ਸਿੱਖ ਇਤਿਹਾਸ ਦੇ ਗੌਰਵਮਈ ਵਾਕਿਆਂ ਅਤੇ ਸਾਕਿਆਂ ਨੂੰ ਸ਼ਬਦਾਂ ਰੂਪੀ ਮਾਲਾ ਵਿੱਚ ਪਰੋ ਕੇ ਗੀਤਾਂ ਦਾ ਰੂਪ ਦੇਣ ਵਾਲਾ ਅੰਤਰਰਾਸ਼ਟਰੀ ਗੀਤਕਾਰ “ਹਰਵਿੰਦਰ ਉਹੜਪੁਰੀ”ਧਾਰਮਿਕ ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਨਾਲ ਹਮੇਸ਼ਾ ਹੀ ਚਰਚਾ ਵਿੱਚ ਰਹਿੰਦਾ ਹੈ। 550 ਤੋਂ ਵੱਧ ਗੀਤ ਅੰਤਰਰਾਸ਼ਟਰੀ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਣ ਦੇ ਬਾਵਜੂਦ ਵੀ ‘ਉਹੜਪੁਰੀ ਦੇ ਮਿਠਬੋਲੜੇ ਤੇ ਮਿਲਾਪੜੇ ਸੁਭਾਅ ਚ ਕੋਈ ਕਮੀ ਨਹੀਂ ਆਈ। ਜਿੱਥੇ ‘ਉਹੜਪੁਰੀ’ ਦੇ ਅਨੇਕਾਂ ਗੀਤਾਂ ਨਾਲ ਕਈ ਕਲਾਕਾਰਾਂ ਦੀ ਪਹਿਚਾਣ ਬਣੀ,ਉੱਥੇ ਕਈ ਪ੍ਰਸਿੱਧ ਗਾਇਕਾਂ ਨੂੰ ਵੀ ਰੱਜ ਕੇ ਮਾਣ ਵਡਿਆਈ ਮਿਲੀ।ਗੀਤਕਾਰੀ ਦਾ ਸਫ਼ਰ 1987 ਵਿੱਚ ਕਲੀਆਂ ਦੇ ਬਾਦਸ਼ਾਹ ਸ੍ਰੀ “ਕੁਲਦੀਪ ਮਾਣਕ” ਜੀ ਦੀ ਆਵਾਜ਼ ਵਿੱਚ ਰਿਕਾਰਡ ਹੋਏ ਪਹਿਲੇ ਗੀਤ (ਤੈਨੂੰ ਬਾਬਲਾ ਤਰਸ ਨਾ ਆਇਆ)ਨਾਲ ਸ਼ੁਰੂ ਹੋਇਆ।ਉਸ ਤੋਂ ਬਾਅਦ ਸਮੇਂ ਦੇ ਹਾਣੀ ਕਲਾਕਾਰਾਂ ਨੇ ‘ਹਰਵਿੰਦਰ ਉਹੜਪੁਰੀ’ ਦਿਆਂ ਗੀਤਾਂ ਨੂੰ ਆਵਾਜ਼ ਦੇਣੀ ਆਪਣਾ ਧੰਨ ਭਾਗ ਸਮਝਿਆ।ਉਸਤਾਦ “ਸ਼ਮਸ਼ੇਰ ਸੰਧੂ” ਜੀ ਦੀ ਰਹਿਨੁਮਾਈ ਸਦਕਾ “ਸੁਰਜੀਤ ਬਿੰਦਰੱਖੀਆ” ਦੇ ਗਾਏ ਧਾਰਮਿਕ ਗੀਤ “ਜਨਮ ਦਿਹਾੜਾ ਖ਼ਾਲਸੇ ਦਾ”,ਸਿਰਾਂ ਵੱਟੇ ਲੈ ਲਉ ਸਰਦਾਰੀਆਂ,ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ,ਕੌਮਾਂ ਦੇ ਸਰਦਾਰ ਅਤੇ ਪ੍ਰਣਾਮ ਸ਼ਹੀਦਾਂ ਨੂੰ,ਸੰਸਾਰ ਭਰ ਵਿੱਚ ਅਜੇ ਵੀ ਰੇਡੀਓ -ਟੀ ਵੀ ਚੈਨਲਾਂ ਤੇ ਪ੍ਰਸਾਰਿਤ ਹੋ ਰਹੇ ਹਨ।ਪਦਮ ਸ੍ਰੀ “ਹੰਸ ਰਾਜ ਹੰਸ” ਜੀ ਨੇ ਵੀ ਉਹੜਪੁਰੀ ਦੇ ਲਿਖੇ 27 ਗੀਤ ਗਾਏ ਹਨ । “ਸਤਵਿੰਦਰ ਬਿੱਟੀ” ਨੇ ਵੀ ‘ਉਹੜਪੁਰੀ’ ਦੇ ਲਿਖੇ ਗੀਤ ਗਾ ਕੇ ਸੰਸਾਰ ਭਰ ਵਿੱਚ ਬਹੁਤ ਪ੍ਰਸਿੱਧੀ ਖੱਟੀ ਹੈ।ਦੁਨੀਆਂ ਭਰ ਵਿੱਚ ਕੋਈ ਵੀ ਛਬੀਲ, ਨਗਰ ਕੀਰਤਨ ਜਾਂ ਧਾਰਮਿਕ ਸਮਾਗਮ ਅਜਿਹਾ ਨਹੀਂ ਹੋਵੇਗਾ ਕੇ ਜਿੱਥੇ ਉਹੜਪੁਰੀ ਦੇ ਲਿਖੇ ਗੀਤ “ਧੰਨ ਤੇਰੀ ਸਿੱਖੀ” ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ,ਜਾਂ ਔਰਤ ਦੀ ਕੁਰਬਾਨੀ ਨਾ ਚੱਲਦੇ ਹੋਣ। ਇਸੇ ਤਰ੍ਹਾਂ ਦੁਨੀਆਂ ਭਰ ਦੇ ਡੀਜੇ ਵਾਲੇ ਵੀ ਅਜੇ ਤੱਕ ਪ੍ਰੋਗਰਾਮ ਦੀ ਸ਼ੁਰੂਆਤ ‘ਉਹੜਪੁਰੀ’ ਦੇ ਲਿਖੇ ਅਤੇ “ਨਛੱਤਰ ਗਿੱਲ” ਦੇ ਗਾਏ ਗੀਤ “ਅਰਦਾਸ ਕਰਾਂ ਮੇਰੇ ਪ੍ਰੀਤਮਾ ਜੀਓ” ਦੇ ਨਾਲ ਕਰਦੇ ਹਨ। ਸੁਰਾਂ ਦੀ ਮਲਿਕਾ “ਕਮਲਜੀਤ ਨੀਰੂ” ਨੇ ਵੀ ‘ਉਹੜਪੁਰੀ’ ਦੇ ਲਿਖੇ ਗੀਤ “ਤੋਰ ਦਿੱਤਾ ਲਾਲਾਂ ਨੂੰ ਬਣਾ ਕੇ ਮਾਏ ਜੋੜੀਆਂ” ਨਾਲ ਚੌਦਾਂ ਸਾਲਾਂ ਬਾਅਦ ਸੰਗੀਤ ਦੀ ਦੁਨੀਆਂ ਵਿੱਚ ਦੁਬਾਰਾ ਪ੍ਰਪੱਕ ਪੈਰ ਜਮਾਏ ਹਨ।ਵਿਸਾਖੀ ਦੇ ਪਵਿੱਤਰ ਦਿਹਾੜੇ ਤੇ “ਹਰਮਿੰਦਰ ਨੂਰਪੁਰੀ” ਦੀ ਆਵਾਜ਼ ਵਿੱਚ ‘ਉਹੜਪੁਰੀ’ ਦਾ ਲਿਖਿਆ ਰਿਲੀਜ਼ ਹੋਇਆ ਗੀਤ “ਹੋ ਜਾਣ ਕਾਰਜ ਰਾਸ ਮਾਲਕਾ ਕਰ ਕਿਰਪਾ” ਨੇ ਨੂਰਪੁਰੀ ਨੂੰ ਸਰੋਤਿਆਂ ਦੀਆਂ ਸੋਚਾਂ ਦੇ ਹਾਣ ਦਾ ਕਰ ਦਿੱਤਾ।ਭਾਈ ਘਨ੍ਹੱਈਆ ਜੀ ਦੇ ਤਿੰਨ ਸੌ ਸਾਲਾ ਸ਼ਹੀਦੀ ਸਮਾਗਮ ਤੇ ਮਹੰਤ ਕਰਮਜੀਤ ਸਿੰਘ ਜੀ ਦੀ ਰਹਿਨੁਮਾਈ ਵਿੱਚ ਸੰਸਾਰ ਪ੍ਰਸਿੱਧ ਗਾਇਕ “ਦਲੇਰ ਮਹਿੰਦੀ”ਜੀ ਦੀ ਆਵਾਜ਼ ਵਿੱਚ ਹਰਵਿੰਦਰ ਉਹੜਪੁਰੀ ਦਾ ਲਿਖਿਆ ਗੀਤ “ਕੀਤੀ ਸੇਵਾ ਬੇ ਮਿਸਾਲ ਭਾਈ ਘਨ੍ਹੱਈਆ ਗੁਰੂ ਕੇ ਲਾਲ”ਗਾ ਕੇ ਸੇਵਾ, ਸਿਮਰਨ, ਸਿਦਕ, ਸਾਦਗੀ ਦੀ ਮੂਰਤ ਸੇਵਾ ਪੰਥੀ ਭਾਈ ਘਨ੍ਹੱਈਆ ਜੀ ਦਾ ਲਾਸਾਨੀ ਇਤਿਹਾਸ ਸੰਗਤਾਂ ਦੇ ਸਨਮੁੱਖ ਕੀਤਾ ਹੈ। ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅੰਤਰਰਾਸ਼ਟਰੀ ਗਾਇਕ “ਲਹਿੰਬਰ ਹੂਸੇਨਪੁਰੀ” ਵਲੋਂ ਗਾਏ ਧਾਰਮਿਕ ਗੀਤ”ਆਪਣੇ ਪਿਆਰਿਆਂ ਨੂੰ ” ਜੋ ਕਿ “ਹਰਵਿੰਦਰ ਉਹੜਪੁਰੀ” ਜੀ ਦੀ ਕਲਮ ਤੋਂ ਉਕਰਿਅਾ ਗੀਤ ਹੈ ।ਜਿਸ ਨੂੰ ਦੁਨੀਆਂ ਭਰ ਦੀਆਂ ਸੰਗਤਾਂ ਵਲੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ। ਜਲਦੀ ਹੀ “ਉਹੜਪੁਰੀ” ਦੇ ਲਿਖੇ ਗੀਤ ਪਦਮ ਸ੍ਰੀ “ਹੰਸ ਰਾਜ ਹੰਸ”, ਕਮਲਜੀਤ ਨੀਰੂ, ਲਹਿੰਬਰ ਹੁਸੈਨਪੁਰੀ,ਸੁਦੇਸ਼ ਕੁਮਾਰੀ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਜੌਨੀ ਸੂਫ਼ੀ, ਹਰਮਿੰਦਰ ਨੂਰਪੁਰੀ,ਗੋਗੀ ਬੈਂਸ,ਬਬਲਾ ਧੂਰੀ,ਪ੍ਰੀਤ ਥਿੰਦ ਤੇ ਹੋਰ ਅਨੇਕਾਂ ਕਲਾਕਾਰਾਂ ਦੀ ਆਵਾਜ਼ ਵਿੱਚ ਸਰੋਤਿਆਂ ਦੇ ਰੂਬਰੂ ਹੋਣਗੇ । ਦੁਨੀਆਂ ਭਰ ਵਿੱਚ ਸੰਗਤ ਵੱਲੋਂ ਜਿੱਥੇ ਸੈਂਕੜੇ ਸਨਮਾਨ ਕੀਤੇ ਗਏ

 ਉੱਥੇ ਚਾਰ ਵਾਰ ਵੱਖ ਵੱਖ ਦੇਸ਼ਾਂ ਵਿੱਚ ਗੋਲਡ ਮੈਡਲ ਨਾਲ “ਹਰਵਿੰਦਰ ਉਹੜਪੁਰੀ” ਨੂੰ ਨਿਵਾਜਿਆ ਗਿਆ।ਆਸ ਕਰਦੇ ਹਾਂ ਕਿ ਪਹਿਲਾਂ ਵਾਂਗ ਹੀ ਓਹਨਾ ਦੇ ਸਰੋਤੇ ਆਉਣ ਵਾਲੇ ਗੀਤਾਂ ਨੂੰ ਵੀ ਪਿਆਰ ਸਤਿਕਾਰ ਬਖਸ਼ਣਗੇ।ਪਰਮਾਤਮਾ ਇਸ ਕਲਮ ਤੇ ਮਿਹਰ ਬਣਾਈ ਰੱਖੇ। ਸਿੱਕੀ ਝੱਜੀ ਪਿੰਡ ਵਾਲਾ ( ਇਟਲੀ)

LEAVE A REPLY

Please enter your comment!
Please enter your name here