(1)

ਜੇ ਕਰ ਤੈਨੂੰ ਕੁਝ ਵੀ ਚੰਗਾ ਨ੍ਹੀ ਲੱਗਦਾ,
ਤਾਂ ਫਿਰ ਇਸਦੇ ਵਿੱਚ ਦੋਸ਼ ਨਾ ਕੋਈ ਜੱਗ ਦਾ।

ਜੇ ਤੂੰ ਆਪੇ ਇਸ ਵਿੱਚ ਕੁੱਦ ਪਿਆ ਯਾਰਾ,
ਇਹ ਜਾਲੇਗੀ ਤੈਨੂੰ, ਇਹ ਸੁਭਾਅ ਹੈ ਅੱਗ ਦਾ।

ਜਿਸ ਦੇ ਪਿੱਛੇ ਸਭ ਕੁਝ ਛੱਡਣ ਨੂੰ ਫਿਰਦੈਂ,
ਇਕ ਵਾਰੀ ਦੱਸਦੇ, ਉਹ ਤੇਰਾ ਕੀ ਲੱਗਦਾ।

ਪਿਉ ਦੇ ਘਰ ਤੋਂ ਭੱਜਣ ਤੋਂ ਪਹਿਲਾਂ ਕੁੜੀਏ,
ਇਕ ਵਾਰੀ ਖਿਆਲ ਕਰ ਲਈਂ ਉਸ ਦੀ ਪੱਗ ਦਾ।

ਬੰਦਾ ਹਮੇਸ਼ਾ ਪੁੱਠੇ ਕੰਮ ਕਰੀ ਜਾਵੇ,
ਜੇ ਕਰ ਉਸ ਨੂੰ ਹੋਵੇ ਨਾ ਡਰ ਇਸ ਜੱਗ ਦਾ।

ਪਹਿਲਾਂ ਵਾਂਗੂੰ ਉਹ ਮੁਸਕਾ ਕੇ ਨ੍ਹੀ ਮਿਲਦਾ,
ਉਸ ਨੂੰ ਕੁਝ ਨਾ ਕੁਝ ਯਾਰੋ ਹੋਇਆ ਲੱਗਦਾ।

ਉਸ ਨੂੰ ਰੱਬ ਨਾ ਕਹੀਏ ਫਿਰ ਕੀ ਕਹੀਏ,
ਜੋ ਬੰਦਾ ਸੋਚਦਾ ਹੈ ਭਲਾ ਸਾਰੇ ਜੱਗ ਦਾ।

******* **************

(2)

ਚਾਰੇ ਪਾਸੇ ਸੁੱਟੀ ਜਾਵੇਂ ਗੰਦਗੀ,
ਕੀ ਕਰੇਗੀ ਤੇਰੀ ਰੱਬ ਦੀ ਬੰਦਗੀ।

ਕੋਈ ਚੰਗਾ ਕੰਮ ਕਰਕੇ ਦੇਖ ਲੈ,
ਬੈਠਾ ਦੇਖੀ ਨਾ ਜਾ ਦੁਨੀਆ ਰੰਗਲੀ।

ਗੋਰਿਆਂ ਤੋਂ ਕਾਲੇ ਕਿਹੜਾ ਘੱਟ ਨੇ,
ਸਿਫਤ ਕਰ ਨਾ ਉਨ੍ਹਾਂ ਦੇ ਹੀ ਰੰਗ ਦੀ।

ਪੁੱਤ ਮੱਥੇ ਤੇ ਪਾ ਲੈਂਦਾ ਤਿਊੜੀਆਂ,
ਕੋਲ ਬੈਠੀ ਮਾਂ ਜਦੋਂ ਹੈ ਖੰਘਦੀ।

ਇਸ ਨੇ ਕਰ ਦੇਣਾ ਹੈ ਸਭ ਕੁਝ ਹੀ ਤਬਾਹ,
ਖਬਰ ਝੂਠੀ ਹੋਵੇ ਯਾਰੋ, ਜੰਗ ਦੀ।

ਫਸਲ ਵਧੀਆ ਹੁੰਦੀ ਸਾਡੇ ਖੇਤਾਂ ਵਿੱਚ,
ਜੇ ਇਨ੍ਹਾਂ ਵਿੱਚ ਵਰ੍ਹ ਕੇ ਬੱਦਲੀ ਲੰਘਦੀ।

ਦੇਸ਼ ਦੇ ਰਖਵਾਲਿਆਂ ਦੀ ਇੱਛਾ ਸੀ :
ਕਾਮੇ ਨੂੰ ਰੋਟੀ ਮਿਲੇ ਦੋ ਡੰਗ ਦੀ।
*******************

ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}੯੯੧੫੮੦੩੫੫੪

LEAVE A REPLY

Please enter your comment!
Please enter your name here