ਕੀ ਭਾਰਤੀ ਲੋਕਾਂ ਨੂੰ ਇਸ ਤਰਾਂ ਹੀ ਧਾਰਮਿਕ ਸੱਚੇ ਝੂਠੇ ਤਿਉਹਾਰਾਂ ਨੂੰ ਮਨਾਉਣ ਵੇਲੇ ਬਲ਼ੀ ਦਾ ਬੱਕਰਾ ਬਣਾਉਂਦੀਆਂ ਰਹਿਣਗੀਆਂ ਧਾਰਮਿਕ ਸੰਸਥਾਵਾਂ ਅਤੇ ਸਰਕਾਰਾਂ? ਕੱਲ ਦੀ ਤਾਜਾ ਮੰਦਭਾਗੀ ਵਰਤ ਗਈ ਦੁਰਘਟਨਾਂ ਦੇ ਵਾਪਰਨ ਦਾ ਅਸਲ ਕਾਰਨ ਕੀ ਹੈ? ਸਿਰਫ ਇੱਕ ਅਖੌਤੀ ਪਾਤਰਾਂ ਦੇ ਪੁੱਤਲਿਆਂ ਨੂੰ ਹਰ ਸਾਲ ਜਲਾਉਣ ਲਈ ਹਜਾਰਾਂ ਲੱਖਾਂ ਲੋਕ ਇੱਕ ਥਾਂ ਇਕੱਤਰ ਹੁੰਦੇ ਹਨ ਅਤੇ ਇਹੋ ਜਿਹੀਆਂ ਦੁਰਘਟਨਾਵਾਂ ਦੇ ਸ਼ਿਕਾਰ ਹੋਕੇ ਅਣਆਈ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਇਸ ਤਾਜਾ ਵਾਪਰੀ ਦੁਰਘਟਨਾ ਦਾ ਅਸਲ ਮੁੱਦਾ ਵੀ ਇੱਕ ਅਖੌਤੀ ਕਥਾ ਪਰ ਅਧਾਰਿਤ ਪਰ ਹੀ ਹੈ। ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਸਾਰੀ ਰਮਾਇਣ ਕਥਾ ਵਿੱਚ ਕੋਈ ਵੀ ਸਚਾਈ ਨਹੀਂ ਹੈ। ਇਹ ਸਿਰਫ ਇੱਕ ਉਸ ਵੇਲੇ ਦੇ ਕਵੀ ਦੀ ਕੋਰੀ ਕਲਪਨਾ ਹੈ ਜੋ ਕਿ ਭਾਰਤੀ ਲੋਕਾਂ ਦੇ ਸਿਰ ਹੁਣ ਧੱਕੇ ਨਾਲ ਮੜ੍ਹੀ ਜਾ ਰਹੀ ਹੈ। ਇਹ ਇੱਕ ਕਾਵਿ ਨਾਟਕ ਹੈ ਇਸਤੋਂ ਵੱਧ ਹੋਰ ਕੁੱਝ ਵੀ ਨਹੀਂ ਹੈ। ਜੇ ਇਸ ਤਰਾਂ ਹੀ ਲੋਕ ਇਸ ਕਥਾ ਨੂੰ ਸੱਚ ਮੰਂਨਕੇ ਭਾਰਤੀ ਲੋਕ ਹਰ ਸਾਲ ਇਹਨਾਂ ਪਾਤਰਾਂ ਦੇ ਪੁੱਤਲੇ ਲੂਹਕੇ ਆਪਣਾ ਸੁਆਦ ਪੂਰਾ ਕਰਦੇ ਗਏ ਤਾਂ ਜਲਦੀ ਹੀ ਉਹ ਸਮਾਂ ਆਉਣ ਵਾਲਾ ਹੈ। ਜਦੋਂ ਇਹਨਾਂ ਪੁੱਤਲਿਆਂ ਨੂੰ ਸੜਦਾ ਦੇਖਣ ਲਈ ਮੱਲੋ ਜ਼ੋਰੀ ਘਰਾਂ ਵਿੱਚੋਂ ਕੱਢ ਕੱਢਕੇ ਲੋਕਾਂ ਨੂੰ ਲਿਜਾਇਆ ਜਾਵੇਗਾ।
ਇਹਨਾਂ ਪੁੱਤਲਿਆਂ ਨੂੰ ਬਣਾਕੇ ਕਰੋੜਾਂ ਰੁਪਿਆ ਖਰਚ ਕਰਕੇ ਇੱਕ ਘੰਟੇ ਵਿੱਚ ਹੀ ਉਹ ਦੇਸ਼ ਦਾ ਧੰਨ ਅੱਗ ਲਾਕੇ ਸਵਾਹ ਕੀਤਾ ਜਾ ਰਿਹਾ ਹੈ। ਇਹਨਾਂ ਅਖੌਤੀ ਪਾਤਰਾਂ ਦੇ ਪੁੱਤਲਿਆਂ ਨੂੰ ਐਸੇ ਖ਼ਤਰਨਾਕ ਬਰੂਦ ਨਾਲ ਭਰਿਆ ਜਾਂਦਾ ਹੈ ਜਿਸ ਨਾਲ ਜ਼ਿਅਦਾ ਖੜਾਕ ਹੋਵੇ। ਉਹ ਬਰੂਦ ਪੰਜਾਬ ਦੇ ਕਿਸਾਨਾਂ ਦੇ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ਼ੋਂ ਹਜ਼ਾਰਾਂ ਗੁਣਾਂ ਜ਼ਿਆਦਾ ਪ੍ਰਦੂਸ਼ਣ ਫੈਲਾਉਂਦਾ ਹੈ। ਜਿਸ ਨਾਲ ਇੱਕ ਨਹੀਂ ਸਰੀਰ ਨੂੰ ਸੈਕੜੇ ਬੀਮਾਰੀਆਂ ਲੱਗਦੀਆਂ ਹਨ। ਸੱਭ ਤੋਂ ਖ਼ਤਰਨਾਕ ਬੀਮਾਰੀ ਦਮਾਂ ( ਅਸਥਮਾ ) ਲੱਗਦੀ ਹੈ ਜੋ ਇਨਸਾਨੀ ਫੇਫੜਿਆਂ ਨੂੰ ਤਬਾਹ ਕਰ ਦਿੰਦੀ ਹੈ। ਫੇਫੜਿਆਂ ਦੀ ਸ਼ਕਤੀ ਘੱਟਕੇ ਉਹਨਾਂ ਦੇ ਸੁਰਾਖ ਬੰਦ ਹੋ ਜਾਂਦੇ ਹਨ ਜਿਹਨਾਂ ਸੁਰਾਖਾਂ ਰਾਹੀਂ ਉਹ ਫੇਫੜੇ ਅੱਗੇ ਸਾਰੇ ਸਰੀਰ ਅਤੇ ਖਾਸ ਕਰਕੇ ਦਿੱਲ ਨੂੰ ਔਕਸੀਜਨ ਸਪਲਾਈ ਕਰਦੇ ਹਨ । ਇਹ ਆਕਸੀਜਨ ਭਾਰਤ ਵਿੱਚ ਜੰਗਲ ਘਟਣ ਨਾਲ  ਪਹਿਲਾਂ ਹੀ ਬਹੁਤ ਘੱਟ ਚੁੱਕੀ ਹੈ। ਇਸ ਵਿੱਚ ਜ਼ਹਿਰ ਫੈਲ ਗਿਆ ਹੈ।
ਇਕੱਲੇ ਚੰਡੀਗੜ੍ਹ ਵਿੱਚ ਹੀ ਸੱਭ ਤੋਂ ਉੱਚਾ ਰਾਵਣ ਦਾ ਬੁੱਤ ਤੀਹ ਲੱਖ ਰੁਪਏ ਵਿੱਚ ਬਣਾਕੇ ਅੱਧੇ ਘੰਟੇ ਵਿੱਚ ਉਹ ਤੀਹ ਲੱਖ ਰੁਪਿਆ ਸਾੜਕੇ ਸਵਾਹ ਕਰ ਦਿੱਤਾ ਹੈ। ਬਾਕੀ ਸਾਰੇ ਭਾਰਤ ਵਿੱਚ ਤੁਸੀਂ ਆਪ ਅੰਦਾਜਾ ਲਾ ਸਕਦੇ ਹੋ ਕਿ ਕਿੰਨੀ ਭਾਰਤ ਦੀ ਧੰਨ ਦੌਲਤ ਤਬਾਹ ਕੀਤੀ ਜਾ ਰਹੀ ਹੈ। ਇਹ ਸਾਰੀ ਭਾਰਤ ਦੀ ਮਿਹਨਤਕਸ਼ ਜਮਾਤ ਦੀ ਕਮਾਈ ਹੀ ਹੈ ਜਿਹਨਾਂ ਨੂੰ ਦੋ ਵਕਤ ਦੀ ਰੋਟੀ ਵੀ ਚੱਜ ਨਾਲ ਨਸੀਬ ਨਹੀਂ ਹੁੰਦੀ। ਪੰਜਾਬ ਸਰਕਾਰ ਦੇ ਮੁੱਖੀ ਜਾਣੀ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਜਾਣੀ ਮੋਦੀ ਸਾਹਿਬ ਨੂੰ ਕਿਸਾਨਾਂ ਦੀ ਪਰਾਲੀ ਦਾ ਕੋਈ ਹੱਲ ਲੱਭਣ ਲਈ ਮਿਲਣ ਜਾ ਰਹੇ ਹਨ। ਸਾਡੀ ਗੁਜ਼ਾਰਿਸ਼ ਹੈ ਕਿ ਉਹ ਨਾਲ਼ ਲੱਗਦਾ ਇਹਨਾਂ ਅਖੌਤੀ ਪਾਤਰਾਂ ਦੇ ਹਰ ਸਾਲ ਪੁੱਤਲੇ ਸਾੜਕੇ ਜੋ ਪੰਜਾਬ ਦੀ ਫਿਜ਼ਾ ਵਿੱਚ ਜ਼ਹਿਰ ਘੋਲ਼ੀ ਜਾ ਰਹੀ ਹੈ ਉਸਦਾ ਵੀ ਕੋਈ ਨਾਲ਼ ਹੀ ਹੱਲ  ਕੱਢਕੇ ਆਉਣ।
ਦਿੱਲੀ ਨੇ ਹਮੇਸ਼ਾਂ ਹੀ ਰੌਲ਼ੀ ਪਾਈ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਪਰਾਲ਼ੀ ਦਾ ਧੂੰਆਂ ਦਿੱਲੀ ਦੀ ਫਿਜ਼ਾ ( ਵਾਤਾਵਰਣ ) ਨੂੰ ਖਰਾਬ ਕਰ ਰਿਹਾ ਹੈ। ਜਾਣੀ ਬਘਿਆੜ ਅਤੇ ਲੇਲੇ ਦੀ ਪਾਣੀ ਗੰਦਾ ਕਰਨ ਵਾਲੀ ਕਹਾਣੀ ਨੂੰ ਸੱਚ ਸਾਬਤ ਕੀਤਾ ਜਾ ਰਿਹਾ ਹੈ। ਕੀ ਹੁਣ ਦਿੱਲੀ ਨੂੰ ਇਹ ਨਹੀਂ ਪਤਾ ਕਿ ਆਹ ਜੋ ਜ਼ਹਿਰ ਇਹਨਾਂ ਬੁੱਤਾਂ ਵਿੱਚ ਭਰਕੇ ਸਾਰੇ ਭਾਰਤ ਦੇ ਵਸਨੀਕਾਂ ਨੂੰ ਸਰਕਾਰਾਂ ਆਪ ਕੋਲੋਂ ਪੈਸੇ ਅਤੇ ਹਮਾਇਤ ਦੇਕੇ ਵੰਡ ਰਹੀਆਂ ਹਨ ਉਹਨਾਂ ਬਾਰੇ ਦਿੱਲੀ ਦਾ ਕੀ ਵਿਚਾਰ ਹੈ? ਨਾਲ਼ ਜੋ ਭਾਰਤ ਦੇ ਲੀਡਰ ਇਹੋ ਜਿਹੇ ਤਿਉਹਾਰਾਂ ਨੂੰ ਬੜਾਵਾ ਦੇਕੇ ਆਪ ਵਿੱਚ ਸ਼ਮੂਲੀਅਤ ਕਰਕੇ ਆਪਣੀਆਂ ਫੋਟੂਆਂ ਅਖਬਾਰਾਂ ਵਿੱਚ ਛਪਵਾਕੇ ਫੁੱਲੇ ਨਹੀਂ ਸਮਾਉਂਦੇ ਉਹਨਾਂ ਨੂੰ ਵੀ ਕੋਈ ਆਪਣਾਂ ਹੋਰ ਮਨ ਪ੍ਰਚਾਵਾ ਢੂੰਡਣਾਂ ਚਾਹੀਦਾ ਹੈ। ਉਹ ਇਹੋ ਜਿਹੇ ਮਨ ਪ੍ਰਚਾਵੇ ਕਾਲਜ ਸਕੂਲ, ਵਧੀਆ ਪਾਰਕ,ਖੇਡ ਮੈਦਾਨ ਅਤੇ ਹਸਪਤਾਲ ਖੁੱਲਵਾਕੇ ਉਦਘਾਟਨਾਂ ਵੇਲੇ ਕਰ ਸਕਦੇ ਹਨ।
ਸੱਭ ਤੋਂ ਆਖਰੀ ਅਤੇ ਜਾਇਜ਼ ਲੋੜ ਇਹ ਹੈ ਕਿ ਕਿਸੇ ਵੀ ਤਿਉਹਾਰ ਨੂੰ ਮਨਾਉਣ ਵਾਲ਼ੇ ਸਥਾਨ ਦੀ ਮਿਕਦਾਰ ਅਨੁਸਾਰ ਹੀ ਦਰਸ਼ਕ ਲੋਕਾਂ ਨੂੰ ਦਾਖਲਾ ਦੇਣਾ ਚਾਹੀਦਾ ਹੈ ਅਤੇ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਸਮੇਂ ਇਹੋ ਜਿਹੀ ਭਗਦੜ ਸਮੇਂ ਬਚਾਅ ਹੋ ਸਕੇ। ਮੈਂ ਇਕ ਆਪ ਅੱਖੀਂ ਦੇਖੀ ਘਟਨਾ ਦਾ ਇੱਥੇ ਜ਼ਿਕਰ ਕਰਨਾਂ ਕੁਥਾਂ ਨਹੀਂ ਸਮਜਾਂਗਾ ਜੋ ਪਿਛਲੇ ਸਾਲ ਉਦੇ ਪੁਰ ਸ਼ਹਿਰ ਦੀ ਹੈ। ਉਦੇ ਪੁਰ ਵਿੱਚ ਜਗਦੀਸ਼ ਮੰਦਰ ਦੇ ਮੋਹਰੇ ਇੱਕ ਛੋਟਾ ਜਿਹਾ ਜਗਦੀਸ਼ ਚੌਕ ਹੈ, ਜਿਸ ਵਿੱਚ ਹਰ ਸਾਲ ਹੋਲੀ ਵਾਲ਼ੇ ਦਿੱਨ ਹੋਲੀਕਾ ਦਾ ਵੱਡਾ ਸਾਰਾ ਇੱਕ ਦਰੱਖਤ ਦਾ ਪੁੱਤਲਾ ਬਣਾਕੇ ਬਰੂਦ ਭਰਕੇ ਸਾੜਿਆ ਜਾਂਦਾ ਹੈ। ਪਿਛਲੇ ਸਾਲ ਹੋਲੀ ਦੇ ਦਿੱਨ ਵੀ ਇਸ ਤਰਾਂ ਦੇ ਉਸ ਪੁੱਤਲੇ ਨੂੰ ਅੱਗ ਲਾਉਣ ਲੱਗੇ ਤਾਂ ਪੁਲਸ ਕਰਮੀਆਂ ਨੇ ਬਹੁਤ ਹੀ ਲੋਕਾਂ ਨੂੰ ਜ਼ੋਰ ਨਾਲ਼ ਪਿੱਛੇ ਵੱਲ ਧਕੇਲਿਆ। ਪਰ ਫੇਰ ਵੀ ਲੋਕ ਮੋਹਰ ਨੁੰ ਹੁੰਦੇ ਗਏ। ਜਦੋਂ ਉਸ  ਹੋਲੀਕਾ ਦੇ ਪੁੱਤਲੇ ਨੂੰ ਅੱਗ ਲਾਈ ਤਾਂ ਬਰੂਦ ਜਲ ਉੱਠਿਆ। ਉਸਦੇ ਭੜਾਕੇ  ਪੈਕੇ ਅੱਗ ਦੇ ਚੰਗਿਆੜੇ ਦੂਰ ਦੂਰ ਤੱਕ ਡਿੱਗਣ ਲੱਗ ਪਏ ਤਾਂ ਲੋਕਾਂ ਵਿੱਚ ਬਹੁਤ ਹੀ ਭਗਦੜ ਮੱਚ ਗਈ। ਲੋਕ ਇੱਕ ਦੂਜੇ ਨੂੰ ਮਿਧਦੇ ਹੋਏ ਪਿਛਾਂਹ ਵੱਲ ਭੱਜਣ ਲੱਗੇ ਜਿਹਨਾਂ ਵਿੱਚ ਅਸੀਂ ਜੋ ਆਪਣੇ ਪਰਿਵਾਰ ਦੇ ਚਾਰ ਮੈਂਬਰ ਸੱਭ ਤੋਂ ਪਿੱਛੇ ਖੜ੍ਹੇ ਸਾਂ ਵੀ ਇੱਕ ਦੂਜੇ ਨੂੰ ਲੱਭਦੇ ਫਿਰ ਰਹੇ ਸਾਂ ਅਤੇ ਉਸ ਅੱਗ ਤੋਂ ਬਚਾਅ ਕਰ ਰਹੇ ਸਾਂ। ਇਸ ਕਰਕੇ ਲੋਕਾਂ ਨੂੰ ਵੀ ਆਪਣੀ ਕੀਮਤੀ ਜ਼ਿੰਦਗੀ ਦਾ ਆਪ ਬਚਾਅ ਕਰਨਾਂ ਚਾਹੀਦਾ ਹੈ।

LEAVE A REPLY

Please enter your comment!
Please enter your name here