ਸਕੂਲ ਦੇ ਟਾਈਮ ਤੋਂ ਹੀ ਮੇਰੇ ਕੋਲ ਇੱਕ ਛੋਟੀ ਜਿਹੀ ਡਾਇਰੀ ਹੁੰਦੀ ਸੀ। ਕਲਾਕਾਰਾਂ ਦੇ ਅਾਟੋਗਰਾਫਾਂ ( ਹਸਤਾਖਰਾਂ) ਨਾਲ ਭਰੀ ਉਸ ਡਾਇਰੀ ਨੇ ਮੈਨੂੰ ਹੁਣ ਤੱਕ ਬਹੁਤ ਕੁਝ ਸਿਖਾਇਆ। ਸਭ ਤੋਂ ਪਹਿਲੇ ਹਸਤਾਖਰ ਮੇਰੀ ਉਸ ਡਾਇਰੀ ਚ ਲੰਮੀ ਹੇਕ ਦੇ ਮਾਲਕ ‘ਸੁਰਜੀਤ ਬਿੰਦਰਖੀਆ ਸਾਹਿਬ ਦੇ ਸੀ,ਰੂਹ ਦੀ ਗਾਇਕੀ ਦੇ ਮਾਲਿਕ ਸੁਰਜੀਤ ਭਾਜੀ ਜਦ ਪ੍ਰੋਗਰਾਮ ਕਰਕੇ ਸਟੇਜ ਤੋਂ ਆਪਣੀ ਗੱਡੀ ਵੱਲ ਨੂੰ ਜਾਣ ਲੱਗੇ ਤਾਂ ਮੈੰ ਭੱਜ ਕੇ ਆਪਣੀ ਜੇਬ ਚੋਂ ਕੱਡੀ ਉਹ ਛੋਟੀ ਜਿਹੀ ਡਾਇਰੀ ਭਾਜੀ ਮੂਹਰੇ ਪੈਨ ਫੜਾ ਕੇ ਕਰ ਦਿੱਤੀ। ਅੰਗਰੇਜੀ ਚ ( WIth love Surjit Binderkhia) ਲਿਖਕੇ ਭਾਜੀ ਨੇ ਡਾਇਰੀ ਮੈਨੂੰ ਫੜਾ ਦਿੱਤੀ ਤੇ ਨੇੜੇ ਹੀ ਫੋਟੋਗਰਾਫਰ ਵੀ ਸੀ ਤੇ ਭਾਜੀ ਨੇ ਘੁੱਟ ਕੇ ਮੈਨੂੰ ਗਲ ਨਾਲ ਲਾ ਲਿਆ ਤੇ ਕਹਿੰਦੇ ਆਪਾਂ ਇੱਕ ਫੋਟੋ ਵੀ ਖਿਚਵਾਉੰਦੇ ਹਾਂ। ਕਿਸੇ ਦੇ ਵਿਆਹ ਦਾ ਪਰੋਗਰਾਮ ਸੀ ਉਨਾਂ ਦਿਨਾਂ ਚ ਮੋਬਾਈਲ ਨਹੀਂ ਹੁੰਦੇ ਸੀ। ਫੋਟੋ ਤਾਂ ਉਹ ਨਹੀਂ ਮਿਲੀ ਪਰ ਉਹ ਯਾਦਾਂ ਦਿਲ ਚ ਹਮੇਸ਼ਾਂ ਲਈ ਵਸ ਗਈਆਂ।ਜਿੰਨਾਂ ਕੁ ਮੈਨੂੰ ਯਾਦ ਏ ਉਦੋੰ 1995-96 ‘ਵੰਗ ਵਰਗੀ ਕੁੜੀ’ ਕੈਸਟ ਰਲੀਜ ਹੋਣ ਵਾਲੀ ਸੀ।ਉਸ ਤੋਂ ਬਾਦ ਲੰਮੇ ਸਮਾਂ ਪਾ ਕੇ ਕਾਲਜ ਪੜਦਿਆਂ ਯੂਥ ਫੈਸਟੀਵਲ ਚ ਮੁੱਖ ਮਹਿਮਾਨ ਵਜੋਂ ਲਹਿੰਦੇ ਪੰਜਾਬ ਤੋੰ ( ਅਮਰੀਕਨ ਨਾਗਰਿਕ) ਉੱਘੇ ਲੇਖਕ ਡਾਕਟਰ “ਜਮਾਲੂਦੀਨ ਜਮਾਲ” ਆਏ। ਹਿੰਮਤ ਜਿਹੀ ਕਰਕੇ ਮੈੰ ਉਨਾਂ ਨੂੰ ਮਿਲਣ ਦੀ ਇੱਛਾ ਪਰਗਟਾਈ ਤੇ ਮੈਂ ਕਿਹਾ ਜੀ ਅਸ਼ੀਰਵਾਦ ਦਿਓ ਤੇ ਉਨਾਂ ਮੇਰੀ ਉਸ ਹਸਤਾਖਰਾਂ ਵਾਲੀ ਡਾਇਰੀ ਤੇ 2 ਬੋਲ ਲਿਖੇ- ” ਮੰਗੇਂ ਦੁਆ ਜੇ ਆਪਣੇ ਜਵਾਨਾਂ ਦੀ ਖੈਰ ਮੰਗ, ਮਿਰਜਾ ਪਵੇ ਜੇ ਜੰਮ ਤਾਂ ਸਾਹਿਬਾਂ ਬਥੇਰੀਆਂ”। ਮੇਰੀ ਉਸ ਡਾਇਰੀ ਤੇ ‘ਪੰਮੀ ਬਾਈ’ ਜੀ , ਹਰਜੀਤ ਹਰਮਨ, ਸੁਖਵਿੰਦਰ ਸੁੱਖੀ, ਤੇ ਹੋਰ ਕਈ ਕਲਾਕਾਰਾਂ ਦੇ ਹਸਤਾਖਰ ਹੋਏ। ਵੱਡੇ ਭਾਜੀ ਉਸਤਾਦ ਗੀਤਕਾਰ “ਹਰਵਿੰਦਰ ਉਹੜਪੁਰੀ” ਜੀ ਦੀ ਸੰਗਤ ਕਰਨ ਦਾ ਜਦੋਂ ਦਾ ਮੌਕਾ ਮਿਲਿਆ ਤਾਂ ਬਹੁਤ ਸਾਰੇ ਕਲਾਕਾਰਾਂ ਨਾਲ ਨਿੱਤ ਦਿਨ ਮੁਲਾਕਾਤਾਂ ਆਮ ਹੀ ਹੁੰਦੀਆਂ ਰਹਿਣੀਆਂ। ਲਿਖਣ ਦੀ ਚਾਹਤ ਹੋਣ ਕਰਕੇ ਮੈੰ ਵੀ ਵਰਕੇ ਕਾਲੇ ਕਰੀ ਜਾਇਆ ਕਰਨੇ। ਕੁਝ ਸਮਾਂ ਪਾ ਕੇ ਮੇਰੀ ਗੀਤਾਂ ਵਾਲੀ ਡਾਇਰੀ ਤੇ ਉਸਤਾਦ ਜੀ ਦਾ ਅਸ਼ੀਰਵਾਦ ਮਿਲਿਆ ਉਸ ਤੋਂ ਬਾਦ ਹਸਤਾਖਰਾਂ ਦਾ ਸਿਲਸਿਲਾ ਉਥੇ ਹੀ ਮੈਂ ਬੰਦ ਕਰ ਦਿੱਤਾ। ਭਾਜੀ ਨੇ ਥਾਪੜਾ ਦਿੱਤਾ ਤੇ ਕਹਿਣ ਲੱਗੇ ਕਿ ‘ਮਾਂ ਬੋਲੀ ਦੀ ਤਕੜਾ ਹੋ ਕੇ ਸੇਵਾ ਕਰਨੀ’ ਵਾਹਿਗੁਰੂ ਦੀ ਮੇਹਰ ਤੇ ‘ਹਰਵਿੰਦਰ’ ਭਾਜੀ ਦੇ ਅਸ਼ੀਰਵਾਦ ਸਦਕਾ ਕਦੋੰ ਮੇਰੀ ਹਸਤਾਖਰਾਂ ਵਾਲੀ ਡਾਇਰੀ ਤੋੰ ਗੀਤਾਂ ਵਾਲੀ ਡਾਇਰੀ ਚ ਤਬਦੀਲ ਹੋ ਗਈ ਪਤਾ ਹੀ ਨਹੀੰ ਲੱਗਿਆ। ਤੁਹਾਡਾ ਆਪਣਾ “ਸਿੱਕੀ ਝੱਜੀ ਪਿੰਡ ਵਾਲਾ”

LEAVE A REPLY

Please enter your comment!
Please enter your name here