ਸਦਾ ਹੱਸਮੁਖ ਚਿਹਰਾ, ਹੋਂਠਾਂ ਤੇ ਮੁਸਕਾਨ, ਖੁੱਲੇ ਡੁੱਲੇ ਸੁਭਾਅ ਦੀ ਮਾਲਿਕ , ਆਪਣੇ ਆਪ ਵਿੱਚ ਬਹੁਤ ਕੁੱਝ ਸਮੇਟੇ , ਪਿਆਰ ਨਾਲ ਬੋਲਣ ਵਾਲੀ ਸ਼ਖਸੀਅਤ , ਹਾਂ ਮੈਂ ਗੱਲ ਕਰ ਰਿਹਾ ਹਾਂ ਪ੍ਰਭਜੋਤ ਕੌਰ ਢਿੱਲੋਂ ਦੀ। ਪੰਜਾਬੀ ਦੇ ਹਰ ਪੇਪਰ ਅਤੇ ਮੈਗਜ਼ੀਨ ਵਿੱਚ ਨਿਡੱਰਤਾ ਨਾਲ ਸਮਾਜ ਦੇ ਦਰਦ ਭਰੇ ਵਿਸ਼ਿਆਂ ਨੂੰ ਛੋਹਣ ਤੇ ਲਿਖਣ ਵਾਲੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦਾ ਜਨਮ 2 ਦਸੰਬਰ 1958 ਨੂੰ ਮਾਤਾ ਪ੍ਰਿਤਪਾਲ ਭੁੱਲਰ ਤੇ ਪਿਤਾ ਸਵਰਗਵਾਸੀ ਸ.ਬਲਵੰਤ ਸਿੰਘ ਭੁੱਲਰ ਦੇ ਘਰ,ਪਿੰਡ ਭੁੱਲਰ ਬੇਟ ਜਿਲ੍ਹਾ ਕਪੂਰਥਲਾ ਵਿੱਚ ਹੋਇਆ। ਸੰਪਨ ਤੇ ਪੜ੍ਹਿਆ ਲਿਖਿਆ ਪਰਿਵਾਰ, ਦਾਦਾ ਜੀ ਸੂਬੇਦਾਰ ਸ਼ਿਵ ਸਿੰਘ ਤੇ ਦਾਦੀ ਜੀ ਸੁਲੱਖਣ ਕੌਰ ਦੀ ਰਹਿਨੁਮਾਈ ਹੇਠ ਤਰੱਕੀਆਂ ਦੀਆਂ ਪੌੜੀਆਂ ਚੜ੍ਹਦਾ ਰਿਹਾ।ਦਾਦੀ ਸੁਲੱਖਣ ਕੌਰ ਵੀ ਮਿਡਲ ਪਾਸ ਸਨ , ਸੋ ਪੜ੍ਹਨ ਦਾ ਸ਼ੌਕ ਪਰਿਵਾਰ ਵਿੱਚੋਂ ਵਿਰਾਸਤ ਵਿੱਚ ਮਿਲਿਆ।ਪਿਤਾ ਜੀ ਐਮ.ਏ,ਬੀ ਐਡ ਤੇ ਸਿਖਿਆ ਵਿਭਾਗ ਵਿੱਚ ਸਨ , ਮਾਤਾ ਜੀ ਸਿਹਤ ਵਿਭਾਗ ਵਿੱਚ ਸਨ। ਪ੍ਰਭਜੋਤ ਢਿੱਲੋਂ ਦੀ ਮੁੱਢਲੀ ਸਿਖਿਆ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਜਿਲ੍ਹਾ ਕਪੂਰਥਲਾ ਦੀ ਹੈ। ਪੰਜਵੀਂ ਜਮਾਤ ਵਿੱਚ ਵਜ਼ੀਫਾ ਲੱਗਿਆ, ਅੱਗੋਂ ਵੀ ਪੜ੍ਹਾਈ ਪੱਖੋਂ ਵਧੀਆ ਕੀਤਾ ।ਡੀ.ਏ.ਵੀ ਕਾਲਿਜ ਜਲੰਧਰ ਤੋਂ 1980 ਵਿੱਚ ਐਮ. ਏ. ਪੰਜਾਬੀ, ਵਧੀਆ ਨੰਬਰਾਂ ਵਿੱਚ ਪਾਸ ਕੀਤੀ। ਕਾਲਜ ਦੇ ਗਿੱਧੇ ਦੀ ਟੀਮ ਦੀ ਕਪਤਾਨੀ ਕੀਤੀ ਗਰੁੱਪ ਗਾਣੇ ਅਤੇ ਕਾਲਿਜ ਵਿੱਚ ਡਰਾਮਿਆ ਵਿੱਚ ਵੀ ਹਿੱਸਾ ਲੈਂਦੇ ਰਹੇ। ਕਾਲਜ ਦੇ ਮੈਗਜ਼ੀਨ ਵਿੱਚ ਵੀ ਲਿਖਿਆ।ਪਰ ਅੰਦਰਲਾ ਲੇਖਕ ਕਿਧਰੇ ਭਟਕ ਗਿਆ ਪਰ ਗਵਾਚਿਆ ਨਹੀਂ। ਆਪਣੀ ਜਾਣ ਪਹਿਚਾਣ ਕਰਾਉਂਦੇ ਉਨ੍ਹਾਂ ਦੱਸਿਆ ਕਿ ਮੇਰੇ ਐਮ.ਏ ਦੇ ਪ੍ਰੋਫੈਸਰ ਸ.ਗੁਰਲਾਲ ਸਿੰਘ ਹਮੇਸ਼ਾ ਮੈਨੂੰ ਕਹਿੰਦੇ ਕਿ ਆਪਣੇ ਅੰਦਰ ਜੋ ਕੁਝ ਹੈ ਉਸ ਨੂੰ ਵਰਤ ਪਰ ਮੈਂ ਸਮਝ ਨਹੀਂ ਸਕੀ। ਹੱਸਦੇ ਹੋਏ ਕਹਿਣ ਲੱਗੇ ਕਿ ਮੈਨੂੰ ਕਦੇ ਨੋਟਸ ਬਣਾਉਣੇ ਨਹੀਂ ਆਏ , ਮੈਂ ਕਲਾਸ ਵਿੱਚ ਪ੍ਰੋਫੈਸਰ ਸਾਹਿਬ ਜੋ ਪੜ੍ਹਾਉਂਦੇ,ਸੱਭ ਲਿਖ ਲੈਂਦੀ ਸੀ ਤੇ ਉਨਾ ਤੋਂ ਹੀ ਪੇਪਰਾਂ ਦੀ ਤਿਆਰੀ ਕਰਦੀ ਸੀ। ਹਾਂ, ਸ਼ਰਾਰਤੀ ਸੀ ਪਰ ਸ਼ਾਇਦ ਪੜ੍ਹਾਈ ਵਿੱਚ ਵਧੀਆ ਹੋਣ ਕਰਕੇ ਮੈਂ ਅਧਿਆਪਕਾਂ ਵਿੱਚ ਵੀ ਹਰਮਨ ਪਿਆਰੀ ਸੀ।ਮੈਂ ਸ਼ੁਰੂ ਤੋਂ ਖੁੱਲੇ ਸੁਭਾਅ ਦੀ ਸੀ, ਮੈਨੂੰ ਮੁੰਡਿਆਂ ਕੁੜੀਆਂ ਦਾ ਨਾ ਬੋਲਣਾ ਜਾਂ ਪਾਬੰਦੀਆਂ ਕਦੇ ਹਜ਼ਮ ਨਹੀਂ ਹੋਈਆਂ ਸ਼ਾਇਦ ਸਾਡੇ ਘਰ ਵਿੱਚ ਇਵੇਂ ਦਾ ਮਾਹੌਲ ਨਹੀਂ ਸੀ। ਜਿਵੇਂ ਉਹ ਦੱਸ ਰਹੇ ਸੀ ਹੁਣ ਵੀ ਉਵੇਂ ਦਾ ਹੀ ਵਿਅਕਤੀਤਵ ਹੈ।ਐਮ .ਏ ਤੋਂ ਬਾਦ ਇੰਡੀਅਨ ਏਅਰਫੋਰਸ ਵਿੱਚ ਫਲਾਇੰਗ ਕਰਦੇ ਆਫਿਸਰ ਨਾਲ ਵਿਆਹ ਹੋ ਗਿਆ। ਵਧੀਆ ਸਲੀਕੇ ਦੀ ਸਾਰੀ ਜ਼ਿੰਦਗੀ ਬਤਾਈ। ਫੌਜ ਦੀ ਨੌਕਰੀ ਵਿੱਚ ਕਈ ਤਰ੍ਹਾਂ ਦੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਦਾ ਹੈ ਕੀਤਾ। ਫੌਜ ਵਿੱਚ ਵੀ ਉਨ੍ਹਾਂ ਨਾਲ ਰਹੇ ਉਨ੍ਹਾਂ ਬਾਰੇ ਬੜੀ ਖੁਸ਼ੀ ਨਾਲ ਦੱਸ ਰਹੇ ਸੀ। ਸੈਂਟਰ ਸਕੂਲ ਵਿੱਚ ਬਤੌਰ ਪ੍ਰਿੰਸੀਪਲ ਲੱਗੇ ਹੋਏ ਮਿਸਿਜ਼ ਸੰਧਿਆ ਸ਼ਰਮਾ ਨੇ ‘ ਢਿਲੋਂ ‘ ਬਾਰੇ ਦੱਸਿਆ ਕਿ ਅਸੀਂ ਤਕਰੀਬਨ ਛੇ ਸਾਲ ਇੱਕ ਹੀ ਯੂਨਿਟ ਵਿੱਚ ਰਹੇ ਹਾਂ। ਚਿਹਰੇ ਤੇ ਹਮੇਸ਼ਾ ਮੁਸਕਾਨ, ਬਹੁਤ ਖੁੱਲ ਕੇ ਹੱਸਣਾ, ਪਾਰਟੀਆਂ ਦੀ ਤਾਂ ਰੌਣਕ ਸਨ। ਕਿਸੇ ਨਾਲ ਗੁੱਸੇ ਹੋਣਾ ਸ਼ਾਇਦ ਉਨ੍ਹਾਂ ਦੀ ਡਿਕਸ਼ਨਰੀ ਵਿੱਚ ਹੀ ਨਹੀਂ।ਪਰ ਸਾਨੂੰ ਏਹ ਪਤਾ ਨਹੀਂ ਸੀ ਕਿ ਇਨ੍ਹਾਂ ਅੰਦਰ ਇੱਕ ਲੇਖਕ ਛੁਪਿਆ ਬੈਠਾ ਹੈ। ਇੰਜ ਹੀ ਇੱਕ ਹੋਰ ਨਾਲ ਗੱਲ ਕੀਤੀ, ਉਹ ਇੰਨਾ ਨਾਲ ਉਦੋਂ ਸਨ ਜਦ ਪ੍ਰਭਜੋਤ ਕੌਰ ਢਿੱਲੋਂ ਨਵੀਂ ਨਵੀ ਸ਼ਾਦੀ ਕਰਕੇ ਆਈ (ਮੈਮ) ਦੁਲਹਨ ਸੀ। ਉਸ ਨੇ ਵੀ ਦੱਸਿਆ ਕਿ ਯੂਨਿਟ ਦੇ ਕਮਾਂਡਿੰਗ ਅਫਸਰ ਦੀ ਪਤਨੀ ਕਰਕੇ ਅਸੀਂ ਥੋੜਾ ਝਿਜਕਦੇ ਸੀ ਪਰ ਹੌਲੀ ਹੌਲੀ ਇੰਜ ਲੱਗਾ ਕਿ ਏਹ ਤਾਂ ਘਰਦਿਆਂ ਵਾਂਗ ਪਿਆਰ ਕਰਦੇ ਨੇ, ਕਿਸੇ ਤਰ੍ਹਾਂ ਦਾ ਦਬਾਅ ਨਹੀਂ, ਹਰ ਇੱਕ ਨੂੰ ਨਾਲ ਲੇਕੇ ਚੱਲਣਾ , ਹਰ ਕਿਸੇ ਦੇ ਦੁੱਖ ਸੁੱਖ ਵਿੱਚ ਪਹੁੰਚਣਾ। ਮੈਂ ਜਿਸ ਤਰ੍ਹਾਂ ਦਾ ਮਹਿਸੂਸ ਕੀਤਾ, ਮੈਨੂੰ ਏਹ ਸਮਝ ਆ ਗਈ ਕਿ ਮੈਨੂੰ ਅਗਰ ਇਸ ਤਰ੍ਹਾਂ ਦੀ ਜ਼ੁਮੇਵਾਰੀ ਨਿਭਾਉਣੀ ਪਈ ਤਾਂ ਮੈਂ ਵੀ ਇਵੇਂ ਹੀ ਕਰਾਂਗੀ। ਅੱਜ ਵੀ ਜਦੋਂ ਅਸੀਂ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਹਾਂ, ਤਾਂ ਉਹਨਾਂ ਦੀ ਹਰ ਲਿਖਤ ਕਿਸੇ ਨਾ ਕਿਸੇ ਦਰਦ ਨੂੰ ਉਜਾਗਰ ਕਰਦੀ ਹੈ । ਉਸ ਵਿੱਚ ਵਰਤੇ ਗਏ ਅੱਖਰ ਦਿਲ ਤੇ ਰੂਹ ਵਿੱਚੋਂ ਨਿਕਲੇ ਹੋਏ ਹੀ ਮਹਿਸੂਸ ਹੁੰਦੇ ਹਨ। ਪ੍ਰਭਜੋਤ ਢਿੱਲੋਂ ਫ਼ਖ਼ਰ ਨਾਲ ਦੱਸਦੇ ਹਨ ਸਾਡਾ ਇੱਕ ਬੇਟਾ ਹੈ ਜਿਸ ਨੂੰ ਸ਼ਿਦਤ ਨਾਲ ਪੜ੍ਹਾਇਆ, ਇੰਜੀਨੀਅਰਿੰਗ,ਐਮ.ਬੀ.ਏ, ਕਨੇਡਾ ਤੋਂ ਪੜ੍ਹਾਈ ਤੇ ਹੋਰ ਕੋਰਸ ਕਰਵਾਏ। ਬੇਟਾ ਇਸ ਵੇਲੇ, ਬੈਂਕ ਵਿੱਚ ਵਧੀਆ ਨੌਕਰੀ ਕਰ ਰਿਹਾ ਹੈ ਤੇ ਬਹੁਤ ਪਿਆਰੀ ਬਹੂ ਹੈ। ਇਸ ਸੱਭ ਨੂੰ ਕਰਦੇ ਹੋਏ ਅੰਦਰਲਾ ਲੇਖਕ ਜਾਗ ਗਿਆ ਤੇ 2005 ਵਿੱਚ ਮੁਹਾਲੀ ਆਉਣ ਤੋਂ ਬਾਦ ਲਿਖਣਾ ਸ਼ੁਰੂ ਕੀਤਾ ਤੇ ਸ਼ੁਰੂਆਤ ਪੰਜਾਬੀ ਟ੍ਰਿਬਿਊਨ ਤੋਂ ਕੀਤੀ। 2008 ਵਿੱਚ ਪਤੀ ਗਰੁਪ ਕੈਪਟਨ(ਫੌਜ ਦੇ ਫੁਲ ਕਰਨਲ) ਦੇ ਔਹਦੇ ਤੋਂ ਰਿਟਾਇਰ ਹੋਕੇ ਆ ਗਏ। ਉਨਾਂ ਨੇ ਵੀ ਹੌਸਲਾ ਅਫਜ਼ਾਈ ਕੀਤੀ ਤੇ ਨਿਰੰਤਰ ਲਿਖਣ ਦਾ ਸਫਰ ਜਾਰੀ ਰੱਖਿਆ।ਪੰਜਾਬੀ ਦੇ ਕਾਫੀ ਅਖਬਾਰਾਂ , ਰਸਾਲਿਆਂ ਵਿੱਚ ਰਚਨਾਵਾਂ ਛੱਪਦੀਆਂ ਰਹਿੰਦੀਆਂ ਹਨ। ਜਿੰਨਾ ਨੂੰ ਬਹੁਤ ਸੁਲਝੇ ਢੰਗ, ਸੱਚ,ਨਿਡੱਰਤਾ ਤੇ ਨਿਰਪੱਖਤਾ ਨਾਲ ਲਿਖਿਆ ਹੈਂ। ਰਿਸ਼ਵਤ, ਭ੍ਰਿਸ਼ਟਾਚਾਰ, ਸਮਾਜ ਦੀਆਂ ਕੁਰੀਤੀਆਂ, ਦਫ਼ਤਰਾਂ ਵਿੱਚ ਹੋ ਰਹੀ ਲੋਕਾਂ ਦੀ ਖੱਜਲ ਖੁਆਰੀ, ਵਿਗੜੇ ਸਿਖਿਆ ਤੇ ਸਿਹਤ ਵਿਭਾਗ ਦੇ ਢਾਂਚੇ ਬਾਰੇ, ਮਾਪਿਆਂ ਦੀ ਹੋ ਰਹੀ ਦੁਰਦਸ਼ਾ,ਧੀਆਂ ਨਾਲ ਹੋ ਰਹੀ ਜ਼ਿਆਦਤੀ ਤੇ ਦਹੇਜ ਦੀ ਆੜ ਵਿੱਚ ਝੂਠੇ ਕੇਸਾਂ ਵਿੱਚ ਫਸਾਏ ਜਾਂਦੇ ਲੜਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ।ਗੱਲ ਕੀ ਪ੍ਰਭਜੋਤ ਕੌਰ ਢਿੱਲੋਂ ਨੂੰ ਲੋਕਾਂ ਨਾਲ ਜੁੜੇ ਵਿਸ਼ਿਆਂ ਨੂੰ ਲੋਕਾਂ ਦੀ ਭਾਸ਼ਾ ਵਿੱਚ ਲਿਖਣ ਦੀ ਮੁਹਾਰਤ ਹੈ। ਪੰਜਾਬ ਵਿੱਚ ਪੀਣ ਵਾਲੇ ਪਾਣੀ ਕਰਕੇ ਹੋ ਰਹੇ ਕੈਂਸਰ, ਪ੍ਰਦੂਸ਼ਣ ਅਤੇ ਨਸ਼ੇ ਵਰਗੀਆਂ ਅਲਾਮਤਾਂ ਨੂੰ ਉਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਬੰਧਿਤ ਮਹਿਕਮਿਆਂ ਨੂੰ ਫਟਕਾਰ ਪਾਈ ਹੈ। ਉਨ੍ਹਾਂ ਮਹਿੰਗੇ ਇਲਾਜ ਤੇ ਵੀ ਲਿਖਿਆ ਕਿ ਲੋਕਾਂ ਲਈ ਇਲਾਜ ਕਰਵਾਉਣਾ ਹੀ ਔਖਾ ਹੈ। ਉਨ੍ਹਾਂ ਅਨੁਸਾਰ, ਮੈਨੂੰ ਤਕਲੀਫ਼ ਹੁੰਦੀ ਹੈ ਜਦੋਂ ਲੋਕ ਸਿਸਟਮ ਤੋਂ ਪ੍ਰੇਸ਼ਾਨ ਤੰਗ ਅਤੇ ਧੱਕੇ ਖਾਂਦੇ ਨੇ, ਜਦੋਂ ਕੋਈ ਕਿਸੇ ਦੇ ਹੱਕ ਤੇ ਕਾਬਿਜ ਹੋਣ ਦੀ ਕੋਸ਼ਿਸ਼ ਕਰਦਾ ਹੈ,ਦਰਦ ਹੁੰਦਾ ਹੈ ਜਦੋਂ ਕੋਈ ਕਿਸੇ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦਾ ਹੈ । ਮੈਨੂੰ ਪਿਆਰ ਕਰਨ ਵਾਲੇ ਤੇ ਪਿਆਰ ਨਾਲ ਰਹਿਣ ਵਾਲੇ ਚੰਗੇ ਲੱਗਦੇ ਹਨ।ਮੈਂ ਵੀ ਮਹਿਸੂਸ ਕੀਤਾ ਹੈ ਕਿ ਏਹ ਸੱਭ ਉਨ੍ਹਾਂ ਦੀਆਂ ਲਿਖਤਾਂ ਵਿੱਚ ਸਾਫ਼ ਵਿਖਾਈ ਦਿੰਦਾ ਹੈ।ਰਿਸ਼ਤੇਦਾਰਾਂ ਤੇ ਦੋਸਤਾਂ ਵਿੱਚ ਪਿਆਰ ਨਾਲ ਵਿਚਰਦੇ ਹੋਣ ਕਰਕੇ ਹਰਮਨ ਪਿਆਰੇ ਹਨ।ਪੰਜਾਬੀ ਮਾਂ ਬੋਲੀ ਦੀ ਵਧੀਆ ਤਰੀਕੇ ਨਾਲ ਸੇਵਾ ਕਰ ਰਹੇ ਹਨ ਤੇ ਆਸ ਕਰਦੇ ਹਾਂ ਕਿ ਅੱਗੋਂ ਵੀ ਇਵੇਂ ਹੀ ਸੇਵਾ ਕਰਦੇ ਰਹਿਣ ਤੇ ਸਮਾਜ ਦੇ ਦਰਦ ਤੇ ਤਕਲੀਫ਼ ਦੇ ਮੁੱਦਿਆਂ ਤੇ ਲਿਖਦੇ ਰਹਿਣ।ਬਹੁਤ ਹੀ ਸਾਦਾ ਪਰ ਪ੍ਰਭਾਵਸ਼ਾਲੀ ਜਿਵੇਂ ਦੀ ਸ਼ਖਸ਼ੀਅਤ ਹੈ ਉਵੇਂ ਹੀ ਛੋਟੀਆਂ ਛੋਟੀਆਂ ਸਮਸਿਆਵਾਂ ਜੋ ਜ਼ਿੰਦਗੀ ਵਾਸਤੇ ਬਹੁਤ ਵੱਡੀਆਂ ਚਣੌਤੀਆਂ ਬਣ ਜਾਂਦੀਆਂ ਹਨ,ਉਨ੍ਹਾਂ ਮਸਲਿਆਂ ਨੂੰ ਬਾਖੂਬੀ ਛੋਂਹਦੇ ਨੇ ਲਿਖਦੇ ਨੇ। ਮਾਲਿਕ ਅੱਗੇ ਦੁਆ ਕਰਦਾ ਹਾਂ ਪ੍ਰਭਜੋਤ ਢਿੱਲੋਂ ਮੈਮ ਦੀ ਉੱਮਰ ਦਰਾਜ ਹੋਵੇ, ਅਤੇ ਇੰਝ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ

LEAVE A REPLY

Please enter your comment!
Please enter your name here