬ ਤੋੜਕੇ ਕਾਂਡੂ (ਜਾਲੀਦਾਰ ਬੋਰਾ) ਵਿੱਚ ਪਾਉਂਦਾ ਤਾਂ ਕੋਈ ਅੰਬ ਧਰਤੀ ’ਤੇ ਗਿਰ ਜਾਂਦਾ ਤਾਂ ਉਸਨੂੰ ਬਾਕੀ ਅੰਬਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ ਤਾਂ ਕਿ ਟੋਕਰੀ ਵਿੱਚ ਪੈ ਕੇ ਬਾਕੀ ਅੰਬ ਵੀ ਗਲ਼ ਨਾ ਜਾਣ। ਬੂਟੇ ਨਾਲੋਂ ਅੰਬਾਂ ਨੂੰ ਕਾਂਡੂ ਛਿੱਕੀ ਨਾਲ ਤੋੜਕੇ ਹੇਠਾਂ ਛਾਂ ਵਿੱਚ ਸਿਰਕੀ (ਤੀਲਾਂ ਦੀ ਚਟਾਈ) ’ਤੇ ਡੰਡੀਆਂ ਤੋੜਕੇ ਸੁਕਾਇਆ ਜਾਂਦਾ ਸੀ। ਬਾਅਦ ਦੁਪਹਿਰ ਇਨ੍ਹਾਂ ਅੰਬਾਂ ਨੂੰ ਬਗੜ ਨਾਲ ਟੋਕਰੀਆਂ ਵਿੱਚ ਭਰਿਆ ਜਾਂਦਾ ਸੀ। ਪਕਾਉਣ ਦਾ ਇਹ ਕੁਦਰਤੀ ਤਰੀਕਾ ਸੀ। ਕਿਸੇ ਵੀ ਮਸਾਲੇ ਆਦਿ ਦੀ ਵਰਤੋਂ ਨਹੀਂ ਸੀ ਹੁੰਦੀ। ਜਦੋਂਕਿ ਅੱਜਕੱਲ੍ਹ ਇਨ੍ਹਾਂ ਗੱਲਾਂ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ, ਸਗੋਂ ਪੇਟੀਆਂ ਵਿੱਚ ਬੰਦ ਕਰਕੇ ਮਸਾਲਾ ਰੱਖਕੇ ਪਕਾ ਲਿਆ ਜਾਂਦਾ ਹੈ ਜੋ ਸਿਹਤ ਲਈ ਲਾਭਕਾਰੀ ਨਹੀਂ ਹੁੰਦਾ। ਜਦੋਂ ਅੰਬ ਖੁਦ ਪੱਕ ਕੇ ਹੇਠ ਡਿੱਗਦਾ ਸੀ ਤਾਂ ਉਸਨੂੰ ਟਪਕਾ ਕਿਹਾ ਜਾਂਦਾ ਸੀ। ਅਸਲ ਵਿੱਚ ਰਸਿਆ ਹੋਇਆ ਜਾਂ ਦੇਸੀ ਤਰੀਕੇ ਨਾਲ ਪਕਾਇਆ ਹੋਇਆ ਅੰਬ ਹੀ ਸਿਹਤ ਲਈ ਜ਼ਿਆਦਾ ਲਾਭਕਾਰੀ ਹੁੰਦਾ ਹੈ। ਟਪਕੇ ਦੀਆਂ ਅੰਬੀਆਂ ਨੂੰ ਠੰਢੇ ਪਾਣੀ ਵਿੱਚ ਪਾ ਕੇ ਚੂਪਣ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ।
ਦੁਆਬੇ ਦੀ ਧਰਤੀ ’ਤੇ ਕਈ ਪ੍ਰਕਾਰ ਦੇ ਅੰਬ ਮਿਲਦੇ ਸਨ। ਜਿਨ੍ਹਾਂ ਨੂੰ ਦੁਸਹਿਰੀ, ਸੌਂਫੀਆ, ਲੰਗੜਾ, ਸੰਧੂਰੀ, ਗਾਜਰੀ, ਲਾਲ ਪਰੀ, ਥਾਣੇਦਾਰ ਆਦਿ ਨਾਂਅ ਦਿੱਤੇ ਜਾਂਦੇ ਸਨ। ਹੁਣ ਜੇਕਰ ਇਹ ਕਹੀਏ ਕਿ ਅੰਬਾਂ ਦੀ ਮਹਿਕ ਲਈ ਦੁਆਬੀਏ ਵੀ ਤਰਸਣ ਲੱਗੇ ਹਨ ਤਾਂ ਇਹ ਕੋਈ ਅਤਿਕਥਨੀ ਨਹੀਂ। ਹੁਸ਼ਿਆਰਪੁਰ ਦੀ ਪੁਰਾਣੀ ਹੱਦਬੰਦੀ ਅਨੁਸਾਰ ਇਹ ਸਾਰਾ ਇਲਾਕਾ ਬਾਗ਼ਾਂ ਦਾ ਘਰ ਸੀ। ਹਿਮਾਚਲ ਦਾ ਜ਼ਿਲ੍ਹਾ ਊਨਾ ਤੇ ਨੰਗਲ ਦਾ ਇਲਾਕਾ ਵੀ ਇਸੇ ਵਿੱਚ ਹੀ ਗਿਣਿਆ ਜਾਂਦਾ ਰਿਹਾ ਹੈ। ਅਜੇ ਹਿਮਾਚਲ ਦੇ ਇਲਾਕੇ ਵਿੱਚ ਕੁਝ ਕੁ ਬਾਗ਼ਾਂ ਦੇ ਨਜ਼ਾਰੇ ਦੇਖੇ ਜਾ ਸਕਦੇ ਹਨ। ਇਨ੍ਹਾਂ ਦਿਨਾਂ ਦੀ ਇਹ ਬੋਲੀ ਮਸ਼ਹੂਰ ਹੈ:
ਅੰਬੀਆਂ ਦੇ ਬੂਟਿਆਂ ਨੂੰ ਪੈ ਗਿਆ ਬੂਰ ਵੇ,
ਰੁੱਤ ਇਹ ਪਿਆਰਾਂ ਵਾਲੀ ਮਾਹੀਆ ਮੇਰਾ ਦੂਰ ਵੇ।
ਅੰਬਾਂ ਨਾਲ ਸਬੰਧਤ ਅਨੇਕਾਂ ਲੋਕ ਗੀਤ ਇਸਦੀ ਮਹਾਨਤਾ ਨੂੰ ਉਜਾਗਰ ਕਰਦੇ ਹਨ। ਅੰਬਾਂ ਦੀ ਕਈ ਦਵਾਈਆਂ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਪਕਾਏ ਜਾਣ ਵਾਲੇ ਅੰਬ ਦੀ ਡੰਡੀ ਤੋੜ ਦਿੱਤੀ ਜਾਂਦੀ ਹੈ। ਨਹੀਂ ਤਾਂ ਉਹ ਉਸਦੇ ਪੱਕਣ ਵਿੱਚ ਰੁਕਾਵਟ ਪੈਦਾ ਕਰਦੀ ਹੈ। ਡੰਡੀ ਤੋੜਨ ਵੇਲੇ ਨਿਕਲਣ ਵਾਲੇ ਪਦਾਰਥ ਨੂੰ ਡੋਕ ਕਿਹਾ ਜਾਂਦਾ ਹੈ ਜਿਸਤੋਂ ਅਨੇਕਾਂ ਪ੍ਰਕਾਰ ਦੀਆਂ ਅੱਖਾਂ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਡੋਕ ਦਾ ਦਾਗ਼ ਕੱਪੜੇ ਤੋਂ ਕਦੇ ਨਹੀਂ ਉਤਰਦਾ। ਫ਼ਲਾਂ ਦੇ ਰਾਜੇ ਅੰਬ ਨੂੰ ਜੇਕਰ ਅੱਜ ਵੀ ਕੁਦਰਤੀ ਤਰੀਕੇ ਨਾਲ ਪਕਾਇਆ ਜਾਵੇ ਤਾਂ ਅਸੀਂ ਇਸਦੀ ਸੌ ਫ਼ੀਸਦੀ ਪੌਸ਼ਟਿਕਤਾ ਦਾ ਲਾਭ ਲੈ ਸਕਦੇ ਹਾਂ। ਇਹ ਵੀ ਤਜਰਬਾ ਦੱਸਦਾ ਹੈ ਕਿ ਕਈ ਅੰਬਾਂ ਦਾ ਰੰਗ ਸੰਧੂਰੀ ਹੁੰਦਾ ਹੈ, ਪਰ ਉਹ ਖਾਣ ਵੇਲੇ ਖੱਟੇ ਨਿਕਲਦੇ ਹਨ।
ਪੁਰਾਣੇ ਰਾਜਿਆਂ ਨੇ ਅੰਬਾਂ ਦੇ ਬਾਗ਼ ਲੁਆਉਣ ਵਿੱਚ ਬੜੀ ਦਿਲਚਸਪੀ ਲਈ ਸੀ। ਇਸੇ ਕਰਕੇ ਦੁਆਬੇ ਦੀ ਧਰਤੀ ਅੰਬਾਂ ਦਾ ਘਰ ਬਣ ਗਈ ਸੀ।
ਭਾਵੇਂ ਭਾਰਤ ਅੰਬ ਪੈਦਾ ਕਰਨ ਵਾਲਾ ਪ੍ਰਮੁੱਖ ਦੇਸ਼ ਹੈ, ਪਰ ਇਸਦੀ ਬਹੁਤੀ ਖਪਤ ਦੇਸ਼ ਵਿੱਚ ਹੀ ਹੋ ਜਾਂਦੀ ਹੈ। ਭਾਰਤ ਵਿੱਚ ਇਸ ਦੀਆਂ 500 ਕਿਸਮਾਂ ਮਿਲਦੀਆਂ ਹਨ, ਪਰ ਪ੍ਰਚੱਲਤ 35 ਦੇ ਕਰੀਬ ਹੀ ਹਨ। ਅੰਬ ਦੀ ਬਹੁਤੀ ਵਰਤੋਂ ਅਚਾਰ ਵਾਸਤੇ ਕੀਤੀ ਜਾਂਦੀ ਹੈ। ਅੰਬ ਤੋਂ ਚਟਨੀ, ਮੁਰੱਬਾ, ਮਲਾਂਜੀ, ਬਾਂਜੂ, ਬਾਖੜੀਆਂ ਆਦਿ ਅਨੇਕਾਂ ਪ੍ਰਕਾਰ ਦੇ ਸਵਾਦੀ ਪਦਾਰਥ ਤਿਆਰ ਕੀਤੇ ਜਾਂਦੇ ਹਨ। ਇਸਦੀ ਖਟਿਆਈ ਨੂੰ ਜਾਇਕਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਅੰਬਾਂ ਵਾਲੇ ਇਲਾਕੇ ਵਿੱਚ ਬਾਂਜੂ ਬੜਾ ਮਸ਼ਹੂਰ ਹੈ ਤੇ ਸਬਜ਼ੀ/ਦਾਲ ਵਜੋਂ ਵਰਤਿਆ ਜਾਂਦਾ ਹੈ।
ਡਾਕਟਰੀ ਅੰਦਾਜ਼ੇ ਅਨੁਸਾਰ ਅੰਬ ਇੱਕ ਅਜਿਹਾ ਫ਼ਲ ਹੈ ਜੋ ਸਰੀਰ ਵਿਚਲੇ ਅਨੇਕਾਂ ਰੋਗਾਂ ਲਈ ਦਾਰੂ ਵਜੋਂ ਵਰਤਿਆ ਜਾਂਦਾ ਹੈ। ਸੌ ਗ੍ਰਾਮ ਭਾਰ ਵਾਲੇ ਅੰਬ ਵਿੱਚ 65 ਕਿਲੋ ਕੈਲੋਰੀ ਊਰਜਾ ਦੇਣ ਦੀ ਸਮਰੱਥਾ ਹੁੰਦੀ ਹੈ। ਜਿਸ ਵਿੱਚ ਸਭ ਤੋਂ ਵੱਧ 17 ਗ੍ਰਾਮ ਕਾਰਬੋਹਾਈਡ੍ਰੇਟ ਅਤੇ 14.8 ਗ੍ਰਾਮ ਖੰਡ ਹੁੰਦੀ ਹੈ। ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਸਮੇਤ ਵਿਟਾਮਿਨ ਏ, ਬੀ ਤੇ ਸੀ ਵੀ ਮੌਜੂਦ ਹੁੰਦਾ ਹੈ। ਪੱਕੇ ਅੰਬ ਚੂਪਣ ਨਾਲ ਦਿਲ, ਹੱਡੀਆਂ ਅਤੇ ਮਾਸ ਪੇਸ਼ੀਆਂ ਨੂੰ ਮਜ਼ਬੂਤੀ ਮਿਲਦੀ ਹੈ। ਗਰਮੀ ਤੋਂ ਬਚਣ ਲਈ ਇਸਨੂੰ ਸੁਆਹ ਵਿੱਚ ਭੁੰਨਕੇ ਇਸਦੇ ਗੁੱਦੇ ਦਾ ਸ਼ਰਬਤ ਪੀਤਾ ਜਾਂਦਾ ਹੈ। ਪੱਕੇ ਅੰਬਾਂ ਨੂੰ ਚੂਪਣ ਨਾਲ ਅੱਖਾਂ ਦੇ ਰੋਗਾਂ ਤੋਂ ਵੀ ਬਚਿਆ ਜਾ ਸਕਦਾ ਹੈ। ਕਿਸੇ ਜ਼ਮਾਨੇ ਇਹ ਫ਼ਲ ਰਾਜਿਆਂ ਵੱਲੋਂ ਹੀ ਖਾਧਾ ਜਾਂਦਾ ਸੀ ਜਿਸ ਕਰਕੇ ਇਸ ਨੂੰ ਫ਼ਲਾਂ ਦਾ ਰਾਜਾ ਮੰਨਿਆ ਜਾਣ ਲੱਗਾ।
ਫ਼ਲਾਂ ਦਾ ਰਾਜਾ ਹੁਣ ਦੁਆਬੇ ਵਿੱਚ ਵਿਰਲਾ ਟਾਵਾਂ ਹੀ ਹੈ। ਹੁਣ ਦੁਆਬੇ ਤੋਂ ਸੰਧੂਰੀ ਅੰਬਾਂ ਦੀ ਮਹਿਕ ਨਹੀਂ ਆਉਂਦੀ। ਇਸ ਲਈ ਹੀ ਕਿਹਾ ਗਿਆ ਹੈ:
ਹੁਣ ਅੰਬੀਆਂ ਨੂੰ ਤਰਸੇਂਗੀ
ਵਿੱਚ ਰਹਿਕ ਦੇਸ ਦੁਆਬੇ।

LEAVE A REPLY

Please enter your comment!
Please enter your name here