ਪਾਕਿਸਤਾਨ ਸਰਕਾਰ ਨੇ ਆਪਣੇ ਤੈਅ ਪ੍ਰੋਗਰਾਮ ਤਹਿਤ ਬਗ਼ੈਰ ਕਿਸੇ ਰੌਲੇ-ਰੱਪੇ ਤੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੀਂਹ ਪੱਥਰ ਰੱਖ ਕੇ ਲਾਂਘੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ। ਭਾਰਤ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮੌਜੂਦ ਸਨ। ਇਸ ਮੌਕੇ ਪਾਕਿਸਤਾਨ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਤੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ‘ਚ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਅੱਗੇ ਵਧਣ ਲਈ ਇਮਰਾਨ ਖਾਨ ਦੀ ਜੰਮ ਕੇ ਤਾਰੀਫ਼ ਕੀਤੀ। ਪ੍ਰੋਗਰਾਮ ‘ਚ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਵੀ ਮੌਜੂਦ ਰਹੇ। ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਸ਼ਮਣੀ ਭੁੱਲ ਕੇ ਦੋਸਤੀ ਦੀ ਰਾਹ ‘ਤੇ ਅੱਗੇ ਵਧਣ ਦੀ ਗੱਲ ਕਹੀ ਹੈ। ਪਾਕਿ ਸਰਕਾਰ ਅਤੇ ਫੌਜ ਦੇ ਵਿਚਕਾਰ ਅਕਸਰ ਮੱਤਭੇਦ ਦੀ ਚਰਚਾ ਦਾ ਜ਼ਿਕਰ ਕਰਦੇ ਹੋਏ ਉਨ੍ਹਾ ਸਾਫ਼ ਕਿਹਾ ਕਿ ਭਾਰਤ ਨਾਲ ਬਿਹਤਰ ਰਿਸ਼ਤੇ ਨੂੰ ਲੈ ਕੇ ਦੇਸ਼ ਦੀ ਸਰਕਾਰ ਅਤੇ ਫੌਜ ਦੀ ਰਾਏ ਇੱਕ ਹੈ। ਇਮਰਾਨ ਨੇ ਅੱਗੇ ਕਿਹਾ ਕਿ ਦੋਵਾਂ ਪਾਸਿਓਂ ਗਲਤੀਆਂ ਹੋਈਆਂ ਹਨ, ਪਰ ਜਦ ਤੱਕ ਅਸੀਂ ਅੱਗੇ ਨਹੀਂ ਵਧਦੇ, ਉਦੋਂ ਤੱਕ ਜ਼ੰਜੀਰ (ਦੁਸ਼ਮਣੀ ਦੀ) ਨੂੰ ਨਹੀਂ ਤੋੜਿਆ ਜਾ ਸਕਦਾ। ਪਾਕਿ ਪ੍ਰਧਾਨ ਮੰਤਰੀ ਨੇ ਸੰਬੋਧਨ ‘ਚ ਕਿਹਾ ਕਿ ਜਰਮਨੀ ਅਤੇ ਜਾਪਾਨ ਲੜਾਈ ‘ਚ ਕਰੋੜਾਂ ਲੋਕਾਂ ਦਾ ਕਤਲ ਕਰ ਚੁੱਕੇ ਹਨ, ਪਰ ਹੁਣ ਉਨ੍ਹਾਂ ਨੇ ਜ਼ੰਜੀਰਾਂ ਤੋੜ ਦਿੱਤੀਆਂ ਹਨ। ਹੁਣ ਉਹ ਇਸ ਬਾਰੇ ਸੋਚ ਵੀ ਨਹੀਂ ਸਕਦੇ। ਅੱਜ ਉਹ ਅੱਗੇ ਵਧ ਸਕਦੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਕਿਉਂ ਨਹੀਂ? ਉਨ੍ਹਾ ਅੱਗੇ ਕਿਹਾ ਕਿ ਫਰਾਂਸ ਅਤੇ ਜਰਮਨੀ ਇੱਕ ਯੂਨੀਅਨ ਬਣਾ ਕੇ ਅੱਗੇ ਵਧ ਸਕਦੇ ਹਨ ਤਾਂ ਅਸੀਂ ਇੱਕ ਦੂਸਰੇ ਦੇ ਲੋਕ ਚਾਹੇ ਮਾਰੇ ਹੋਣ, ਪਰ ਉਸ ਤਰ੍ਹਾਂ ਦਾ ਕਤਲੇਆਮ ਕਦੀ ਨਹੀਂ ਕੀਤਾ। ਉਨ੍ਹਾ ਕਿਹਾ ਕਿ ਅਸੀਂ ਇੱਕ ਕਦਮ ਵਧਾ ਕੇ ਦੋ ਕਦਮ ਪਿੱਛੇ ਚਲੇ ਜਾਂਦੇ ਹਾਂ। ਪਿਛਲੇ 70 ਸਾਲਾਂ ਤੋਂ ਅਸੀਂ ਇਸ ਤਰ੍ਹਾਂ ਦੇ ਮਾਮਲੇ ਦੇਖਦੇ ਆ ਰਹੇ ਹਾਂ। ਇਮਰਾਨ ਨੇ ਕਿਹਾ, ‘ਸਾਡੇ ‘ਚ ਤਾਕਤ ਨਹੀਂ ਹੈ ਕਿ ਕੁਝ ਵੀ ਹੋਵੇ ਅਸੀਂ ਸਾਥ ਰਹਿਣ ਬਾਰੇ ਸੋਚੀਏ ਅਤੇ ਗੱਲਬਾਤ ਜਾਰੀ ਰੱਖੀਏ। ਮੈਂ ਅੱਜ ਤੁਹਾਡੇ ਸਾਹਮਣੇ ਕਹਿ ਰਿਹਾ ਹਾਂ ਕਿ ਮੈਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ, ਸਾਰੀਆਂ ਪਾਰਟੀਆਂ, ਫੌਜ ਅਤੇ ਸਾਡੀਆਂ ਸਾਰੀਆਂ ਸੰਸਥਾਵਾਂ ਦਾ ਇੱਕੋ ਮਤ ਹੈ। ਭਾਰਤ ਦੇ ਨਾਲ ਚੰਗੇ ਰਿਸ਼ਤੇ ‘ਤੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਇਮਰਾਨ ਨੇ ਅੱਤਵਾਦ ਦੀ ਗੱਲ ਨਹੀਂ ਕੀਤੀ, ਪਰ ਕਸ਼ਮੀਰ ਦਾ ਮੁੱਦਾ ਚੁੱਕਣਾ ਨਹੀਂ ਭੁੱਲੇ। ਖਾਨ ਨੇ ਕਿਹਾ, ‘ਸਾਡਾ ਮਾਮਲਾ ਇੱਕ ਹੈ ਕਸ਼ਮੀਰ ਦਾ। ਇਨਸਾਨ ਚੰਦ ‘ਤੇ ਪਹੁੰਚ ਗਿਆ ਹੈ ਤਾਂ ਕਿਹੜਾ ਮਾਮਲਾ ਹੈ ਕਿ ਇਨਸਾਨ ਹੱਲ ਨਹੀਂ ਕਰ ਸਕਦਾ।’ ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਮਾ ਦੇ ਦੋਵਾਂ ਪਾਸਿਓਂ ਮਜ਼ਬੂਤ ਇਰਾਦਿਆਂ ਵਾਲੀਆਂ ਸਰਕਾਰਾਂ ਚਾਹੀਦੀਆਂ। ਇਰਾਦਾ ਅਤੇ ਵੱਡਾ ਸੁਪਨਾ ਹੋਣਾ ਚਾਹੀਦਾ। ਉਨ੍ਹਾਂ ਕਿਹਾ, ਸੋਚੋ, ਸਾਡੇ ਸੰਬੰਧ ਚੰਗੇ ਹੋ ਜਾਣ ਤਾਂ ਦੋਵਾਂ ਮੁਲਕਾਂ ਨੂੰ ਕਿੰਨਾ ਫਾਇਦਾ ਹੋ ਸਕਦਾ ਹੈ। ਮੈਂ ਮਜ਼ਬੂਤ ਸੰਬੰਧ ਚਾਹੁੰਦਾ ਹਾਂ, ਕਿਉਂਕਿ ਦੁਨੀਆ ‘ਚ ਇਸ ਇਲਾਕੇ ‘ਚ ਸਭ ਤੋਂ ਜ਼ਿਆਦਾ ਗਰੀਬੀ ਹੈ। ਬਾਰਡਰ ਖੁੱਲ੍ਹ ਜਾਵੇ ਤਾਂ ਤਰੱਕੀ ਹੋ ਜਾਵੇਗੀ।’ ਉਨ੍ਹਾ ਚੀਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਚੀਨ ਨੇ 30 ਸਾਲ ‘ਚ 70 ਕਰੋੜ ਲੋਕਾਂ ਨੂੰ ਗਰੀਬੀ ‘ਚੋਂ ਕੱਢਿਆ। ਉਨ੍ਹਾਂ ਦਾ ਵੀ ਗੁਆਂਢੀਆਂ ਨਾਲ ਵਿਵਾਦ ਹੈ, ਪਰ ਉਨ੍ਹਾਂ ਦੇ ਨੇਤਾ ਨੇ ਆਪਣੇ ਲੋਕਾਂ ਨੂੰ ਗਰੀਬੀ ‘ਚੋਂ ਕੱਢਣ ਦਾ ਦੂਰ ਦਰਸ਼ੀ ਨਜ਼ਰੀਆ ਅਪਣਾਇਆ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਇਲਾਕੇ ‘ਚ ਕਿੰਨੇ ਬੱਚੇ ਹਨ ਜੋ ਕੁਪੋਸ਼ਣ ਦਾ ਸ਼ਿਕਾਰ ਹਨ। ਸਾਡੇ ਰਾਜਨੇਤਾਵਾਂ ਨੂੰ ਆਪਣੇ ਗਰੀਬ ਤਬਕੇ ਬਾਰੇ ਸੋਚਣਾ ਚਾਹੀਦਾ। ਖਾਨ ਨੇ ਕਿਹਾ ਕਿ ਨਫ਼ਰਤ ਭੁੱਲ ਕੇ ਇੱਕ-ਦੂਜੇ ਤੋਂ ਸਿੱਖਣਾ ਚਾਹੀਦਾ। ਕਈ ਚੀਜ਼ਾਂ ‘ਚ ਭਾਰਤ ਅੱਗੇ ਨਿਕਲ ਗਿਆ ਹੈ ਅਤੇ ਪਾਕਿਸਤਾਨ ਹਾਲੇ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਦੋਸਤੀ ‘ਚ ਹਿੰਦੁਸਤਾਨ ਇੱਕ ਕਦਮ ਅੱਗੇ ਵਧੇਗਾ ਤਾਂ ਮੈਂ ਦੋ ਕਦਮ ਵਧਾਊਂਗਾ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ, ‘ਤੁਹਾਡੇ ਚਿਹਰੇ ਦੇਖ ਕੇ ਖੁਸ਼ੀ ਹੋਈ, ਜਿਸ ਤਰ੍ਹਾਂ ਮੁਸਲਮਾਨ ਮਦੀਨਾ ਜਾਂਦਾ ਹੈ, ਉਸ ਤਰ੍ਹਾਂ ਦੀ ਖੁਸ਼ੀ ਦਿਖਾਈ ਦੇ ਰਹੀ ਹੈ। ਉਨ੍ਹਾ ਕਰਤਾਰਪੁਰ ਲਾਂਘੇ ‘ਚ ਸਾਰੀਆਂ ਸੁਵਿਧਾਵਾਂ ਦਾ ਵਾਅਦਾ ਕੀਤਾ। ਇਮਰਾਨ ਨੇ ਅੱਗੇ ਕਿਹਾ ਕਿ ‘ਪਿਛਲੀ ਵਾਰ ਜਦ ਸਿੱਧੂ ਵਾਪਸ ਗਏ ਤਾਂ ਉਨ੍ਹਾਂ ਦੀ ਬਹੁਤ ਆਲੋਚਨਾ ਹੋਈ, ਮੈਨੂੰ ਸਮਝ ਨਹੀਂ ਆਇਆ ਕਿ ਕਿਸ ਗੱਲ ‘ਤੇ ਵਿਵਾਦ ਹੋਇਆ। ਉਹ ਤਾਂ ਦੋਸਤੀ ਦੀ ਗੱਲ ਕਰ ਰਹੇ ਸਨ।’ 
ਇਮਰਾਨ ਖਾਨ ਨੇ ਆਪਣੇ ਸੰਬੋਧਨ ਦੇ ਆਖੀਰ ‘ਚ ਐਟਮੀ ਹਥਿਆਰਾਂ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਕੋਲ ਐਟਮੀ ਹਥਿਆਰ ਹਨ ਤਾਂ ਇਹ ਬਿਲਕੁੱਲ ਸਾਫ਼ ਹੈ ਕਿ ਜੰਗ ਹੋ ਹੀ ਨਹੀਂ ਸਕਦੀ। ਕੋਈ ਸੋਚ ਵੀ ਨਹੀਂ ਸਕਦਾ ਕਿ ਜੰਗ ਜਿੱਤੀ ਜਾ ਸਕਦੀ ਹੈ। ਇਸ ‘ਚ ਤਾਂ ਸਿਰਫ਼ ਦੋਸਤੀ ਹੀ ਹੋ ਸਕਦੀ ਹੈ।

LEAVE A REPLY

Please enter your comment!
Please enter your name here