ਕਈ ਸਾਲ ਪਹਿਲਾਂ ਪੰਮੇ ਦੇ ਡੈਡੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।ਉਸ ਦਾ ਡੈਡੀ ਸਾਬਕਾ ਫੌਜੀ ਸੀ। ਇਸ ਕਰਕੇ ਉਸ ਦੀ ਮੰਮੀ ਨੂੰ ਉਸ ਦੇ ਡੈਡੀ ਵਾਲੀ ਪੈੱਨਸ਼ਨ ਲੱਗ ਗਈ ਸੀ।ਪੈੱਨਸ਼ਨ ਨਾਲ ਪੰਮੇ ਤੇ ਉਸ ਦੀ ਮੰਮੀ ਦਾ ਗੁਜ਼ਾਰਾ ਚੱਲੀ ਜਾਂਦਾ ਸੀ।ਪੰਮੇ ਦਾ ਵੱਡਾ ਭਰਾ ਉਨ੍ਹਾਂ ਤੋਂ ਵੱਖ ਰਹਿੰਦਾ ਸੀ।ਮਾੜੀ ਸੰਗਤ ਵਿੱਚ ਪੈ ਕੇ ਪੰਮਾ ਨਸ਼ੇ ਕਰਨ ਲੱਗ ਪਿਆ ਸੀ।ਉਹ ਕੋਈ ਕੰਮ ਵੀ ਨਹੀਂ ਸੀ ਕਰਦਾ।ਉਸ ਦੀ ਮੰਮੀ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਨਸ਼ੇ ਸਿਹਤ ਲਈ ਹਾਨੀਕਾਰਕ ਹਨ।ਇਹ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ।ਪਰ ਉਸ ਨੇ ਆਪਣੀ ਮੰਮੀ ਦੀ ਇਕ ਨਾ ਸੁਣੀ।ਇਕ ਦਿਨ ਉਸ ਦੀ ਮੰਮੀ ਵੀ ਇਸ ਸੰਸਾਰ ਨੂੰ ਅਲਵਿਦਾ ਆਖ ਗਈ।ਮੰਮੀ ਦੇ ਮਰਨ ਨਾਲ ਆਮਦਨ ਦਾ ਇਕੋ ਇਕ ਜ਼ਰੀਆ ਵੀ ਬੰਦ ਹੋ ਗਿਆ।ਪੰਮੇ ਨੇ ਨਸ਼ੇ ਕਰਨ ਲਈ ਬਹਾਨੇ ਮਾਰ ਕੇ ਲੋਕਾਂ ਤੋਂ ਪੈਸੇ ‘ਕੱਠੇ ਕਰਨੇ ਸ਼ੁਰੂ ਕਰ ਦਿੱਤੇ।ਪਰ ਉਸ ਦੀ ਇਹ ਖੇਡ ਬਹੁਤਾ ਚਿਰ ਨਾ ਚੱਲੀ।ਲੋਕਾਂ ਨੇ ਉਸ ਨੂੰ ਪੈਸੇ ਦੇਣੇ ਉੱਕਾ ਹੀ ਬੰਦ ਕਰ ਦਿੱਤੇ।ਅੱਜ ਪੰਮੇ ਨੇ ਰੋਟੀ ਅਤੇ ਨਸ਼ੇ ਨਾ ਮਿਲਣ ਕਰਕੇ ਪਿੰਡ ਦੇ ਟੋਭੇ ਵਿੱਚ ਛਾਲ ਮਾਰ ਦਿੱਤੀ।ਜਦੋਂ ਤੱਕ ਲੋਕਾਂ ਨੂੰ ਪਤਾ ਲੱਗਾ,ਉਸ ਦੀ ਮੌਤ ਹੋ ਚੁੱਕੀ ਸੀ।ਪਹਿਲਾਂ ਜਦੋਂ ਵੀ ਪਿੰਡ ਵਿੱਚ ਕਿਸੇ ਦੀ ਮੌਤ ਹੁੰਦੀ ਸੀ,ਤਾਂ ਪਿੰਡ ਦੇ ਗੁਰਦੁਆਰੇ ਦੇ ਸਪੀਕਰ ਤੋਂ ਇਹ ਅਨਾਊਂਸਮੈਂਟ ਕੀਤੀ ਜਾਂਦੀ ਸੀ ਕਿ ਫਲਾਣੇ ਦਾ ਅੰਤਮ ਸੰਸਕਾਰ ਹੋਣ ਲੱਗਾ ਆ,ਜਿਸ ਕਿਸੇ ਨੇ ਅੰਤਮ ਸੰਸਕਾਰ ‘ਚ ਸ਼ਾਮਲ ਹੋਣਾ ਆਂ,ਉਹ ਫਲਾਣੇ ਦੇ ਘਰ ਪਹੁੰਚ ਜਾਵੇ।ਪਰ ਅੱਜ ਗੁਰਦੁਆਰੇ ਦੇ ਸਪੀਕਰ ਤੋਂ ਕੋਈ ਅਨਾਊਂਸਮੈਂਟ ਨਹੀਂ ਹੋਈ,ਪੰਮੇ ਦਾ ਚੁੱਪ ਕਰਕੇ ਅੰਤਮ ਸੰਸਕਾਰ ਕਰ ਦਿੱਤਾ ਗਿਆ।

ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}੯੯੧੫੮੦੩੫੫੪

LEAVE A REPLY

Please enter your comment!
Please enter your name here