ਇਸਲਾਮਾਬਾਦ

ਪਾਕਿਸਤਾਨ ਦੀ ਪ੍ਰਸਿੱਧ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਆਸਮਾ ਜਹਾਂਗੀਰ ਦੀ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਹਾਂਗੀਰ ਦਾ ਜਨਮ 1952 ਨੂੰ ਲਾਹੌਰ ਵਿਚ ਹੋਇਆ ਸੀ। ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕਰਨ ਵਾਲੀ ਆਸਮਾ ਪਾਕਿਸਤਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ ਸੀ । ਆਸਮਾ ਨੇ ਪਾਕਿਸਤਾਨੀ ਰਾਜਨੀਤੀ ਵਿਚ ਪਾਕਿਸਤਾਨੀ ਫੌਜ ਦੀ ਭੂਮਿਕਾ ਨੂੰ ਲੈ ਕੇ ਹਮੇਸ਼ਾ ਆਲੋਚਨਾ ਵੀ ਕੀਤੀ। ਕਈ ਵਾਰ ਉਨ੍ਹਾਂ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਸਣੇ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਖਿਲਾਫ ਬਹੁਤ ਗੰਭੀਰ ਦੋਸ਼ ਲਗਾਏ ਅਤੇ ਉਨ੍ਹਾਂ ਤੋਂ ਆਪਣੀ ਜਾਨ ਦਾ ਖਤਰਾ ਵੀ ਦੱਸਿਆ ਸੀ। ਇਕ ਵਾਰ ਤਾਂ ਆਸਮਾ ਜਹਾਂਗੀਰ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਨੇ ਉਨ੍ਹਾਂ ਨੂੰ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ, ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨੀ ਫੌਜ ਦੇ ਜਨਰਲਾਂ ਨੂੰ ਅੱਤਵਾਦ ਫੈਲਾਉਣ ਵਾਲੇ ਪਾਲੀਟੀਕਲ ਡੱਫਰ ਤੱਕ ਆਖ ਦਿੱਤਾ ਸੀ। ਇਸ ਵੀਡੀਓ ਵਿਚ ਆਸਮਾ ਨੇ ਸ਼ਰੇਆਮ ਪਾਕਿਸਤਾਨੀ ਫੌਜ ਦੇ ਜਨਰਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੰਗ ਵਿਚ ਅਸਮਰੱਥ ਦੱਸਿਆ ਹੈ। ਨਾਲ ਹੀ ਕਿਹਾ ਹੈ ਕਿ ਫੌਜ ਨੇ ਸਾਨੂੰ ਆਪਣਾ ਗੁਲਾਮ ਬਣਾ ਲਿਆ ਹੈ । ਇਸ ਵੀਡੀਓ ਵਿਚ ਉਨ੍ਹਾਂ ਨੇ ਪਾਕਿਸਾਤਨੀ ਫੌਜ ਉੱਤੇ ਦੋਸ਼ ਲਗਾਂਦੇ ਹੋਏ ਕਿਹਾ ਸੀ ਕਿ ਅੱਜ ਇਸ ਫੌਜ ਨੇ ਸਾਨੂੰ ਇਸ ਥਾਂ ਉਥੇ ਖੜਾ ਕਰ ਦਿੱਤਾ ਹੈ ਜਿਥੇ ਉਨ੍ਹਾਂ ਨੇ ਹਰ ਮੁਹੱਲੇ ਅਤੇ ਗਲੀ ਵਿਚ ਅੱਤਵਾਦ ਫੈਲਾਅ ਦਿੱਤਾ ਹੈ। ਇਹ ਲੋਕ ਅੱਤਵਾਦ ਦੀ ਹਮਾਇਤ ਕਰਦੇ ਹਨ ਅਤੇ ਉਸ ਨੂੰ ਹੱਲਾ ਸ਼ੇਰੀ ਦਿੰਦੇ ਹਨ। ਉਨ੍ਹਾਂ ਕੋਲ ਇਕ ਪੂਰੀ ਪ੍ਰੋਪੇਗੇਂਡਾ ਮਸ਼ੀਨਰੀ ਹੈ। ਮੈਂ ਆਮ ਫੌਜੀਆਂ ਉੱਤੇ ਦੋਸ਼ ਨਹੀਂ ਲਗਾ ਰਹੀ ਹਾਂ, ਪਰ ਮੈਂ ਉਨ੍ਹਾਂ ਜਨਰਲਾਂ ਬਾਰੇ ਗੱਲ ਕਰ ਰਹੀ ਹਾਂ ਜੋ ਗੋਲਫ ਖੇਡਦੇ ਹਨ ਅਤੇ ਜ਼ਮੀਨ ਉੱਤੇ ਕਬਜ਼ਾ ਕਰਦੇ ਹਨ। ਇਸ ਫੌਜ ਨੇ ਸਾਨੂੰ ਆਪਣਾ ਗੁਲਾਮ ਬਣਾ ਲਿਆ ਹੈ।

LEAVE A REPLY

Please enter your comment!
Please enter your name here