ਨਿਰਮਲ ਸਿੰਘ ਜੋਹਲ ਇੰਗਲੈਂਡ ਦੇ ਸਾਹਿਤਕ ਜਗਤ ਵਿਚ ਉੱਭਰ ਰਿਹਾ ਅਜਿਹਾ ਗੀਤ ਰਚਨਾਕਰ ਜੋ ਆਪਣੇ ਲਿਖੇ ਗੀਤਾਂ ਨੂੰ ਅਗਾਂਹਵਧੂ ਮੰਚਾਂ ਉੱਤੇ ਆਪਣੀ ਸੁਰੀਲੀ ਆਵਾਜ਼ ਵਿਚ ਆਪ ਪੇਸ਼ ਕਰ ਕੇ ਵਾਹ ਵਾਹ ਖੱਟ ਰਿਹਾ ਹੈ । ਹਥਲੀ ਪੁਸਤਕ ਉਸ ਦਾ ਪਲੇਠਾ ਗੀਤ ਸੰਗਿ੍ਹ ਹੈ  ਜਿਸ ਵਿਚ 44 ਗੀਤ ਸੰਮਿਲਤ ਹਨ । ਪੁਸਤਕ ਦੀ ਦਿੱਖ ਖੂਬਸੂਰਤ ਹੈ ।

ਉਸ ਦੇ ਆਪਣੇ ਲਿਖੇ ਅਨੁਸਾਰ ਉਸ ਦੀ ਰਚਨਾਕਾਰੀ ਦੇ ਪ੍ਰੇਰਨਾ ਸਰੋਤ ਪੰਜਾਬੀ ਸਾਹਿਤਕ ਜਗਤ ਦੇ ਨਾਮਵਰ ਪ੍ਰਗਤੀਸ਼ੀਲ ਹਸਤਾਖਰ ਅਵਤਾਰ ਸਾਦਿਕ ਜੀ ਰਹੇ ਹਨ ਜੋ ਸਮੇਂ ਅਨੁਸਾਰ , ਸਿਧਾਂਤਕ ਤੌਰ ਤੇ ਉਸ ਦੀ ਯੋਗ ਅਗਵਾਈ ਵੀ ਕਰਦੇ ਰਹੇ ਹਨ । ਅਜੋਕੇ ਸਮਿਆਂ ਵਿਚ ਅਜਿਹੇ ਗੀਤਕਾਰ ਦਾ ਇਸ ਖੇਤਰ ਵਿਚ ਪ੍ਰਵੇਸ਼ ਸ਼ੁੱਭ ਸ਼ਗਨ ਹੀ ਕਿਹਾ ਜਾ ਸਕਦਾ ਹੈ ।

ਅਜਿਹੀ ਕਾਵਿ ਵੰਨਗੀ ਜਿਹੜੀ ਸੰਗੀਤਮਈ ਹੋਵੇ ਅਥਵਾ ਗਾਉਣ ਯੋਗ ਹੋਵੇ ਉਸ ਨੂੰ ਗੀਤ ਕਿਹਾ ਜਾਂਦਾ ਹੈ । ਗੀਤ ਇਕ ਗਾਇਕ ਜਾਂ ਸਮੂਹ-ਗਾਣ ਦੇ ਰੂਪ ਵਿਚ ਮੰਚ ਉੱਤੇ ਪੇਸ਼ ਕੀਤਾ ਜਾਂਦਾ ਹੈ । ਗੀਤਾਂ ਦੀਆਂ ਕਈ ਵੰਨਗੀਆ ਹਨ ਜਿਵੇਂ ਫਿਲਮੀ ਗੀਤ, ਲੋਕ ਗੀਤ,ਸੱਥ,

ਕਲੀ,ਘੋੜੀਆਂ, ਸਿੱਠਣੀਆਂ ਅਤੇ ਅਲਾਹਣੀ ਆਦਿ ਜੋ ਭਿੰਨ ਭਿੰਨ ਰੀਤਾਂ-ਰਸਮਾਂ, ਖੁਸ਼ੀਆਂ, ਗ਼ਮੀਆਂ,ਰੁੱਤਾਂ,ਤਿੱਥ-ਤਿਓਹਾਰਾਂ ਅਨੁਕੂਲ ਲਿਖੇ ਅਤੇ ਗਾਏ ਜਾਂਦੇ ਹਨ । ਗਾਇਕ ਆਪਣੇ ਸਰੋਤਿਆਂ/ਦਰਸ਼ਕਾਂ ਦੇ ਰੂ-ਬ-ਰੂ ਹੁੰਦੇ ਹਨ । ਸਿੱਧਾ ਪ੍ਰਭਾਵ ਪਾਉਂਦੇ ਹਨ ।

ਗੀਤਾਂ ਵਿਚ ਕਰੁਣਾ ਰੱਸ,ਸ਼ਿੰਗਾਰ.ਰੱਸ ਅਤੇ ਵੀਰ ਰੱਸ ਪ੍ਰਧਾਨ ਹੁੰਦੇ ਹਨ ।  ਇਹਨਾਂ ਰਸਾਂ ਦੀ ਅਭਿਵਿਅੰਜਨਾ ਰਾਹੀਂ ਅਧਿਕਤਰ ਗੀਤ ਆਪਣੀ ਭਾਵਭੂਮੀ ਦਾ ਚਿਹਨ ਕਰਦੇ ਹਨ । ਜਦੋਂ ਕਵਿਤਾ, ਪਾਠਕਾਂ  /ਸਰੋਤਿਆਂ ਨੂੰ ਦ੍ਰਵੀਭੂਤ ਕਰਨ ਤੋਂ ਅਸਮ੍ਰੱਥ ਹੋ ਜਾਂਦੀ ਹੈ ਤਾਂ ਗੀਤ ਜਨਮ ਲੈਂਦਾ ਹੈ ।  ਸਿੱਧਾ,ਸਾਤਵਿਕ,ਡੂੰਘਾ ਅਤੇ ਬੱਝਵਾਂ ਪ੍ਰਭਾਵ ਪਾਉਣ ਲਈ ਗੀਤ ਦਾ ਕਿਸੇ ਨਾ ਕਿਸੇ ਰੱਸ ਵਿਚ ਭਿੱਜੇ ਹੋਂਣਾ ਅਵੱਸ਼ ਹੈ । ਇਸ ਦੀ ਪ੍ਰਕਿਰਤੀ , ਭਾਵਨਾ-ਆਵੇਸ਼ ਵਾਲੀ ਹੁੰਦੀ ਹੈ ਭਾਵੇਂ ਕਿ ਬੁੱਧੀ ਗੈਰਹਾਜ਼ਰ ਨਹੀਂ ਹੁੰਦੀ । ਇਸ ਦੀ ਪ੍ਰਕਿਰਿਆ ਇਕ ਵਿਸ਼ਾ-ਵਸਤੂ ਦੇ ਕੇਂਦਰੀ ਭਾਵ ਦੇ ਦੁਆਲੇ ਘੁੰਮਦੀ ਹੈ  । ਗੀਤ ਦੇ ਬੰਦ, ਵਿਸ਼ਾ-ਵਸਤੂ ਦੇ ਜੁਜ਼ ਅਥਵਾ ਨੰਨੇ ਨੰਨੇ,ਪਿਆਰੇ ਪਿਆਰੇ ,ਰਸ ਭਰਪੂਰ ਬਿਰਤਾਂਤ ਜੋੜ ਕੇ, ਵਾਰ ਵਾਰ ਆਪਣੇ ਕੇਂਦਰ ( ਗੀਤ ਦਾ ਮੁਖੜਾ ) ਵੱਲ ਵਾਪਿਸ ਪਰਤਦੇ ਹਨ । ਗੀਤ ਵਿਚ ਰੂਪਕ ਅਲੰਕਾਰ ਦੀ ਵਰਤੋਂ ਵੀ ਖੂਬ ਕੀਤੀ ਜਾਂਦੀ ਹੈ ।

ਅਜੋਕੇ ਸਾਮਰਾਜੀ  ਭੂਮੰਡਲੀਕਰਣ ਦੇ ਯੁਗ ਵਿਚ ਬਹੁਰਾਸ਼ਟਰੀ ਨਿਗਮਾਂ ਨੇ ਆਪਣੀਆਂ ਵਸਤਾਂ ਵੇਚਣ ਲਈ ਉਪਭੋਗਵਾਦੀ ਸੱਭਿਆਚਾਰ ਉਤਪਨ ਕਰ ਛੱਡਿਆ ਹੈ । ਮਨੁੱਖੀ ਰਿਸ਼ਤੇ ਹੰਢਣਸਾਰ ਨਹੀਂ ਰਹੇ ।  ਉਸਾਰੂ, ਸਿਹਤਮੰਦ, ਸੁਚੱਜੀਆਂ,ਸਾਤਵਿਕ ਅਤੇ ਗੁਣਵਾਨ ਕਦਰਾਂ-ਕੀਮਤਾਂ ਬੰਨਿਓਂ ਬਾਹਰ ਸੁਟ ਦਿੱਤੀਆਂ ਹਨ । ਕੇਵਲ ਅਤੇ ਕੇਵਲ ਮਾਇਆ ਦਾ ਰਿਸ਼ਤਾ ਬਚਿਆ ਹੈ । ਬਾਕੀ ਇਨਸਾਨੀ ਰਿਸ਼ਤੇ ਕਫ਼ੂਰ ਬਣ ਗਏ ਹਨ । ਮਨੁੱਖ ਕਿਸ਼ਤਾਂ ਵਿਚ ਜਿਬ੍ਹਾ ਹੋ ਰਿਹਾ ਹੈ । ਜਿਸ ਵਿਅੱਕਤੀ ਦੀ ਮੰਡੀ ਤਕ ਪਹੁੰਚ ਨਹੀਂ ਉਹ ਹੌਸਲਾ ਹਾਰ ਕੇ,ਘੋਰ ਨਿਰਾਸ਼ਾ ਵਿਚ ਡੁੱਬ ਕੇ ਖੁਦਕੁਸ਼ੀਆਂ ਕਰ ਰਿਹਾ ਹੈ ।  ਪਰੰਤੂ ਅਸ਼ਕੇ ਜਾਈਏ ਅਸਾਡੇ ਗੀਤਕਾਰਾਂ ਦੇ ਜਿਹੜੇ ਇਸ ਸੰਕਟ ਦੇ ਸਮੇਂ ਸਮਾਜ ਨੂੰ ਨਰੋਈ ਸੇਧ ਦੇਣ ਦੀ ਬਜਾਏ ਮਨੁੱਖ ਦੀ ਬਰਬਾਦੀ ਦੇ ਜਸ਼ਨ ਮਨਾਉਣ ਦੇ ਰਾਹ ਪੈ ਗਏ ਹਨ ਜਿਵੇਂ ਇਕ ਗੀਤ ਦੇ ਬੋਲ ਹਨ ” ਜਟ ਵੈਲੀ ਹੋ ਗਿਆ ਨੀ ! ਤੇਰਿਆਂ ਦੁੱਖਾਂ ਦਾ ਮਾਰਾ ” ।  ਏਸੇ ਤਰਾਂ ਨਸ਼ਿਆਂ ਦਾ ਸੇਵਨ ਕਰਨ ਦੀ ਸ਼ੇਖੀ ਮਾਰਦੇ ਗੀਤਾਂ ਦੇ ਬੋਲਾਂ ਦੀਆਂ ਬੇਸ਼ੁਮਾਰ ਉਦਾਹਰਣਾਂ ਪ੍ਰਸਤੁਤ ਕੀਤੀਆਂ ਜਾ ਸਕਦੀਆਂ ਹਨ ਜਿਵੇਂ ” ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ ” ਆਦਿ ।  ਸਮਾਜਿਕ ਤੌਰ ‘ਤੇ ਪ੍ਰਵਾਨਤ ਨੇਕ ਅਤੇ ਪਵਿੱਤਰ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਗੀਤਾਂ ਦੀ ਕੋਈ ਕਮੀ ਨਹੀਂ । ਇਹ ਲਚਰ ਸੱਭਿਆਚਾਰ ਅਸਾਡੇ ਖੇਤਾਂ ਅਤੇ ਕਾਰਖਾਨਿਆਂ ਤੋਂ ਲੈ ਕੇ ਅਸਾਡੇ ਘਰ ਦੀ ਰਸੋਈ ਤਕ ਪਹੁੰਚ ਚੁੱਕਾ ਹੈ ਜਿਸ ਦੇ ਵਿਸਥਾਰ ਵਿਚ ਜਾਣ ਦੀ ਏਥੇ ਗੁੰਜਾਇਸ਼ ਨਹੀਂ । ਨਾ ਹੀ ਇਸ ਮੁੱਲਅੰਕਣ ਵਿਚ ਭੂਮੰਡਲੀਕਰਣ ਦੇ ਭਾਰਤੀ ਜਨ-ਜੀਵਨ ਉਪਰ ਪੈ ਰਹੇ ਅਨੇਕਾਂ ਹੋਰ ਮਾਰੂ ਪ੍ਰਭਾਵਾਂ ਦਾ ਪ੍ਰਸੰਗ ਛੋਹਿਆ ਜਾਵੇ ਗਾ ।

ਨਿਰਮਲ ਸਿੰਘ ਜੌਹਲ ਦੀ ਪੁਸਤਕ ‘ ਮਜ਼ਲੂਮਾਂ ਦੀਆਂ ਹੂਕਾਂ ‘ ਦੀ ਸੱਭ ਤੋਂ  ਵੱਡੀ ਖੂਬੀ ਹੈ ਕਿ ਇਹ ਉਪਰੋਕਤ ਵਿਖਿਆਨਤ ਲਚਰ ਸੱਭਿਆਚਾਰ ਨੂੰ ਸਰੇਆਮ, ਛਾਤੀ ਉੱਤੇ ਹੱਥ ਮਾਰ ਕੇ ਚਣੌਤੀ ਪੇਸ਼ ਕਰਦੀ ਹੈ । ਇਸ ਵਿਚ ਸੰਮਿਲਤ ਗੀਤ ਮਜ਼ਲੂਮਾਂ ਨੂੰ ਹੌਸਲਾ ਦੇ ਕੇ ਸੰਗਰਾਮ ਕਰਨ ਲਈ ਪਰੇਰਦੇ ਹਨ । ਪ੍ਰਾਪਤ ਪ੍ਰਦੂਸ਼ਤ  ਸੱਭਿਚਾਰਕ ਵਾਤਾਵਰਣ ਦਾ ਵਿਕਲਪ ਪ੍ਰਸਤੁਤ ਕਰਨ ਦੇ ਪ੍ਰਸੰਗ ਵਿਚ ਇਸ ਪੁਸਤਕ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਜਿਵੇਂ ਨਿਰਮਲ ਜੌਹਲ ਆਪਣੇ ਇਕ ਗੀਤ ‘ ਸ਼ਹੀਦ ਊਧਮ ਸਿੰਘ ਤੇ ਜਲਿਆਂ ਵਾਲਾ ਬਾਗ ਦੇ ਸਾਕੇ ‘ ਦਾ ਦ੍ਰਿਸ਼ ਇਸ ਤਰਾਂ ਪੇਸ਼ ਕਰਦਾ ਹੈ :

ਮਰ ਗਏ ਪਾਣੀ ਮੰਗਦੇ ਮਾਵਾਂ ਦੇ ਜਾਏ ,

ਭੈਣਾਂ ਰਾਹਾਂ ਤਕਦੀਆਂ ਵੀਰੇ ਨਾ ਆਏ ,

ਚੂੜੇ ਭੰਨ ਭੰਨ ਰੋਂਦੀਆਂ ਸੁਹਾਗ ਲੁਟਾਏ ,

ਥਾਂ ਥਾਂ ਲਾਸ਼ਾਂ ਵੇਖ ਕੇ ਦਿਲ ਫਟਿਆ ਤੇਰਾ ,

ਸਦਕੇ ਵੀਰਾ ਊਧਮਾ  ਪੰਜਾਬੀ ਸ਼ੇਰਾ ,

ਲੜ ਗਿਉਂ ਖਾਤਰ ਦੇਸ਼ ਦੀ ਧੰਨ ਜਿਗਰਾ ਤੇਰਾ ।

ਇਹ ਸਾਕਾ ਵਿਸਾਖੀ ਵਾਲੇ ਦਿਨ 13 ਅਪਰੈਲ 1919 ਨੂੰ ਘਟਿਆ ਜਦੋਂ ਬਰਤਾਨਵੀ ਸਾਮਰਾਜੀ ਫੌਜ ਦੇ ਕਮਾਂਡਰ ਕਰਨਲ ਰੇਜਿਨਲਡ ਡਾਇਰ ਨੇ ਇਕਦਮ ਗੋਲੀਆਂ ਚਲਾਉਣ ਦਾ ਹੁਕਮ ਦੇ ਕੇ ਨਿਹੱਥੇ ਸਿੱਖਾਂ,ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬੇਰਹਿਮੀ ਨਾਲ ਭੁੰਨ ਦਿੱਤਾ ਜੋ ਆਪਣੇ  ਨਜ਼ਰਬੰਦ ਨੇਤਾਵਾਂ ਸੱਤ ਪਾਲ ਅਤੇ ਸੈਫਉਦੀਨ ਕਿਚਲੂ ਦੀ ਰਿਹਾਈ ਦੀ ਮੰਗ ਦੇ ਸੰਬੰਧ ਵਿਚ ਇਸ ਬਾਗ ਵਿਚ ਇਕੱਤਰ ਹੋਏ ਸਨ । ਇਸ ਘਿਨਾਉਣੇ ਕਾਰਨਾਮੇਂ ਦਾ ਬਦਲਾ ਲੈਣ ਦਾ ,ਵੀਰ ਰਸ ਭਰਪੂਰ ਅੰਦਾਜ਼ ਵਿਚ ਸ਼ਹੀਦ ਊਧਮ ਸਿੰਘ ਦਾ ਇਰਾਦਾ ਵੇਖੋ :

ਭਾਰਤ ਮਾਂ ਦੇ ਪੁੱਤ ਕੌਮ ਦਾ ਕਰਜ਼ਾ ਧੋਇਆ ,

ਮਰਦਾਂ ਵਾਂਗੂੰ ਜੀਵਿਆ ਮਰਦਾਂ ਜਿਉਂ ਮੋਇਆ ,

ਕੁਰਬਾਨੀ ਦੀ ਲੜੀ ਵਿਚ ਮੋਤੀ ਹੋਰ ਪ੍ਰੋਇਆ

‘ ਰੱਖ ਹੌਸਲਾ ਸੋਹਣਿਆ ! ਹੋਊ ਲਾਲ ਸਵੇਰਾ ‘

ਸਦਕੇ ਵੀਰਾ ਊਧਮਾ ਪੰਜਾਬੀ ਸ਼ੇਰਾ

ਲੜ ਗਿਉਂ ਖਾਤਰ ਦੇਸ਼ ਦੀ ਧੰਨ ਜਿਗਰਾ ਤੇਰਾ ।

ਇਸ ਪੁਸਤਕ ਦੇ ਅਧਿਕਤਰ ਗੀਤ ਉਸਾਰੂ ਸਮਾਜਕ ਮੁੱਲਾਂ ਦੀ ਰਾਖੀ ਕਰਦੇ ਹੋਏ ਪਾਠਕ ਨੂੰ ਆਪਣੇ ਮਹਾਨ ਪੰਜਾਬੀ ਵਿਰਸੇ ਨਾਲ ਜੋੜਦੇ ਹਨ ਜਿਵੇਂ ਪੰਨਾ 68 ਉੱਤੇ ਛਪਿਆ  34ਵਾਂ ਅਤੇ ਪੰਨਾ 83 ਉਪਰ ਅੰਕਿਤ  44ਵਾਂ ਗੀਤ ਹਨ ।  ਇਹ ਪਾਠਕ ਨੂੰ ਆਪਣੇ ਹੱਕਾਂ ਲਈ ਜੂਝਣ ਦੀ ਪ੍ਰੇਰਨਾ ਦਿੰਦੇ ਹਨ । ਨਿਰਾਸ਼ਾ ਅਤੇ ਢਹਿੰਦੀਆਂ ਕਲਾਂ ਵੱਲ ਜਾਣ ਤੋਂ ਬਚਾਉਂਦੇ ਹਨ । ਅੱਜ ਸਮਾਂ ਅਜਿਹੇ ਗੀਤਾਂ ਦੀ ਮੰਗ ਕਰਦਾ ਹੈ ।  ਆਸ ਹੈ ਨਿਰਮਲ ਜੋਹਲ  ਕਾਵਿ-ਸ਼ਿਲਪ ਦੀਆਂ ਬਾਰੀਕੀਆਂ ਅਤੇ ਗੀਤ-ਕਾਵਿ ਜੁਗਤਾਂ ਨੂੰ ਅਭਿਆਸ ਨਾਲ ਗ੍ਰਹਿਣ ਕਰ ਕੇ ,ਆਪਣੇ ਗੀਤਾਂ ਨੂੰ ਭਵਿਖ ਵਿਚ ਹੋਰ ਵੀ ਸ਼ਿੰਗਾਰੇ ਗਾ ।

 

 

LEAVE A REPLY

Please enter your comment!
Please enter your name here