ਅੱਜ ਮੈਂ ਆਪਣੇ ਵੱਡੇ ਭਰਾ ਨੂੰ ਮਿਲਣ ਪਿੱਛੋਂ ਸਕੂਟਰ ਤੇ ਨਵਾਂ ਸ਼ਹਿਰ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ।ਜਦੋਂ ਮੈਂ ਭਘੌਰਾਂ ਨਹਿਰ ਦੇ ਪੁਲ ਤੇ ਪਹੁੰਚਿਆ,ਤਾਂ ਮੇਰੇ ਮੋਬਾਇਲ ਫੋਨ ਦੀ ਰਿੰਗ ਵੱਜਣ ਲੱਗ ਪਈ। ਮੈਂ ਨਹਿਰ ਦਾ ਪੁਲ ਲੰਘ ਕੇ ਸਕੂਟਰ ਖੜਾ ਕੀਤਾ ਤੇ ਆਪਣੀ ਜੇਬ ਵਿੱਚੋਂ ਮੋਬਾਇਲ ਫੋਨ ਕੱਢਿਆ,ਤਾਂ ਵੇਖਿਆ ਮੇਰੀ ਵੱਡੀ ਭੈਣ ਦੀ ਕੁੜੀ ਮਨਜੀਤ ਦਾ ਫੋਨ ਸੀ, ਜੋ ਮੇਰੀ ਭੈਣ ਕੋਲ ਹੀ ਰਹਿੰਦੀ ਹੈ। ਮੈਂ ਆਪਣੀ ਭੈਣ ਦੇ ਘਰੋਂ ਕਲ੍ਹ ਹੀ ਆਇਆ ਸੀ। ਕਲ੍ਹ ਉਸ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ।ਉਸ ਨੂੰ ਪਿੰਡ ਦੇ ਡਾਕਟਰ ਤੋਂ ਦਵਾਈ ਲੈ ਕੇ ਦਿੱਤੀ ਸੀ ਤੇ ਉਹ ਠੀਕ ਹੋ ਗਈ ਸੀ। 
ਅੱਜ ਫਿਰ ਫੋਨ ਆਣ ਕਰਕੇ ਮੈਂ ਥੋੜ੍ਹਾ ਡਰ ਗਿਆ ਸੀ। ਕਿਉਂ ਕਿ ਘਰ ਵਿੱਚ ਦੋਵੇਂ ਮਾਂ, ਧੀ ਕੱਲੀਆਂ ਰਹਿੰਦੀਆਂ ਹਨ।ਬੀਮਾਰ, ਠਮਾਰ ਹੋਣ ਤੇ ਉਹ ਮੈਨੂੰ ਹੀ ਫੋਨ ਕਰਦੀਆਂ ਹਨ।ਜਦੋਂ ਫੋਨ ਸੁਣਨ ਲਈ ਮੈਂ ਬਟਨ ਦੱਬਿਆ,ਤਾਂ ਮਨਜੀਤ ਕਹਿਣ ਲੱਗੀ, “ਮਾਮਾ ਜੀ,ਅੱਜ ਤੁਸੀਂ ਘਰੇ ਆਂ ?”
“ਦੱਸ ਕੀ ਗੱਲ ਹੋਈ ?ਤੇਰੀ ਮੰਮੀ ਠੀਕ ਆ?”ਮੈਂ ਆਖਿਆ।
“ਮੰਮੀ ਤਾਂ ਠੀਕ ਆ।ਮੰਮੀ ਕਹਿੰਦੀ ਆ, ਮਾਮੇ ਨੂੰ ਪੁੱਛ ਕੇ ਵੇਖ, ਭਘੌਰਾਂ ਵਾਲੀ ਨਹਿਰ ‘ਚ ਪਾਣੀ ਆਇਆ ਹੋਇਆ ਕਿ ਨਹੀਂ।ਪਾਣੀ ‘ਚ ਵੀਹ, ਪੱਚੀ ਪੁਰਾਣੇ ਕਲੰਡਰ ਤਾਰਨੇ ਆਂ।”
ਮੈਂ ਨਹਿਰ ਵੱਲ ਨਿਗਾਹ ਮਾਰੀ, ਉਸ ਵਿੱਚ ਪਾਣੀ ਵਗ ਰਿਹਾ ਸੀ।
“ਮਨਜੀਤ ਮੈਂ ਇਸ ਵੇਲੇ ਭਘੌਰਾਂ ਵਾਲੀ ਨਹਿਰ ਕੋਲ ਹੀ ਖੜਾ ਆਂ।ਨਹਿਰ ਤਾਂ ਸੁੱਕੀ ਪਈ ਆ।ਇਸ ਵਿੱਚ ਮਾੜਾ ਵੀ ਪਾਣੀ ਨਹੀਂ ਆਇਆ ਹੋਇਆ।ਜੇ ਕਿਤੇ ਇਸ ਵਿੱਚ ਪਾਣੀ ਆਇਆ,ਤਾਂ ਮੈਂ ਤੁਹਾਨੂੰ ਫੋਨ ਕਰ ਦਿਆਂਗਾ।ਤੁਸੀਂ ਫੋਨ ਨਾ ਕਰਿਉ।”
“ਠੀਕ ਆ, ਮਾਮਾ ਜੀ।”ਕਹਿ ਕੇ ਉਸ ਨੇ ਫੋਨ ਕੱਟ ਦਿੱਤਾ।ਚਾਹੇ ਮੈਂ ਝੂਠ ਬੋਲਿਆ ਸੀ,ਪਰ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿੱਚ ਹਿੱਸਾ ਨਹੀਂ ਪਾਇਆ।ਮੈਂ ਮੋਬਾਇਲ ਫੋਨ ਨੂੰ ਜੇਬ ਵਿੱਚ ਪਾਇਆ ਤੇ ਸਕੂਟਰ ਸਟਾਰਟ ਕਰਕੇ ਆਪਣੇ ਪਿੰਡ ਵੱਲ ਨੂੰ ਤੁਰ ਪਿਆ।
***  

LEAVE A REPLY

Please enter your comment!
Please enter your name here