ਵਿਗਿਆਨ ਨੇ ਤਰੱਕੀ ਕਰ ਲਈ, ਦੁਨੀਆਂ ਚੰਨ ਤੱਕ ਪਹੁੰਚ ਗਈ, “ਕਲਪਨਾ ਚਾਵਲਾ” ਵਰਗੀਆਂ ਧੀਆਂ ਜਿਨ੍ਹਾਂ ਨੇ ਦੁਨੀਆਂ ਭਰ ਚ’ ਆਪਣਾ ਨਾਮ ਰੌਸ਼ਨ ਕੀਤਾ, ਉਨ੍ਹਾਂ ਵੱਲ ਵੇਖ ਕੇ ਵੀ ਲੋਕਾਂ ਦੀ ਯੁੱਗ ਪਲਟਣ ਤੋਂ ਬਾਅਦ ਵੀ ਸੋਚ ਨਹੀਂ ਬਦਲੀ। ਪੁੱਤ ਭਾਲਦੇ ਮਾਪੇ, ਧੀਆਂ ਤੇ ਪੁੱਤਾਂ ਚ ਅਜੇ ਵੀ ਫਰਕ ਕਰਨੋ ਨਹੀਂ ਟਲਦੇ। ‘ਪੀਟੀ ਊਸ਼ਾ’ ਵਰਗੀਆਂ ਧੀਆਂ ਜੋ ਲੰਬੀ ਰੇਸ ਦੀਆਂ ਪਾਂਧੀ ਬਣ ਕੇ ਲੋਕਾਂ ਦੇ ਦਿਲਾਂ ਚ ਅੱਜ ਵੀ ਰਾਜ ਕਰਦੀਆਂ ਨੇ ਉਹ ਵੀ ਤਾਂ ਧੀਆਂ ਨੇ। ਇਟਲੀ ਵਸਦੀ ਭੈਣ ‘ਸਤਵੀਰ ਸਾਂਝ’ ਆਪਣੀ ਕਲਮ ਰਾਹੀਂ ਧੀਆਂ ਦੇ ਜਜ਼ਬਾਤਾਂ ਨੂੰ ਇੰਜ ਬਿਆਨ ਕਰਦੀ ਹੈ। ‘ਕਲਪਨਾ ਚਾਵਲਾ’ ਦੀ ਕਮੀ ਨੇ ਸਾਰੀ ਦੁਨੀਆ ਨੂੰ ਰਵਾ ਦਿੱਤਾ, ‘ਪਲਵਿੰਦਰ ਕੌਰ ਸ਼ੇਰਗਿਲ’ ਨੇ ਕੈਨੇਡਾ ਵਿੱਚ ਨਾਮ ਚਮਕਾ ਦਿੱਤਾ, ਕਾਮਯਾਬ ਧੀ ਛੇਤੀ ਹੁੰਦੀ, ਬੱਸ ਹੌਸਲਾ ਉਹਦਾ ਕਦੇ ਤੋੜੀਏ ਨਾ, ਸੁੱਚੇ ਮੋਤੀ ਹੁੰਦੀਆਂ ਨੇ ਧੀਆਂ,’ਸਾਂਝ’ ਧੀ ਜੰਮੀ ਤੇ ਹੰਝੂ ਰੋੜੀਏ ਨਾਂ । ਕੈਨੇਡਾ ਵਰਗੇ ਵਿਕਸਿਤ ਦੇਸ਼ ਜਿੱਥੇ ਪੰਜਾਬੀਆਂ ਨੇ ਮਿਹਨਤਾਂ ਨਾਲ ਝੰਡੇ ਗੱਡੇ, ਤੇ ਪੂਰੇ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦਾ ਨਾਮ ਦੁਨੀਆਂ ਭਰ ਵਿੱਚ ਚਮਕਾਇਆ,ਉਥੇ ਮਾਈ ਭਾਗੋ ਦੀਆਂ ਵਾਰਿਸ ਧੀਆਂ ਵੀ ਆਪਣੀ ਮਿਹਨਤ ਨਾਲ ਅੱਗੇ ਆਈਆਂ। ਪਿਛਲੇ ਵਰ੍ਹੇ ਦਸਤਾਰਧਾਰੀ ਸਿੱਖ ਹੋ ਕੇ ‘ਪਲਵਿੰਦਰ ਕੌਰ ਸ਼ੇਰਗਿੱਲ’ ਪਹਿਲੀ ਅੰਮ੍ਰਿਤਧਾਰੀ ਸਿੰਘਣੀ ਜੱਜ ਦੇ ਰੂਪ ਚ ਕੁਰਸੀ ਤੇ ਬੈਠੀ ਤਾਂ ਪੰਜਾਬੀਆਂ ਦਾ ਸਿਰ ਮਾਣ ਨਾਲ ਦੁਨੀਆਂ ਭਰ ਚ ਉੱਚਾ ਕਰ ਦਿੱਤਾ।ਅੰਤਰਰਾਸ਼ਟਰੀ ਉੱਘੇ ਗੀਤਕਾਰ ‘ਹਰਵਿੰਦਰ ਉਹੜਪੁਰੀ’ ਜੀ ਨੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਵਾਲੀਆਂ ਧੀਆਂ ਲਈ ਜੋ ਆਪਣੀ ਕਲਮ ਰਾਂਹੀ ਲਿਖਿਆ ਉਹ ਸਤਰਾਂ ਸਾਂਝੀਆਂ ਕਰ ਰਿਹਾ। ਧੀਆਂ ਅਤੇ ਪੁੱਤਾਂ ਵਿਚ ਕੋਈ ਨਾ ਫਰਕ ਲੋਕੋ, ਪੁੱਤਾਂ ਨਾਲੋਂ ਵੱਧ ਧੀਆਂ ਹੁੰਦੀਆਂ ਪਿਆਰੀਆਂ, ਜਨਨੀ ਜਹਾਨ ਦੀ ਏ ਜੜ੍ਹ ਖਾਨਦਾਨ ਦੀ ਏ, ਜਾਣ ਸਤਿਕਾਰੇ ਜਿਨ੍ਹਾਂ ਧੀਆਂ ਸਤਿਕਾਰੀਆਂ, ਮਾਪਿਆਂ ਦਾ ਨਾਮ ਉੱਚਾ ਕਰਦੀਆਂ ਜੱਗ ਵਿੱਚ, ਗੱਲਾਂ ‘ਉਹੜਪੁਰੀ’ ਦੀਆਂ ਸੱਚੀਆਂ ਨੇ ਸਾਰੀਆਂ। ਦਾਜ ਰੂਪੀ ਕਲੰਕ ਜੋ ਪਿਛਲੇ ਲੰਮੇ ਸਮੇਂ ਤੋਂ ਧੀਆਂ ਦੇ ਮੱਥੇ ਤੇ ਲੱਗਾ ਆ ਰਿਹਾ, ਮਾੜੀ ਸੋਚ ਰੱਖਣ ਵਾਲੇ ਇਹ ਨਹੀਂ ਸੋਚਦੇ ਕਿ ਜਿੰਨ੍ਹਾਂ ਨੇ ਆਪਣੀ ਧੀ ਹੀ ਤੁਹਾਡੇ ਪੁੱਤ ਨਾਲ ਤੋਰ ਦਿੱਤੀ,ਉਨ੍ਹਾਂ ਕੋਲ ਇਸ ਤੋਂ ਵੱਧ ਕੀਮਤੀ ਹੋਰ ਕੀ ਹੋ ਸਕਦਾ। ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ, ਤਾਂ ਜੋ ਕਿਸੇ ਦੀ ਧੀ ਦਾਜ ਦੀ ਬਲੀ ਨਾ ਚੜ ਸਕੇ । ਭਰੂਣ ਹੱਤਿਆਵਾਂ ਜੋ ਇੱਕੀਵੀਂ ਸਦੀ ਚ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮਨਾਹੀ ਦੇ ਬਾਵਜੂਦ ਵੀ ਨਿੱਤ ਦਿਨ ਇਹ ਸਭ ਅੰਦਰੋ ਅੰਦਰੀ ਰੁਕਣ ਦਾ ਨਾ ਨਹੀਂ ਲੈ ਰਿਹਾ। ਧੀ ਮਾਰੂ ਸਹੁਰੇ ਪਤਾ ਨਹੀਂ ਕਿੰਨੀਆਂ ਕੁ ਨੂੰਹਾਂ ਦੇ ਗਰਭ ਚ ਜੰਮਣ ਤੋਂ ਪਹਿਲਾਂ ਹੀ ਲਿੰਗ ਟੈਸਟ ਕਰਵਾ ਕੇ ਧੀ ਨੂੰ ਕੁੱਖ ਚ ਮਾਰਨ ਨੂੰ ਘੱਟ ਨਹੀਂ ਕਰਦੇ। ਕਹਿਣ ਨੂੰ ਦੁਨੀਆ ਜੋ ਮਰਜ਼ੀ ਆਖੀ ਜਾਵੇ ਪਰ ਅਜੇ ਸਾਡੇ ਮੁਲਕ ਚ ਧੀਆਂ ਨੂੰ ਮਰਦ ਪ੍ਰਧਾਨ ਸਮਾਜ ਵਿਚ ਬਰਾਬਰਤਾ ਨਹੀਂ ਮਿਲੀ।ਭਲਿਓ ਲੋਕੋ ਜ਼ਰਾ ਸੋਚ ਕੇ ਦੇਖੋ ਉਹ ਵੀ ਤਾਂ ਲੋਕ ਨੇ ਜੋ ਅੌਲਾਦ ਤੋਂ ਵਾਂਝੇ ਨੇ ਦਰ- ਦਰ ਔਲਾਦ ਲਈ ਭਟਕਦੇ ਨੇ, ਉਨ੍ਹਾਂ ਵੱਲ ਕਿਉਂ ਨਹੀਂ ਵੇਖਦੇ। ਇਹ ਸਭ ਸੋਚ ਕੇ ਅੱਖਾਂ ਭਰ ਜਾਂਦੀਆਂ ਤੇ ਕਲਮ ਵੀ ਜਿਵੇਂ ਕਹਿ ਲਵਾਂ ਕੇ ਰੌਣ ਜਿਹੀ ਲੱਗ ਜਾਂਦੀ।ਅੱਜ ਵੀ ਧੀਆਂ ਬਾਰੇ ਕੌੜਾ ਸੱਚ ਲਿਖਣ ਤੋਂ ਰਿਹਾ ਨਹੀਂ ਗਿਆ। ਧੀ ਚਾਹੇ ਪੁੱਤ ਹੋਵੇ, ਹਰ ਵਿਹੜੇ ਸੁੱਖ ਹੋਵੇ, ਦੋਵੇਂ ਹੱਥ ਜੋੜ ‘ਸਿੱਕੀ’ ਮੰਗਦਾ ਦੁਆਵਾਂ ਰੱਬਾ, ਸੁੰਨੀ ਕਦੇ ਕਿਸੇ ਮਾਂ ਦੀ ਨਾ ਕੁੱਖ ਹੋਵੇ। ਪ੍ਰਸਿੱਧ ਗੀਤਕਾਰ ‘ਅਲਬੇਲ ਬਰਾੜ’ ਦੇ ਕਹਿਣ ਮੁਤਾਬਿਕ “ਹੋਇਆ ਕੀ ਜੇ ਧੀ ਜੰਮ ਪਈ,ਕੁੱਖ ਤਾਂ ਸੁਲੱਖਣੀ ਹੋਈ। ਹੋ ਸਕਦਾ ਮੇਰਾ ਇਹ ਲੇਖ ਸੂਲਾਂ ਵਾਂਗ ਚੁੱਭੇ,ਪਰ ਸੱਚਾਈ ਜੋ ਹੈ, ਉਸ ਨੂੰ ਲਿਖਣ ਤੋਂ ਡਰਨਾ ਨਹੀਂ ਚਾਹੀਦਾ। ਸਵਰਗਵਾਸੀ ਲੇਖਿਕਾ ‘ਅੰਮ੍ਰਿਤਾ ਪ੍ਰੀਤਮ’ ਵੀ ਤਾਂ ਕਿਸੇ ਦੀ ਧੀ ਸੀ, ਜਿਸ ਦੀ ਮਾਂ ਬੋਲੀ ਨੂੰ ਵਡਮੁੱਲੀ ਦੇਣਾ ਹੈ।ਜਿਸ ਦੀ ਕਲਮ ਰਾਹੀਂ ਲਿਖੇ ਗਏ ਬੋਲ ਸੁਨਹਿਰੀ ਅੱਖਰਾਂ ਚ ਲਿਖੇ ਗਏ। ਅੱਜ ਆਖਾਂ ‘ਵਾਰਿਸ ਸ਼ਾਹ’ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ, ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ‘ਵਾਰਿਸ ਸ਼ਾਹ’ ਨੂੰ ਕਹਿਣ। ਭਵਿੱਖ਼ ਵਿੱਚ ਧੀ ਮਾਰੂ ਮਾਪਿਆਂ ਦੀ ਸੋਚ ਨੂੰ ਬਦਲਣ ਦੀ ਆਸ ਵਿੱਚ। 

LEAVE A REPLY

Please enter your comment!
Please enter your name here