ਮੇਰੇ ਗੁਆਂਢੀ ਪਰਮਜੀਤ ਦਾ ਵੱਡਾ ਮੁੰਡਾ ਮਾੜੇ ਮੁੰਡਿਆਂ ਦੀ ਸੰਗਤ ਵਿੱਚ ਪੈ ਕੇ ਕਈ ਸਾਲਾਂ ਤੋਂ ਨਸ਼ੇ ਕਰ ਰਿਹਾ ਹੈ। ਘਰ ਦੀ ਜੋ ਚੀਜ਼ ਉਸ ਨੂੰ ਦਿਸਦੀ ਹੈ, ਉਸ ਨੂੰ ਵੇਚਣ ਤੁਰ ਪੈਂਦਾ ਹੈ। ਕਿਸੇ ਨਾ ਕਿਸੇ ਬਹਾਨੇ ਨਸ਼ਾ ਕਰਨ ਲਈ ਪਰਮਜੀਤ ਤੋਂ ਪੈਸੇ ਮੰਗਦਾ ਰਹਿੰਦਾ ਹੈ। ਉਸ  ਨੂੰ ਗਾਲਾਂ ਵੀ ਕੱਢਦਾ ਰਹਿੰਦਾ ਹੈ। ਮੋਟਰ ਸਾਈਕਲ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਹਿੰਦਾ ਹੈ। ਕਲ੍ਹ ਵੀ ਉਹ ਮੋਟਰ ਸਾਈਕਲ ਲੈ ਕੇ ਕਿਤੇ ਗਿਆ ਹੋਇਆ ਸੀ। ਕਿਸੇ ਗੱਲ ਕਰਕੇ ਉਹ ਆਪਣੇ ਸਾਥੀਆਂ ਨਾਲ ਖਹਿਬੜ ਪਿਆ। ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਉਸ ਦੇ ਸਿਰ ਵਿੱਚ ਪਤਾ ਨਹੀਂ ਕੀ ਮਾਰਿਆ, ਉਸ ਦੇ ਸਿਰ ਵਿੱਚੋਂ ਖੂਨ ਵਹਿਣ ਲੱਗ ਪਿਆ ਸੀ।
ਅੱਜ ਜਦੋਂ ਮੈਂ ਆਪਣੀ ਪਤਨੀ ਨੂੰ ਪਰਮਜੀਤ ਦੇ ਘਰ ਉਸ ਦੇ ਮੁੰਡੇ ਦੀ ਖਬਰ ਲੈਣ ਭੇਜਿਆ, ਤਾਂ ਪਰਮਜੀਤ ਦੀ ਪਤਨੀ ਆਖਣ ਲੱਗੀ, “ਭੈਣ ਜੀ, ਮੈਂ ਤਾਂ ਇਸ ਮੁੰਡੇ ਤੋਂ ਬੜਾ ਦੁਖੀ ਆਂ । ਸਾਰਾ ਦਿਨ ਮੋਟਰ ਸਾਈਕਲ ਲੈ ਕੇ ਬਾਹਰ ਫਿਰਦਾ ਰਹਿੰਦਾ ਆ। ਜਦ ਘਰ ਆ ਜਾਂਦਾ, ਭੜਥੂ ਪਾ ਦਿੰਦਾ ਆ। ਕਲ੍ਹ ਪਤਾ ਨ੍ਹੀ ਕਿੱਥੋਂ ਸਿਰ ਵਿੱਚ ਸੱਟ ਲੁਆ ਕੇ ਆ ਗਿਆ ਆ। ਮੈਂ ਤਾਂ ਕਹਿੰਨੀ ਆਂ ਰੱਬ ਮੈਨੂੰ ਇਦ੍ਹੇ ਨਾਲੋਂ ਦੋ ਧੀਆਂ ਦੇ ਦਿੰਦਾ, ਜਿਨ੍ਹਾਂ ਨੂੰ ਮੈਂ ਚੱਜ ਨਾਲ ਪੜ੍ਹਾ ਲੈਂਦੀ। ਵਿਆਹ ਕੇ ਸਹੁਰੇ ਘਰ ਤੋਰ ਦਿੰਦੀ।ਹੁਣ ਮੈਂ ਇਦ੍ਹਾ ਕੀ ਕਰਾਂ ?”ਇਹ ਕਹਿੰਦਿਆਂ ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਮੇਰੀ ਪਤਨੀ ਕੁਝ ਨਾ ਬੋਲ ਸਕੀ, ਖੜੀ ਉਸ ਨੂੰ ਵੇਖਦੀ ਰਹੀ ਕਿਉਂ ਕਿ ਹੌਸਲਾ ਦੇਣ ਦੇ ਦੋ ਸ਼ਬਦ ਵੀ ਉੱਥੇ ਕੁਝ ਨਹੀਂ ਸੀ ਕਰ ਸਕਦੇ।

LEAVE A REPLY

Please enter your comment!
Please enter your name here