ਗੁਮਰਾਹ ਜਦੋਂ ਗਿਆਨ ਇਥੇ ।
ਫੇਰ ਕੀ ਕਰੂ ਵਿਗਿਆਨ ਇਥੇ ।

ਧਰਮੀ ਬਣਦੇ ਫਿਰਦੇ ਸਾਰੇ
ਕੌਣ ਬਣੂ ਇਨਸਾਨ ਇਥੇ ।

ਮਜੵਬੀ ਜ਼ਹਿਰ ਮਨਾ ਤੇ ਛਾਈ
ਵੰਡ ਲਏ ਨੇ ਭਗਵਾਨ ਇਥੇ ।

ਮੁਕੀ ਕੁਰਵਤ ਦੁਸ਼ਮਣ ਲੱਗਣ
ਬਾਈਬਲ ਅਤੇ ਕੁਰਾਨ ਇਥੇ ।

ਮੌਤ ਦੇ ਸੌਦੇ ਕਰਨ ਲੱਗ ਪਈ
ਧਰਮਾ ਵਾਲੀ ਦੁਕਾਨ ਇਥੇ ।

ਆਖਰੀ ਸਾਂਹ ਸ਼ਰਾਫ਼ਤ ਲੈਂਦੀ
ਐਸ਼ ਕਰਨ ਸ਼ੈਤਾਨ ਇਥੇ ।

ਭੂੱਖੇ ਢਿੱਡ ਨੂੰ ਪੈਂਦੀਆਂ ਲੱਤਾਂ
ਰੱਜਿਆਂ ਲਈ ਪੁੱਨ ਦਾਨ ਏਥੇ ।

ਸੱਚ ਸਿਦਕ ਦਾ ਹੋਇਆ ਸੌਦਾ
ਬਣ ਗਿਆ ਝੂਠ ਮਹਾਨ ਏਥੇ ।

ਪਰਵਚਨਾ ਵਿਚ ਉਲਝੇ ਲੋਕੀ
ਡੇਰਿਆਂ ਵਾਲਾ ਤੂਫ਼ਾਨ ਇਥੇ ।

ਲੋਕਤੰਤਰ ਲੋਕਾਂ ਦਾ ਦੁਸ਼ਮਣ
ਮੁੱਲ ਵਿੱਕਦਾ ਮੱਤਦਾਨ ਇਥੇ ।

ਕਲਾ ਰੁਲ ਰਹੀ ਕੱਖਾਂ ਵਾਂਗਰ
ਸਿਫਾਰਸ਼ੀ ਹਰ ਸਨਮਾਨ ਇਥੇ ।

ਮਰਦ ਜਾਤ ਦੀ ਫੋਕੀ ਚੌਧਰ
ਰੁੱਲਦੀ ਫਿਰੇ ਰਕਾਨ ਇਥੇ ।

ਜੋ ਹਿਰਿਆਂ ਦੀ ਡੋਲੀ ਆਵੇ
ਉਹ ਦੁਲਹਨ ਪਰਵਾਨ ਇਥੇ ।

ਖ਼ਾਹਿਸ਼ਾਂ ਵਾਲੇ ਘਰ ਨਾ ਦਿਸਦੇ
ਇੱਟ ਪੱਥਰਾਂ ਦੇ ਮਕਾਨ ਇਥੇ ।

ਬਿੰਦਰਾ ਜਾਤ ਦੇ ਕਰਨ ਵਿਖਾਵੇ
ਖੋਖਲੇ ਸਭ ਖਾਨਦਾਨ ਇਥੇ । 

  ———0000———-

LEAVE A REPLY

Please enter your comment!
Please enter your name here