ਟੋਰਾਂਟੋ

ਪਿਛਲੇ ਸ਼ੁੱਕਰਵਾਰ ਬੋਸਟਨ ਤੋਂ ਟੋਰਾਂਟੋ ਆ ਰਹੇ ਪੌਰਟਰ ਏਅਰਲਾਈਨ ਦੇ ਯਾਤਰੀਆਂ ਦਾ ਕਹਿਣਾ ਹੈ ਕਿ ਉਡਾਨ ਰੱਦ ਹੋਣ ਤੋਂ ਬਾਅਦ ਏਅਰਲਾਈਨ ਦੇ ਕਰੂ ਮੈਂਬਰਾਂ ਵੱਲੋਂ ਗੇਟ ‘ਤੇ ਉਨ੍ਹਾਂ ਨਾਲ ਕੀਤੀ ਗਈ ਬਦਤਮੀਜ਼ੀ ਦੀ ਰਿਕਾਰਡਿੰਗ ਨੂੰ ਡਲੀਟ ਨਾ ਕਰਨ ਕਾਰਨ ਯਾਤਰੀਆਂ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ । ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਕਰਨ ਵਾਲੀ ਕੀਰਾ ਵੈਗਲਰ ਨੇ ਦੱਸਿਆ ਕਿ ਯਾਤਰੀਆਂ ਨੂੰ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਪਹਿਲਾਂ ਉਡਾਨ 3 ਘੰਟੇ ਲੇਟ ਸੀ। ਫਿਰ ਲਗੇਜ ਵਾਲਾ ਡੋਰ ਬੰਦ ਨਾ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ 2 ਘੰਟੇ ਹੋਰ ਉਡੀਕ ਕਰਵਾਈ ਗਈ। ਯਾਤਰੀਆਂ ਨੂੰ ਇਹ ਵੀ ਕਿਹਾ ਗਿਆ ਕਿ ਜੇ ਇਹ ਸਮੱਸਿਆ ਸਮਾਂ ਰਹਿੰਦਿਆਂ ਠੀਕ ਨਹੀਂ ਹੁੰਦੀ ਅਤੇ ਜੇ ਕਰਮਚਾਰੀਆਂ ਦੀ ਸ਼ਿਫਟ ਦਾ ਸਮਾਂ ਮੁੱਕ ਜਾਂਦਾ ਹੈ ਤਾਂ ਫਲਾਈਟ ਰੱਦ ਵੀ ਹੋ ਸਕਦੀ ਹੈ । ਫਿਰ ਹੌਲੀ-ਹੌਲੀ ਯਾਤਰੀਆਂ ਨੂੰ ਆਖਿਆ ਗਿਆ ਕਿ ਉਨ੍ਹਾਂ ਨੂੰ ਜਹਾਜ਼ ‘ਚੋਂ ਉਤਰਨਾ ਹੋਵੇਗਾ ਅਤੇ ਵਧੇਰੇ ਜਾਣਕਾਰੀ ਲਈ ਗੇਟ ‘ਤੇ ਜਾਣਾ ਹੋਵੇਗਾ। ਫਿਰ ਸਾਰੇ ਯਾਤਰੀ ਜਹਾਜ਼ ‘ਚੋਂ ਉਤਰ ਆਏ ਅਤੇ ਉਨ੍ਹਾਂ ਨੂੰ 2 ਹੋਰ ਘੰਟਿਆਂ ਲਈ ਲਾਈਨ ‘ਚ ਲੱਗ ਕੇ ਉਡੀਕ ਕਰਨੀ ਪਈ। ਯਾਤਰੀਆਂ ਲਈ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਲਾਊਡਸਪੀਕਰ ਟੁੱਟਿਆ ਹੋਇਆ ਸੀ ਅਤੇ ਇਸ ਲਈ ਉਹ ਯਾਤਰੀਆਂ ਨਾਲ ਰਾਬਤਾ ਕਾਇਮ ਨਾ ਕਰ ਸਕੇ। ਇਸ ਲਈ ਜਿਹੜੇ ਯਾਤਰੀ ਸੱਭ ਤੋਂ ਅੱਗੇ ਖੜ੍ਹੇ ਸਨ ਸਿਰਫ ਉਨ੍ਹਾਂ ਨੂੰ ਹੀ ਜਾਣਕਾਰੀ ਮਿਲੀ । ਇਸ ਤੋਂ ਬਾਅਦ ਲੋਕਾਂ ਨੇ ਜਾਣਕਾਰੀ ਲਈ ਡੈਸਕ ਨੂੰ ਘੇਰਾ ਪਾ ਲਿਆ। ਯਾਤਰੀਆਂ ਦਾ ਕਹਿਣਾ ਸੀ ਕਿ ਅਸੀਂ ਘਰ ਜਾਣਾ ਚਾਹੁੰਦੇ ਹਾਂ ਅਤੇ ਅਸੀਂ ਇਹ ਵੀ ਜਾਨਣਾ ਚਾਹੁੰਦੇ ਹਾਂ ਕਿ ਰਾਤ ਅਸੀਂ ਕਿੱਥੇ ਕੱਟਾਂਗੇ। ਗੁੱਸੇ ‘ਚ ਆਏ ਲੋਕਾਂ ਨੇ ਏਅਰਲਾਈਨ ਵੱਲੋਂ ਦਿੱਤੀ ਜਾ ਰਹੀ ਮਾੜੀ ਕਸਟਮਰ ਸਰਵਿਸ ਸਬੰਧੀ ਰਿਕਾਰਡਿੰਗ ਲਈ ਫੋਨ ਕੱਢ ਲਏ। ਇਸ ‘ਤੇ ਪੌਰਟਰ ਏਅਰਲਾਈਨ ਦਾ ਅਮਲਾ ਡੈਸਕ ਤੋਂ ਉੱਠ ਕੇ ਬਾਹਰ ਆ ਗਿਆ ਅਤੇ ਰਿਕਾਰਡਿੰਗਜ਼ ਨੂੰ ਡਲੀਟ ਕਰਨ ਲਈ ਕਹਿਣ ਲੱਗਿਆ ਅਤੇ ਇਹ ਧਮਕੀ ਵੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ‘ਚ ਸਕਿਊਰਿਟੀ ਸੱਦੀ ਜਾਵੇਗੀ । ਵੈਗਲਰ ਨੇ ਆਪਣੀ ਰਿਕਾਰਡਿੰਗ ਡਲੀਟ ਨਹੀਂ ਕੀਤੀ। ਉਸ ਨੇ ਦੱਸਿਆ ਕਿ ਪੌਰਟਰ ਦੇ ਨੁਮਾਇੰਦੇ ਬਹੁਤ ਹੀ ਖਰ੍ਹਵੇ ਤੇ ਅਪਮਾਨਜਨਕ ਢੰਗ ਨਾਲ ਗੱਲ ਕਰ ਰਹੇ ਸਨ। ਇਸ ਮਗਰੋਂ ਯਾਤਰੀ ਸੋਮਵਾਰ ਦੁਪਹਿਰ ਤੋਂ ਪਹਿਲਾਂ ਟੋਰਾਂਟੋ ਦੇ ਬਿਲੀ ਬਿਸ਼ਪ ਏਅਰਪੋਰਟ ‘ਤੇ ਨਹੀਂ ਪਹੁੰਚ ਸਕੇ। ਬਾਅਦ ‘ਚ ਏਅਰਲਾਈਨ ਨੇ ਫਲਾਈਟ ‘ਚ ਹੋਈ ਦੇਰੀ ਅਤੇ ਉਸ ਦੇ ਰੱਦ ਹੋਣ ਲਈ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ। ਇਹ ਵੀ ਕਿਹਾ ਕਿ ਇਹ ਸੱਭ ਖਰਾਬ ਮੌਸਮ ਕਾਰਨ ਹੋਇਆ। ਵੈਗਲਰ ਨੇ ਆਖਿਆ ਕਿ ਇਹ ਮੁਆਫੀ ਮੰਗ ਕੇ ਏਅਰਲਾਈਨ ਵੱਲੋਂ ਖਾਨਾਪੂਰਤੀ ਕੀਤੀ ਗਈ ਹੈ। ਪਰ ਇਸ ਏਅਰਲਾਈਨ ਨੂੰ ਆਪਣੇ ਅਮਲੇ ਨੂੰ ਵੀ ਟਰੇਨਿੰਗ ਦੇਣ ਦੀ ਲੋੜ ਹੈ।

LEAVE A REPLY

Please enter your comment!
Please enter your name here