ਆਸ ਦੇ ਰਾਹ ਦੀ ਸ਼ਾਇਰੀ
…………………………………………..
ਬ੍ਰਤਾਨੀਆ ਦੇ ਪੰਜਾਬੀ ਭਾਸ਼ਾ ਦੇ ਸਾਹਿਤ-ਸਾਧਕਾਂ ਵਿਚ ਗੁਰਨਾਮ ਢਿੱਲੋਂ ਇਕ ਪ੍ਰਗਤੀਵਾਦੀ, ਸੰਘਰਸ਼ਸ਼ੀਲ ਕਵੀ ਵਜੋਂ ਜਾਣਿਆ ਜਾਂਦਾ  ਹੈ ।ਉਹ ਹਥਲਾ ਸੱਤਵਾਂ “ਦਰਦ ਦੇ ਰੰਗ” ਕਾਵਿ ਸੰਗ੍ਰਿਹ ਪੰਜਾਬੀ ਸਾਹਿਤਕ ਜਗਤ ਦੀ ਝੋਲੀ ਪਾ ਰਿਹਾ ਹੈ।ਉਸ ਨੇ ਪ੍ਰਗਤੀਵਾਦੀ ਸਮਾਲੋਚਨਾ ਦਾ ਮੁਹਾਂਦਰਾ ਰੂਪਮਾਨ ਕਰਦੀ  “ਸਮਕਾਲੀ ਪੰਜਾਬੀ ਕਾਵਿ : ਸਿਧਾਂਤਕ-ਪਰਿਪੇਖ” ਪੁਸਤਕ ਦੀ ਰਚਨਾ ਵੀ ਕੀਤੀ  ਹੈ ।
ਇਸ ਪੁਸਤਕ ਵਿਚ ਸ਼ਾਇਰ ਨੇ ਲੋਕਾਂ ਦੇ ਜੀਵਨ ਯਥਾਰਥ ਦੀਆਂ ਪਰਤਾਂ ਦਰ ਪਰਤਾਂ, ਵਾਸਤਵਿਕ ਵਿਰੋਧਾਂ,ਟਕਰਾਵਾਂ,,ਗੁੰਝਲਾਂ ਅਤੇ ਤਣਾਵਾਂ ਦੇ ਨਾਲ ਨਾਲ ਉਨਾਂ੍ਹ ਦੇ ਦੁੱਖਾਂ-ਦਰਦਾਂ,ਉੁਨਾਂ੍ਹ ਦੀ ਲਾਚਾਰੀ, ਭੁੱਖਮਰੀ ਅਤੇ ਦੁਰਗਤੀ ਨੂੰ ਬੜੀ ਸ਼ਿੱਦਤ ਅਤੇ ਕਲਾਤਮਿੱਕਤਾ ਨਾਲ ਅਭਿਵਿਅਕਤ ਕੀਤਾ ਹੈ। ਅਜੋਕੇ ਜਮਾਤੀ ਸਮਾਜ ਦੀ ਹਾਕਮ, ਪੂੰਜੀਵਾਦੀ ਵਿਵਸਥਾ ਵਿਚ ਲੋਟੂ ਜਮਾਤ ਦੇ ਜਾਬਰ/ਜ਼ਾਲਮ ਚਰਿਤੱਰ ਨੂੰ ਬੇਨਿਕਾਬ ਕਰਦਿਆਂ ਉਹ ਆਪਣੀ ਬਚਨਬੱਧਤਾ ਦਬਾਏ ਅਤੇ ਸਤਾਏ ਲੋਕਾਂ ਨਾਲ ਆਪਣੀ ਇਕ ਗ਼ਜ਼ਲ ਦੇ ਸ਼ਿਅਰਾਂ ਵਿਚ ਹੇਠ ਲਿਖੇ ਅਨੁਸਾਰ ਪ੍ਰਸਤੁਤ ਕਰਦਾ ਹੈ :
ਮੈਂ ਔਝੜ ਰਾਹ ਤੇ ਜੇ ਤੁਰਿਆਂ ਤਾਂ ਸੋਚ ਸਮਝ ਕੇ ਤੁਰਿਆਂ
ਮੇਰੇ  ਪੈਰਾਂ  ਨੂੰ ਰਾਸ ਆaੁਂਦੀਆਂ ਨਹੀਂ ਮਖਮਲੀ  ਰਾ੍ਹਵਾਂ ।

ਦਿਨੇ ਮੈਂ ਸੌਂ ਨਹੀਂ ਸਕਦਾ ਤੇ ਰਾਤੀਂ ਨੀਂਦ ਨਹੀਂ ਆਉਂਦੀ
ਜ਼ਮਾਨਾ  ਸਮਝਦਾ  ਇੰਗਲੈਂਡ  ਵਿਚ ਮੈਂ  ਐਸ਼ ਫਰਮਾਵਾਂ ।    ( ਪੰਨਾ ੮੨ )
ਸਾਹਿਤ ਅਤੇ ਕਲਾਵਾਂ ਹਮੇਸ਼ਾ ਹੀ ਮਨੁੱਖੀ ਇਹਸਾਸਾਂ ਦੇ ਖੇਤਰ ਵਿਚ ਜਜ਼ਬਿਆਂ ਦੇ ਟਕਰਾ ਦਾ ਪਰਗਟਾ ਸਾਧਨ ਹੀ ਹੁੰਦੀਆਂ ਹਨ । ਕਿਰਤੀ ਸ਼੍ਰੇਣੀ ਦੇ ਹੱਕਾਂ ਦੀ ਪੂਰਤੀ , ਜੀਵਨ ਪ੍ਰਤੀ ਪ੍ਰੇਮ,ਸਚਾਈ ਪ੍ਰਤੀ ਵਫ਼ਾਦਾਰੀ ਅਤੇ ਭਵਿੱਖ ਵਿਚ ਲਤਾੜੇ ਜਾਣ ਵਾਲੇ ਲੋਕਾਂ ਦੀ ਹੋਂਣੀ ਨੂੰ ਬਦਲਣ ਲਈ ਵਿਗਿਆਨਕ ਅਤੇ ਵਿਵੇਕੀ ਬੁੱਧੀ ਵਾਲੇ  ਵਿਚਾਰਾਂ ਨੂੰ ਪਰਨਾਏ ਗੁਰਨਾਮ ਢਿੱਲੋਂ ਵਰਗੇ ਸਾਹਿਤਕਾਰ/ਬੁੱਧੀਜੀਵੀ ਹੀ ਕਰ ਸਕਦੇ ਹਨ ।ਅਜਿਹੇ ਦ੍ਰਿਸ਼ਟੀਕੋਣ ਨਾਲ ਵਫ਼ਾ ਪਾਲਣ ਵਾਲੇ ਲੇਖਕ, ਭਵਿੱਖ ਵਿਚ ਵਿਸ਼ਵਾਸ ਜਗਾ ਕੇ, ਜ਼ਿੰਦਗੀ ਦਾ ਸਿਤਮ ਸਹਿੰਦੇ ਲੋਕਾਂ ਵਿਚ, ਜਿਊਣ ਲਈ ਭਰਪੂਰ ਇੱਛਿਆ ਪੈਦਾ ਕਰ ਕੇ ਆਪਣੇ ਰਚਨਾਤਮਿਕ ਗੁਣਾਂ ਦਾ ਪ੍ਰਗਟਾਵਾ ਕਰਦੇ ਹਨ । ਇਸ ਸੇਧ ਵਿਚ ਕਵੀ ਲਿਖਦਾ ਹੈ :
ਅਸੀਂ ਹਕੂਮਤਾਂ ਦੇ
ਸ਼ਬਦ ਜਾਲ ਵਿਚ ਨਹੀਂ ਫੱਸਦੇ
‘ਤੇ ਭੇਡਾਂ ਵਾਂਗ
ਕਦੀ ਵੀ ਉਨਾਂ੍ਹ ਦੇ ਮਗਰ ਨਹੀਂ ਭੱਜਦੇ
ਅਸੀਂ ਵਿਦਰੋਹ ਕਰਦੇ ਹਾਂ
ਨਵੇਂ ਰਸਤੇ ਬਣਾਉਂਦੇ ਹਾਂ
ਨਵਾਂ ਇਤਿਹਾਸ ਸਿਰਜਣ ਵਿਚ
ਅਸੀਂ ਵਿਸ਼ਵਾਸ ਰਖਦੇ ਹਾਂ
ਅਤੇ ਵਿਸ਼ਵਾਸ ਖ਼ਾਤਰ
ਜਾਨ ਉੱਤੇ ਖੇਡ ਜਾਂਦੇ ਹਾਂ
ਕਲਾ ਸਾਡੇ ਲਈ
ਸ਼ਬਦਾਂ ਦੀ ਨਿਰੀ ਖੇਡ ਨਹੀਂ ਹੁੰਦੀ ।            ( ਪੰਨਾ ੬੪ )
ਜਦੋਂ ਤਕ ਧਰਤੀ ਉੱਤੇ ਮਨੁੱਖੀ ਜੀਵਨ ਕਾਇਮ ਹੈ, ਕਲਾ ਦੀ ਹਸਤੀ ਵੀ ਕਾਇਮ ਰਹੇ ਗੀ।
ਪਰੰਤੂ ਇਹ ਮਨੁੱਖੀ ਜੀਵਨ ਹੀ ਹੈ ਜੋ ਕਲਾ ਦੇ ਵਿਸ਼ੇ-ਵਸਤੂ ਨੂੰ ਨਿਰਧਾਰਤ ਕਰਦਾ ਹੈ।
ਜੀਵਨ/ਜਗਤ ਵਿਚ,ਜਬਰ,ਜ਼ੁਲਮ,ਕਤਲੇਆਮ ਕਰਨ ਵਾਲੇ,ਨਫ਼ਰਤ ਅਤੇ ਹਿੰਸਾ ਦੀ ਓਟ ਲੈ ਕੇ ਮੁਨਾਫ਼ੇ ਨਾਲ ਆਪਣੀਆਂ ਤਿਜੌਰੀਆਂ ਭਰਨ ਵਾਲੇ ਹਾਕਮ ਜਮਾਤਾਂ ਦੇ ਪ੍ਿਰਤਨਿਧ,ਹਿਟਲਰ
, ਹਲਾਕੂ ਅਤੇ ਚੰਗੇਜ਼ਾਂ ਦੀ ਰਾਜਨੀਤੀ ਦੇ ਕਿਰਦਾਰ ਨੂੰ ਚੇਤਨ ਰੂਪ ਵਿਚ ਨੰਗਾ ਕਰਦਾ ਹੋਇਆ, ਭਾਰਤ ਵਿਚ ਫਾਸ਼ੀਵਾਦ ਦੇ ਘਿਨਾਉਣੇ ਚਿਹਰੇ ਬਾਰੇ ਸ਼ਾਇਰ ਲਿਖਦਾ ਹੈ :
ਇਤਿਹਾਸ ਦੇ ਪੰਨੇ ਕੇਵਲ ਅਸਾਡੇ ਹੀ ਗੁਣ ਗਾਣ ਗੇ
ਅਸਾਡੀ ਨਸਲ,ਸ਼ੁੱਧ,ਸ਼੍ਰੇਸ਼ਟ,ਅਸਲੀ ਨਸਲ
ਅਸਾਡੇ ਪੂਰਵਜ਼ ਸਰਵ-ਕਲਾ ਸੰਪੂਰਨ
ਅਸਾਡਾ ਧਰਮ ਮਹਾਨ
ਹੋ ਕੇ ਰਹੇ ਗਾ ਭਗਵਾਂਕਰਣ
ਬਣ ਕੇ ਰਹੇ ਗਾ “ਹਿੰਦੂਸਤਾਨ”
ਇਹ ਕੈਸੀ ਖ਼ਤਰਨਾਕ ਖੇਡ ਖੇਡੀ ਜਾ ਰਹੀ ਹੈ ਦੋਸਤੋ !    ( ਪੰਨਾ ੨੩ )
ਭੌਤਕਵਾਦੀ/ਸਾਮਰਾਜ ਵਿਰੋਧੀ ਦ੍ਰਿਸ਼ਟੀਕੋਣ ਦੇ ਉਸਾਰੇ,ਸੈਕੂਲਰ,ਜਮਹੂਰੀ ਅਤੇ ਬਹੁ-ਸਾਭਿਆਚਾਰਕ ਰਾਜ ਨੂੰ,ਇਸ ਖ਼ਤਰਨਾਕ ਖੇਡ ਰਾਹੀਂ ਧਰਮ ਅਧਾਰਤ ਹਿੰਦੂ ਰਾਸ਼ਟਰ ਵਿਚ ਬਦਲਣ ਲਈ ਹਾਕਮ ਭਾਰਤੀ ਜੰਤਾ ਪਾਰਟੀ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਿਧਾਂਤਕ ਆਦੇਸ਼ ਤਹਿਤ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।ਕਵੀ ਇਸ ਪਹੁੰਚ ਵਿਰੁੱਧ ਆਜ਼ਾਦੀ ਦੇ ਵਾਰਸਾਂ ਨੂੰ ਵੰਗਾਰਦਾ ਅਤੇ ਸੰਘਰਸ਼ ਕਰਨ ਲਈ ਤੜਪ ਉਜਾਗਰ ਕਰਦਾ ਲਿਖਦਾ ਹੈ :
ਤੇ ਤੁਸੀਂ
ਭਗਤ ਸਿੰਘ,ਰਾਜ ਗੁਰੂ,ਸੁੱਖਦੇਵ ਅਤੇ ਰਹਿਮਤ ਅਲੀ ਵਜੀਦਕੇ ਦੇ ਵਾਰਸ
ਮੈਦਾਨ ਵਿਚੋਂ ਬਾਹਰ ਬੈਠੇ
ਕਿਹੜੀ ਅੰਬਰੀ ਹਸਤੀ ਦੀ ਉਡੀਕ ਕਰ ਰਹੇ ਹੋ
ਕਿਸ ਦੀ ਉਡੀਕ ਕਰ ਰਹੇ ਹੋ ਦੋਸਤੋ !!
ਗੁਰਨਾਮ ਢਿੱਲੋਂ ਦੀ ਸ਼ਾਇਰੀ ਬਾਰੇ ਉੱਘੇ ਮਾਰਕਸਵਾਦੀ ਚਿੰਤਕ ਡਾ.ਸੁੱਖਦੇਵ ਸਿੰਘ ਸਿਰਸਾ ਲਿਖਦੇ ਹਨ :
“ਉਸ ਦੀ ਕਿਰਤੀ ਵਰਗ ਦੇ ਸੰਘਰਸ਼ ਅਤੇ ਭਵਿੱਖ ਵਿਚ ਉਹਨਾਂ ਦੀ ਕ੍ਰਾਂਤੀਕਾਰੀ ਇਤਿਹਾਸਕ ਭੂਮਿਕਾ ਵਿਚ ਆਸਥਾ ਦਾ ਪ੍ਰਮਾਣ ਇਹ ਹੈ ਕਿ ਉਹ ਬਜ਼ਾਰਵਾਦ ਤੇ ਉਪਭੋਗਤਾ ਸੰਸਕ੍ਰਿਤੀ ਦੇ ਅਜੋਕੇ ਤਿਲਸਮੀ ਮਾਹੌਲ ਵਿਚ ਵੀ ਨਿਰਾਸ਼ ਨਹੀਂ ਹੋਇਆ ਉਹ ਵਿਚਾਰਧਾਰਕ ਤਿਲਕਣ ਬਾਜ਼ੀ ਦੇ ਇਸ ਮਾਹੌਲ ਵਿਚ ਵੀ ਮੱਧਵਰਗੀ ਬੁੱਧੀਜੀਵੀਆਂ ਤੇ ਕਥਿੱਤ ਉੱਤਰ ਆਧੁਨਿਕਵਾਦੀ ਸਿਰਜਕਾਂ ਵਾਂਗ ਨਿਰਪੱਖ ਹੋਂਣ ਦਾ ਖੇਖਣ ਨਹੀਂ ਕਰਦਾ । ਉਸਦੀ ਸ਼ਾਇਰੀ ਵਿਚਾਰਧਾਰਕ ਆਸਥਾ ਤੇ ਰਾਜਸੀ ਸੁਚੇਤਨਾ ਦੀ ਸ਼ਾਇਰੀ  ਹੈ ।ਉਸ ਦੀ ਕਵਿਤਾ ਨਾ ਉਪਰਾਮ ਮੱਧਵਰਗੀ ਬੰਦੇ ਦਾ ਰੁਦਣ ਹੈ, ਨਾ ਉਦਾਸ ਬੁੱਧੀਜੀਵੀਆਂ ਦਾ ਆਤਮ-ਲਾਪ। ਇਹ ਕਵਿਤਾ ਸਮੇਂ ਦੀ ਅੱਖ ਵਿਚ ਅੱਖ ਪਾ ਕੇ ਦਰਪੇਸ਼ ਸਵਾਲਾਂ ਨੂੰ ਮੁਖਾਤਿਬ ਚੇਤਨ ਕਵੀ ਦਾ ਆਪਣੇ ਆਪ ਨਾਲ ਤਕਰਾਰ ( ਓਂਛੂਂਠਓ੍ਰ )  ਹੈ । ਇਸ ਕਵਿਤਾ ਦਾ ਮੁਹਾਂਦਰਾ ਭਾਵਕ ਉਤੇਜਨਾ ਦਾ ਨਹੀਂ, ਗਹਿਰੇ ਬੌਧਿਕ ਸੰਵਾਦ ਦਾ ਹੈ” । ਮੈਂ ਉਪਰੋਤਕ ਕਥਨ ਨਾਲ ਸਹਿਮਤ ਹੁੰਦਾ ਹੋਇਆ ਪੰਜਾਬੀ ਭਾਸ਼ਾ ਦੇ ਪਾਠਕਾਂ ਨੂੰ ਇਹ ਪੁਸਤਕ ਪੜਨ੍ਹ ਦੀ ਪੁਰਜ਼ੋਰ ਅਪੀਲ ਕਰਦਾ ਹਾਂ ਅਤੇ ਕਵੀ ਦੀ ਇਕ ਗ਼ਜ਼ਲ਼ ਦੇ ਹੇਠ ਲਿਖੇ ਸ਼ਿਅਰ ਨਾਲ ਇਸ ਪੁਸਤਕ ਦਾ ਅਭਿਨੰਦਨ ਕਰਦਾ ਹਾਂ ।
ਰਾਤ  ਸੁੰਨਸਾਨ, ਵੀਰਾਨ  ਸੀ ਕਹਿਰਵਾਨ
ਜੁਗਨੂੰ ਆਸਾਂ ਦੇ ਪਰ ਰਾਹ ਵਿਖਾਉਂਦੇ ਰਹੇ ।

LEAVE A REPLY

Please enter your comment!
Please enter your name here